ਜ਼ਕਰਯਾਹ 14
14
ਯਾਹਵੇਹ ਆਉਂਦਾ ਹੈ ਅਤੇ ਰਾਜ ਕਰਦਾ ਹੈ
1ਹੇ ਯੇਰੂਸ਼ਲੇਮ, ਯਾਹਵੇਹ ਦਾ ਇੱਕ ਅਜਿਹਾ ਦਿਨ ਆ ਰਿਹਾ ਹੈ, ਜਦੋਂ ਤੁਹਾਡੀਆਂ ਚੀਜ਼ਾਂ ਲੁੱਟੀਆਂ ਜਾਣਗੀਆਂ ਅਤੇ ਤੁਹਾਡੀਆਂ ਹੀ ਹੱਦ ਵਿੱਚ ਵੰਡੀਆਂ ਜਾਣਗੀਆਂ।
2ਮੈਂ ਸਾਰੀਆਂ ਕੌਮਾਂ ਨੂੰ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਇਕੱਠਾ ਕਰਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਘਰਾਂ ਨੂੰ ਤੋੜਿਆ ਜਾਵੇਗਾ, ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧਾ ਸ਼ਹਿਰ ਗ਼ੁਲਾਮੀ ਵਿੱਚ ਚਲਾ ਜਾਵੇਗਾ, ਪਰ ਬਾਕੀ ਦੇ ਲੋਕ ਸ਼ਹਿਰ ਵਿੱਚ ਹੀ ਰਹਿਣਗੇ। 3ਤਦ ਯਾਹਵੇਹ ਬਾਹਰ ਜਾਵੇਗਾ ਅਤੇ ਉਨ੍ਹਾਂ ਕੌਮਾਂ ਨਾਲ ਲੜੇਗਾ, ਜਿਵੇਂ ਉਹ ਲੜਾਈ ਦੇ ਦਿਨ ਲੜਦਾ ਹੈ। 4ਉਸ ਦਿਨ ਉਹ ਦੇ ਪੈਰ ਯੇਰੂਸ਼ਲੇਮ ਦੇ ਪੂਰਬ ਵੱਲ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਅਤੇ ਜ਼ੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇੱਕ ਵੱਡੀ ਘਾਟੀ ਬਣ ਜਾਵੇਗੀ, ਪਹਾੜ ਦਾ ਅੱਧਾ ਉੱਤਰ ਵੱਲ ਅਤੇ ਅੱਧਾ ਦੱਖਣ ਵੱਲ ਜਾਵੇਗਾ। 5ਤੁਸੀਂ ਮੇਰੀ ਪਹਾੜੀ ਵਾਦੀ ਤੋਂ ਭੱਜ ਜਾਵੋਂਗੇ, ਕਿਉਂ ਜੋ ਉਹ ਅਜ਼ਲ ਤੱਕ ਫੈਲੇਗੀ। ਤੁਸੀਂ ਉਸੇ ਤਰ੍ਹਾਂ ਭੱਜੋਂਗੇ ਜਿਵੇਂ ਤੁਸੀਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਭੱਜੇ ਸੀ। ਤਦ ਯਾਹਵੇਹ ਮੇਰਾ ਪਰਮੇਸ਼ਵਰ ਆਵੇਗਾ, ਅਤੇ ਸਾਰੇ ਪਵਿੱਤਰ ਲੋਕ ਉਸਦੇ ਨਾਲ ਹੋਣਗੇ।
6ਉਸ ਦਿਨ ਨਾ ਤਾਂ ਸੂਰਜ ਦੀ ਰੌਸ਼ਨੀ ਹੋਵੇਗੀ ਅਤੇ ਨਾ ਹੀ ਠੰਡ, ਧੁੰਦ ਦਾ ਹਨੇਰਾ। 7ਇਹ ਇੱਕ ਅਦਭੁਤ ਦਿਨ ਹੋਵੇਗਾ, ਇੱਕ ਦਿਨ ਜੋ ਸਿਰਫ ਯਾਹਵੇਹ ਲਈ ਜਾਣਿਆ ਜਾਂਦਾ ਹੈ, ਦਿਨ ਅਤੇ ਰਾਤ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਅਤੇ ਸ਼ਾਮ ਨੂੰ ਵੀ ਰੌਸ਼ਨੀ ਹੋਵੇਗੀ।
8ਉਸ ਦਿਨ ਜਿਉਂਦਾ ਪਾਣੀ ਯੇਰੂਸ਼ਲੇਮ ਤੋਂ ਨਿੱਕਲੇਗਾ, ਇਸ ਦਾ ਅੱਧਾ ਪੂਰਬ ਵੱਲ ਮ੍ਰਿਤ ਸਾਗਰ ਵੱਲ ਅਤੇ ਅੱਧਾ ਪੱਛਮ ਵੱਲ ਮਹਾ ਸਾਗਰ ਵੱਲ, ਅਤੇ ਇਹ ਗਰਮੀਆਂ ਅਤੇ ਸਰਦੀਆਂ ਵਿੱਚ ਵਹਿ ਜਾਵੇਗਾ।
9ਸਾਰੀ ਧਰਤੀ ਉੱਤੇ ਯਾਹਵੇਹ ਹੀ ਰਾਜਾ ਹੋਵੇਗਾ। ਉਸ ਦਿਨ ਯਾਹਵੇਹ ਹੀ ਹੋਵੇਗਾ ਅਤੇ ਉਸਦਾ ਨਾਮ ਹੀ ਹੋਵੇਗਾ।
10ਯੇਰੂਸ਼ਲੇਮ ਦੇ ਦੱਖਣ ਵੱਲ ਗੇਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਅਰਾਬਾਹ ਦੀ ਵਾਦੀ ਵਰਗੀ ਹੋ ਜਾਵੇਗੀ। ਪਰ ਯੇਰੂਸ਼ਲੇਮ ਬਿਨਯਾਮੀਨ ਫਾਟਕ ਤੋਂ ਪਹਿਲੇ ਫਾਟਕ ਦੇ ਸਥਾਨ ਤੱਕ, ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਸ਼ਾਹੀ ਮੈਅ ਦੇ ਕੋਠਿਆਂ ਤੱਕ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਤੇ ਰਹੇਗਾ। 11ਇਹ ਆਬਾਦ ਹੋਵੇਗਾ; ਇਹ ਦੁਬਾਰਾ ਕਦੇ ਵੀ ਤਬਾਹ ਨਹੀਂ ਹੋਵੇਗਾ। ਯੇਰੂਸ਼ਲੇਮ ਸੁਰੱਖਿਅਤ ਰਹੇਗਾ।
12ਇਹ ਉਹ ਬਿਪਤਾ ਹੈ ਜਿਸ ਨਾਲ ਯਾਹਵੇਹ ਉਨ੍ਹਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜੋ ਯੇਰੂਸ਼ਲੇਮ ਦੇ ਵਿਰੁੱਧ ਲੜੀਆਂ ਸਨ: ਉਨ੍ਹਾਂ ਦਾ ਮਾਸ ਸੜ ਜਾਵੇਗਾ ਜਦੋਂ ਉਹ ਅਜੇ ਵੀ ਆਪਣੇ ਪੈਰਾਂ ਤੇ ਖੜ੍ਹੇ ਹੋਣਗੇ, ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੀਆਂ ਪੁਤਲੀਆਂ ਵਿੱਚ ਸੜ ਜਾਣਗੀਆਂ, ਅਤੇ ਉਨ੍ਹਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਵਿੱਚ ਸੜ ਜਾਣਗੀਆਂ। 13ਉਸ ਦਿਨ ਯਾਹਵੇਹ ਦੇ ਵੱਲੋਂ ਲੋਕ ਤੇ ਘਬਰਾਹਟ ਬਹੁਤ ਹੋਵੇਗੀ। ਉਹ ਇੱਕ-ਦੂਜੇ ਦਾ ਹੱਥ ਫੜ ਕੇ ਇੱਕ-ਦੂਜੇ ਉੱਤੇ ਹਮਲਾ ਕਰਨਗੇ। 14ਯਹੂਦਾਹ ਵੀ ਯੇਰੂਸ਼ਲੇਮ ਵਿੱਚ ਲੜੇਗਾ। ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ: ਜਿਸ ਵਿੱਚ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਕੱਪੜੇ ਹੋਣਗੇ। 15ਇਸੇ ਤਰ੍ਹਾਂ ਦੀ ਮਹਾਂਮਾਰੀ ਘੋੜਿਆਂ ਅਤੇ ਖੱਚਰਾਂ, ਊਠਾਂ ਅਤੇ ਗਧਿਆਂ ਅਤੇ ਉਨ੍ਹਾਂ ਡੇਰਿਆਂ ਦੇ ਸਾਰੇ ਜਾਨਵਰਾਂ ਨੂੰ ਮਾਰ ਦੇਵੇਗੀ।
16ਤਦ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਬਚੇ ਹੋਏ ਲੋਕ ਜਿਨ੍ਹਾਂ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਹੈ, ਹਰ ਸਾਲ ਰਾਜਾ, ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਉੱਪਰ ਆਉਣਗੇ। 17ਜੇ ਧਰਤੀ ਦੇ ਲੋਕਾਂ ਵਿੱਚੋਂ ਕੋਈ ਵੀ ਰਾਜਾ, ਸਰਬਸ਼ਕਤੀਮਾਨ ਯਾਹਵੇਹ, ਦੀ ਉਪਾਸਨਾ ਕਰਨ ਲਈ ਯੇਰੂਸ਼ਲੇਮ ਨਹੀਂ ਜਾਂਦਾ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। 18ਜੇਕਰ ਮਿਸਰੀ ਲੋਕ ਆਰਧਨਾ ਕਰਨ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਣ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਯਾਹਵੇਹ ਉਹਨਾਂ ਕੌਮਾਂ ਉੱਤੇ ਬਿਪਤਾ ਲਿਆਵੇਗਾ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ। 19ਇਹ ਮਿਸਰ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀ ਸਜ਼ਾ ਹੋਵੇਗੀ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।
20ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ “ਯਾਹਵੇਹ ਲਈ ਪਵਿੱਤਰ” ਲਿਖਿਆ ਹੋਵੇਗਾ, ਅਤੇ ਯਾਹਵੇਹ ਦੇ ਘਰ ਵਿੱਚ ਪਕਾਉਣ ਵਾਲੇ ਬਰਤਨ ਜਗਵੇਦੀ ਦੇ ਸਾਮ੍ਹਣੇ ਪਵਿੱਤਰ ਕਟੋਰਿਆਂ ਵਾਂਗ ਹੋਣਗੇ। 21ਯੇਰੂਸ਼ਲੇਮ ਅਤੇ ਯਹੂਦਾਹ ਵਿੱਚ ਹਰ ਇੱਕ ਭਾਂਡਾ ਸਰਬਸ਼ਕਤੀਮਾਨ ਯਾਹਵੇਹ ਲਈ ਪਵਿੱਤਰ ਹੋਵੇਗਾ, ਅਤੇ ਸਾਰੇ ਜੋ ਬਲੀਦਾਨ ਕਰਨ ਲਈ ਆਉਂਦੇ ਹਨ, ਕੁਝ ਬਰਤਨ ਲੈਣਗੇ ਅਤੇ ਉਨ੍ਹਾਂ ਵਿੱਚ ਪਕਾਉਣਗੇ। ਅਤੇ ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਦੇ ਘਰ ਵਿੱਚ ਕੋਈ ਕਨਾਨੀ#14:21 ਕਨਾਨੀ ਅਰਥ ਬੁਪਾਰੀ ਨਹੀਂ ਰਹੇਗਾ।
Trenutno izabrano:
ਜ਼ਕਰਯਾਹ 14: PCB
Istaknuto
Podeli
Kopiraj
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.