ਮੱਤੀਯਾਹ 25
25
ਦਸ ਕੁਆਰੀਆਂ ਦਾ ਦ੍ਰਿਸ਼ਟਾਂਤ
1“ਉਸ ਸਮੇਂ ਸਵਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ, ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆ। 2ਅਤੇ ਉਹਨਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ। 3ਜਿਹੜੀਆਂ ਮੂਰਖ ਕੁਆਰੀਆਂ ਸਨ ਉਹਨਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। 4ਪਰ ਸਮਝਦਾਰ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਦੇ ਨਾਲ ਆਪਣੇ ਭਾਂਡਿਆਂ ਵਿੱਚ ਤੇਲ ਵੀ ਲਿਆ। 5ਅਤੇ ਜਦੋਂ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹਨਾਂ ਨੂੰ ਨੀਂਦ ਆਉਣ ਲੱਗੀ ਅਤੇ ਉਹ ਸੌ ਗਈਆਂ।
6“ਅਤੇ ਅੱਧੀ ਰਾਤ ਨੂੰ ਧੁੰਮ ਪੈ ਗਈ: ‘ਵੇਖੋ ਲਾੜਾ ਆ ਗਿਆ! ਉਸਦੇ ਮਿਲਣ ਨੂੰ ਨਿੱਕਲੋ।’
7“ਤਦ ਉਹਨਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। 8ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਥੋੜਾ ਸਾਨੂੰ ਦਿਓ; ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ।’
9“ਪਰ ਸਮਝਦਾਰਾਂ ਨੇ ਉੱਤਰ ਦਿੱਤਾ, ‘ਨਹੀਂ, ਸਾਡੇ ਅਤੇ ਤੁਹਾਡੇ ਦੋਹਾਂ ਲਈ ਥੁੜ ਨਾ ਜਾਏ। ਇਸ ਲਈ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਖਰੀਦ ਲਿਆਓ।’
10“ਪਰ ਜਦੋਂ ਉਹ ਤੇਲ ਖਰੀਦਣ ਗਈਆਂ, ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਿੱਚ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।
11“ਬਾਅਦ ਵਿੱਚ ਦੂਸਰੀਆਂ ਕੁਆਰੀਆਂ ਵੀ ਆ ਗਈਆਂ ਅਤੇ ਬੋਲੀਆਂ, ‘ਹੇ ਮਹਾਰਾਜ, ਹੇ ਮਹਾਰਾਜ, ਸਾਡੇ ਲਈ ਦਰਵਾਜ਼ਾ ਖੋਲ੍ਹੋ!’
12“ਪਰ ਉਹ ਨੇ ਉੱਤਰ ਦਿੱਤਾ, ‘ਮੈਂ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਜਾਣਦਾ।’
13“ਇਸ ਕਰਕੇ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਨਾ ਉਸ ਸਮੇਂ ਨੂੰ ਜਾਣਦੇ ਹੋ ਕਿ ਕਦੋਂ ਮਨੁੱਖ ਦਾ ਪੁੱਤਰ ਵਾਪਸ ਆਵੇਗਾ।
ਸੋਨੇ ਦੇ ਥੈਲੇ ਦਾ ਦ੍ਰਿਸ਼ਟਾਂਤ
14“ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜੋ ਇੱਕ ਯਾਤਰਾ ਤੇ ਜਾਣ ਲਈ ਤਿਆਰ ਸੀ, ਜਿਸਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਆਪਣੀ ਦੌਲਤ ਉਹਨਾਂ ਨੂੰ ਸੌਂਪ ਦਿੱਤੀ। 15ਅਤੇ ਹਰ ਇੱਕ ਨੂੰ ਉਸਦੀ ਯੋਗਤਾ ਦੇ ਅਨੁਸਾਰ ਉਸਨੇ ਇੱਕ ਨੂੰ ਪੰਜ ਥੈਲੇ#25:15 ਇੱਕ ਥੈਲੇ ਦਾ ਮੁੱਲ ਇੱਕ ਮਜ਼ਦੂਰ ਦੀ 20 ਸਾਲਾਂ ਦੀ ਮਜ਼ਦੂਰੀ ਦੇ ਬਰਾਬਰ ਸੀ ਸੋਨੇ ਦੇ ਦਿੱਤੇ, ਦੂਜੇ ਨੂੰ ਦੋ ਥੈਲੇ ਅਤੇ ਤੀਜੇ ਨੂੰ ਇੱਕ ਥੈਲਾ ਦਿੱਤਾ। ਤਾਂ ਫਿਰ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ। 16ਅਤੇ ਜਿਸ ਨੂੰ ਪੰਜ ਥੈਲੇ ਸੋਨਾ ਮਿਲਿਆ ਸੀ, ਉਸਨੇ ਤੁਰੰਤ ਜਾ ਕੇ ਉਸ ਧੰਨ ਨਾਲ ਵਪਾਰ ਦਾ ਲੈਣ ਦੇਣ ਕੀਤਾ ਅਤੇ ਪੰਜ ਹੋਰ ਕਮਾਏ। 17ਇਸੇ ਤਰ੍ਹਾਂ ਜਿਸ ਨੂੰ ਦੋ ਮਿਲੇ ਸਨ ਉਸ ਨੇ ਵੀ ਹੋਰ ਕਮਾ ਲਏ। 18ਪਰ ਜਿਸ ਨੂੰ ਇੱਕ ਦਿੱਤਾ ਗਿਆ ਸੀ, ਉਸ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਧੰਨ ਨੂੰ ਉਸ ਵਿੱਚ ਲੁਕਾ ਦਿੱਤਾ।
19“ਬਹੁਤ ਲੰਮੇ ਸਮੇਂ ਬਾਅਦ, ਉਹਨਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਹਿਸਾਬ-ਕਿਤਾਬ ਲੈਣ ਲੱਗਾ। 20ਸੋ ਜਿਸ ਨੇ ਪੰਜ ਥੈਲੇ ਸੋਨਾ ਲਿਆ ਸੀ ਉਸ ਨੇ ਪੰਜ ਹੋਰ ਨਾਲ ਲਿਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਥੈਲੇ ਸੋਨਾ ਦਿੱਤਾ ਸੀ। ਦੇਖੋ ਮੈਂ ਉਸ ਨਾਲ ਪੰਜ ਹੋਰ ਕਮਾਏ ਹਨ।’
21“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
22“ਉਹ ਸੇਵਕ ਜਿਸ ਨੂੰ ਦੋ ਥੈਲੇ ਸੋਨਾ ਦਿੱਤਾ ਸੀ ਆਇਆ ਅਤੇ ਕਿਹਾ ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਸੋਨਾ ਦਿੱਤਾ ਸੀ; ਦੇਖੋ, ਮੈਂ ਉਸ ਤੋਂ ਦੋ ਹੋਰ ਕਮਾ ਲਏ ਹਨ।’
23“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ; ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
24“ਤਦ ਜਿਸ ਨੂੰ ਇੱਕ ਥੈਲਾ ਸੋਨੇ ਦਾ ਮਿਲਿਆ ਸੀ ਆਇਆ ਅਤੇ ਕਿਹਾ, ‘ਸੁਆਮੀ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਕਠੋਰ ਆਦਮੀ ਹੋ, ਜਿੱਥੇ ਨਹੀਂ ਬੀਜਿਆ ਉੱਥੇ ਵੱਢਦੇ ਹੋ ਅਤੇ ਜਿੱਥੇ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਦੇ ਹੋ। 25ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਦਿੱਤੇ ਹੋਏ ਸੋਨੇ ਦੇ ਥੈਲੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਹੁਣ, ਜੋ ਤੁਸੀਂ ਮੈਨੂੰ ਦਿੱਤਾ ਸੀ ਉਹ ਲੈ ਲਵੋ।’
26“ਉਸਦੇ ਮਾਲਕ ਨੇ ਉੱਤਰ ਦਿੱਤਾ, ‘ਹੇ ਦੁਸ਼ਟ ਅਤੇ ਆਲਸੀ ਨੌਕਰ!’ ਕੀ ਤੂੰ ਜਾਣਦਾ ਹੈ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਦਾ ਹਾਂ? 27ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਪੈਸੇ ਸ਼ਾਹੂਕਾਰਾਂ ਨੂੰ ਦੇ ਦਿੰਦਾ ਤਾਂ ਜਦੋਂ ਮੈਂ ਵਾਪਸ ਆਉਂਦਾ ਤਾਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈ ਲੈਂਦਾ।
28“ ‘ਇਸ ਲਈ ਮਾਲਕ ਨੇ ਆਪਣੇ ਕਿਸੇ ਨੌਕਰ ਨੂੰ ਕਿਹਾ, ਉਹ ਸੋਨੇ ਵਾਲਾ ਥੈਲਾ ਉਸ ਕੋਲੋ ਲੈ ਲਓ ਅਤੇ ਉਸ ਨੂੰ ਦੇ ਦਿਓ ਜਿਸ ਦੇ ਕੋਲ ਦਸ ਥੈਲੇ ਹਨ। 29ਕਿਉਂਕਿ ਜਿਸ ਕੋਲ ਕੁਝ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਤਾਂ ਕਿ ਉਸਦੇ ਕੋਲ ਬਹੁਤ ਜ਼ਿਆਦਾ ਹੋਵੇ। ਪਰ ਜਿਸ ਕੋਲ ਨਹੀਂ ਹੈ ਉਸ ਕੋਲੋ ਜੋ ਕੁਝ ਵੀ ਹੈ ਵਾਪਸ ਲੈ ਲਿਆ ਜਾਵੇਗਾ। 30ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।’
ਨਿਆਂ ਦਾ ਦਿਨ
31“ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ, ਤਦ ਉਹ ਆਪਣੀ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ। 32ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਂਗਾ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆ ਤੋਂ ਅਲੱਗ ਕਰਦਾ ਹੈ। 33ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆ ਨੂੰ ਖੱਬੇ ਪਾਸੇ ਰੱਖੇਗਾ।
34“ਤਦ ਰਾਜਾ ਉਹਨਾਂ ਨੂੰ ਜਿਹੜੇ ਸੱਜੇ ਪਾਸੇ ਹੋਣਗੇ ਵੇਖ ਕੇ ਆਖੇਗਾ, ‘ਆਓ, ਮੇਰੇ ਪਿਤਾ ਦੇ ਮੁਬਾਰਕ ਲੋਕੋ; ਜਿਹੜਾ ਰਾਜ ਜਗਤ ਦੇ ਸ਼ੁਰੂਆਤ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਉਸਦੇ ਵਾਰਸ ਹੋਵੋ। 35ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ। ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ 36ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਅਤੇ ਤੁਸੀਂ ਮੈਨੂੰ ਕੱਪੜੇ ਦਿੱਤੇ, ਮੈਂ ਬਿਮਾਰ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੈਨੂੰ ਮਿਲਣ ਲਈ ਆਏ।’
37“ਤਦ ਧਰਮੀ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਖੁਆਇਆ, ਜਾਂ ਤਿਹਾਇਆ ਵੇਖਿਆ ਅਤੇ ਪੀਣ ਨੂੰ ਪਾਣੀ ਦਿੱਤਾ? 38ਕਦੋਂ ਅਸੀਂ ਤੁਹਾਨੂੰ ਪਰਦੇਸੀ ਵੇਖਿਆ ਤੇ ਆਪਣੇ ਘਰ ਬੁਲਾਇਆ, ਜਾਂ ਕੱਪੜਿਆ ਦੀ ਜ਼ਰੂਰਤ ਸੀ ਤੇ ਕੱਪੜੇ ਦਿੱਤੇ? 39ਅਤੇ ਕਦੋਂ ਅਸੀਂ ਤੁਹਾਨੂੰ ਬਿਮਾਰ ਅਤੇ ਕੈਦ ਵਿੱਚ ਵੇਖਿਆ ਅਤੇ ਤੁਹਾਡੇ ਕੋਲ ਆਏ?’
40“ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ।’
41“ਤਦ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਕਹੇਗਾ, ‘ਹੇ ਸਰਾਪੇ ਹੋਇਓ, ਮੇਰੇ ਕੋਲੋਂ ਦੂਰ ਚੱਲੇ ਜਾਓ, ਉਸ ਸਦੀਪਕ ਅੱਗ ਵਿੱਚ ਜਿਹੜੀ ਦੁਸ਼ਟ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। 42ਕਿਉਂਕਿ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਨੂੰ ਕੁਝ ਨਾ ਦਿੱਤਾ। 43ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਨਾ ਦਿੱਤੀ, ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਪਰ ਤੁਸੀਂ ਮੈਨੂੰ ਨਾ ਦਿੱਤੇ, ਮੈਂ ਬਿਮਾਰ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੈਨੂੰ ਮਿਲਣ ਨੂੰ ਨਾ ਆਏ।’
44“ਉਹ ਵੀ ਉੱਤਰ ਦੇਣਗੇ, ‘ਪ੍ਰਭੂ ਜੀ, ਭਲਾ ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਕੱਪੜਿਆ ਦੀ ਜ਼ਰੂਰਤ ਸੀ ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ?’
45“ਤਦ ਉਹ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਉਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨਾਲ ਵੀ ਕੀਤਾ, ਸਮਝ ਲਓ ਮੇਰੇ ਨਾਲ ਕੀਤਾ।’
46“ਤਦ ਯਿਸ਼ੂ ਨੇ ਕਿਹਾ, ਉਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।”
Trenutno izabrano:
ਮੱਤੀਯਾਹ 25: PCB
Istaknuto
Podeli
Kopiraj
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.