ਲੂਕਸ 13
13
ਤੋਬਾ ਜਾਂ ਨਾਸ਼
1ਉਸ ਵੇਲੇ ਉੱਥੇ ਮੌਜੂਦ ਕੁਝ ਲੋਕਾਂ ਨੇ ਯਿਸ਼ੂ ਨੂੰ ਉਹਨਾਂ ਗਲੀਲ ਵਾਸੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਹਨਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ। 2ਯਿਸ਼ੂ ਨੇ ਜਵਾਬ ਦਿੱਤਾ, “ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗਲੀਲੀ ਹੋਰ ਸਾਰੇ ਗਲੀਲ ਵਾਸੀਆਂ ਨਾਲੋਂ ਜ਼ਿਆਦਾ ਪਾਪੀ ਸਨ ਕਿਉਂਕਿ ਉਹਨਾਂ ਦੀ ਇਹ ਹਾਲਤ ਹੋਈ? 3ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਪਾਪਾਂ ਤੋਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ। 4ਜਾਂ ਉਹ ਅਠਾਰਾਂ ਜਿਨ੍ਹਾਂ ਦੀ ਮੌਤ ਸਿਲੋਅਮ ਦਾ ਬੁਰਜ ਉਹਨਾਂ ਉੱਤੇ ਡਿੱਗਣ ਦੇ ਕਾਰਣ ਹੋਈ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਾਰੇ ਲੋਕਾਂ ਨਾਲੋਂ ਵੱਧ ਦੋਸ਼ੀ ਸਨ? 5ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ।”
6ਤਦ ਯਿਸ਼ੂ ਨੇ ਇਹ ਦ੍ਰਿਸ਼ਟਾਂਤ ਸੁਣਾਇਆ: “ਇੱਕ ਆਦਮੀ ਦੇ ਅੰਗੂਰੀ ਬਾਗ਼ ਵਿੱਚ ਇੱਕ ਹੰਜ਼ੀਰ ਦਾ ਰੁੱਖ ਉੱਗ ਰਿਹਾ ਸੀ ਅਤੇ ਉਹ ਇਸ ਤੇ ਫ਼ਲ ਭਾਲਣ ਲਈ ਗਿਆ, ਪਰ ਉਸ ਨੂੰ ਕੁਝ ਨਹੀਂ ਮਿਲਿਆ। 7ਇਸ ਲਈ ਉਸ ਨੇ ਮਾਲੀ ਨੂੰ ਕਿਹਾ, ‘ਤਿੰਨ ਸਾਲਾਂ ਤੋਂ ਮੈਂ ਇਸ ਹੰਜ਼ੀਰ ਦੇ ਰੁੱਖ ਤੇ ਫ਼ਲ ਭਾਲਣ ਆ ਰਿਹਾ ਹਾਂ ਅਤੇ ਹੁਣ ਤੱਕ ਮੈਨੂੰ ਇਸ ਤੋਂ ਕੋਈ ਵੀ ਫ਼ਲ ਨਹੀਂ ਮਿਲਿਆ। ਇਸ ਨੂੰ ਕੱਟ ਦਿਓ! ਧਰਤੀ ਇਸ ਕਾਰਨ ਵਿਅਰਥ ਵਿੱਚ ਕਿਉਂ ਘਿਰੀ ਰਹੇ?’
8“ਪਰ ਮਾਲੀ ਨੇ ਉੱਤਰ ਦਿੱਤਾ, ‘ਸੁਆਮੀ ਜੀ, ਇਸ ਨੂੰ ਇੱਕ ਸਾਲ ਲਈ ਹੋਰ ਛੱਡ ਦਿਓ, ਮੈਂ ਇਸ ਦੇ ਦੁਆਲੇ ਖੁਦਾਈ ਕਰਾਂਗਾ ਅਤੇ ਇਸ ਵਿੱਚ ਖਾਦ ਪਾਉਂਦਾ ਰਹਾਂਗਾ। 9ਜੇ ਇਹ ਅਗਲੇ ਸਾਲ ਫ਼ਲ ਦਿੰਦਾ ਹੈ ਤਾਂ ਚੰਗਾ ਹੈ, ਜੇ ਨਹੀਂ ਤਾਂ ਇਸ ਨੂੰ ਵੱਢ ਦਿਓ।’ ”
ਸਬਤ ਦੇ ਦਿਨ ਯਿਸ਼ੂ ਦਾ ਕੁੱਬੀ ਔਰਤ ਨੂੰ ਚੰਗਾ ਕਰਨਾ
10ਇੱਕ ਸਬਤ ਦੇ ਦਿਨ#13:10 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਯਿਸ਼ੂ ਇੱਕ ਪ੍ਰਾਰਥਨਾ ਸਥਾਨ ਵਿੱਚ ਸਿੱਖਿਆ ਦੇ ਰਹੇ ਸਨ। 11ਉੱਥੇ ਇੱਕ ਔਰਤ ਆਈ ਜਿਸ ਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਕੁੱਬੀ ਸੀ ਅਤੇ ਬਿਲਕੁਲ ਵੀ ਸਿੱਧਾ ਨਹੀਂ ਹੋ ਸਕਦੀ ਸੀ। 12ਜਦੋਂ ਯਿਸ਼ੂ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਉਹ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, “ਹੇ ਔਰਤ, ਤੂੰ ਆਪਣੀ ਇਸ ਬੀਮਾਰੀ ਤੋਂ ਮੁਕਤ ਹੋ ਗਈ ਹੈ।” 13ਤਦ ਯਿਸ਼ੂ ਨੇ ਉਸ ਉੱਪਰ ਆਪਣਾ ਹੱਥ ਰੱਖ ਲਿਆ ਅਤੇ ਉਸੇ ਵੇਲੇ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੀ।
14ਪਰ ਯਹੂਦੀ ਪ੍ਰਾਰਥਨਾ ਸਥਾਨ ਦਾ ਆਗੂ ਇਸ ਗੱਲ ਤੇ ਬਹੁਤ ਗੁੱਸੇ ਹੋਇਆ ਕਿਉਂਕਿ ਯਿਸ਼ੂ ਨੇ ਉਸ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ। ਉਸ ਮੁੱਖੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਿਹਾ, “ਕੰਮ ਕਰਨ ਲਈ ਛੇ ਦਿਨ ਹਨ, ਇਸ ਲਈ ਇਨ੍ਹਾਂ ਛੇ ਦਿਨਾਂ ਵਿੱਚ ਆਓ ਅਤੇ ਚੰਗਿਆਈ ਪਾਓ, ਨਾ ਕਿ ਸਬਤ ਦੇ ਦਿਨ।”
15ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਹੇ ਪਖੰਡੀਓ! ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਬਾਹਰ ਨਹੀਂ ਲੈ ਜਾਂਦੇ? 16ਤਾਂ ਕੀ ਇਹ ਔਰਤ, ਜੋ ਅਬਰਾਹਾਮ ਦੀ ਧੀ ਹੈ, ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਬੰਨ੍ਹਿਆ ਹੋਇਆ ਹੈ, ਸਬਤ ਦੇ ਦਿਨ ਇਨ੍ਹਾਂ ਬੰਧਨਾਂ ਤੋਂ ਉਸ ਦਾ ਮੁਕਤ ਹੋਣਾ ਠੀਕ ਨਹੀਂ ਸੀ?”
17ਜਦੋਂ ਪ੍ਰਭੂ ਨੇ ਇਹ ਕਿਹਾ, ਤਾਂ ਉਹਨਾਂ ਦੇ ਸਾਰੇ ਵਿਰੋਧੀ ਸ਼ਰਮਿੰਦਾ ਹੋ ਗਏ, ਪਰ ਲੋਕ ਉਹਨਾਂ ਸਾਰੀਆਂ ਸ਼ਾਨਦਾਰ ਕੰਮਾਂ ਨੂੰ ਵੇਖ ਕੇ ਜੋ ਯਿਸ਼ੂ ਕਰ ਰਹੇ ਸਨ ਖੁਸ਼ ਹੋਏ।
ਸਰ੍ਹੋਂ ਦੇ ਬੀਜ ਅਤੇ ਖ਼ਮੀਰ ਬਾਰੇ ਦ੍ਰਿਸ਼ਟਾਂਤ
18ਤਦ ਯਿਸ਼ੂ ਨੇ ਪੁੱਛਿਆ, “ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਾਗ਼ ਵਿੱਚ ਬੀਜਿਆ। ਇਹ ਵੱਡਾ ਹੋਇਆ ਅਤੇ ਇੱਕ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ।”
20ਯਿਸ਼ੂ ਨੇ ਫੇਰ ਪੁੱਛਿਆ, “ਮੈਂ ਪਰਮੇਸ਼ਵਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21ਪਰਮੇਸ਼ਵਰ ਦਾ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਸਤਾਈ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰ ਹੋ ਗਿਆ।”
ਸਵਰਗੀ ਰਾਜ ਵਿੱਚ ਦਾਖਲ ਹੋਣ ਬਾਰੇ ਸਿੱਖਿਆ
22ਫਿਰ ਯਿਸ਼ੂ ਨਗਰਾਂ ਅਤੇ ਪਿੰਡਾਂ ਵਿੱਚ ਦੀ ਹੋ ਕੇ ਲੋਕਾਂ ਨੂੰ ਸਿੱਖਿਆ ਦਿੰਦੇ ਹੋਏ ਯੇਰੂਸ਼ਲੇਮ ਵੱਲ ਨੂੰ ਚਲੇ ਗਏ। 23ਕਿਸੇ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਕੀ ਸਿਰਫ ਥੋੜ੍ਹੇ ਜੇ ਲੋਕ ਹੀ ਬਚਾਏ ਜਾਣਗੇ?”
ਯਿਸ਼ੂ ਨੇ ਉਹਨਾਂ ਨੂੰ ਕਿਹਾ, 24“ਤੰਗ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਲੋਕ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਪਰ ਦਾਖਲ ਨਾ ਹੋ ਸਕਣਗੇ। 25ਇੱਕ ਵਾਰ ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਤਾਂ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਓਗੇ ਅਤੇ ਬੇਨਤੀ ਕਰੋਗੇ, ‘ਸ਼੍ਰੀਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ।’
“ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਆਏ ਹੋ।’
26“ਫਿਰ ਤੁਸੀਂ ਕਹੋਗੇ, ‘ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੀਆਂ ਗਲੀਆਂ ਵਿੱਚ ਸਿੱਖਿਆ ਦਿੱਤੀ।’
27“ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਆਏ ਹੋ। ਹੇ ਸਭ ਕੁਧਰਮੀਓ! ਮੇਰੇ ਕੋਲੋਂ ਦੂਰ ਹੋ ਜਾਓ।’
28“ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ, ਜਦੋਂ ਤੁਸੀਂ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੇਖੋਗੇ, ਪਰ ਤੁਸੀਂ ਖੁਦ ਨੂੰ ਬਾਹਰ ਸੁੱਟਿਆ ਹੋਇਆ ਵੇਖੋਗੇ। 29ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਵਰ ਦੇ ਰਾਜ ਦੇ ਭੋਜਨ ਵਿੱਚ ਸ਼ਾਮਿਲ ਹੋਣਗੇ। 30ਅਸਲ ਵਿੱਚ ਉਹ ਲੋਕ ਜੋ ਹੁਣ ਪਿੱਛੇ ਹਨ ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਉਹ ਪਿੱਛੇ ਕੀਤੇ ਜਾਣਗੇ।”
ਯੇਰੂਸ਼ਲੇਮ ਲਈ ਯਿਸ਼ੂ ਦਾ ਦੁੱਖ
31ਉਸ ਵੇਲੇ ਕੁਝ ਫ਼ਰੀਸੀ ਯਿਸ਼ੂ ਕੋਲ ਆਏ ਅਤੇ ਉਸ ਨੂੰ ਆਖਿਆ, “ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਓ। ਹੇਰੋਦੇਸ ਤੁਹਾਨੂੰ ਮਾਰਨਾ ਚਾਹੁੰਦਾ ਹੈ।”
32ਯਿਸ਼ੂ ਨੇ ਜਵਾਬ ਦਿੱਤਾ, “ਜਾ ਕੇ ਉਸ ਲੂੰਬੜੀ ਨੂੰ ਕਹੋ ਕਿ ਮੈਂ ਕਿਹਾ ਹੈ, ‘ਮੈਂ ਅੱਜ ਅਤੇ ਕੱਲ੍ਹ ਭੂਤਾਂ ਨੂੰ ਬਾਹਰ ਕੱਢਦਾ ਅਤੇ ਲੋਕਾਂ ਨੂੰ ਚੰਗਾ ਕਰਦਾ ਰਹਾਂਗਾ ਅਤੇ ਤੀਜੇ ਦਿਨ ਮੈਂ ਆਪਣੇ ਨਿਸ਼ਾਨੇ ਤੇ ਪਹੁੰਚਾਂਗਾ।’ 33ਫਿਰ ਵੀ, ਇਹ ਜ਼ਰੂਰੀ ਹੈ ਕਿ ਮੈਂ ਅੱਜ, ਕੱਲ੍ਹ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਸੰਭਵ ਨਹੀਂ ਹੈ ਕਿ ਯੇਰੂਸ਼ਲੇਮ ਦੇ ਸ਼ਹਿਰ ਤੋਂ ਬਾਹਰ ਕਿਸੇ ਨਬੀ ਦਾ ਕਤਲ ਕੀਤਾ ਜਾਵੇ।
34“ਹੇ ਯੇਰੂਸ਼ਲੇਮ, ਯੇਰੂਸ਼ਲੇਮ, ਤੂੰ ਜੋ ਨਬੀਆਂ ਦਾ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ? 35ਦੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’#13:35 ਜ਼ਬੂ 118:26; ਯਿਰ 12:7”
Trenutno izabrano:
ਲੂਕਸ 13: PCB
Istaknuto
Podeli
Uporedi
Kopiraj
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.