ਇਬਰਾਨੀਆਂ 7
7
ਜਾਜਕ ਮਲਕਿਸਿਦੇਕ
1ਇਹ ਮਲਕਿਸਿਦੇਕ ਸ਼ਾਲੇਮ#7:1 ਯੇਰੂਸ਼ਲੇਮ ਦਾ ਪੁਰਾਣਾ ਨਾਮ ਨਗਰ ਦਾ ਰਾਜਾ ਸੀ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ। ਉਹ ਅਬਰਾਹਾਮ ਨੂੰ ਉਦੋਂ ਮਿਲਿਆ ਅਤੇ ਉਸ ਨੂੰ ਅਸੀਸ ਵੀ ਦਿੱਤੀ ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਵਾਪਸ ਆ ਰਿਹਾ ਸੀ,#7:1 ਉਤ 14:17-20 2ਅਤੇ ਅਬਰਾਹਾਮ ਨੇ ਮਲਕਿਸਿਦੇਕ ਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ। ਮਲਕਿਸਿਦੇਕ ਨਾਮ ਦਾ ਪਹਿਲਾ ਅਰਥ, “ਧਰਮ ਦਾ ਰਾਜਾ” ਹੈ; ਅਤੇ ਦੂਸਰਾ ਅਰਥ “ਸ਼ਾਂਤੀ ਦਾ ਰਾਜਾ” ਕਿਉਂਕਿ ਉਹ “ਸ਼ਾਲੇਮ ਦਾ ਰਾਜਾ ਸੀ।” 3ਮਲਕਿਸਿਦੇਕ ਦੀ ਵੰਸ਼ਾਵਲੀ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ, ਜਿਸ ਦਾ ਨਾ ਤਾਂ ਪਿਤਾ ਨਾ ਹੀ ਮਾਤਾ ਦਾ ਅਤੇ ਨਾ ਹੀ ਵੰਸ਼ਾਵਲੀ ਦਾ ਪਤਾ ਹੈ, ਜਿਸਦਾ ਨਾ ਤਾਂ ਦਿਨਾਂ ਦਾ ਅਰੰਭ ਹੈ ਅਤੇ ਨਾ ਹੀ ਜੀਵਨ ਦਾ ਅੰਤ, ਉਹ ਪਰਮੇਸ਼ਵਰ ਦੇ ਪੁੱਤਰ ਦੀ ਤਰ੍ਹਾਂ ਸਦਾ ਦਾ ਜਾਜਕ ਹੈ।
4ਜ਼ਰਾ ਸੋਚੋ ਕਿ ਮਲਕਿਸਿਦੇਕ ਕਿੰਨਾ ਮਹਾਨ ਸੀ: ਇੱਥੋਂ ਤੱਕ ਕਿ ਕੁਲਪਤੀ ਅਬਰਾਹਾਮ ਨੇ ਵੀ ਉਸ ਨੂੰ ਲੁੱਟ ਦੇ ਮਾਲ ਦਾ ਦਸਵਾਂ ਹਿੱਸਾ ਦਿੱਤਾ ਸੀ! 5ਮੋਸ਼ੇਹ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਵਿੱਚ, ਲੇਵੀ ਦੇ ਉੱਤਰਾਧਿਕਾਰੀ, ਜਿਨ੍ਹਾਂ ਨੂੰ ਜਾਜਕਾਂ ਦੇ ਯੋਗ ਚੁਣਿਆ ਜਾਂਦਾ ਹੈ, ਉਹਨਾਂ ਨੂੰ ਇਸਰਾਏਲੀ ਲੋਕਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਹੈ, ਅਰਥਾਤ ਉਹਨਾਂ ਲੋਕਾਂ ਤੋਂ ਜੋ ਅਬਰਾਹਾਮ ਦੇ ਅੰਸ ਤੋਂ ਸਨ।#7:5 ਗਿਣ 18:21 6ਹਾਲਾਂਕਿ, ਮਲਕਿਸਿਦੇਕ ਦੇ ਵੰਸ਼ ਦਾ ਕਿਸੇ ਨੂੰ ਨਹੀਂ ਪਤਾ, ਫਿਰ ਵੀ ਉਸ ਨੇ ਅਬਰਾਹਾਮ ਤੋਂ ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ ਜਿਸ ਦੇ ਵਾਅਦੇ ਕੀਤੇ ਗਏ ਸਨ। 7ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੇ ਨੂੰ ਵੱਡੇ ਦੁਆਰਾ ਅਸੀਸ ਦਿੱਤੀ ਜਾਂਦੀ ਹੈ। 8ਇੱਕ ਤਰਫ, ਦਸਵਾਂ ਹਿੱਸਾ ਉਹਨਾਂ ਲੋਕਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜੋ ਮਰਨ ਵਾਲੇ ਹੋਣ; ਪਰ ਦੂਸਰੀ ਤਰਫ, ਮਲਕਿਸਿਦੇਕ ਦੁਆਰਾ ਜਿਸ ਬਾਰੇ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ। 9ਕੋਈ ਇਹ ਵੀ ਕਹਿ ਸਕਦਾ ਹੈ ਕਿ ਲੇਵੀ ਨੇ ਵੀ, ਜੋ ਦਸਵਾਂ ਹਿੱਸਾ ਇਕੱਠਾ ਕਰਦਾ ਹੈ, ਅਬਰਾਹਾਮ ਦੇ ਦੁਆਰਾ ਦਸਵੰਧ ਦਿੱਤਾ, 10ਕਿਉਂਕਿ ਜਦੋਂ ਮਲਕਿਸਿਦੇਕ ਅਬਰਾਹਾਮ ਨੂੰ ਮਿਲਿਆ, ਲੇਵੀ ਅਜੇ ਵੀ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿੱਚ ਸੀ।#7:10 ਉਤ 14:18-20
ਯਿਸ਼ੂ ਮਲਕਿਸਿਦੇਕ ਵਾਂਗ
11ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ? 12ਕਿਉਂਕਿ ਜਦੋਂ ਜਾਜਕ ਦਾ ਪਦ ਬਦਲਿਆ ਜਾਂਦਾ ਹੈ, ਤਾਂ ਬਿਵਸਥਾ ਬਦਲਣਾ ਵੀ ਜ਼ਰੂਰੀ ਹੈ। 13ਉਹ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਇੱਕ ਵੱਖਰੇ ਗੋਤ ਨਾਲ ਸਬੰਧਤ ਹੈ, ਅਤੇ ਉਸ ਗੋਤ ਦੇ ਕਿਸੇ ਨੇ ਵੀ ਕਦੇ ਜਗਵੇਦੀ ਦੀ ਸੇਵਾ ਨਹੀਂ ਕੀਤੀ। 14ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਗੋਤ ਤੋਂ ਆਇਆ ਸੀ, ਅਤੇ ਉਸ ਗੋਤ ਦੇ ਸੰਬੰਧ ਵਿੱਚ ਮੋਸ਼ੇਹ ਨੇ ਜਾਜਕਾਂ ਬਾਰੇ ਕੁਝ ਨਹੀਂ ਸੀ ਕਿਹਾ। 15ਅਤੇ ਜੋ ਅਸੀਂ ਕਿਹਾ ਹੈ ਉਹ ਹੋਰ ਵੀ ਸਪੱਸ਼ਟ ਹੈ ਜੇ ਮਲਕਿਸਿਦੇਕ ਵਰਗਾ ਕੋਈ ਹੋਰ ਜਾਜਕ ਪ੍ਰਗਟ ਹੁੰਦਾ ਹੈ, 16ਉਹ ਜੋ ਇੱਕ ਜਾਜਕ ਬਣ ਗਿਆ ਹੈ ਆਪਣੇ ਸਰੀਰ ਦੇ ਨਿਯਮਾਂ ਦੇ ਅਧਾਰ ਤੇ ਨਹੀਂ ਬਲਕਿ ਇੱਕ ਅਵਿਨਾਸ਼ੀ ਜੀਵਨ ਦੀ ਸ਼ਕਤੀ ਦੇ ਅਧਾਰ ਤੇ। 17ਕਿਉਂਕਿ ਇਹ ਬਚਨ ਵਿੱਚ ਘੋਸ਼ਿਤ ਕੀਤਾ ਗਿਆ ਹੈ:
“ਤੂੰ ਮਲਕਿਸਿਦੇਕ ਦੇ ਕ੍ਰਮ ਵਿੱਚ,
ਸਦਾ ਤੱਕ ਦਾ ਜਾਜਕ ਹੈ।”
18ਪਹਿਲੇ ਨਿਯਮਾਂ ਨੂੰ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਕਮਜ਼ੋਰ ਅਤੇ ਨਿਸ਼ਫਲ ਸੀ। 19(ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸ ਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।
20ਅਤੇ ਇਹ ਸਹੁੰ ਤੋਂ ਬਿਨ੍ਹਾਂ ਨਹੀਂ ਹੋਇਆ ਸੀ! ਦੂਸਰੇ ਬਿਨ੍ਹਾਂ ਕਿਸੇ ਸਹੁੰ ਦੇ ਜਾਜਕ ਬਣ ਗਏ, 21ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸ ਨੂੰ ਕਿਹਾ:
“ਪ੍ਰਭੂ ਨੇ ਸਹੁੰ ਖਾਧੀ ਹੈ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:
‘ਤੂੰ ਸਦਾ ਲਈ ਇੱਕ ਜਾਜਕ ਹੈ।’ ”
22ਇਸ ਸਹੁੰ ਦੇ ਕਾਰਨ, ਯਿਸ਼ੂ ਇੱਕ ਬਿਹਤਰ ਵਾਚਾ ਦਾ ਜ਼ਿੰਮੇਵਾਰ ਬਣ ਗਿਆ ਹੈ।
23ਹੁਣ ਉਹਨਾਂ ਵਿੱਚੋਂ ਬਹੁਤ ਸਾਰੇ ਜਾਜਕ ਹੋ ਗਏ ਹਨ, ਕਿਉਂਕਿ ਮੌਤ ਨੇ ਉਹਨਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕਿਆ; 24ਪਰ ਕਿਉਂਕਿ ਯਿਸ਼ੂ ਸਦਾ ਲਈ ਜੀਉਂਦਾ ਹੈ, ਉਸ ਦਾ ਇੱਕ ਅਟੱਲ ਜਾਜਕ ਪਦ ਹੈ। 25ਇਸ ਲਈ ਉਹ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ ਜੋ ਉਸ ਦੇ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਨ, ਕਿਉਂਕਿ ਉਹ ਹਮੇਸ਼ਾ ਉਹਨਾਂ ਲਈ ਵਿਚੋਲਗੀ ਕਰਨ ਲਈ ਜੀਉਂਦਾ ਹੈ।
26ਅਜਿਹਾ ਮਹਾਂ ਜਾਜਕ ਸੱਚ-ਮੁੱਚ ਸਾਡੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਯਿਸ਼ੂ ਜੋ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ, ਸਵਰਗ ਤੋਂ ਉੱਚਾ ਹੈ। 27ਦੂਜੇ ਮੁੱਖ ਜਾਜਕਾਂ ਦੇ ਉਲਟ, ਉਸ ਨੂੰ ਦਿਨ ਪ੍ਰਤੀ ਦਿਨ ਬਲੀਆਂ ਚੜ੍ਹਾਉਣ ਦੀ ਜ਼ਰੂਰਤ ਨਹੀਂ, ਪਹਿਲਾਂ ਆਪਣੇ ਪਾਪਾਂ ਲਈ, ਅਤੇ ਫਿਰ ਲੋਕਾਂ ਦੇ ਪਾਪਾਂ ਲਈ। ਉਸ ਨੇ ਉਹਨਾਂ ਦੇ ਪਾਪਾਂ ਲਈ ਇੱਕ ਵਾਰ ਸਾਰਿਆਂ ਲਈ ਬਲੀਦਾਨ ਚੜ੍ਹਾ ਦਿੱਤਾ ਜਦੋਂ ਉਸ ਨੇ ਆਪਣੇ ਆਪ ਨੂੰ ਭੇਟ ਕੀਤਾ।#7:27 ਲੇਵਿ 16:6; ਇਬ 10:10; 12:14 28ਕਿਉਂਕਿ ਮੋਸ਼ੇਹ ਦੀ ਬਿਵਸਥਾ ਉਹਨਾਂ ਦੀ ਸਾਰੀ ਕਮਜ਼ੋਰੀ ਵਿੱਚ ਮਹਾਂ ਜਾਜਕਾਂ ਵਜੋਂ ਨਿਯੁਕਤ ਕਰਦੀ ਹੈ; ਪਰ ਸਹੁੰ, ਜੋ ਬਿਵਸਥਾ ਦੇ ਬਾਅਦ ਆਈ ਸੀ, ਪੁੱਤਰ ਨੂੰ ਨਿਯੁਕਤ ਕੀਤਾ, ਜੋ ਸਦਾ ਲਈ ਸੰਪੂਰਣ ਬਣਾਇਆ ਗਿਆ ਹੈ।
Trenutno izabrano:
ਇਬਰਾਨੀਆਂ 7: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.