Ir para o conteúdo

ਕਹਾਉਤਾਂ 5

5
ਵਿਭਚਾਰ ਦੇ ਵਿਰੁੱਧ ਚੇਤਾਵਨੀ
1ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ,
ਮੇਰੀ ਸਮਝ ਦੀਆਂ ਗੱਲਾਂ ਵੱਲ ਕੰਨ ਲਾ,
2ਤਾਂ ਜੋ ਤੁਸੀਂ ਸਮਝਦਾਰੀ ਨੂੰ ਕਾਇਮ ਰੱਖ ਸਕੋ
ਅਤੇ ਤੁਹਾਡੇ ਬੁੱਲ੍ਹ ਗਿਆਨ ਦੀ ਰੱਖਿਆ ਕਰ ਸਕਣ।
3ਕਿਉਂ ਜੋ ਵਿਭਚਾਰੀ ਔਰਤ ਦੇ ਬੁੱਲ੍ਹਾਂ ਵਿੱਚੋਂ ਸ਼ਹਿਦ ਟਪਕਦਾ ਹੈ,
ਅਤੇ ਉਹ ਦੀ ਬੋਲੀ ਤੇਲ ਨਾਲੋਂ ਵੀ ਨਿਰਮਲ ਹੈ।
4ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ,
ਅਤੇ ਦੋਧਾਰੀ ਤਲਵਾਰ ਵਰਗੀ ਤਿੱਖੀ ਹੁੰਦੀ ਹੈ।
5ਉਹ ਦੇ ਪੈਰ ਮੌਤ ਵੱਲ ਚਲੇ ਜਾਂਦੇ ਹਨ,
ਉਸਦੇ ਕਦਮ ਸਿੱਧੇ ਕਬਰ ਵੱਲ ਜਾਂਦੇ ਹਨ।
6ਉਹ ਜੀਵਨ ਦੇ ਰਾਹ ਦਾ ਕੋਈ ਖਿਆਲ ਨਹੀਂ ਰੱਖਦੀ।
ਉਸ ਦੇ ਰਾਹ ਬੇਖੌਫ਼ ਭਟਕਦੇ ਹਨ, ਪਰ ਉਹ ਇਸ ਨੂੰ ਨਹੀਂ ਜਾਣਦੀ।
7ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ;
ਜੋ ਮੈਂ ਆਖਦਾ ਹਾਂ ਉਸ ਤੋਂ ਮੂੰਹ ਨਾ ਮੋੜੋ,
8ਇਸ ਤਰ੍ਹਾਂ ਦੀ ਔਰਤ ਤੋਂ ਆਪਣਾ ਰਾਹ ਦੂਰ ਰੱਖੋ,
ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਵੋ,
9ਅਜਿਹਾ ਨਾ ਹੋਵੇ ਕਿ ਤੁਸੀਂ ਦੂਜਿਆਂ ਦੇ ਅੱਗੇ ਆਪਣੀ ਇੱਜ਼ਤ ਗੁਆ ਬੈਠੋ,
ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇ,
10ਅਜਿਹਾ ਨਾ ਹੋਵੇ ਕਿ ਪਰਾਏ ਤੁਹਾਡੀ ਮਿਹਨਤ ਖਾਣ,
ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ।
11ਜੀਵਨ ਦੇ ਅੰਤ ਵਿੱਚ ਤੁਸੀਂ ਕਰੋਗੇ,
ਉਸ ਵੇਲੇ ਤੁਹਾਡਾ ਤਨ ਅਤੇ ਦੇਹ ਕਮਜ਼ੋਰ ਹੋ ਕੇ ਨਿਢਾਲ ਹੋ ਜਾਣਗੇ।
12ਤੁਸੀਂ ਆਖੋਗੇ, “ਮੈਂ ਤਾੜਨਾ ਨੂੰ ਕਿੰਨਾ ਨਫ਼ਰਤ ਕਰਦਾ ਸੀ!
ਮੇਰੇ ਦਿਲ ਨੇ ਤਾੜਨਾ ਨੂੰ ਕਿਵੇਂ ਠੁਕਰਾ ਦਿੱਤਾ!
13ਮੈਂ ਨਾ ਆਪਣੇ ਗੁਰੂਆਂ ਦੀ ਗੱਲ ਮੰਨੀ,
ਨਾ ਮੈਂ ਆਪਣੇ ਗੁਰੂਆਂ ਵੱਲ ਕੰਨ ਲਗਾਇਆ।
14ਅਤੇ ਮੈਂ ਜਲਦੀ ਹੀ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ,
ਗੰਭੀਰ ਮੁਸੀਬਤ ਵਿੱਚ ਪੈ ਗਿਆ।”
15ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ,
ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।
16ਕਿਉਂ ਤੁਹਾਡੇ ਸੋਤੇ ਗਲੀਆਂ ਵਿੱਚ ਵਗਾਏ ਜਾਣ,
ਅਤੇ ਪਾਣੀ ਦੀਆਂ ਚੌਕਾਂ ਵਿੱਚ ਵਹਿ ਜਾਣ।
17ਉਹ ਇਕੱਲੇ ਤੇਰੇ ਲਈ ਹੀ ਹੋਣ,
ਅਤੇ ਕਦੇ ਵੀ ਪਰਾਏ ਲੋਕਾਂ ਨਾਲ ਸਾਂਝਾ ਨਾ ਕੀਤਾ ਜਾਵੇ।
18ਤੇਰਾ ਚਸ਼ਮਾ ਮੁਬਾਰਕ ਹੋਵੇ,
ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਅਨੰਦ ਕਰੇ।
19ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ
ਉਸ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ,
ਤੂੰ ਹਮੇਸ਼ਾ ਉਸਦੇ ਪਿਆਰ ਵਿੱਚ ਮਸਤ ਰਹੇ।
20ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ?
ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।
21ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਮ੍ਹਣੇ ਹਨ,
ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।
22ਦੁਸ਼ਟਾਂ ਦੇ ਬੁਰੇ ਕੰਮ ਉਹਨਾਂ ਨੂੰ ਫਸਾਉਂਦੇ ਹਨ,
ਉਹਨਾਂ ਦੇ ਪਾਪਾਂ ਦੀਆਂ ਰੱਸੀਆਂ ਨੇ ਉਹਨਾਂ ਨੂੰ ਫੜਿਆ ਹੋਇਆ ਹੈ।
23ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ,
ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।