ਕਹਾਉਤਾਂ 22
22
1ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ,
ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।
2ਅਮੀਰ ਅਤੇ ਗਰੀਬ ਵਿੱਚ ਇੱਕ ਸਮਾਨਤਾ ਹੈ,
ਕਿ ਯਾਹਵੇਹ ਸਭ ਦਾ ਸਿਰਜਣਹਾਰ ਹੈ।
3ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,
ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
4ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ,
ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।
5ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ,
ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।
6ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
7ਅਮੀਰ ਗਰੀਬਾਂ ਉੱਤੇ ਰਾਜ ਕਰਦਾ ਹੈ,
ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੈ।
8ਜਿਹੜਾ ਬੇਇਨਸਾਫ਼ੀ ਬੀਜਦਾ ਹੈ ਉਹ ਬਿਪਤਾ ਵੱਢਦਾ ਹੈ,
ਅਤੇ ਜੋ ਡੰਡਾ ਉਹ ਕ੍ਰੋਧ ਵਿੱਚ ਰੱਖਦੇ ਹਨ, ਤੋੜਿਆ ਜਾਵੇਗਾ।
9ਦਾਨੀ ਆਪ ਹੀ ਮੁਬਾਰਕ ਹੋਣਗੇ,
ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।
10ਮਖੌਲ ਕਰਨ ਵਾਲੇ ਨੂੰ ਬਾਹਰ ਕੱਢ ਦਿਓ ਤਾਂ ਝਗੜਾ ਮੁੱਕ ਜਾਵੇਗਾ,
ਨਾਲੇ ਬਹਿਸ ਅਤੇ ਨਿਰਾਦਰ ਖਤਮ ਹੋ ਜਾਣਗੇ।
11ਜਿਹੜਾ ਸ਼ੁੱਧ ਦਿਲ ਨਾਲ ਪਿਆਰ ਕਰਦਾ ਹੈ ਅਤੇ ਜੋ ਕਿਰਪਾ ਨਾਲ ਬੋਲਦਾ ਹੈ,
ਉਸ ਦੇ ਲਈ ਰਾਜਾ ਇੱਕ ਮਿੱਤਰ ਹੋਵੇਗਾ।
12ਯਾਹਵੇਹ ਦੀਆਂ ਅੱਖਾਂ ਗਿਆਨ ਉੱਤੇ ਪਹਿਰਾ ਦਿੰਦੀਆਂ ਹਨ,
ਪਰ ਉਹ ਬੇਵਫ਼ਾ ਦੇ ਬਚਨਾਂ ਨੂੰ ਨਿਰਾਸ਼ ਕਰਦਾ ਹੈ।
13ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ,
ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!
14ਵਿਭਚਾਰੀ ਔਰਤ ਦਾ ਮੂੰਹ ਡੂੰਘਾ ਟੋਆ ਹੈ,
ਉਸ ਵਿੱਚ ਉਹ ਮਨੁੱਖ ਡਿੱਗਦਾ ਹੈ ਜਿਸ ਉੱਤੇ ਯਾਹਵੇਹ ਕ੍ਰੋਧਵਾਨ ਹੈ।
15ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ,
ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।
16ਇੱਕ ਜਿਹੜਾ ਆਪਣੀ ਦੌਲਤ ਵਧਾਉਣ ਲਈ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ,
ਅਤੇ ਇੱਕ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ,
ਦੋਵੇਂ ਗਰੀਬੀ ਵਿੱਚ ਆਉਂਦੇ ਹਨ।
ਬੁੱਧਵਾਨਾਂ ਦੀਆਂ ਤੀਹ ਗੱਲਾਂ
ਕਹਾਵਤ 1
17ਧਿਆਨ ਦਿਓ ਅਤੇ ਬੁੱਧਵਾਨਾਂ ਦੀਆਂ ਗੱਲਾਂ ਵੱਲ ਕੰਨ ਲਗਾਓ,
ਜੋ ਮੈਂ ਸਿਖਾਉਂਦਾ ਹਾਂ, ਉਸ ਨੂੰ ਆਪਣੇ ਦਿਲ ਵਿੱਚ ਵਸਾ ਲੈ,
18ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਦੇ ਹੋ,
ਅਤੇ ਇਹ ਸਭ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਤਾਂ ਇਹ ਇੱਕ ਮਨਭਾਉਂਦੀ ਗੱਲ ਹੈ।
19ਤਾਂ ਜੋ ਤੁਹਾਡਾ ਭਰੋਸਾ ਯਾਹਵੇਹ ਵਿੱਚ ਹੋਵੇ,
ਮੈਂ ਤੁਹਾਨੂੰ ਅੱਜ ਵੀ ਸਿਖਾਉਂਦਾ ਹਾਂ।
20ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ,
ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
21ਕਿ ਮੈਂ ਤੁਹਾਨੂੰ ਸੱਚ ਬੋਲਣਾ ਅਤੇ ਇਮਾਨਦਾਰ ਰਹਿਣਾ ਨਹੀਂ ਸਿਖਾਉਂਦਾ,
ਤਾਂ ਜੋ ਤੁਸੀਂ ਸਚਿਆਈ ਦੀਆ ਗੱਲਾਂ,
ਉਹਨਾਂ ਕੋਲ ਜਾਓ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ?
ਕਹਾਵਤ 2
22ਗਰੀਬਾਂ ਦਾ ਸ਼ੋਸ਼ਣ ਨਾ ਕਰੋ ਕਿਉਂਕਿ ਉਹ ਗਰੀਬ ਹਨ,
ਅਤੇ ਲੋੜਵੰਦਾਂ ਨੂੰ ਕਚਿਹਰੀ ਵਿੱਚ ਨਾ ਕੁਚਲੋ,
23ਕਿਉਂਕਿ ਯਾਹਵੇਹ ਉਨ੍ਹਾਂ ਦਾ ਮਕੁੱਦਮਾ ਲੜੇਗਾ,
ਅਤੇ ਉਹਨਾਂ ਦੇ ਪ੍ਰਾਣ ਦਾ ਬਦਲਾ ਲਵੇਗਾ।
ਕਹਾਵਤ 3
24ਕਿਸੇ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਦੋਸਤੀ ਨਾ ਕਰੋ,
ਅਸਾਨੀ ਨਾਲ ਗੁੱਸੇ ਵਾਲੇ ਵਿਅਕਤੀ ਨਾਲ ਮੇਲ ਨਾ ਰੱਖੋ,
25ਕਿਤੇ ਅਜਿਹਾ ਨਾ ਹੋਵੇ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਲਵੋ,
ਅਤੇ ਆਪਣੇ ਆਪ ਨੂੰ ਫਾਹੀ ਵਿੱਚ ਫਸਾ ਲਵੋ।
ਕਹਾਵਤ 4
26ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ,
ਤੂੰ ਉਹਨਾਂ ਦੇ ਵਿੱਚ ਨਾ ਹੋ।
27ਜੇਕਰ ਤੁਹਾਡੇ ਕੋਲ ਭੁਗਤਾਨ ਕਰਨ ਦਾ ਸਾਧਨ ਨਹੀਂ ਹੈ,
ਤਾਂ ਤੁਹਾਡਾ ਬਿਸਤਰਾ ਤੁਹਾਡੇ ਹੇਠੋਂ ਖੋਹ ਲਿਆ ਜਾਵੇਗਾ।
ਕਹਾਵਤ 5
28ਆਪਣੇ ਪੁਰਖਿਆਂ ਦੁਆਰਾ ਸਥਾਪਿਤ ਕੀਤੇ ਗਏ,
ਇੱਕ ਪੁਰਾਣੇ ਪੱਥਰ ਨੂੰ ਨਾ ਹਿਲਾਓ।
ਕਹਾਵਤ 6
29ਕੀ ਤੁਸੀਂ ਕਿਸੇ ਨੂੰ ਆਪਣੇ ਕੰਮ ਵਿੱਚ ਨਿਪੁੰਨ ਵੇਖਦੇ ਹੋ?
ਉਹ ਰਾਜਿਆਂ ਅੱਗੇ ਸੇਵਾ ਕਰਨਗੇ;
ਉਹ ਘੱਟ ਰਾਹ ਦੇ ਅਧਿਕਾਰੀਆਂ ਅੱਗੇ ਸੇਵਾ ਨਹੀਂ ਕਰਨਗੇ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.