ਅਸਤਰ 8
8
ਯਹੂਦੀਆਂ ਦੇ ਹੱਕ ਵਿੱਚ ਰਾਜੇ ਦਾ ਹੁਕਮ
1ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਯਹੂਦੀਆਂ ਦੇ ਦੁਸ਼ਮਣ ਹਾਮਾਨ ਦੀ ਜਾਇਦਾਦ ਦਿੱਤੀ ਅਤੇ ਮਾਰਦਕਈ ਰਾਜੇ ਦੀ ਹਜ਼ੂਰੀ ਵਿੱਚ ਆਇਆ ਕਿਉਂ ਜੋ ਏਸਤੇਰ ਨੇ ਦੱਸਿਆ ਸੀ ਕਿ ਉਹ ਉਸ ਨਾਲ ਕੀ ਸੰਬੰਧ ਰੱਖਦਾ ਸੀ। 2ਰਾਜੇ ਨੇ ਆਪਣੀ ਦਸਤਖ਼ਤ ਵਾਲੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਵਾਪਸ ਲਈ ਸੀ ਲਾਹ ਕੇ ਮਾਰਦਕਈ ਨੂੰ ਭੇਟ ਕੀਤੀ ਅਤੇ ਏਸਤੇਰ ਨੇ ਉਸ ਨੂੰ ਹਾਮਾਨ ਦੀ ਜਾਇਦਾਦ ਉੱਤੇ ਨਿਯੁਕਤ ਕੀਤਾ।
3ਏਸਤੇਰ ਨੇ ਫਿਰ ਰਾਜੇ ਦੇ ਪੈਰੀ ਪੈ ਕੇ ਰੋਂਦੇ ਹੋਏ ਇਹ ਬੇਨਤੀ ਕੀਤੀ ਕਿ ਹਾਮਾਨ ਅਗਾਗੀ ਦੀ ਦੁਸ਼ਟ ਯੋਜਨਾ ਨੂੰ ਖਤਮ ਕਰ ਦੇਵੇ, ਜੋ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ। 4ਤਦ ਰਾਜੇ ਨੇ ਸੋਨੇ ਦਾ ਰਾਜਦੰਡ ਏਸਤੇਰ ਵੱਲ ਵਧਾਇਆ ਅਤੇ ਉਹ ਉੱਠ ਕੇ ਉਸ ਦੇ ਅੱਗੇ ਖੜ੍ਹੀ ਹੋਈ।
5ਏਸਤੇਰ ਨੇ ਰਾਜੇ ਨੂੰ ਕਿਹਾ, “ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰਦਾ ਹੈ ਅਤੇ ਜੇ ਉਹ ਮੇਰੇ ਉੱਤੇ ਕਿਰਪਾ ਕਰਦਾ ਹੈ ਅਤੇ ਇਸ ਨੂੰ ਕਰਨਾ ਠੀਕ ਸਮਝਦਾ ਹੈ, ਅਤੇ ਜੇ ਉਹ ਮੇਰੇ ਨਾਲ ਪ੍ਰਸੰਨ ਹੈ, ਤਾਂ ਇੱਕ ਹੁਕਮ ਲਿਖਿਆ ਜਾਵੇ ਕਿ ਉਹ ਭੇਜੇ ਜਾਣ ਨੂੰ ਰੱਦ ਕਰਦੇ ਹਨ। ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜੇ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਤਬਾਹ ਕਰਨ ਲਈ ਜੋ ਚਿੱਠੀਆਂ ਲਿਖੀਆਂ ਸਨ ਉਹਨਾਂ ਸਾਰੀਆਂ ਚਿੱਠੀਆਂ ਨੂੰ ਰੱਦ ਕੀਤਾ ਜਾਵੇ। 6ਕਿਉਂ ਜੋ ਮੈਂ ਆਪਣੇ ਲੋਕਾਂ ਉੱਤੇ ਪਈ ਬਿਪਤਾ ਨੂੰ ਕਿਵੇਂ ਸਹਾਰ ਸਕਦੀ ਹਾਂ? ਮੈਂ ਆਪਣੇ ਪਰਿਵਾਰ ਦੀ ਤਬਾਹੀ ਨੂੰ ਕਿਵੇਂ ਸਹਿ ਸਕਦੀ ਹਾਂ?”
7ਤਦ ਰਾਜਾ ਅਹਸ਼ਵੇਰੋਸ਼ ਰਾਜੇ ਨੇ ਰਾਣੀ ਏਸਤੇਰ ਅਤੇ ਮਾਰਦਕਈ ਯਹੂਦੀ ਨੂੰ ਕਿਹਾ, “ਮੈਂ ਹਾਮਾਨ ਦੀ ਜਾਇਦਾਦ ਏਸਤੇਰ ਨੂੰ ਦੇ ਦਿੱਤੀ ਹੈ, ਹਾਮਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਕਿਉਂਕਿ ਉਸਨੇ ਯਹੂਦੀਆਂ ਦੇ ਵਿਰੁੱਧ ਆਪਣਾ ਹੱਥ ਉਠਾਇਆ ਸੀ। 8ਹੁਣ ਤੁਸੀਂ ਵੀ ਯਹੂਦੀਆਂ ਲਈ ਰਾਜੇ ਦੇ ਨਾਮ ਉੱਤੇ ਇੱਕ ਹੋਰ ਫ਼ਰਮਾਨ ਲਿਖੋ ਜੋ ਤੁਹਾਨੂੰ ਚੰਗਾ ਲੱਗੇ ਅਤੇ ਉਸ ਉੱਤੇ ਰਾਜੇ ਦੀ ਮੁੰਦਰੀ ਨਾਲ ਮੋਹਰ ਲਗਾ ਦਿਓ, ਕਿਉਂਕਿ ਰਾਜੇ ਦੇ ਨਾਮ ਵਿੱਚ ਲਿਖਿਆ ਅਤੇ ਉਸ ਦੀ ਮੁੰਦਰੀ ਨਾਲ ਮੋਹਰ ਵਾਲਾ ਕੋਈ ਵੀ ਦਸਤਾਵੇਜ਼ ਰੱਦ ਨਹੀਂ ਕੀਤਾ ਜਾ ਸਕਦਾ।”
9ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਰਾਜੇ ਦੇ ਸ਼ਾਹੀ ਸਕੱਤਰਾਂ ਨੂੰ ਸੱਦਿਆ ਗਿਆ। ਉਨ੍ਹਾਂ ਨੇ ਮਾਰਦਕਈ ਦੇ ਸਾਰੇ ਹੁਕਮ ਯਹੂਦੀਆਂ ਨੂੰ ਅਤੇ ਭਾਰਤ ਤੋਂ ਲੈ ਕੇ ਕੂਸ਼ ਤੱਕ 127 ਪ੍ਰਾਂਤਾਂ ਦੇ ਰਾਜਪਾਲਾਂ, ਹਾਕਮਾਂ ਅਤੇ ਅਹਿਲਕਾਰਾਂ ਲਈ, ਹਰ ਇੱਕ ਸੂਬੇ ਦੀ ਲਿਖਤ ਅਤੇ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਭਾਸ਼ਾ ਵਿੱਚ ਲਿਖਿਆ ਗਿਆ। 10ਅਤੇ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਨਾਮ ਉੱਤੇ ਹੁਕਮਨਾਮੇ ਲਿਖਵਾਏ ਅਤੇ ਉਨ੍ਹਾਂ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾ ਕੇ, ਤੇਜ਼ ਭੱਜਣ ਵਾਲੇ ਸ਼ਾਹੀ ਘੋੜਿਆਂ, ਖੱਚਰਾਂ, ਊਠਾਂ ਅਤੇ ਬਲਦਾਂ ਉੱਤੇ ਸਵਾਰ ਸੰਦੇਸ਼ਵਾਹਕਾਂ ਦੇ ਹੱਥ ਭੇਜ ਦਿੱਤੇ।
11ਰਾਜੇ ਦੇ ਫ਼ਰਮਾਨ ਨੇ ਹਰ ਸ਼ਹਿਰ ਵਿੱਚ ਯਹੂਦੀਆਂ ਨੂੰ ਆਪਣੀ ਜਾਨ ਦੀ ਰੱਖਿਆ ਲਈ ਇੱਕ ਜੁੱਟ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਨੂੰ ਕਿਸੇ ਵੀ ਜਾਤੀ ਜਾਂ ਪ੍ਰਾਂਤ ਦੇ ਕਿਸੇ ਵੀ ਵਿਅਕਤੀ ਨੂੰ ਮਾਰਨ, ਕਤਲ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਉਹਨਾਂ ਉੱਤੇ ਜਾਂ ਉਹਨਾਂ ਦੇ ਬੱਚਿਆਂ ਅਤੇ ਪਤਨੀਆਂ ਤੇ ਹਮਲਾ ਕਰ ਸਕਦਾ ਹੈ, ਅਤੇ ਉਹਨਾਂ ਦੇ ਦੁਸ਼ਮਣਾਂ ਦੀ ਜਾਇਦਾਦ ਲੈ ਸਕਦਾ ਹੈ। 12ਜਿਹੜਾ ਦਿਨ ਯਹੂਦੀਆਂ ਲਈ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਅਜਿਹਾ ਕਰਨ ਲਈ ਠਹਿਰਾਇਆ ਗਿਆ ਸੀ ਅਦਾਰ ਦੇ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਸੀ। 13ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।
14ਰਾਜੇ ਦੇ ਹੁਕਮ ਨਾਲ ਸ਼ਾਹੀ ਘੋੜਿਆਂ ਦੀ ਸਵਾਰੀ ਕਰਨ ਵਾਲੇ ਬਾਹਰ ਨਿਕਲੇ ਅਤੇ ਸ਼ੂਸ਼ਨ ਦੇ ਗੜ੍ਹ ਵਿੱਚ ਹੁਕਮ ਜਾਰੀ ਕੀਤਾ ਗਿਆ।
ਯਹੂਦੀਆਂ ਦੀ ਜਿੱਤ
15ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ। 16ਯਹੂਦੀਆਂ ਲਈ ਇਹ ਖੁਸ਼ੀ, ਅਨੰਦ ਅਤੇ ਆਦਰ ਦਾ ਸਮਾਂ ਸੀ। 17ਹਰ ਸੂਬੇ ਅਤੇ ਹਰੇਕ ਸ਼ਹਿਰ ਵਿੱਚ ਜਿਸ ਵਿੱਚ ਪਾਤਸ਼ਾਹ ਦਾ ਹੁਕਮ ਆਇਆ, ਯਹੂਦੀਆਂ ਵਿੱਚ ਦਾਅਵਤ ਅਤੇ ਜਸ਼ਨ ਮਨਾਉਣ ਨਾਲ ਖੁਸ਼ ਅਤੇ ਅਨੰਦ ਸੀ ਅਤੇ ਹੋਰ ਕੌਮਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ ਕਿਉਂਕਿ ਯਹੂਦੀਆਂ ਦੇ ਡਰ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.