Ir para o conteúdo

ਅਸਤਰ 1

1
ਮਹਾਰਾਣੀ ਵਸ਼ਤੀ ਨੂੰ ਗੱਦੀਓਂ ਲਾਉਣਾ
1ਇਹ ਅਹਸ਼ਵੇਰੋਸ਼ ਦੇ ਸਮੇਂ ਵਿੱਚ ਹੋਇਆ ਸੀ, ਇੱਕ ਅਹਸ਼ਵੇਰੋਸ਼ ਜਿਸ ਨੇ ਭਾਰਤ ਤੋਂ ਲੈ ਕੇ ਕੂਸ਼#1:1 ਕੂਸ਼ ਅਰਥਾਤ: ਨੀਲ ਨਦੀ ਦਾ ਉੱਪਰਲਾ ਖੇਤਰ ਤੱਕ ਇੱਕ ਸੌ ਸਤਾਈ ਪ੍ਰਾਂਤਾਂ ਉੱਤੇ ਰਾਜ ਕੀਤਾ ਸੀ: 2ਉਸ ਸਮੇਂ ਰਾਜਾ ਅਹਸ਼ਵੇਰੋਸ਼ ਗੜ੍ਹ ਵਿੱਚ ਆਪਣੀ ਸ਼ਾਹੀ ਗੱਦੀ ਤੋਂ ਰਾਜ ਕਰਦਾ ਸੀ। 3ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਅਵਤ ਕੀਤੀ। ਫ਼ਾਰਸ ਅਤੇ ਮਾਦਈ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ।
4ਇਹ ਦਾਅਵਤ ਪੂਰੇ ਇੱਕ ਸੌ ਅੱਸੀ ਦਿਨਾਂ ਤੱਕ ਚੱਲਦੀ ਰਹੀ ਜਿਸ ਵਿੱਚ ਉਸਨੇ ਆਪਣੇ ਰਾਜ ਦੀ ਵਿਸ਼ਾਲ ਦੌਲਤ ਅਤੇ ਬਹੁਮੁੱਲੇ ਪਦਾਰਥ ਆਪਣੀ ਮਹਾਨਤਾ ਦਰਸਾਉਣ ਲਈ ਉਨ੍ਹਾਂ ਨੂੰ ਵਿਖਾਉਂਦਾ ਰਿਹਾ। 5ਜਦ ਇਹ ਦਿਨ ਬੀਤ ਗਏ, ਤਾਂ ਰਾਜੇ ਨੇ ਭਾਵੇਂ ਵੱਡਾ ਭਾਵੇਂ ਛੋਟਾ ਅਰਥਾਤ ਉਨ੍ਹਾਂ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੇ ਹੋਏ ਸਨ, ਸੱਤ ਦਿਨ ਤੱਕ ਸ਼ਾਹੀ ਬਾਗ ਦੇ ਵਿਹੜੇ ਵਿੱਚ ਦਾਅਵਤ ਕੀਤੀ। 6ਉੱਥੇ ਸਫ਼ੇਦ ਅਤੇ ਨੀਲੇ ਰੰਗ ਦੇ ਮਹੀਨ ਪਰਦੇ ਸਨ, ਜੋ ਮਹੀਨ ਸਫ਼ੇਦ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਚਾਂਦੀ ਦੇ ਛੱਲਿਆਂ ਵਿੱਚ, ਸੰਗਮਰਮਰ ਦੇ ਥੰਮ੍ਹਾਂ ਨਾਲ ਬੰਨ੍ਹੇ ਹੋਏ ਸਨ, ਅਤੇ ਉੱਥੇ ਦੀਆਂ ਚੌਂਕੀਆਂ ਸੋਨੇ ਅਤੇ ਚਾਂਦੀ ਦੀਆਂ ਸਨ ਅਤੇ ਲਾਲ ਤੇ ਚਿੱਟੇ ਤੇ ਪੀਲੇ ਤੇ ਕਾਲੇ ਸੰਗਮਰਮਰ ਨਾਲ ਬਣੇ ਹੋਏ ਫਰਸ਼ ਉੱਤੇ ਰੱਖੀਆਂ ਹੋਈਆਂ ਸਨ। 7ਦਾਖ਼ਰਸ#1:7 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਸੋਨੇ ਦੇ ਬਰਤਨਾਂ ਵਿੱਚ ਦਿੱਤੀ ਜਾਂਦੀ ਸੀ, ਹਰ ਇੱਕ ਬਰਤਨ ਦੂਜੇ ਨਾਲੋਂ ਵੱਖਰਾ ਸੀ, ਅਤੇ ਰਾਜੇ ਦੀ ਸੁਤੰਤਰਤਾ ਦੇ ਅਨੁਸਾਰ ਸ਼ਾਹੀ ਸ਼ਰਾਬ ਬਹੁਤ ਹੁੰਦੀ ਸੀ। 8ਦਾਖ਼ਰਸ ਦਾ ਪੀਣਾ ਰੀਤ ਦੇ ਅਨੁਸਾਰ ਹੁੰਦਾ ਸੀ, ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪਿਲਾ ਸਕਦਾ ਸੀ, ਕਿਉਂਕਿ ਰਾਜਾ ਨੇ ਆਪਣੇ ਮਹਿਲ ਦੇ ਸਾਰੇ ਭੰਡਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਹਰੇਕ ਮਹਿਮਾਨ ਨਾਲ ਉਸ ਦੀ ਮਰਜ਼ੀ ਦੇ ਅਨੁਸਾਰ ਹੀ ਵਰਤਾਉ ਕੀਤਾ ਜਾਵੇ।
9ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਔਰਤਾਂ ਲਈ ਦਾਅਵਤ ਦਿੱਤੀ।
10ਸੱਤਵੇਂ ਦਿਨ, ਜਦੋਂ ਰਾਜਾ ਅਹਸ਼ਵੇਰੋਸ਼ ਦਾਖ਼ਰਸ ਵਿੱਚ ਸੀ ਤਾਂ ਉਸਨੇ ਸੱਤ ਖੁਸਰਿਆਂ ਨੂੰ ਹੁਕਮ ਦਿੱਤਾ ਜੋ ਉਸਦੀ ਸੇਵਾ ਕਰਦੇ ਸਨ, ਮੇਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ਥਾਰ ਅਤੇ ਕਾਰਕਸ। 11ਰਾਜੇ ਨੇ ਇਹ ਹੁਕਮ ਦਿੱਤਾ ਕਿ ਰਾਣੀ ਵਸ਼ਤੀ ਨੂੰ ਆਪਣਾ ਸ਼ਾਹੀ ਮੁਕਟ ਪਹਿਨਾ ਕੇ ਉਸ ਦੇ ਅੱਗੇ ਲਿਆਇਆ ਜਾਵੇ, ਤਾਂ ਜੋ ਉਹ ਲੋਕਾਂ ਅਤੇ ਪਤਵੰਤਿਆਂ ਨੂੰ ਆਪਣੀ ਸੁੰਦਰਤਾ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਪਿਆਰੀ ਸੀ। 12ਪਰ ਜਦੋਂ ਸੇਵਕਾਂ ਨੇ ਰਾਜੇ ਦਾ ਹੁਕਮ ਸੁਣਾਇਆ ਤਾਂ ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਕ੍ਰੋਧ ਨਾਲ ਭੜਕ ਉੱਠਿਆ।
13ਕਿਉਂਕਿ ਰਾਜੇ ਦਾ ਕਾਨੂੰਨ ਅਤੇ ਨਿਆਂ ਦੇ ਮਾਮਲਿਆਂ ਵਿੱਚ ਬੁੱਧਵਾਨਾਂ ਦੀ ਸਲਾਹ ਲੈਣ ਦਾ ਰਿਵਾਜ ਸੀ, ਇਸ ਲਈ ਉਸ ਨੇ ਉਹਨਾਂ ਬੁੱਧੀਮਾਨਾਂ ਨਾਲ ਗੱਲ ਕੀਤੀ ਜੋ ਸਮੇਂ ਨੂੰ ਸਮਝਦੇ ਸਨ। 14ਰਾਜਾ ਦੇ ਨਜ਼ਦੀਕ ਰਹਿਣ ਵਾਲੇ ਫ਼ਾਰਸ ਅਤੇ ਮਾਦਈ ਦੇ ਸੱਤ ਹਾਕਮ ਸਨ, ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮੇਰੇਸ, ਮਰਸਨਾ, ਅਤੇ ਮਮੂਕਾਨ, ਇਹਨਾਂ ਨੂੰ ਰਾਜਾ ਕੋਲ ਜਾਣ ਦਾ ਖਾਸ ਅਧਿਕਾਰ ਪ੍ਰਾਪਤ ਸੀ ਅਤੇ ਇਹ ਰਾਜ ਵਿੱਚ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਨਿਯੁਕਤ ਸਨ।
15ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਅਸੀਂ ਰਾਣੀ ਵਸ਼ਤੀ ਨਾਲ ਕਾਨੂੰਨ ਦੇ ਅਨੁਸਾਰ ਕੀ ਕਰੀਏ? ਕਿਉਂਕਿ ਉਸਨੇ ਖੁਸਰਿਆਂ ਦੁਆਰਾ ਰਾਜਾ ਅਹਸ਼ਵੇਰੋਸ਼ ਨੂੰ ਦਿੱਤੇ ਹੁਕਮਾਂ ਦੀ ਉਲੰਘਣਾ ਕੀਤੀ ਹੈ?”
16ਤਦ ਮਮੂਕਾਨ ਨੇ ਰਾਜੇ ਅਤੇ ਅਹਿਲਕਾਰਾਂ ਦੀ ਹਾਜ਼ਰੀ ਵਿੱਚ ਉੱਤਰ ਦਿੱਤਾ, “ਰਾਣੀ ਵਸ਼ਤੀ ਨੇ ਸਿਰਫ ਰਾਜੇ ਦੇ ਵਿਰੁੱਧ ਹੀ ਨਹੀਂ ਸਗੋਂ ਰਾਜੇ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਦੇ ਸਾਰੇ ਰਾਜਿਆਂ ਅਤੇ ਲੋਕਾਂ ਦੇ ਵਿਰੁੱਧ ਵੀ ਬੁਰਾ ਕੀਤਾ ਹੈ। 17ਕਿਉਂਕਿ ਰਾਣੀ ਦੀ ਇਹ ਹਰਕਤ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਵੇਗੀ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਉਹ ਸਾਰੀਆਂ ਆਪਣੇ ਪਤੀਆਂ ਪ੍ਰਤੀ ਨਫ਼ਰਤ ਵਾਲਾ ਵਿਹਾਰ ਕਰਨਗੀਆਂ, ਕਿਉਂਕਿ ਫਿਰ ਉਹ ਸੋਚਣ ਲੱਗ ਪੈਣਗੀਆਂ, ‘ਰਾਜਾ ਅਹਸ਼ਵੇਰੋਸ਼ ਨੇ ਹੁਕਮ ਦਿੱਤਾ ਸੀ ਕਿ ਰਾਣੀ ਵਸ਼ਤੀ ਨੂੰ ਉਸਦੀ ਪਤਨੀ ਬਣਾਇਆ ਜਾਵੇ। ਉਸਨੂੰ ਉਸਦੇ ਸਾਮ੍ਹਣੇ ਲਿਆਂਦਾ ਜਾਣਾ ਚਾਹੀਦਾ ਸੀ, ਪਰ ਉਹ ਉਸਦੇ ਸਾਮ੍ਹਣੇ ਨਹੀਂ ਆਈ।’ 18ਅੱਜ ਦੇ ਦਿਨ ਫ਼ਾਰਸ ਅਤੇ ਮਾਦਈ ਦੇ ਹਾਕਮਾਂ ਦੀਆਂ ਪਤਨੀਆਂ ਜਿਨ੍ਹਾਂ ਨੇ ਰਾਣੀ ਦੀ ਇਹ ਗੱਲ ਸੁਣੀ ਹੈ, ਉਹ ਵੀ ਰਾਜਾ ਅਤੇ ਹਾਕਮਾਂ ਨੂੰ ਅਜਿਹਾ ਹੀ ਆਖਣਗੀਆਂ, ਇਸ ਤਰ੍ਹਾਂ ਨਿਰਾਦਰ ਅਤੇ ਕ੍ਰੋਧ ਦਾ ਕੋਈ ਅੰਤ ਨਾ ਹੋਵੇਗਾ।
19“ਇਸ ਲਈ, ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹ ਇੱਕ ਸ਼ਾਹੀ ਫ਼ਰਮਾਨ ਜਾਰੀ ਕਰੇ ਅਤੇ ਇਸਨੂੰ ਫ਼ਾਰਸ ਅਤੇ ਮਾਦੀ ਦੇ ਨਿਯਮਾਂ ਵਿੱਚ ਲਿਖਿਆ ਜਾਵੇ, ਜੋ ਕਿ ਰੱਦ ਨਹੀਂ ਕੀਤਾ ਜਾ ਸਕਦਾ, ਕਿ ਵਸ਼ਤੀ ਕਦੇ ਵੀ ਰਾਜਾ ਅਹਸ਼ਵੇਰੋਸ਼ ਦੀ ਹਜ਼ੂਰੀ ਵਿੱਚ ਨਹੀਂ ਆਵੇਗੀ। ਨਾਲੇ ਰਾਜੇ ਨੂੰ ਉਸਦੀ ਸ਼ਾਹੀ ਪਦਵੀ ਕਿਸੇ ਹੋਰ ਔਰਤ ਨੂੰ ਦੇਣ ਦਿਓ ਜੋ ਉਸਦੇ ਨਾਲੋਂ ਬਿਹਤਰ ਹੈ। 20ਜਦ ਰਾਜਾ ਦਾ ਇਹ ਹੁਕਮ ਜਾਰੀ ਕੀਤਾ ਜਾਵੇਗਾ ਕਿ ਉਸ ਦੇ ਸਾਰੇ ਰਾਜ ਵਿੱਚ ਜੋ ਕਿ ਬਹੁਤ ਵੱਡਾ ਹੈ, ਸਾਰੀਆਂ ਇਸਤਰੀਆਂ ਸੁਣਨਗੀਆਂ ਅਤੇ ਆਪਣੇ-ਆਪਣੇ ਪਤੀਆਂ ਦਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਆਦਰ ਕਰਨਗੀਆਂ।”
21ਇਹ ਗੱਲ ਰਾਜਾ ਨੂੰ ਅਤੇ ਹਾਕਮਾਂ ਨੂੰ ਚੰਗੀ ਲੱਗੀ ਅਤੇ ਰਾਜਾ ਨੇ ਮਮੂਕਾਨ ਦੇ ਆਖੇ ਅਨੁਸਾਰ ਕੀਤਾ। 22ਤਾਂ ਉਸ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਹਰ ਸੂਬੇ ਦੀ ਭਾਸ਼ਾ ਅਨੁਸਾਰ ਹੁਕਮਨਾਮੇ ਭੇਜੇ ਤਾਂ ਜੋ ਹਰ ਪੁਰਖ ਆਪਣੇ-ਆਪਣੇ ਘਰ ਉੱਤੇ ਅਧਿਕਾਰ ਰੱਖੇ ਅਤੇ ਆਪਣੀ ਜਾਤੀ ਦੀ ਭਾਸ਼ਾ ਵਿੱਚ ਇਸ ਗੱਲ ਦਾ ਪ੍ਰਚਾਰ ਕਰੇ।