ਮੱਤੀ 15

15
ਰੀਤ ਦੀ ਪਾਲਣਾ ਕਰਨ ਦਾ ਪ੍ਰਸ਼ਨ
ਮਰਕੁਸ 7:1-13
1ਤਦ ਯਰੂਸ਼ਲਮ ਤੋਂ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਯਿਸੂ ਦੇ ਕੋਲ ਆ ਕੇ ਕਿਹਾ, 2ਤੇਰੇ ਚੇਲੇ ਬਜ਼ੁਰਗਾਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ, ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ? 3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿਉਂ ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ? 4ਕਿਉਂ ਜੋ ਪਰਮੇਸ਼ੁਰ ਨੇ ਕਿਹਾ ਹੈ, ਕਿ ਆਪਣੇ ਮਾਤਾ-ਪਿਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ। 5ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਮਾਤਾ-ਪਿਤਾ ਨੂੰ ਕਹੇ, “ਮੇਰੇ ਵੱਲੋਂ ਤਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ, ਉਹ ਪਰਮੇਸ਼ੁਰ ਨੂੰ ਭੇਟ ਚੜ੍ਹਾਇਆ ਗਿਆ।” ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ। 6ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਟਾਲ਼ ਦਿੱਤਾ। 7ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ
8 ਇਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
9 ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ,
ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।
ਕੀ ਮਨੁੱਖ ਨੂੰ ਅਸ਼ੁੱਧ ਕਰਦਾ ਹੈ?
ਮਰਕੁਸ 7:14-23
10ਉਸ ਨੇ ਲੋਕਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ। 11ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ ਪਰ ਜੋ ਮੂੰਹ ਵਿੱਚੋਂ ਨਿੱਕਲਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ। 12ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਆਖਿਆ, ਕੀ, ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ? 13ਉਸ ਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਸੋ ਜੜ੍ਹੋਂ ਪੁੱਟਿਆ ਜਾਵੇਗਾ। 14ਉਨ੍ਹਾਂ ਨੂੰ ਜਾਣ ਦਿਓ, ਉਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। 15ਤਦ ਪਤਰਸ ਨੇ ਉਸ ਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ। 16ਉਸ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ? 17ਕੀ ਤੁਸੀਂ ਨਹੀਂ ਸਮਝਦੇ, ਕਿ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਪੇਟ ਵਿੱਚ ਪੈਂਦਾ ਅਤੇ ਬਾਹਰ ਕੱਢਿਆ ਜਾਂਦਾ ਹੈ? 18ਪਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿੱਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। 19ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ। 20ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਹੱਥ ਧੋਤੇ ਬਿਨ੍ਹਾਂ ਰੋਟੀ ਖਾਣੀ ਮਨੁੱਖ ਨੂੰ ਅਸ਼ੁੱਧ ਨਹੀਂ ਕਰਦੀ।
ਕਨਾਨੀ ਔਰਤ ਦਾ ਵਿਸ਼ਵਾਸ
ਮਰਕੁਸ 7:24-30
21ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ। 22ਅਤੇ ਵੇਖੋ ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ-ਉੱਚੀ ਕਹਿਣ ਲੱਗੀ, ਕਿ ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬੁਰੀ ਆਤਮਾ ਨੇ ਬਹੁਤ ਬੁਰਾ ਹਾਲ ਕੀਤਾ ਹੈ। 23ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ! ਤਦ ਉਹ ਦੇ ਚੇਲਿਆਂ ਨੇ ਕੋਲ ਆ ਕੇ ਉਹ ਦੇ ਅੱਗੇ ਬੇਨਤੀ ਕੀਤੀ ਕਿ, ਉਸ ਨੂੰ ਵਿਦਾ ਕਰ ਕਿਉਂ ਜੋ ਉਹ ਸਾਡੇ ਮਗਰ ਰੌਲ਼ਾ ਪਾਉਂਦੀ ਆਉਂਦੀ ਹੈ। 24ਉਹ ਨੇ ਉੱਤਰ ਦਿੱਤਾ, ਮੈਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨ੍ਹਾਂ, ਮੈਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ। 25ਪਰ ਉਹ ਔਰਤ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ ਮੇਰੀ ਸਹਾਇਤਾ ਕਰੋ। 26ਤਾਂ ਉਹ ਨੇ ਉੱਤਰ ਦਿੱਤਾ ਕਿ ਬੱਚਿਆਂ ਦੀ ਰੋਟੀ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ। 27ਉਹ ਬੋਲੀ ਠੀਕ ਪ੍ਰਭੂ ਜੀ ਪਰ ਕਤੂਰੇ ਵੀ ਉਹ ਚੂਰੇ-ਭੂਰੇ ਖਾਂਦੇ ਹਨ ਜਿਹੜੇ ਉਨ੍ਹਾਂ ਦੇ ਮਾਲਕਾਂ ਦੇ ਮੇਜ਼ ਉੱਤੋਂ ਡਿੱਗਦੇ ਹਨ। 28ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰਾ ਵਿਸ਼ਵਾਸ ਵੱਡਾ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਓਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਸਮੇਂ ਚੰਗੀ ਹੋ ਗਈ।
ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ
29ਯਿਸੂ ਉੱਥੋਂ ਤੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬੈਠ ਗਿਆ। 30ਬਹੁਤ ਵੱਡੀ ਭੀੜ ਉਹ ਦੇ ਕੋਲ ਆਈ ਅਤੇ ਆਪਣੇ ਨਾਲ ਲੰਗੜਿਆਂ, ਅੰਨ੍ਹਿਆਂ, ਗੂੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਤੇ ਯਿਸੂ ਨੇ ਉਨ੍ਹਾਂ ਨੂੰ ਚੰਗਾ ਕੀਤਾ। 31ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ, ਟੁੰਡੇ ਚੰਗੇ ਹੁੰਦੇ, ਲੰਗੜੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।
ਚਾਰ ਹਜ਼ਾਰ ਨੂੰ ਰਜਾਉਣਾ
ਮਰਕੁਸ 8:1-10
32ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਆਖਿਆ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ, ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਰਸਤੇ ਵਿੱਚ ਥੱਕ ਜਾਣ। 33ਤਾਂ ਚੇਲਿਆਂ ਨੇ ਉਹ ਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਐਨੀਆਂ ਰੋਟੀਆਂ ਕਿੱਥੋਂ ਲਿਆਈਏ ਜੋ ਐਡੀ ਭੀੜ ਨੂੰ ਰਜਾਈਏ? 34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, ਸੱਤ ਅਤੇ ਥੋੜੀਆਂ ਜਿਹਿਆਂ ਨਿੱਕੀਆਂ ਮੱਛੀਆਂ ਹਨ। 35ਤਦ ਉਸ ਨੇ ਭੀੜ ਨੂੰ ਜ਼ਮੀਨ ਤੇ ਬੈਠ ਜਾਣ ਲਈ ਆਖਿਆ। 36ਤਾਂ ਉਸ ਨੇ ਉਹ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਧੰਨਵਾਦ ਕਰ ਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ। 37ਅਤੇ ਉਹ ਸਾਰੇ ਖਾ ਕੇ ਰੱਜ ਗਏ ਅਤੇ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਭਰੇ ਸੱਤ ਟੋਕਰੇ ਚੁੱਕ ਲਏ। 38ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਬਿਨ੍ਹਾਂ ਚਾਰ ਹਜ਼ਾਰ ਮਰਦ ਸਨ। 39ਫੇਰ ਲੋਕਾਂ ਨੂੰ ਵਿਦਾ ਕਰ ਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।

Nu geselecteerd:

ਮੱਤੀ 15: IRVPun

Markering

Delen

Vergelijk

Kopiëren

None

Wil je jouw markerkingen op al je apparaten opslaan? Meld je aan of log in