ਮਾਰਕਸ 9
9
1ਅਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਸ਼ਕਤੀ ਨਾਲ ਆਉਂਦਿਆਂ ਦੇਖ ਨਾ ਲੈਣ।”
ਯਿਸ਼ੂ ਦਾ ਰੂਪਾਂਤਰਣ
2ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ, ਜਿੱਥੇ ਉਹ ਸਾਰੇ ਇਕੱਲੇ ਸਨ। ਉੱਥੇ ਉਹਨਾਂ ਦੇ ਸਾਹਮਣੇ ਯਿਸ਼ੂ ਦਾ ਰੂਪ ਬਦਲ ਗਿਆ। 3ਉਹ ਦੇ ਕੱਪੜੇ ਚਮਕਦਾਰ ਚਿੱਟੇ ਹੋ ਗਏ, ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ। 4ਅਤੇ ਉਹਨਾਂ ਨੂੰ ਸਾਹਮਣੇ, ਏਲੀਯਾਹ ਅਤੇ ਮੋਸ਼ੇਹ ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।
5ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ, ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ। ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” 6ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿਣ, ਇਸ ਲਈ ਜੋ ਉਹ ਬਹੁਤ ਡਰ ਗਏ ਸਨ।
7ਤਦ ਇੱਕ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਉਹ ਦੀ ਸੁਣੋ!”
8ਅਚਾਨਕ, ਜਦੋਂ ਉਹਨਾਂ ਨੇ ਆਸੇ-ਪਾਸੇ ਵੇਖਿਆ, ਤਾਂ ਉਹਨਾਂ ਨੇ ਯਿਸ਼ੂ ਨੂੰ ਛੱਡ ਕਿਸੇ ਨੂੰ ਨਾ ਵੇਖਿਆ।
9ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਯਿਸ਼ੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੱਕ ਉਹ ਕਿਸੇ ਨੂੰ ਜੋ ਕੁਝ ਉਹਨਾਂ ਨੇ ਵੇਖਿਆ ਨਾ ਦੱਸਣ। 10ਉਹਨਾਂ ਨੇ ਇਹ ਗੱਲ ਆਪਣੇ ਤੱਕ ਰੱਖੀ, ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ ਲੱਗੇ, “ਮੁਰਦਿਆਂ ਵਿੱਚੋਂ ਜੀ ਉੱਠਣ,” ਦਾ ਮਤਲਬ ਕੀ ਹੈ?
11ਅਤੇ ਉਹਨਾਂ ਨੇ ਉਸ ਨੂੰ ਪੁੱਛਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12ਯਿਸ਼ੂ ਨੇ ਉੱਤਰ ਦਿੱਤਾ, “ਯਕੀਨਨ, ਏਲੀਯਾਹ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਂਗਾ। ਤਾਂ ਇਹ ਕਿਉਂ ਲਿਖਿਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਦੁੱਖ ਝੱਲਣੇ ਪੈਣਗੇ ਅਤੇ ਉਸਨੂੰ ਤੁੱਛ ਗਿਣਿਆ ਜਾਵੇਗਾ? 13ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਆ ਚੁੱਕਿਆ ਹੈ ਅਤੇ ਪਰ ਜੋ ਕੁਝ ਉਹ ਚਾਹੁੰਦੇ ਸਨ ਉਹਨਾਂ ਨੇ ਆਪਣੇ ਅਨੁਸਾਰ ਉਸ ਨਾਲ ਸਭ ਕੁਝ ਕੀਤਾ, ਜਿਵੇਂ ਕਿ ਇਸ ਬਾਰੇ ਲਿਖਿਆ ਗਿਆ ਹੈ।”
ਇੱਕ ਦੁਸ਼ਟ ਆਤਮਾ ਆਦਮੀ ਦਾ ਚੰਗਾ ਹੋਣਾ
14ਜਦੋਂ ਉਹ ਦੂਜੇ ਚੇਲਿਆਂ ਕੋਲ ਆਏ, ਉਹਨਾਂ ਨੇ ਆਪਣੇ ਆਲੇ-ਦੁਆਲੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਹਨਾਂ ਨਾਲ ਬਹਿਸ ਕੀਤੀ। 15ਜਿਵੇਂ ਹੀ ਸਾਰੇ ਲੋਕਾਂ ਨੇ ਯਿਸ਼ੂ ਨੂੰ ਵੇਖਿਆ, ਉਹ ਹੈਰਾਨ ਹੋ ਗਏ ਅਤੇ ਉਸਦਾ ਸਵਾਗਤ ਕਰਨ ਲਈ ਭੱਜੇ।
16ਯਿਸ਼ੂ ਨੇ ਪੁੱਛਿਆ, “ਤੁਸੀਂ ਉਹਨਾਂ ਨਾਲ ਕਿਸ ਬਾਰੇ ਬਹਿਸ ਕਰ ਰਹੇ ਹੋ?”
17ਭੀੜ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲਿਆਇਆ ਹਾਂ ਇਸ ਨੂੰ ਇੱਕ ਗੂੰਗਾ ਕਰਨ ਵਾਲੀ ਆਤਮਾ ਚਿੰਬੜੀ ਹੋਈ ਹੈ। 18ਜਦੋਂ ਵੀ ਇਹ ਦੁਸ਼ਟ ਆਤਮਾ ਉਸਨੂੰ ਫੜ ਲੈਂਦੀ ਹੈ, ਇਹ ਉਸਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ। ਉਸਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਅਤੇ ਉਹ ਆਪਣੇ ਦੰਦ ਪੀਂਹਦਾ ਅਤੇ ਕਠੋਰ ਹੋ ਜਾਂਦਾ ਹੈ। ਮੈਂ ਤੁਹਾਡੇ ਚੇਲਿਆਂ ਨੂੰ ਆਤਮਾ ਕੱਢਣ ਲਈ ਕਿਹਾ, ਪਰ ਉਹ ਉਸ ਵਿੱਚੋਂ ਕੱਢ ਨਾ ਸਕੇ।”
19ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਹੇ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ, ਕਿੰਨਾ ਚਿਰ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ।”
20ਲੋਕ ਉਸ ਮੁੰਡੇ ਨੂੰ ਯਿਸ਼ੂ ਕੋਲ ਲੈ ਆਏ। ਜਦੋਂ ਦੁਸ਼ਟ ਆਤਮਾ ਨੇ ਯਿਸ਼ੂ ਨੂੰ ਵੇਖਿਆ, ਤਾਂ ਉਸ ਨੇ ਤੁਰੰਤ ਹੀ ਲੜਕੇ ਨੂੰ ਬਹੁਤ ਮਰੋੜਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਮੂੰਹ ਤੋਂ ਝੱਗ ਛੱਡਦਾ ਹੋਇਆ ਲੇਟਣ ਲੱਗਾ।
21ਯਿਸ਼ੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ, “ਇਸ ਦਾ ਇਹ ਹਾਲ ਕਦੋਂ ਤੋਂ ਹੈ?”
ਉਸ ਨੇ ਜਵਾਬ ਦਿੱਤਾ, “ਬਚਪਨ ਤੋਂ ਹੀ। 22ਦੁਸ਼ਟ ਆਤਮਾ ਉਸਨੂੰ ਮਾਰਨ ਲਈ ਅਕਸਰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਦੀ ਸੀ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾਓ ਅਤੇ ਸਾਡੀ ਸਹਾਇਤਾ ਕਰੋ।”
23ਯਿਸ਼ੂ ਨੇ ਕਿਹਾ, “ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ।”
24ਤੁਰੰਤ ਹੀ ਲੜਕੇ ਦੇ ਪਿਤਾ ਨੇ ਉੱਚੀ ਆਵਾਜ਼ ਵਿੱਚ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ; ਮੇਰੇ ਅਵਿਸ਼ਵਾਸ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੋ!”
25ਜਦੋਂ ਯਿਸ਼ੂ ਨੇ ਵੇਖਿਆ ਕਿ ਭੀੜ ਉਸ ਜਗ੍ਹਾ ਵੱਲ ਭੱਜ ਰਹੀ ਹੈ, ਤਾਂ ਯਿਸ਼ੂ ਨੇ ਅਸ਼ੁੱਧ ਆਤਮਾ ਨੂੰ ਝਿੜਕਦੇ ਹੋਏ ਕਿਹਾ, “ਹੇ ਗੂੰਗੀ ਅਤੇ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ, ਉਸ ਵਿੱਚੋਂ ਬਾਹਰ ਆ ਜਾ ਅਤੇ ਕਦੀ ਵੀ ਉਸ ਵਿੱਚ ਮੁੜ ਨਾ ਵੜੀਂ।”
26ਦੁਸ਼ਟ ਆਤਮਾ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ। ਲੜਕਾ ਮੁਰਦਾ ਜਿਹਾ ਹੋ ਗਿਆ। ਕਿ ਕਈਆਂ ਨੇ ਕਿਹਾ, “ਉਹ ਮਰ ਗਿਆ ਹੈ।” 27ਪਰ ਯਿਸ਼ੂ ਨੇ ਉਸਦਾ ਹੱਥ ਫੜ੍ਹ ਕੇ ਉਠਾਇਆ ਅਤੇ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।
28ਜਦੋਂ ਯਿਸ਼ੂ ਘਰ ਦੇ ਅੰਦਰ ਚਲਾ ਗਿਆ ਸੀ, ਉਸਦੇ ਚੇਲਿਆਂ ਨੇ ਉਸਨੂੰ ਇਕਾਂਤ ਵਿੱਚ ਪੁੱਛਿਆ, “ਅਸੀਂ ਇਸ ਨੂੰ ਕਿਉਂ ਨਹੀਂ ਕੱਢ ਸਕੇ?”
29ਉਸਨੇ ਜਵਾਬ ਦਿੱਤਾ, “ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ।”
ਯਿਸ਼ੂ ਦੁਆਰਾ ਆਪਣੀ ਮੌਤ ਦੀ ਦੂਜੀ ਭਵਿੱਖਬਾਣੀ
30ਉਹ ਉਸ ਜਗ੍ਹਾ ਨੂੰ ਛੱਡ ਕੇ ਗਲੀਲ ਵਿੱਚੋਂ ਦੀ ਲੰਘੇ। ਯਿਸ਼ੂ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਸਨ, 31ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ। ਉਹ ਉਸਨੂੰ ਮਾਰ ਦੇਣਗੇ ਅਤੇ ਤਿੰਨ ਦਿਨਾਂ ਬਾਅਦ ਉਹ ਜੀ ਉੱਠੇਗਾ।” 32ਪਰ ਉਹ ਉਸਨੂੰ ਸਮਝ ਨਾ ਸਕੇ ਅਤੇ ਉਹ ਇਸ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
33ਉਹ ਕਫ਼ਰਨਹੂਮ ਵਿੱਚ ਆਏ। ਜਦੋਂ ਉਹ ਘਰ ਵਿੱਚ ਸੀ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਰਸਤੇ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ?” 34ਪਰ ਉਹ ਚੁੱਪ ਰਹੇ ਕਿਉਂਕਿ ਰਸਤੇ ਵਿੱਚ ਉਹਨਾਂ ਨੇ ਬਹਿਸ ਕੀਤੀ ਸੀ ਜੋ ਸਾਡੇ ਵਿੱਚੋਂ ਸਭ ਤੋਂ ਵੱਡਾ ਕੌਣ ਹੈ?
35ਫਿਰ ਬੈਠ ਕੇ ਯਿਸ਼ੂ ਨੇ ਬਾਰ੍ਹਾਂ ਨੂੰ ਬੁਲਾਇਆ ਅਤੇ ਕਿਹਾ, “ਜਿਹੜਾ ਵੀ ਪਹਿਲੇ ਹੋਣਾ ਚਾਹੁੰਦਾ ਹੈ, ਉਹ ਆਖਰੀ ਅਤੇ ਸਭ ਦਾ ਦਾਸ ਹੋਣਾ ਚਾਹੀਦਾ ਹੈ।”
36ਉਸਨੇ ਇੱਕ ਛੋਟੇ ਬੱਚੇ ਨੂੰ ਲਿਆ। ਜਿਸ ਨੂੰ ਉਸਨੇ ਉਹਨਾਂ ਦੇ ਵਿੱਚਕਾਰ ਖੜ੍ਹਾ ਕਰ ਦਿੱਤਾ। ਅਤੇ ਉਸ ਨੂੰ ਗੋਦ ਵਿੱਚ ਚੁੱਕ ਕੇ ਉਹਨਾਂ ਨੂੰ ਕਿਹਾ, 37“ਜਿਹੜਾ ਵੀ ਮੇਰੇ ਨਾਮ ਵਿੱਚ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਹੈ; ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।”
ਜੋ ਕੋਈ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਨਾਲ ਹੈ
38ਯੋਹਨ ਨੇ ਕਿਹਾ, “ਗੁਰੂ ਜੀ, ਅਸੀਂ ਕਿਸੇ ਨੂੰ ਤੁਹਾਡੇ ਨਾਮ ਤੇ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਸੀ।”
39ਯਿਸ਼ੂ ਨੇ ਕਿਹਾ, “ਉਸਨੂੰ ਨਾ ਰੋਕੋ, ਕਿਉਂਕਿ ਜਿਹੜਾ ਵੀ ਮੇਰੇ ਨਾਮ ਵਿੱਚ ਕੋਈ ਚਮਤਕਾਰ ਕਰਦਾ ਹੈ, ਅਗਲੇ ਹੀ ਪਲ ਵਿੱਚ ਉਹ ਮੇਰੇ ਬਾਰੇ ਕੁਝ ਬੁਰਾ ਨਹੀਂ ਕਹਿ ਸਕਦਾ, 40ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਹੈ ਉਹ ਸਾਡੇ ਨਾਲ ਹੈ। 41ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਨਾਮ ਤੇ ਤੁਹਾਨੂੰ ਇੱਕ ਗਿਲਾਸ ਪਾਣੀ ਦੇਵੇਗਾ ਕਿਉਂਕਿ ਤੁਸੀਂ ਮਸੀਹਾ ਦੇ ਹੋ, ਉਹ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।
ਠੋਕਰ ਖਾਣ ਦੇ ਕਾਰਨ
42“ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਜੇ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹਿਆ ਜਾਂਦਾ ਅਤੇ ਉਸਨੂੰ ਸਮੁੰਦਰ ਵਿੱਚ ਸੁੱਟਿਆ ਜਾਂਦਾ। 43ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਇੱਕ ਹੱਥ ਨਾਲ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ, ਜੋ ਦੋ ਹੱਥਾਂ ਨਾਲ ਨਰਕ ਵਿੱਚ ਜਾਵੇ ਜਿੱਥੇ ਅੱਗ ਕਦੇ ਨਹੀਂ ਬੁਝਦੀ। 44ਜਿੱਥੇ,
“ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ,
ਅਤੇ ਅੱਗ ਕਦੀ ਨਹੀਂ ਬੁਝਦੀ।”#9:44 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਲੰਗੜੇ ਹੋ ਕੇ ਜੀਵਨ ਵਿੱਚ ਦਾਖਲ ਹੋਣਾ ਭਲਾ ਹੈ ਜੋ ਦੋ ਪੈਰ ਹੋਣ ਅਤੇ ਨਰਕ ਵਿੱਚ ਸੁੱਟਿਆ ਜਾਵੇਂ। 46ਜਿੱਥੇ,
“ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ,
ਅਤੇ ਅੱਗ ਕਦੀ ਨਹੀਂ ਬੁਝਦੀ।”#9:46 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
47ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਓ। ਇੱਕ ਅੱਖ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 48ਜਿੱਥੇ,
“ਉੱਥੋਂ ਦਾ ਕੀੜਾ ਕਦੀ ਨਹੀਂ ਮਰਦਾ,
ਅਤੇ ਨਾ ਕਦੀ ਅੱਗ ਬੁਝਦੀ।”#9:48 ਯਸ਼ਾ 66:24
49ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ।
50“ਨਮਕ ਚੰਗਾ ਹੈ, ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਆਪਣੇ ਵਿੱਚ ਨਮਕ ਰੱਖੋ ਅਤੇ ਇੱਕ-ਦੂਜੇ ਨਾਲ ਮੇਲ-ਮਿਲਾਪ ਰੱਖੋ।”
നിലവിൽ തിരഞ്ഞെടുത്തിരിക്കുന്നു:
ਮਾਰਕਸ 9: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.