ਲੂਕਸ 9
9
ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਭੇਜਿਆ
1ਜਦੋਂ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੁਸ਼ਟ ਆਤਮਾਵਾਂ ਨੂੰ ਕੱਢਣ ਅਤੇ ਰੋਗਾਂ ਨੂੰ ਠੀਕ ਕਰਨ ਦੀ ਸ਼ਕਤੀ ਅਤੇ ਅਧਿਕਾਰ ਦਿੱਤਾ। 2ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਭੇਜ ਦਿੱਤਾ। 3ਯਿਸ਼ੂ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ, “ਸਫਰ ਲਈ ਕੁਝ ਵੀ ਆਪਣੇ ਨਾਲ ਨਾ ਲੈ ਕੇ ਜਾਣਾ, ਨਾ ਸੋਟੀ, ਨਾ ਝੋਲਾ, ਨਾ ਰੋਟੀ, ਨਾ ਕੋਈ ਪੈਸਾ ਅਤੇ ਨਾ ਹੀ ਕੋਈ ਕੱਪੜਾ। 4ਜਿਸ ਵੀ ਘਰ ਵਿੱਚ ਤੁਸੀਂ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ। 5ਜੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ ਤਾਂ ਉਸ ਨਗਰ ਤੋਂ ਬਾਹਰ ਚਲੇ ਜਾਓ ਅਤੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ਤਾਂ ਜੋ ਇਹ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ।” 6ਚੇਲੇ ਰਵਾਨਾ ਹੋਏ ਅਤੇ ਸਾਰੇ ਪਿੰਡਾਂ ਵਿੱਚ ਸਫਰ ਕੀਤਾ, ਖੁਸ਼ਖ਼ਬਰੀ ਦਾ ਪ੍ਰਚਾਰ ਕਰਦਿਆਂ ਉਹਨਾਂ ਨੇ ਲੋਕਾਂ ਨੂੰ ਹਰ ਜਗ੍ਹਾ ਚੰਗਾ ਕੀਤਾ।
7ਜੋ ਕੁਝ ਹੋ ਰਿਹਾ ਸੀ ਉਸ ਬਾਰੇ ਹੇਰੋਦੇਸ ਨੇ ਸੁਣਿਆ ਅਤੇ ਉਹ ਬਹੁਤ ਘਬਰਾ ਗਿਆ ਕਿਉਂਕਿ ਕੁਝ ਲੋਕ ਕਹਿ ਰਹੇ ਸਨ ਕਿ ਬਪਤਿਸਮਾ ਲੈਣ ਵਾਲਾ ਯੋਹਨ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। 8ਕੁਝ ਲੋਕ ਕਹਿ ਰਹੇ ਸਨ ਕਿ ਏਲੀਯਾਹ ਪ੍ਰਗਟ ਹੋਇਆ ਹੈ ਅਤੇ ਕੁਝ ਹੋਰਾਂ ਨੇ ਦਾਅਵਾ ਕੀਤਾ ਕਿ ਅਤੀਤ ਦੇ ਨਬੀਆਂ ਵਿੱਚੋਂ ਇੱਕ ਜੀ ਉੱਠਿਆ ਹੈ। 9ਪਰ ਹੇਰੋਦੇਸ ਨੇ ਵਿਰੋਧ ਕਰਦੇ ਹੋਏ ਇਹ ਕਿਹਾ, “ਯੋਹਨ ਦਾ ਸਿਰ ਮੈਂ ਵਢਿਆ ਸੀ, ਫਿਰ ਇਹ ਕੌਣ ਹੈ, ਜਿਸ ਬਾਰੇ ਮੈਂ ਇਹ ਸਭ ਸੁਣ ਰਿਹਾ ਹਾਂ?” ਇਸੇ ਕਰਕੇ ਹੇਰੋਦੇਸ ਯਿਸ਼ੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਿਆ।
ਯਿਸ਼ੂ ਨੇ ਪੰਜ ਹਜ਼ਾਰ ਲੋਕਾਂ ਨੂੰ ਭੋਜਨ ਖੁਆਇਆ
10ਜਦੋਂ ਰਸੂਲ ਆਪਣੇ ਸਫਰ ਤੋਂ ਵਾਪਸ ਆਏ ਤਾਂ ਉਹਨਾਂ ਨੇ ਯਿਸ਼ੂ ਨੂੰ ਉਹਨਾਂ ਕੰਮਾਂ ਬਾਰੇ ਦੱਸਿਆ ਜੋ ਉਹਨਾਂ ਨੇ ਕੀਤੇ ਸਨ। ਫਿਰ ਯਿਸ਼ੂ ਉਹਨਾਂ ਨੂੰ ਚੁੱਪ-ਚਾਪ ਬੈਥਸੈਦਾ ਨਾਮ ਦੇ ਇੱਕ ਨਗਰ ਵਿੱਚ ਲੈ ਗਿਆ। 11ਪਰ ਭੀੜ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਹ ਉਸ ਦੇ ਮਗਰ ਹੋ ਤੁਰੇ। ਯਿਸ਼ੂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਬਾਰੇ ਸਿੱਖਿਆ ਦਿੱਤੀ ਅਤੇ ਉਹਨਾਂ ਲੋਕਾਂ ਨੂੰ ਚੰਗਾ ਕੀਤਾ ਜਿਨ੍ਹਾਂ ਨੂੰ ਚੰਗਾ ਹੋਣ ਦੀ ਜ਼ਰੂਰਤ ਸੀ।
12ਜਦੋਂ ਦਿਨ ਢੱਲ਼ਣ ਲੱਗਾ ਤਾਂ ਬਾਰ੍ਹਾਂ ਰਸੂਲ ਯਿਸ਼ੂ ਕੋਲ ਆਏ ਅਤੇ ਕਹਿਣ ਲੱਗੇ, “ਭੀੜ ਨੂੰ ਵਿਦਾ ਕਰੋ ਤਾਂ ਜੋ ਉਹ ਆਸ-ਪਾਸ ਦੇ ਪਿੰਡਾਂ ਵਿੱਚ ਉਹਨਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕਰ ਸਕਣ ਕਿਉਂਕਿ ਇਹ ਸੁੰਨਸਾਨ ਜਗ੍ਹਾ ਹੈ।”
13ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ!”
ਉਹਨਾਂ ਨੇ ਯਿਸ਼ੂ ਨੂੰ ਜਵਾਬ ਦਿੱਤਾ, “ਸਾਡੇ ਕੋਲ ਸਿਰਫ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ; ਜਾਂ ਕੀ ਅਸੀਂ ਜਾ ਕੇ ਇਨ੍ਹਾਂ ਸਾਰਿਆਂ ਲਈ ਭੋਜਨ ਖਰੀਦ ਕੇ ਲੈ ਕੇ ਆਈਏ।” 14ਉਸ ਭੀੜ ਵਿੱਚ ਲਗਭਗ ਪੰਜ ਹਜ਼ਾਰ ਆਦਮੀ ਸਨ।
ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਦੇਸ਼ ਦਿੱਤਾ, “ਇਨ੍ਹਾਂ ਨੂੰ ਪੰਜਾਹ-ਪੰਜਾਹ ਦੇ ਝੁੰਡ ਕਰ ਕੇ ਬਿਠਾ ਦਿਓ।” 15ਚੇਲਿਆਂ ਨੇ ਉਹਨਾਂ ਸਾਰਿਆਂ ਨੂੰ ਖਾਣ ਲਈ ਬੈਠਾ ਦਿੱਤਾ। 16ਤਦ ਯਿਸ਼ੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਦੇ ਦਿੱਤਾ ਕਿ ਉਹ ਉਹਨਾਂ ਨੂੰ ਲੋਕਾਂ ਵਿੱਚ ਵੰਡ ਦੇਣ। 17ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ।
ਯਿਸ਼ੂ ਬਾਰੇ ਪਤਰਸ ਦਾ ਐਲਾਨ
18ਇੱਕ ਦਿਨ ਜਦੋਂ ਯਿਸ਼ੂ ਇਕਾਂਤ ਵਿੱਚ ਪ੍ਰਾਰਥਨਾ ਕਰ ਰਹੇ ਸਨ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ, ਯਿਸ਼ੂ ਨੇ ਚੇਲਿਆਂ ਨੂੰ ਪੁੱਛਿਆ, “ਲੋਕ ਮੇਰੇ ਬਾਰੇ ਕੀ ਸੋਚਦੇ ਹਨ? ਉਹ ਮੇਰੇ ਬਾਰੇ ਕੀ ਕਹਿੰਦੇ ਹਨ ਕੀ ਮੈਂ ਕੌਣ ਹਾਂ?”
19ਉਹਨਾਂ ਨੇ ਜਵਾਬ ਦਿੱਤਾ, “ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਦੂਸਰੇ ਪੁਰਾਣੇ ਨਬੀਆਂ ਵਿੱਚੋਂ ਇੱਕ ਆਖਦੇ ਹਨ, ਜੋ ਦੁਬਾਰਾ ਜੀਉਂਦਾ ਹੋ ਗਿਆ ਹੈ।”
20ਉਸ ਨੇ ਪੁੱਛਿਆ, “ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਪਰਮੇਸ਼ਵਰ ਦੇ ਮਸੀਹਾ ਹੋ।”
ਯਿਸ਼ੂ ਦੀ ਆਪਣੀ ਮੌਤ ਬਾਰੇ ਭਵਿੱਖਬਾਣੀ
21ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਕਿਸੇ ਨੂੰ ਇਹ ਨਾ ਦੱਸਣ। 22ਯਿਸ਼ੂ ਨੇ ਦੱਸਿਆ, “ਇਹ ਨਿਸ਼ਚਤ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਸਾਰੇ ਦੁੱਖ ਝੱਲੇ, ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ; ਉਸ ਨੂੰ ਮਾਰਿਆ ਜਾਵੇਗਾ ਅਤੇ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ।”
23ਤਦ ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਆਵੇ। 24ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ, ਪਰ ਜੋ ਮੇਰੇ ਕਾਰਨ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ। 25ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ ਪਰ ਆਪਣੇ ਆਪ ਨੂੰ ਗੁਆ ਦੇ ਜਾਂ ਉਸ ਦੀ ਜਾਨ ਹੀ ਚਲੀ ਜਾਵੇ? 26ਕਿਉਂਕਿ ਜਿਹੜਾ ਵੀ ਮੈਥੋ ਅਤੇ ਮੇਰੀ ਸਿੱਖਿਆ ਤੋਂ ਸ਼ਰਮਿੰਦਾ ਹੁੰਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਆਪਣੇ ਪਿਤਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਵਿੱਚ ਆਵੇਗਾ।
27“ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜੇ ਇੱਥੇ ਖੜ੍ਹੇ ਹਨ ਇਹਨਾਂ ਵਿੱਚੋਂ ਕੁਝ ਹਨ, ਜੋ ਮੌਤ ਦਾ ਸੁਆਦ ਨਹੀਂ ਚੱਖਣਗੇ, ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਾ ਲੈਣ।”
ਯਿਸ਼ੂ ਦਾ ਰੂਪਾਂਤਰਣ
28ਤਕਰੀਬਨ ਅੱਠ ਦਿਨ ਬਾਅਦ ਯਿਸ਼ੂ ਪਤਰਸ, ਯੋਹਨ ਅਤੇ ਯਾਕੋਬ ਦੇ ਨਾਲ, ਇੱਕ ਉੱਚੇ ਪਹਾੜ ਦੀ ਚੋਟੀ ਤੇ ਪ੍ਰਾਰਥਨਾ ਕਰਨ ਗਏ। 29ਜਦੋਂ ਯਿਸ਼ੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਅਤੇ ਉਸ ਦੇ ਕੱਪੜੇ ਚਿੱਟੇ ਹੋ ਗਏ। 30ਦੋ ਆਦਮੀ, ਮੋਸ਼ੇਹ ਅਤੇ ਏਲੀਯਾਹ, ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ। 31ਜੋ ਸਵਰਗੀ ਮਹਿਮਾ ਵਿੱਚ ਪ੍ਰਗਟ ਹੋਏ ਅਤੇ ਯਿਸ਼ੂ ਨਾਲ ਉਹਨਾਂ ਦੇ ਜਾਨ ਬਾਰੇ ਗੱਲ ਕੀਤੀ, ਕੀ ਕਿਵੇਂ ਉਹ ਜਲਦੀ ਹੀ ਯੇਰੂਸ਼ਲੇਮ ਵਿੱਚ ਮਰ ਕੇ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕਰਨਗੇ। 32ਪਤਰਸ ਅਤੇ ਉਸ ਦੇ ਸਾਥੀ ਗੂੜੀ ਨੀਂਦ ਵਿੱਚ ਸਨ ਪਰ ਜਦੋਂ ਉਹ ਪੂਰੀ ਤਰ੍ਹਾਂ ਉੱਠੇ, ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਸਵਰਗੀ ਸ਼ਾਨ ਵਿੱਚ ਉਹਨਾਂ ਦੋ ਆਦਮੀਆਂ ਨਾਲ ਵੇਖਿਆ। 33ਜਦੋਂ ਉਹ ਆਦਮੀ ਯਿਸ਼ੂ ਕੋਲੋ ਜਾਣ ਲੱਗੇ, ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ! ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ! ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।
34ਜਦੋਂ ਪਤਰਸ ਇਹ ਬੋਲ ਹੀ ਰਿਹਾ ਸੀ, ਇੱਕ ਬੱਦਲ ਨੇ ਉਹਨਾਂ ਸਾਰਿਆਂ ਨੂੰ ਢੱਕ ਲਿਆ। ਬੱਦਲ ਵਿੱਚ ਘਿਰ ਜਾਣ ਤੇ ਉਹ ਡਰ ਗਏ। 35ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਚੁਣਿਆ ਹੋਇਆ ਹੈ। ਉਸ ਦੀ ਸੁਣੋ।” 36ਆਵਾਜ਼ ਦੇ ਅੰਤ ਵਿੱਚ, ਉਹਨਾਂ ਨੇ ਵੇਖਿਆ ਕਿ ਯਿਸ਼ੂ ਇਕੱਲਾ ਸੀ। ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।
ਯਿਸ਼ੂ ਦਾ ਦੁਸ਼ਟ-ਆਤਮਾ ਦੇ ਜਕੜੇ ਹੋਏ ਲੜਕੇ ਨੂੰ ਚੰਗਾ ਕਰਨਾ
37ਅਗਲੇ ਦਿਨ ਜਦੋਂ ਉਹ ਪਹਾੜ ਤੋਂ ਹੇਠਾਂ ਆ ਰਹੇ ਸਨ, ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ। 38ਭੀੜ ਵਿੱਚੋਂ ਇੱਕ ਆਦਮੀ ਉੱਚੀ ਆਵਾਜ਼ ਵਿੱਚ ਬੋਲਿਆ, “ਗੁਰੂ ਜੀ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਕਿਉਂਕਿ ਉਹ ਮੇਰਾ ਇੱਕਲੌਤਾ ਪੁੱਤਰ ਹੈ। 39ਇੱਕ ਦੁਸ਼ਟ ਆਤਮਾ ਅਕਸਰ ਉਸ ਨੂੰ ਫੜ ਲੈਂਦੀ ਹੈ ਅਤੇ ਉਹ ਅਚਾਨਕ ਚੀਕਣਾ ਸ਼ੁਰੂ ਕਰ ਦਿੰਦਾ ਹੈ। ਦੁਸ਼ਟ ਆਤਮਾ ਉਸ ਦੇ ਸ਼ਰੀਰ ਨੂੰ ਅਜਿਹਾ ਘੁੱਟਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪੈਂਦੀ ਹੈ। ਇਹ ਦੁਸ਼ਟ ਆਤਮਾ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਅਤੇ ਉਸ ਦਾ ਨਾਸ਼ ਕਰਨਾ ਚਾਹੀਦੀ ਹੈ। 40ਮੈਂ ਤੁਹਾਡੇ ਚੇਲਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਵਿੱਚੋਂ ਕੱਢ ਦੇਣ, ਪਰ ਉਹ ਕੱਢ ਨਾ ਸਕੇ।”
41ਯਿਸ਼ੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ! ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਕਦੋਂ ਤੱਕ ਸਬਰ ਕਰਾਂਗਾ? ਆਪਣੇ ਬੇਟੇ ਨੂੰ ਇੱਥੇ ਲਿਆਓ।”
42ਜਿਵੇਂ ਹੀ ਬੱਚਾ ਨੇੜੇ ਆ ਰਿਹਾ ਸੀ ਤਾਂ ਦੁਸ਼ਟ ਆਤਮਾ ਨੇ ਧੱਕਾ ਮਾਰਿਆ ਅਤੇ ਉਸ ਦੇ ਸਰੀਰ ਨੂੰ ਬਹੁਤ ਮਰੋੜਿਆ, ਪਰ ਯਿਸ਼ੂ ਨੇ ਦੁਸ਼ਟ ਆਤਮਾ ਨੂੰ ਝਿੜਕਿਆ, ਬੱਚੇ ਨੂੰ ਚੰਗਾ ਕੀਤਾ ਅਤੇ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। 43ਸਾਰੇ ਪਰਮੇਸ਼ਵਰ ਦੀ ਮਹਿਮਾ ਵੇਖ ਕੇ ਹੈਰਾਨ ਰਹਿ ਗਏ।
ਯਿਸ਼ੂ ਦੀ ਆਪਣੀ ਮੌਤ ਬਾਰੇ ਦੂਜੀ ਵਾਰ ਭਵਿੱਖਬਾਣੀ
ਜਦੋਂ ਇਸ ਘਟਨਾ ਨਾਲ ਹਰ ਕੋਈ ਹੈਰਾਨ ਹੋ ਗਿਆ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, 44“ਧਿਆਨ ਨਾਲ ਸੁਣੋ ਕਿ ਮੈਂ ਕੀ ਕਹਿ ਰਿਹਾ ਹਾਂ ਅਤੇ ਯਾਦ ਰੱਖੋ: ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ।” 45ਪਰ ਚੇਲੇ ਇਸ ਦੇ ਅਰਥ ਨੂੰ ਸਮਝ ਨਾ ਸਕੇ। ਇਸ ਗੱਲ ਦਾ ਅਰਥ ਉਹਨਾਂ ਤੋਂ ਲੁਕੋ ਕੇ ਰੱਖਿਆ ਗਿਆ ਸੀ। ਇਹੀ ਕਾਰਨ ਸੀ ਕਿ ਉਹ ਇਸ ਦੇ ਅਰਥ ਨੂੰ ਨਹੀਂ ਸਮਝ ਸਕੇ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
46ਚੇਲਿਆਂ ਵਿੱਚ ਇਸ ਗੱਲ ਤੇ ਝਗੜਾ ਹੋ ਗਿਆ ਕਿ ਉਹਨਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ। 47ਯਿਸ਼ੂ ਨੇ ਉਨ੍ਹਾਂ ਦੇ ਮਨਾਂ ਦੀ ਸੋਚ ਜਾਣ ਕੇ, ਉਸ ਨੇ ਇੱਕ ਛੋਟੇ ਬੱਚੇ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕੀਤਾ। 48ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਕੋਈ ਵੀ ਇਸ ਛੋਟੇ ਬੱਚੇ ਨੂੰ ਮੇਰੇ ਨਾਮ ਉੱਤੇ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰਦਾ ਹੈ ਉਹ ਉਹਨਾਂ ਨੂੰ ਕਬੂਲ ਕਰਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਤੁਹਾਡੇ ਵਿੱਚੋਂ ਜਿਹੜਾ ਛੋਟਾ ਹੈ ਉਹ ਸਭ ਤੋਂ ਵੱਡਾ ਹੈ।”
49ਯੋਹਨ ਨੇ ਉਹਨਾਂ ਨੂੰ ਦੱਸਿਆ, “ਗੁਰੂ ਜੀ, ਅਸੀਂ ਇੱਕ ਵਿਅਕਤੀ ਨੂੰ ਤੁਹਾਡੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ ਹੈ। ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”
50ਯਿਸ਼ੂ ਨੇ ਕਿਹਾ, “ਉਸ ਨੂੰ ਨਾ ਰੋਕੋ! ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਹੈ ਉਹ ਤੁਹਾਡੇ ਹੱਕ ਵਿੱਚ ਹੈ।”
ਸਾਮਰੀ ਵਿਰੋਧੀ
51ਜਦੋਂ ਸਵਰਗ ਵਿੱਚ ਯਿਸ਼ੂ ਨੂੰ ਚੁੱਕਣ ਦਾ ਠਹਿਰਾਇਆ ਸਮਾਂ ਨੇੜੇ ਆਇਆ, ਤਾਂ ਸੋਚ ਸਮਝ ਕੇ ਯਿਸ਼ੂ ਨੇ ਆਪਣੇ ਪੈਰ ਯੇਰੂਸ਼ਲੇਮ ਸ਼ਹਿਰ ਵੱਲ ਵਧਾਏ। 52ਉਸ ਨੇ ਉਹਨਾਂ ਦੇ ਅੱਗੇ ਸੰਦੇਸ਼ਕ ਭੇਜੇ। ਉਹ ਸਾਮਰਿਯਾ ਖੇਤਰ ਦੇ ਇੱਕ ਪਿੰਡ ਵਿੱਚ ਯਿਸ਼ੂ ਦੇ ਆਉਣ ਦੀ ਤਿਆਰੀ ਲਈ ਪਹੁੰਚੇ ਸਨ। 53ਪਰ ਉੱਥੋਂ ਦੇ ਵਸਨੀਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਕਿਉਂਕਿ ਯਿਸ਼ੂ ਯੇਰੂਸ਼ਲੇਮ ਦੇ ਨਗਰ ਵੱਲ ਜਾ ਰਹੇ ਸਨ। 54ਜਦੋਂ ਉਸ ਦੇ ਦੋ ਚੇਲੇ ਯਾਕੋਬ ਅਤੇ ਯੋਹਨ ਨੇ ਇਹ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਨ੍ਹਾਂ ਨੂੰ ਨਸ਼ਟ ਕਰਨ ਲਈ ਸਵਰਗ ਤੋਂ ਅੱਗ ਦਾ ਮੀਂਹ ਪਵਾਈਏ।” 55ਪਿੱਛੇ ਮੁੜ ਕੇ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ। 56ਅਤੇ ਉੱਥੋਂ ਯਿਸ਼ੂ ਅਤੇ ਉਸ ਦੇ ਚੇਲੇ ਕਿਸੇ ਹੋਰ ਪਿੰਡ ਵੱਲ ਨੂੰ ਚੱਲੇ ਗਏ।
ਯਿਸ਼ੂ ਦੇ ਮਗਰ ਚੱਲਣ ਦੀ ਕੀਮਤ
57ਰਸਤੇ ਵਿੱਚ ਇੱਕ ਵਿਅਕਤੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੂੰ ਕਿਹਾ, “ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”
58ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਘੋਰਨੇ ਹਨ ਅਤੇ ਅਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਲਈ ਵੀ ਜਗ੍ਹਾ ਨਹੀਂ ਹੈ!”
59ਯਿਸ਼ੂ ਨੇ ਇੱਕ ਹੋਰ ਵਿਅਕਤੀ ਨੂੰ ਕਿਹਾ, “ਆ! ਮੇਰੇ ਪਿੱਛੇ ਹੋ ਤੁਰ।”
ਉਸ ਆਦਮੀ ਨੇ ਕਿਹਾ, “ਹੇ ਪ੍ਰਭੂ, ਪਹਿਲਾਂ ਮੈਨੂੰ ਮੇਰੇ ਪਿਤਾ ਜੀ ਦਾ ਅੰਤਿਮ-ਸੰਸਕਾਰ ਕਰਨ ਦੀ ਆਗਿਆ ਦਿਓ।”
60ਯਿਸ਼ੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ, ਪਰ ਤੂੰ ਜਾ ਅਤੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰ।”
61ਇੱਕ ਹੋਰ ਵਿਅਕਤੀ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਮੈਂ ਤੁਹਾਡੇ ਪਿੱਛੇ ਚੱਲਾਂਗਾ, ਪਰ ਪਹਿਲਾਂ ਮੈਂ ਆਪਣੇ ਪਰਿਵਾਰ ਤੋਂ ਵਿਦਾ ਹੋ ਆਵਾਂ।”
62ਯਿਸ਼ੂ ਨੇ ਇਸ ਦੇ ਜਵਾਬ ਵਿੱਚ ਕਿਹਾ, “ਜਿਹੜਾ ਵੀ ਵਿਅਕਤੀ ਹਲ ਵਾਹੁਣਾ ਸ਼ੁਰੂ ਕਰ ਦੇਵੇ ਅਤੇ ਮੁੜ ਕੇ ਪਿੱਛੇ ਵੇਖਦਾ ਰਹੇ, ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਹੈ।”
നിലവിൽ തിരഞ്ഞെടുത്തിരിക്കുന്നു:
ਲੂਕਸ 9: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.