ਲੂਕਸ 4
4
ਜੰਗਲ ਵਿੱਚ ਯਿਸ਼ੂ ਦੀ ਪਰੀਖਿਆ
1ਯਿਸ਼ੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਇਆ ਅਤੇ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਚੱਲਿਆ ਗਿਆ, 2ਜਿੱਥੇ ਉਹ ਚਾਲੀ ਦਿਨਾਂ ਤੱਕ ਦੁਸ਼ਟ ਦੇ ਦੁਆਰਾ ਪਰਤਾਇਆ ਗਿਆ। ਉਸ ਨੇ ਉਨ੍ਹਾਂ ਦਿਨਾਂ ਵਿੱਚ ਕੁਝ ਨਾ ਖਾਧਾ ਅਤੇ ਇਸ ਦੇ ਅੰਤ ਵਿੱਚ ਉਸ ਨੂੰ ਭੁੱਖ ਲੱਗੀ।
3ਸ਼ੈਤਾਨ ਨੇ ਉਸ ਨੂੰ ਕਿਹਾ, “ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹ ਪੱਥਰ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।”
4ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ।’#4:4 ਬਿਵ 8:3”
5ਸ਼ੈਤਾਨ ਉਸ ਨੂੰ ਉੱਚੇ ਜਗ੍ਹਾ ਉੱਤੇ ਲੈ ਗਿਆ ਅਤੇ ਉਸ ਨੂੰ ਇੱਕ ਪਲ ਵਿੱਚ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨ ਵਿਖਾਈ 6ਅਤੇ ਸ਼ੈਤਾਨ ਨੇ ਉਹ ਨੂੰ ਕਿਹਾ, “ਮੈਂ ਤੈਨੂੰ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦੀ ਸ਼ਾਨ ਦਿਆਂਗਾ, ਕਿਉਂਕਿ ਇਹ ਮੈਨੂੰ ਦਿੱਤਾ ਗਿਆ ਹੈ ਅਤੇ ਇਸ ਲਈ ਮੈਂ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹਾ ਉਸ ਨੂੰ ਦੇ ਸਕਦਾ ਹਾਂ। 7ਅਗਰ ਤੂੰ ਮੇਰੀ ਅਰਾਧਨਾ ਕਰੇ ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।”
8ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ ”#4:8 ਬਿਵ 6:13
9ਸ਼ੈਤਾਨ ਉਸ ਨੂੰ ਯੇਰੂਸ਼ਲੇਮ ਵਿੱਚ ਲੈ ਗਿਆ ਅਤੇ ਹੈਕਲ ਦੀ ਚੋਟੀ ਉੱਤੇ ਖੜ੍ਹਾ ਕਰ ਦਿੱਤਾ ਅਤੇ ਉਹ ਨੇ ਕਿਹਾ, “ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ। 10ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਪਰਮੇਸ਼ਵਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ
ਕਿ ਉਹ ਧਿਆਨ ਨਾਲ ਤੇਰੀ ਰਾਖੀ ਕਰਨ;
11ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,
ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।’ ”#4:11 ਜ਼ਬੂ 91:11,12
12ਯਿਸ਼ੂ ਨੇ ਉੱਤਰ ਦਿੱਤਾ, “ਇਹ ਵੀ ਆਖਿਆ ਗਿਆ ਹੈ: ‘ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਖ।’ ”#4:12 ਬਿਵ 6:16
13ਜਦੋਂ ਦੁਸ਼ਟ ਇਹ ਸਾਰੀ ਪਰੀਖਿਆ ਖ਼ਤਮ ਕਰ ਚੁੱਕਿਆ ਤਾਂ ਉਹ ਕੁਝ ਸਮੇਂ ਤੱਕ ਉਸ ਨੂੰ ਛੱਡ ਕੇ ਚਲਾ ਗਿਆ।
ਗਲੀਲ ਪ੍ਰਦੇਸ਼ ਵਿੱਚ ਪ੍ਰਚਾਰ ਦੀ ਸ਼ੁਰੂਆਤ
14ਯਿਸ਼ੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ ਗਲੀਲ ਪ੍ਰਦੇਸ਼ ਨੂੰ ਮੁੜਿਆ ਅਤੇ ਆਸ-ਪਾਸ ਦੇ ਸਾਰੇ ਸ਼ਹਿਰਾਂ ਵਿੱਚ ਉਸ ਬਾਰੇ ਖ਼ਬਰ ਫੈਲ ਗਈ। 15ਉਹ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦੇ ਰਿਹਾ ਸੀ ਅਤੇ ਸਭ ਨੇ ਉਸ ਦੀ ਵਡਿਆਈ ਕੀਤੀ।
16ਯਿਸ਼ੂ ਨਾਜ਼ਰੇਥ ਸ਼ਹਿਰ ਵੱਲ ਚੱਲ ਪਿਆ ਜਿੱਥੇ ਉਸ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ#4:16 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਆਪਣੇ ਰਿਵਾਜ ਅਨੁਸਾਰ ਉਹ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਪਵਿੱਤਰ ਸ਼ਾਸਤਰ ਵਿੱਚੋਂ ਪੜ੍ਹਨ ਲਈ ਖੜ੍ਹਾ ਹੋ ਗਿਆ। 17ਯਸ਼ਾਯਾਹ ਨਬੀ ਦੀ ਪੋਥੀ ਉਹ ਨੂੰ ਸੌਂਪੀ ਗਈ। ਉਸ ਪੋਥੀ ਨੂੰ ਖੋਲ੍ਹਦਿਆਂ ਹੀ ਯਿਸ਼ੂ ਨੇ ਉਸ ਵਚਨ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ:
18“ਪ੍ਰਭੂ ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਉਸ ਨੇ ਮੈਨੂੰ ਮਸਹ ਕੀਤਾ ਹੈ,
ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ,
ਉਸ ਨੇ ਮੈਨੂੰ ਕੈਦੀਆਂ ਦੀ ਮੁਕਤੀ ਦਾ ਐਲਾਨ ਕਰਨ ਲਈ
ਅਤੇ ਅੰਨ੍ਹਿਆਂ ਨੂੰ ਵੇਖਣ,
ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਉਣ ਲਈ ਭੇਜਿਆ ਹੈ,
19ਅਤੇ ਪ੍ਰਭੂ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।”#4:19 ਯਸ਼ਾ 61:1,2; 58:6 (ਸੈਪਟੁਜਿੰਟ ਦੇਖੋ)
20ਫਿਰ ਉਸ ਨੇ ਪੋਥੀ ਨੂੰ ਬੰਦ ਕਰਕੇ ਸੇਵਕ ਦੇ ਹੱਥ ਵਿੱਚ ਦੇ ਦਿੱਤਾ ਅਤੇ ਬੈਠ ਗਏ। ਪ੍ਰਾਰਥਨਾ ਸਥਾਨ ਵਿੱਚ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਉਹਨਾਂ ਉੱਪਰ ਟਿਕੀਆਂ ਹੋਈਆਂ ਸਨ। 21ਯਿਸ਼ੂ ਉਹਨਾਂ ਨੂੰ ਕਹਿਣ ਲੱਗੇ, “ਅੱਜ ਇਹ ਬਚਨ ਤੁਹਾਡੀ ਸੁਣਵਾਈ ਵਿੱਚ ਪੂਰਾ ਹੋਇਆ ਹੈ।”
22ਸਾਰੇ ਯਿਸ਼ੂ ਦੀ ਵਡਿਆਈ ਕਰ ਰਹੇ ਸਨ ਅਤੇ ਉਸ ਦੇ ਮੂੰਹੋਂ ਨਿਕਲਣ ਵਾਲੀਆਂ ਕਿਰਪਾ ਦੀਆਂ ਗੱਲਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਇੱਕ-ਦੂਜੇ ਨੂੰ ਪੁੱਛਣ ਲੱਗੇ, “ਕੀ ਇਹ ਯੋਸੇਫ਼ ਦਾ ਪੁੱਤਰ ਨਹੀਂ ਹੈ?”
23ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾਣਦਾ ਹਾਂ ਕਿ ਤੁਸੀਂ ਜ਼ਰੂਰ ਇਹ ਕਹਾਵਤ ਮੈਨੂੰ ਕਹੋਗੇ, ‘ਹੇ ਡਾਕਟਰ! ਪਹਿਲਾਂ ਆਪਣੇ ਆਪ ਨੂੰ ਚੰਗਾ ਕਰ! ਜੋ ਅਸੀਂ ਤੈਨੂੰ ਕਫ਼ਰਨਹੂਮ ਵਿੱਚ ਕਰਦੇ ਸੁਣਿਆ, ਉਹ ਇੱਥੇ ਆਪਣੇ ਦੇਸ਼ ਵਿੱਚ ਵੀ ਕਰ।’ ”
24ਯਿਸ਼ੂ ਨੇ ਅੱਗੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿਸੇ ਵੀ ਨਬੀ ਦਾ ਉਸ ਦੇ ਸ਼ਹਿਰ ਵਿੱਚ ਸਤਿਕਾਰ ਨਹੀਂ ਹੁੰਦਾ। 25ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਏਲੀਯਾਹ ਦੇ ਸਮੇਂ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਹੀਂ ਸੀ ਪਿਆ ਤਾਂ ਇਸਰਾਏਲ ਦੇਸ਼ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ ਅਤੇ ਸਾਰੀ ਧਰਤੀ ਉੱਤੇ ਇੱਕ ਬਹੁਤ ਵੱਡਾ ਕਾਲ ਪੈ ਗਿਆ ਸੀ; 26ਏਲੀਯਾਹ ਨੂੰ ਉਹਨਾਂ ਵਿੱਚੋਂ ਕਿਸੇ ਕੋਲ ਨਹੀਂ ਭੇਜਿਆ ਗਿਆ ਸੀ ਪਰ ਉਸ ਵਿਧਵਾ ਕੋਲ ਜੋ ਸਿਦੋਨ ਪ੍ਰਦੇਸ਼ ਦੇ ਸਾਰਪਥ ਸ਼ਹਿਰ ਵਿੱਚ ਸੀ। 27ਇਸੇ ਤਰ੍ਹਾਂ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਦੇਸ਼ ਵਿੱਚ ਬਹੁਤ ਸਾਰੇ ਕੋੜ੍ਹੀ#4:27 ਕੋੜ੍ਹੀ ਅਰਥਾਤ ਚਮੜੀ ਦੇ ਰੋਗ ਸਨ ਪਰ ਸੀਰੀਆ ਵਾਸੀ ਨਾਮਾਨ ਤੋਂ ਇਲਾਵਾ ਕਿਸੇ ਨੂੰ ਵੀ ਸ਼ੁੱਧ ਨਹੀਂ ਕੀਤਾ ਗਿਆ।”
28ਇਹ ਸੁਣਦਿਆਂ ਹੀ ਪ੍ਰਾਰਥਨਾ ਸਥਾਨ ਵਿੱਚ ਇਕੱਠੇ ਹੋਏ ਸਾਰੇ ਲੋਕ ਬਹੁਤ ਗੁੱਸੇ ਵਿੱਚ ਆ ਗਏ। 29ਉਹ ਖੜ੍ਹੇ ਹੋ ਗਏ ਅਤੇ ਯਿਸ਼ੂ ਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪਹਾੜ ਦੀ ਟੀਸੀ ਤੇ ਲੈ ਗਏ ਜਿੱਥੇ ਉਹ ਨਗਰ ਬਣਿਆ ਹੋਇਆ ਸੀ ਤਾਂ ਜੋ ਉਹ ਉਸ ਨੂੰ ਉੱਥੋਂ ਸੁੱਟ ਦੇਣ। 30ਪਰ ਯਿਸ਼ੂ ਭੀੜ ਵਿੱਚੋਂ ਦੀ ਲੰਘ ਕੇ ਆਪਣੇ ਰਾਹ ਚਲਾ ਗਿਆ।
ਯਿਸ਼ੂ ਨੇ ਇੱਕ ਅਪਵਿੱਤਰ ਆਤਮਾ ਨੂੰ ਬਾਹਰ ਕੱਢਿਆ
31ਫਿਰ ਉਹ ਗਲੀਲ ਦੇ ਨਗਰ ਕਫ਼ਰਨਹੂਮ ਸ਼ਹਿਰ ਨੂੰ ਗਿਆ ਅਤੇ ਸਬਤ ਦੇ ਦਿਨ ਉਹ ਲੋਕਾਂ ਨੂੰ ਸਿਖਾਉਣ ਲੱਗਾ। 32ਉਹ ਯਿਸ਼ੂ ਦੀਆਂ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਉਸ ਦੇ ਸ਼ਬਦਾਂ ਵਿੱਚ ਅਧਿਕਾਰ ਸੀ।
33ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਭੂਤ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ। ਉਹ ਉੱਚੀ ਆਵਾਜ਼ ਨਾਲ ਚੀਖ ਕੇ ਬੋਲਿਆ, 34ਹੇ ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਸਾਡੇ ਨਾਲ ਕੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? “ਇੱਥੋਂ ਚਲੇ ਜਾਓ! ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਤੁਸੀਂ ਪਰਮੇਸ਼ਵਰ ਦੇ ਪਵਿੱਤਰ ਜਨ ਹੋ!”
35ਯਿਸ਼ੂ ਨੇ ਸਖ਼ਤੀ ਨਾਲ ਕਿਹਾ, “ਚੁੱਪ ਕਰ! ਇਸ ਵਿੱਚੋਂ ਨਿਕਲ ਜਾਓ!” ਤਦ ਦੁਸ਼ਟ ਆਤਮਾ ਨੇ ਸਾਰਿਆਂ ਸਾਹਮਣੇ ਉਸ ਆਦਮੀ ਨੂੰ ਬਿਨ੍ਹਾਂ ਸੱਟ ਲਾਏ ਹੇਠਾਂ ਸੁੱਟ ਦਿੱਤਾ ਅਤੇ ਉਸ ਵਿੱਚੋਂ ਬਾਹਰ ਨਿੱਕਲ ਗਿਆ।
36ਇਹ ਵੇਖ ਕੇ ਸਾਰੇ ਲੋਕ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕੀ ਸ਼ਬਦ ਹਨ! ਇਹ ਦੁਸ਼ਟ ਆਤਮਾਵਾਂ ਨੂੰ ਵੱਡੇ ਅਧਿਕਾਰ ਅਤੇ ਸ਼ਕਤੀ ਨਾਲ ਆਗਿਆ ਦਿੰਦਾ ਹੈ ਅਤੇ ਉਹ ਮਨੁੱਖਾਂ ਵਿੱਚੋਂ ਬਾਹਰ ਆ ਜਾਂਦੀਆਂ ਹਨ!” 37ਅਤੇ ਉਹਨਾਂ ਬਾਰੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਖ਼ਬਰ ਫੈਲ ਗਈ।
ਯਿਸ਼ੂ ਨੇ ਕਈਆਂ ਨੂੰ ਚੰਗਾ ਕੀਤਾ
38ਪ੍ਰਾਰਥਨਾ ਸਥਾਨ ਛੱਡ ਕੇ ਯਿਸ਼ੂ ਸ਼ਿਮਓਨ ਦੇ ਘਰ ਚਲੇ ਗਏ। ਉੱਥੇ ਸ਼ਿਮਓਨ ਦੀ ਸੱਸ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਚੰਗਾ ਕਰਨ। 39ਯਿਸ਼ੂ ਉਸ ਕੋਲ ਗਏ ਅਤੇ ਬੁਖ਼ਾਰ ਨੂੰ ਝਿੜਕਿਆ ਅਤੇ ਬੁਖ਼ਾਰ ਉਤਰ ਗਿਆ। ਤਦ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਉਹਨਾਂ ਦੀ ਸੇਵਾ ਕਰਨ ਲੱਗੀ।
40ਸੂਰਜ ਡੁੱਬਣ ਵੇਲੇ ਲੋਕ ਸਾਰੇ ਰੋਗੀਆਂ ਦੇ ਪੀੜਤਾਂ ਨੂੰ ਉਹ ਦੇ ਕੋਲ ਲਿਆਏ। ਯਿਸ਼ੂ ਨੇ ਹਰੇਕ ਉੱਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਚੰਗਾ ਕੀਤਾ। 41ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਆਤਮਾਵਾਂ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਇਹ ਆਖਦੇ ਬਾਹਰ ਨਿੱਕਲ ਗਈਆਂ, “ਕਿ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!” ਪਰ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਬੋਲਣ ਦਾ ਹੁਕਮ ਨਾ ਦਿੱਤਾ ਕਿਉਂਕਿ ਦੁਸ਼ਟ ਆਤਮਾ ਯਿਸ਼ੂ ਨੂੰ ਪਛਾਣਦੀਆਂ ਸਨ ਕਿ ਉਹ ਮਸੀਹਾ ਹੈ।
42ਅਗਲੇ ਦਿਨ ਸਵੇਰ ਹੁੰਦੇ ਹੀ ਯਿਸ਼ੂ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਲੋਕ ਉਹਨਾਂ ਦੀ ਭਾਲ ਕਰਦੇ ਹੋਏ ਉੱਥੇ ਪਹੁੰਚ ਗਏ। ਉਹ ਕੋਸ਼ਿਸ਼ ਕਰ ਰਹੇ ਸਨ ਕਿ ਯਿਸ਼ੂ ਉਹਨਾਂ ਨੂੰ ਛੱਡ ਕੇ ਨਾ ਜਾਣ। 43ਯਿਸ਼ੂ ਨੇ ਆਖਿਆ, “ਇਹ ਜ਼ਰੂਰੀ ਹੈ ਕਿ ਮੈਂ ਦੂਜੇ ਨਗਰਾਂ ਵਿੱਚ ਜਾਵਾਂ ਅਤੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਇਸ ਕਰਕੇ ਹੀ ਮੈਂ ਭੇਜਿਆ ਗਿਆ ਹਾਂ।” 44ਅਤੇ ਉਹ ਲਗਾਤਾਰ ਯਹੂਦਿਯਾ ਪ੍ਰਦੇਸ਼ ਦੇ ਪ੍ਰਾਰਥਨਾ ਸਥਾਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਰਿਹਾ।
നിലവിൽ തിരഞ്ഞെടുത്തിരിക്കുന്നു:
ਲੂਕਸ 4: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.