ਕੂਚ 4

4
ਮੋਸ਼ੇਹ ਲਈ ਚਿੰਨ੍ਹ
1ਮੋਸ਼ੇਹ ਨੇ ਜਵਾਬ ਦਿੱਤਾ, “ਕੀ ਹੋਵੇਗਾ ਜੇ ਇਸਰਾਏਲ ਨੇ ਮੇਰੇ ਤੇ ਵਿਸ਼ਵਾਸ ਨਾ ਕਰਨ, ਨਾ ਹੀ ਉਹ ਮੇਰੀ ਗੱਲ ਸੁਣ ਅਤੇ ਉਹ ਆਖਣ, ‘ਇਹ ਅਸੰਭਵ ਹੈ ਕਿ ਯਾਹਵੇਹ ਨੇ ਤੈਨੂੰ ਦਰਸ਼ਨ ਦਿੱਤਾ?’ ”
2ਤਦ ਯਾਹਵੇਹ ਨੇ ਉਸਨੂੰ ਕਿਹਾ, “ਇਹ ਤੇਰੇ ਹੱਥ ਵਿੱਚ ਕੀ ਹੈ?”
ਉਸਨੇ ਜਵਾਬ ਦਿੱਤਾ, “ਇੱਕ ਸੋਟੀ।”
3ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।”
ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ। 4ਤਦ ਯਾਹਵੇਹ ਨੇ ਉਸਨੂੰ ਕਿਹਾ, “ਆਪਣਾ ਹੱਥ ਵਧਾ ਅਤੇ ਇਸਨੂੰ ਪੂਛ ਤੋਂ ਫੜ।” ਇਸ ਲਈ ਮੋਸ਼ੇਹ ਨੇ ਅੱਗੇ ਵੱਧ ਕੇ ਸੱਪ ਨੂੰ ਫੜ ਲਿਆ ਅਤੇ ਉਹ ਉਸਦੇ ਹੱਥ ਵਿੱਚ ਇੱਕ ਸੋਟੀ ਬਣ ਗਈ। 5ਯਾਹਵੇਹ ਇਹ ਕਹਿੰਦਾ ਹੈ, “ਇਹ ਇਸ ਲਈ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਯਾਹਵੇਹ, ਉਹਨਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ਵਰ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਣ ਦਿੱਤਾ ਹੈ।”
6ਤਦ ਯਾਹਵੇਹ ਨੇ ਕਿਹਾ, “ਆਪਣਾ ਹੱਥ ਆਪਣੇ ਚੋਗੇ ਦੇ ਅੰਦਰ ਰੱਖ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਤਾਂ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ ਸੀ।
7ਉਸਨੇ ਕਿਹਾ, “ਹੁਣ ਇਸਨੂੰ ਵਾਪਸ ਆਪਣੇ ਚੋਗੇ ਵਿੱਚ ਪਾ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਵਾਪਸ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਉਸਦੇ ਹੱਥ ਬਾਕੀ ਦੇ ਮਾਸ ਵਾਂਗ ਹੋ ਗਿਆ।
8ਤਦ ਯਾਹਵੇਹ ਨੇ ਕਿਹਾ, “ਜੇਕਰ ਉਹ ਤੇਰੇ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਪਹਿਲੀ ਨਿਸ਼ਾਨੀ ਵੱਲ ਧਿਆਨ ਨਹੀਂ ਦਿੰਦੇ, ਤਾਂ ਉਹ ਦੂਸਰੀ ਤੇ ਵਿਸ਼ਵਾਸ ਕਰ ਸਕਦੇ ਹਨ। 9ਪਰ ਜੇ ਉਹ ਇਨ੍ਹਾਂ ਦੋਹਾਂ ਨਿਸ਼ਾਨੀਆਂ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਤੇਰੀ ਗੱਲ ਨਹੀਂ ਸੁਣਦੇ ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲੈ ਕੇ ਸੁੱਕੀ ਜ਼ਮੀਨ ਉੱਤੇ ਡੋਲ੍ਹ ਦੇਵੀਂ। ਜੋ ਪਾਣੀ ਤੂੰ ਉਸ ਨਦੀ ਤੋਂ ਲਵੇਂਗਾ, ਉਹ ਧਰਤੀ ਉੱਤੇ ਲਹੂ ਬਣ ਜਾਵੇਗਾ।”
10ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰੋ। ਮੈਂ ਕਦੇ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਨਾ ਪਹਿਲਾਂ ਅਤੇ ਨਾ ਹੀ ਜਦੋਂ ਤੋਂ ਤੁਸੀਂ ਆਪਣੇ ਸੇਵਕ ਨਾਲ ਗੱਲ ਕੀਤੀ ਹੈ ਕਿਉਂ ਜੋ ਮੈਂ ਬੋਲਣ ਅਤੇ ਜ਼ੁਬਾਨ ਵਿੱਚ ਧੀਮਾ ਹਾਂ।”
11ਯਾਹਵੇਹ ਨੇ ਉਸਨੂੰ ਕਿਹਾ, “ਕਿਸ ਨੇ ਮਨੁੱਖ ਨੂੰ ਆਪਣਾ ਮੂੰਹ ਦਿੱਤਾ? ਕੌਣ ਉਹਨਾਂ ਨੂੰ ਬੋਲਾ ਜਾਂ ਗੂੰਗਾ ਬਣਾਉਂਦਾ ਹੈ? ਕੌਣ ਉਹਨਾਂ ਨੂੰ ਦ੍ਰਿਸ਼ਟੀ ਦਿੰਦਾ ਹੈ ਜਾਂ ਉਹਨਾਂ ਨੂੰ ਅੰਨ੍ਹਾ ਬਣਾਉਂਦਾ ਹੈ? ਕੀ ਇਹ ਮੈਂ ਯਾਹਵੇਹ ਨਹੀਂ? 12ਹੁਣ ਜਾ, ਮੈਂ ਬੋਲਣ ਵਿੱਚ ਤੇਰੀ ਮਦਦ ਕਰਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਬੋਲਣਾ ਹੈ।”
13ਪਰ ਮੋਸ਼ੇਹ ਨੇ ਆਖਿਆ, “ਹੇ ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ, ਕਿਰਪਾ ਕਰਕੇ ਕਿਸੇ ਹੋਰ ਨੂੰ ਭੇਜ ਦੇ।”
14ਤਦ ਯਾਹਵੇਹ ਦਾ ਕ੍ਰੋਧ ਮੋਸ਼ੇਹ ਉੱਤੇ ਭੜਕ ਉੱਠਿਆ ਅਤੇ ਉਸ ਨੇ ਆਖਿਆ, “ਤੇਰੇ ਭਰਾ ਹਾਰੋਨ ਲੇਵੀ ਬਾਰੇ ਕੀ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਹ ਪਹਿਲਾਂ ਹੀ ਤੈਨੂੰ ਮਿਲਣ ਲਈ ਆਪਣੇ ਰਸਤੇ ਤੇ ਹੈ ਅਤੇ ਉਹ ਤੈਨੂੰ ਦੇਖ ਕੇ ਖੁਸ਼ ਹੋਵੇਗਾ। 15ਤੂੰ ਉਸ ਨਾਲ ਗੱਲ ਕਰ ਅਤੇ ਉਸਦੇ ਮੂੰਹ ਵਿੱਚ ਸ਼ਬਦ ਪਾ ਅਤੇ ਮੈਂ ਤੁਹਾਨੂੰ ਦੋਨਾਂ ਨੂੰ ਬੋਲਣ ਵਿੱਚ ਮਦਦ ਕਰਾਂਗਾ ਅਤੇ ਜੋ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ। 16ਉਹ ਤੇਰੇ ਲਈ ਲੋਕਾਂ ਨਾਲ ਗੱਲ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਤੇਰਾ ਮੂੰਹ ਹੋਵੇ ਅਤੇ ਜਿਵੇਂ ਤੂੰ ਉਸ ਲਈ ਪਰਮੇਸ਼ਵਰ ਹੋਵੇ। 17ਪਰ ਇਸ ਸੋਟੀ ਨੂੰ ਆਪਣੇ ਹੱਥ ਵਿੱਚ ਲੈ, ਤਾਂ ਜੋ ਤੂੰ ਇਸ ਨਾਲ ਚਮਤਕਾਰ ਕਰ ਸਕੇ।”
ਮੋਸ਼ੇਹ ਮਿਸਰ ਵਾਪਸ ਪਰਤਿਆ
18ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।”
ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”
19ਹੁਣ ਯਾਹਵੇਹ ਨੇ ਮਿਦਯਾਨ ਵਿੱਚ ਮੋਸ਼ੇਹ ਨੂੰ ਕਿਹਾ ਸੀ, “ਮਿਸਰ ਵਾਪਸ ਜਾ, ਕਿਉਂਕਿ ਉਹ ਸਾਰੇ ਜੋ ਤੈਨੂੰ ਮਾਰਨਾ ਚਾਹੁੰਦੇ ਸਨ ਮਰ ਚੁੱਕੇ ਹਨ।” 20ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।
21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਮਿਸਰ ਨੂੰ ਮੁੜੇਂਗਾ, ਤਾਂ ਦੇਖ ਕਿ ਤੂੰ ਫ਼ਿਰਾਊਨ ਦੇ ਸਾਹਮਣੇ ਉਹ ਸਾਰੇ ਅਚੰਭੇ ਕੰਮ ਕਰੇਂਗਾ ਜੋ ਮੈਂ ਤੈਨੂੰ ਕਰਨ ਦੀ ਸ਼ਕਤੀ ਦਿੱਤੀ ਹੈ, ਪਰ ਮੈਂ ਉਸਦਾ ਦਿਲ ਕਠੋਰ ਕਰ ਦਿਆਂਗਾ ਤਾਂ ਜੋ ਉਹ ਲੋਕਾਂ ਨੂੰ ਜਾਣ ਨਾ ਦੇਵੇ। 22ਫਿਰ ਫ਼ਿਰਾਊਨ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ, 23ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”
24ਰਸਤੇ ਵਿੱਚ ਇੱਕ ਨਿਵਾਸ ਸਥਾਨ ਤੇ ਜਿੱਥੇ ਉਹ ਠਹਿਰੇ ਸੀ ਉੱਥੇ ਯਾਹਵੇਹ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਮਾਰਨਾ ਚਾਹਿਆ। 25ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ#4:25 ਖੱਲੜੀ ਅਰਥ ਲਿੰਗ ਦੀ ਅਗਲੀ ਚਮੜੀ ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।” 26ਇਸ ਲਈ ਯਾਹਵੇਹ ਨੇ ਉਸਨੂੰ ਇਕੱਲਾ ਛੱਡ ਦਿੱਤਾ। (ਉਸ ਸਮੇਂ ਉਸਨੇ ਸੁੰਨਤ ਦਾ ਹਵਾਲਾ ਦਿੰਦੇ ਹੋਏ “ਖੂਨ ਦਾ ਲਾੜਾ” ਕਿਹਾ।)
27ਯਾਹਵੇਹ ਨੇ ਹਾਰੋਨ ਨੂੰ ਕਿਹਾ, “ਮੋਸ਼ੇਹ ਨੂੰ ਮਿਲਣ ਲਈ ਉਜਾੜ ਵਿੱਚ ਜਾ।” ਇਸ ਲਈ ਉਹ ਪਰਮੇਸ਼ਵਰ ਦੇ ਪਹਾੜ ਉੱਤੇ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਚੁੰਮਿਆ। 28ਤਦ ਮੋਸ਼ੇਹ ਨੇ ਹਾਰੋਨ ਨੂੰ ਉਹ ਸਭ ਕੁਝ ਦੱਸਿਆ ਜੋ ਯਾਹਵੇਹ ਨੇ ਉਸਨੂੰ ਕਹਿਣ ਲਈ ਭੇਜਿਆ ਸੀ ਅਤੇ ਉਹਨਾਂ ਸਾਰੀਆਂ ਨਿਸ਼ਾਨੀਆਂ ਬਾਰੇ ਵੀ ਜੋ ਉਸਨੇ ਉਸਨੂੰ ਕਰਨ ਦਾ ਹੁਕਮ ਦਿੱਤਾ ਸੀ।
29ਅਤੇ ਮੋਸ਼ੇਹ ਅਤੇ ਹਾਰੋਨ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ। 30ਅਤੇ ਹਾਰੋਨ ਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ। ਉਸਨੇ ਲੋਕਾਂ ਅੱਗੇ ਚਮਤਕਾਰ ਵੀ ਕੀਤੇ, 31ਅਤੇ ਉਹਨਾਂ ਨੇ ਵਿਸ਼ਵਾਸ ਵੀ ਕੀਤਾ ਅਤੇ ਜਦੋਂ ਉਹਨਾਂ ਨੇ ਸੁਣਿਆ ਕਿ ਯਾਹਵੇਹ ਇਸਰਾਏਲ ਬਾਰੇ ਚਿੰਤਤ ਹੈ ਅਤੇ ਉਹਨਾਂ ਦੇ ਦੁੱਖ ਨੂੰ ਦੇਖਿਆ ਹੈ, ਤਾਂ ਉਹਨਾਂ ਨੇ ਮੱਥਾ ਟੇਕਿਆ ਅਤੇ ਅਰਾਧਨਾ ਕੀਤੀ।

നിലവിൽ തിരഞ്ഞെടുത്തിരിക്കുന്നു:

ਕੂਚ 4: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക