ਰਸੂਲਾਂ 26
26
1ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।”
ਇਸ ਲਈ ਪੌਲੁਸ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ: 2“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਅੱਜ ਤੁਹਾਡੇ ਸਾਹਮਣੇ ਮੁਬਾਰਕ ਸਮਝਦਾ ਹਾਂ ਕਿਉਂਕਿ ਮੈਂ ਯਹੂਦੀ ਆਗੂਆਂ ਦੇ ਲਾਏ ਸਾਰੇ ਦੋਸ਼ਾਂ ਵਿਰੁੱਧ ਆਪਣੇ ਬਚਾਅ ਦੀ ਸਫ਼ਾਈ ਦਿੰਦਾ ਹਾਂ, 3ਅਤੇ ਖ਼ਾਸ ਕਰ ਇਸ ਲਈ ਕਿਉਂਕਿ ਤੁਸੀਂ ਸਾਰੇ ਯਹੂਦੀ ਰੀਤੀ ਰਿਵਾਜਾਂ ਅਤੇ ਵਿਵਾਦਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਬਰ ਨਾਲ ਮੇਰੀ ਗੱਲ ਸੁਣੋ।
4“ਸਾਰੇ ਯਹੂਦੀ ਲੋਕ ਜਾਣਦੇ ਹਨ ਕਿ ਮੈਂ ਬਚਪਨ ਤੋਂ ਹੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਹਾਂ, ਆਪਣੀ ਜ਼ਿੰਦਗੀ ਦੇ ਅਰੰਭ ਤੋਂ ਹੀ ਮੈਂ ਆਪਣੇ ਦੇਸ਼, ਅਤੇ ਯੇਰੂਸ਼ਲੇਮ ਵਿੱਚ ਰਿਹਾ ਹਾਂ।” 5ਉਨ੍ਹਾਂ ਨੇ ਮੈਨੂੰ ਲੰਬੇ ਸਮੇਂ ਤੋਂ ਜਾਣਿਆ ਹੈ ਅਤੇ ਗਵਾਹੀ ਦੇ ਸਕਦੇ ਹਨ, ਜੇ ਉਹ ਚਾਹੁੰਦੇ ਹਨ, ਤਾਂ ਮੈਂ ਆਪਣੇ ਧਰਮ ਦੇ ਸਭ ਤੋਂ ਸਖ਼ਤ ਪੰਥ ਦੇ ਅਨੁਸਾਰ ਇੱਕ ਫ਼ਰੀਸੀ ਵਜੋਂ ਜੀਵਨ ਬਤੀਤ ਕਰ ਰਿਹਾ ਸੀ। 6ਅਤੇ ਹੁਣ ਇਹ ਉਸ ਲਈ ਕਿਉਂਕਿ ਮੇਰੀ ਉਮੀਦ ਹੈ ਜੋ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨਾਲ ਵਾਇਦਾ ਕੀਤਾ ਸੀ ਕਿ ਮੈਂ ਅੱਜ ਮੁਕੱਦਮੇ ਵਿੱਚ ਹਾਂ। 7ਇਹ ਉਹ ਵਾਇਦਾ ਹੈ ਜੋ ਸਾਡੇ ਬਾਰ੍ਹਾਂ ਗੋਤ ਪੂਰੇ ਹੋਣ ਦੀ ਉਮੀਦ ਕਰ ਰਹੇ ਹਨ ਕਿਉਂਕਿ ਉਹ ਦਿਨ-ਰਾਤ ਦਿਲੋਂ ਪਰਮੇਸ਼ਵਰ ਦੀ ਸੇਵਾ ਕਰਦੇ ਹਨ। ਰਾਜਾ ਅਗ੍ਰਿੱਪਾ, ਇਸ ਉਮੀਦ ਕਾਰਨ ਹੀ ਇਹ ਯਹੂਦੀ ਮੇਰੇ ਉੱਤੇ ਦੋਸ਼ ਲਗਾ ਰਹੇ ਹਨ। 8ਤੁਹਾਡੇ ਵਿੱਚੋਂ ਕੋਈ ਵੀ ਇਸ ਗੱਲ ਨੂੰ ਕਿਉਂ ਅਸੰਭਵ ਮੰਨਦਾ ਹੈ ਕਿ ਪਰਮੇਸ਼ਵਰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ?
9“ਮੈਨੂੰ ਵੀ ਪੂਰੀ ਨਿਸ਼ਚਾ ਸੀ ਕਿ ਮੈਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਨਾਸਰੀ ਯਿਸ਼ੂ ਦੇ ਨਾਮ ਦਾ ਵਿਰੋਧ ਕਰਨ ਲਈ ਸੰਭਵ ਹੋਵੇ। 10ਅਤੇ ਇਹ ਉਹੀ ਕੁਝ ਹੈ ਜੋ ਮੈਂ ਯੇਰੂਸ਼ਲੇਮ ਵਿੱਚ ਕੀਤਾ ਸੀ। ਮੁੱਖ ਜਾਜਕਾਂ ਕੋਲੋਂ ਅਧਿਕਾਰ ਪ੍ਰਾਪਤ ਕਰਕੇ ਮੈਂ ਪ੍ਰਭੂ ਦੇ ਬਹੁਤ ਸਾਰੇ ਪਵਿੱਤਰ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਤਾਂ ਮੈਂ ਉਨ੍ਹਾਂ ਦੇ ਵਿਰੁੱਧ ਆਪਣੀ ਮੱਤ ਦਿੰਦਾ ਸੀ। 11ਕਈ ਵਾਰ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੀ ਪ੍ਰਾਰਥਨਾ ਸਥਾਨ ਤੇ ਜਾਂਦਾ ਸੀ ਤਾਂ ਜੋ ਮੈਂ ਉਨ੍ਹਾਂ ਨੂੰ ਸਜ਼ਾ ਦੇ ਸਕਾਂ, ਅਤੇ ਮੈਂ ਉਨ੍ਹਾਂ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਯਿਸ਼ੂ ਦੇ ਵਿਰੁੱਧ ਗਲਤ ਬੋਲਣ। ਮੈਂ ਉਨ੍ਹਾਂ ਨੂੰ ਸਤਾਉਣ ਵਿੱਚ ਇੰਨਾ ਸ਼ੁਦਾਈ ਹੋ ਜਾਂਦਾ ਸੀ ਕਿ ਮੈਂ ਉਨ੍ਹਾਂ ਨੂੰ ਪਰਦੇਸੀ ਸ਼ਹਿਰਾਂ ਵਿੱਚ ਜਾ ਕੇ ਵੀ ਸਤਾਉਂਦਾ ਸੀ।
12“ਇਨ੍ਹਾਂ ਯਾਤਰਾਵਾਂ ਵਿੱਚੋਂ ਇੱਕ ਵਾਰੀ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਮੈਂ ਦੰਮਿਸ਼ਕ ਸ਼ਹਿਰ ਵੱਲ ਜਾ ਰਿਹਾ ਸੀ। 13ਹੇ ਰਾਜਾ ਅਗ੍ਰਿੱਪਾ, ਦੁਪਿਹਰ ਦੇ ਕਰੀਬ, ਜਦੋਂ ਮੈਂ ਸੜਕ ਤੇ ਯਾਤਰਾ ਕਰ ਰਿਹਾ ਸੀ, ਤਾਂ ਮੈਂ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਵੇਖੀ, ਜੋ ਸੂਰਜ ਨਾਲੋਂ ਵੀ ਕਿਤੇ ਤੇਜਵਾਨ ਸੀ ਉਹ ਰੋਸ਼ਨੀ ਮੇਰੇ ਅਤੇ ਮੇਰੇ ਸਾਥੀਆਂ ਦੇ ਆਲੇ-ਦੁਆਲੇ ਚਮਕੀ। 14ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਅਤੇ ਮੈਨੂੰ ਇਬਰਾਨੀ ਭਾਸ਼ਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਿੱਖੇ ਕਿਨਾਰੇ ਨੂੰ ਲੱਤ ਮਾਰਨਾ ਤੁਹਾਡੇ ਲਈ ਨੁਕਸਾਨਦੇਹ ਹੈ।’
15“ਫਿਰ ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’
“ਪ੍ਰਭੂ ਨੇ ਜਵਾਬ ਦਿੱਤਾ, ‘ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ। 16ਹੁਣ ਉੱਠ ਅਤੇ ਆਪਣੇ ਪੈਰਾਂ ਤੇ ਖਲੋ। ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਮੈਂ ਤੈਨੂੰ ਸੇਵਕ ਅਤੇ ਗਵਾਹ ਨਿਯੁਕਤ ਕਰਾਂ ਉਨ੍ਹਾਂ ਗੱਲਾਂ ਦਾ ਜੋ ਤੂੰ ਮੇਰੇ ਬਾਰੇ ਦੇਖਿਆ ਅਤੇ ਜਿਹੜੀਆਂ ਮੈਂ ਤੈਨੂੰ ਵਿਖਾਵਾਂਗਾ। 17ਮੈਂ ਤੈਨੂੰ ਤੇਰੇ ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ। ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜ ਰਿਹਾ ਹਾਂ 18ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ, ਅਤੇ ਸ਼ੈਤਾਨ ਤੋਂ ਪਰਮੇਸ਼ਵਰ ਦੀ ਵੱਲ ਮੁੜਨ, ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰਕੇ ਪਵਿੱਤਰ ਹੋਏ ਹਨ।’
19“ਤਾਂ ਫਿਰ, ਰਾਜਾ ਅਗ੍ਰਿੱਪਾ, ਮੈਂ ਸਵਰਗ ਦੇ ਦਰਸ਼ਨ ਤੋਂ ਅਣ-ਆਗਿਆਕਾਰੀ ਨਹੀਂ ਸੀ। 20ਸਗੋਂ ਪਹਿਲਾਂ ਦੰਮਿਸ਼ਕ ਦੇ ਰਹਿਣ ਵਾਲਿਆਂ ਨੂੰ, ਫਿਰ ਯੇਰੂਸ਼ਲੇਮ ਵਿੱਚ ਅਤੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ, ਅਤੇ ਫਿਰ ਗ਼ੈਰ-ਯਹੂਦੀਆਂ ਨੂੰ, ਮੈਂ ਪ੍ਰਚਾਰ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ਵਰ ਦੀ ਵੱਲ ਮੁੜੋ ਅਤੇ ਤੋਬਾ ਦੇ ਯੋਗ ਕੰਮ ਕਰੋ। 21ਇਸੇ ਕਰਕੇ ਕੁਝ ਯਹੂਦੀਆਂ ਨੇ ਮੈਨੂੰ ਹੈਕਲ ਦੀਆਂ ਦਰਬਾਰਾਂ ਵਿੱਚ ਫੜ ਲਿਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। 22ਪਰ ਪਰਮੇਸ਼ਵਰ ਨੇ ਅੱਜ ਤੱਕ ਮੇਰੀ ਸਹਾਇਤਾ ਕੀਤੀ ਹੈ; ਇਸ ਲਈ ਮੈਂ ਇੱਥੇ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ। ਮੈਂ ਉਸ ਤੋਂ ਪਰੇ ਕੁਝ ਹੋਰ ਸਾਖੀ ਨਹੀਂ ਦੇ ਰਿਹਾ ਜੋ ਨਬੀਆਂ ਅਤੇ ਮੋਸ਼ੇਹ ਨੇ ਕਿਹਾ ਸੀ ਜੋ ਵਾਪਰੇਗਾ 23ਕਿ ਮਸੀਹਾ ਦੁੱਖ ਭੋਗੇਗਾਂ, ਅਤੇ ਮੁਰਦਿਆਂ ਵਿੱਚੋਂ ਪੁਨਰ-ਉਥਾਨ ਵਾਲਿਆਂ ਵਿੱਚੋਂ ਪਹਿਲਾਂ ਹੋ ਕੇ, ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਲਈ ਚਾਨਣ ਦਾ ਪ੍ਰਚਾਰ ਕਰੇ।”
24ਇਸ ਸਮੇਂ ਜਦੋਂ ਪੌਲੁਸ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫੇਸਤੁਸ ਉੱਚੀ ਅਵਾਜ਼ ਵਿੱਚ ਆਖਿਆ, “ਪੌਲੁਸ, ਤੂੰ ਆਪਣੇ ਦਿਮਾਗ ਤੋਂ ਬਾਹਰ ਹੋ ਗਿਆ! ਤੇਰੀ ਬਹੁਤ ਜ਼ਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ।”
25ਜਿਵੇਂ ਕਿ ਪੌਲੁਸ ਨੇ ਇਸ ਤਰ੍ਹਾਂ ਆਪਣੀ ਸਫ਼ਾਈ ਦਿੰਦੇ ਹੋਏ ਉੱਤਰ ਦਿੱਤਾ, “ਹੇ! ਆਦਰਯੋਗ ਫੇਸਤੁਸ, ਮੈਂ ਪਾਗਲ ਨਹੀਂ ਹਾਂ, ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਅਤੇ ਸੋਝੀ ਦੀਆਂ ਗੱਲਾਂ ਹਨ। 26ਰਾਜਾ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਜਾਣਦੇ ਹੋ, ਅਤੇ ਮੈਂ ਉਸ ਨਾਲ ਖੁੱਲ੍ਹ ਕੇ ਬੋਲ ਸਕਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ। 27ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਤੇ ਵਿਸ਼ਵਾਸ ਕਰਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ।”
28ਤਦ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਕੀ ਤੈਨੂੰ ਲੱਗਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਤੂੰ ਮੈਨੂੰ ਇੱਕ ਮਸੀਹ ਬਣਨ ਲਈ ਪ੍ਰੇਰਿਤ ਕਰ ਸਕਦਾ ਹਾਂ?”
29ਪੌਲੁਸ ਨੇ ਜਵਾਬ ਦਿੱਤਾ, “ਥੋੜ੍ਹੇ ਸਮੇਂ ਜਾਂ ਲੰਮੇ ਸਮੇਂ ਵਿੱਚ, ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਹਾਂ ਕਿ ਨਾ ਸਿਰਫ ਤੁਸੀਂ, ਬਲਕਿ ਤੁਸੀਂ ਅਤੇ ਸਾਰੇ ਜੋ ਅੱਜ ਮੈਨੂੰ ਸੁਣ ਰਹੇ ਹਨ, ਇਨ੍ਹਾਂ ਜੰਜ਼ੀਰਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ।”
30ਜਦੋਂ ਪੌਲੁਸ ਅਜੇ ਆਪਣੇ ਲਈ ਬੋਲ ਹੀ ਰਿਹਾ ਸੀ, ਤਾਂ ਰਾਜਾ ਉੱਠਿਆ, ਅਤੇ ਉਸ ਦੇ ਨਾਲ ਰਾਜਪਾਲ, ਬਰਨੀਸ ਅਤੇ ਉਨ੍ਹਾਂ ਦੇ ਨਾਲ ਬੈਠੇ ਲੋਕ ਉੱਠ ਖੜੇ ਹੋਏ। 31ਜਦੋਂ ਉਹ ਕਮਰੇ ਵਿੱਚੋਂ ਬਾਹਰ ਚਲੇ ਗਏ, ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, “ਇਹ ਆਦਮੀ ਅਜਿਹਾ ਕੁਝ ਨਹੀਂ ਕਰ ਰਿਹਾ ਜੋ ਮੌਤ ਜਾਂ ਕੈਦ ਦਾ ਹੱਕਦਾਰ ਹੋਵੇ।”
32ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਇਹ ਆਦਮੀ ਜੇ ਕੈਸਰ ਕੋਲ ਅਪੀਲ ਨਾ ਕਰਦਾ ਤਾਂ ਉਸ ਨੂੰ ਰਿਹਾ ਕੀਤਾ ਜਾ ਸਕਦਾ ਸੀ।”
നിലവിൽ തിരഞ്ഞെടുത്തിരിക്കുന്നു:
ਰਸੂਲਾਂ 26: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.