ਰਸੂਲਾਂ 2
2
ਪਵਿੱਤਰ ਆਤਮਾ ਦਾ ਪੰਤੇਕੁਸਤ ਤਿਉਹਾਰ ਤੇ ਉਤਰਨਾ
1ਜਦੋਂ ਪੰਤੇਕੁਸਤ ਦਾ ਦਿਨ ਆਇਆ, ਸਾਰੇ ਵਿਸ਼ਵਾਸੀ ਇੱਕ ਜਗ੍ਹਾ ਇਕੱਠੇ ਸਨ। 2ਇਕਦਮ ਅਕਾਸ਼ ਵਿੱਚੋਂ ਇੱਕ ਆਵਾਜ਼ ਆਈ ਜਿਵੇਂ ਇੱਕ ਤੇਜ਼ ਹਵਾ ਦੇ ਵਗਣ ਦੀ ਆਵਾਜ਼ ਹੁੰਦੀ ਹੈ ਅਤੇ ਸਾਰਾ ਘਰ ਭਰ ਗਿਆ ਜਿੱਥੇ ਉਹ ਬੈਠੇ ਸਨ। 3ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ। 4ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੇ ਯੋਗ ਬਣਾਇਆ।
5ਹੁਣ ਯੇਰੂਸ਼ਲੇਮ ਵਿੱਚ ਸਵਰਗ ਦੇ ਅਧੀਨ ਹਰ ਕੌਮ ਦੇ ਪਰਮੇਸ਼ਵਰ ਤੋਂ ਡਰਨ ਵਾਲੇ ਯਹੂਦੀ ਰਹਿ ਰਹੇ ਸਨ। 6ਜਦੋਂ ਉਨ੍ਹਾਂ ਨੇ ਇਹ ਆਵਾਜ਼ ਸੁਣੀ, ਤਾਂ ਭੀੜ ਦੇ ਲੋਕ ਹੈਰਾਨ ਹੋ ਗਏ, ਕਿਉਂਕਿ ਹਰ ਇੱਕ ਨੇ ਆਪਣੀ ਖੁਦ ਦੀ ਭਾਸ਼ਾ ਬੋਲਦੇ ਸੁਣਿਆ। 7ਬਹੁਤੇ ਹੈਰਾਨ ਹੋ ਕੇ ਇੱਕ-ਦੂਜੇ ਤੋਂ ਪੁੱਛਣ ਲੱਗੇ: “ਕੀ ਇਹ ਸਾਰੇ ਗਲੀਲੀ ਨਹੀਂ ਜੋ ਬੋਲ ਰਹੇ ਹਨ? 8ਫਿਰ ਇਹ ਕਿਵੇਂ ਹੈ ਕਿ ਸਾਡੇ ਵਿੱਚੋਂ ਹਰ ਕੋਈ ਉਨ੍ਹਾਂ ਨੂੰ ਆਪਣੀ ਹੀ ਮਾਂ ਭਾਸ਼ਾ ਵਿੱਚ ਬੋਲਦੇ ਸੁਣ ਰਿਹਾ ਹੈ? 9ਪਾਰਥੀ, ਮੇਦੀ ਅਤੇ ਇਲਾਮੀ; ਮੈਸੋਪਟਾਮਿਆ ਦੇ ਰਹਿਣ ਵਾਲੇ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ,#2:9 ਜੋ ਕਿ, ਉਸ ਨਾਮ ਨਾਲ ਰੋਮਨ ਪ੍ਰਾਂਤ ਨੂੰ ਬੁਲਾਇਆ ਜਾਦਾਂ ਸੀ 10ਫ਼ਰੂਗਿਯਾ ਅਤੇ ਪੈਮਫੀਲੀਆ, ਮਿਸਰ ਅਤੇ ਲਿਬੀਆ ਦੇ ਕੁਝ ਹਿੱਸੇ ਜੋ ਕੁਰੇਨੇ ਦੇ ਨੇੜੇ ਹੈ; ਰੋਮ ਤੋਂ ਯਾਤਰੀ 11ਦੋਵੇਂ ਯਹੂਦੀ ਅਤੇ ਯਹੂਦੀ ਧਰਮ ਵਿੱਚ ਤਬਦੀਲ ਹੋਏ ਲੋਕ ਸਨ; ਕਰੇਤੀ ਅਤੇ ਅਰਬੀ, ਅਸੀਂ ਉਨ੍ਹਾਂ ਨੂੰ ਆਪਣੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਪਰਮੇਸ਼ਵਰ ਦੇ ਚਮਤਕਾਰਾਂ ਬਾਰੇ ਦੱਸਦੇ ਸੁਣਿਆ ਹੈ!” 12ਹੈਰਾਨ ਅਤੇ ਅਚਰਜ਼ ਹੋ ਕੇ, ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਇਸ ਦਾ ਕੀ ਅਰਥ ਹੈ?”
13ਹਾਲਾਂਕਿ, ਕੁਝ ਦੂਸਰੇ ਲੋਕਾਂ ਨੇ ਵਿਸ਼ਵਾਸੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ, “ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।”
ਪਤਰਸ ਨੇ ਭੀੜ ਨੂੰ ਪ੍ਰਚਾਰ ਕੀਤਾ
14ਤਦ ਪਤਰਸ ਦੂਸਰੇ ਗਿਆਰਾਂ ਰਸੂਲਾਂ ਦੇ ਨਾਲ ਖੜਾ ਹੋਇਆ, ਉਸ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਭੀੜ ਨੂੰ ਬੋਲਦਿਆਂ ਕਿਹਾ: “ਹੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਯਹੂਦੀਓ, ਮੈਂ ਤੁਹਾਨੂੰ ਇਹ ਦੱਸਣਾ ਚਾਉਂਦਾ ਹਾਂ; ਜੋ ਮੈਂ ਕਹਿਣ ਜਾ ਰਿਹਾ ਹਾਂ ਤੁਸੀਂ ਬੜੇ ਧਿਆਨ ਨਾਲ ਮੇਰੀ ਸੁਣਨਾ। 15ਇਹ ਲੋਕ ਸ਼ਰਾਬੀ ਨਹੀਂ ਹਨ, ਜਿਵੇਂ ਤੁਸੀਂ ਸੋਚਦੇ ਹੋ। ਕਿਉਂ ਜੋ ਅਜੇ ਤਾਂ ਸਵੇਰੇ ਦੇ ਨੌਂ ਹੀ ਵਜੇ ਹਨ! 16ਨਹੀਂ, ਇਹ ਉਹ ਬਚਨ ਹੈ ਜੋ ਨਬੀ ਯੋਏਲ ਦੁਆਰਾ ਕਿਹਾ ਗਿਆ ਸੀ:
17“ ‘ਅੰਤ ਦੇ ਦਿਨਾਂ ਵਿੱਚ, ਪਰਮੇਸ਼ਵਰ ਆਖਦਾ ਹੈ,
ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ।
ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ,
ਤੁਹਾਡੇ ਜੁਆਨ ਦਰਸ਼ਣ ਵੇਖਣਗੇ,
ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।
18ਇੱਥੋਂ ਤੱਕ ਕਿ ਮੇਰੇ ਸੇਵਕਾਂ ਉੱਤੇ, ਆਦਮੀ ਅਤੇ ਔਰਤ ਦੋਹਾਂ ਤੇ,
ਮੈਂ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ,
ਅਤੇ ਉਹ ਭਵਿੱਖਬਾਣੀਆ ਕਰਨਗੇ।
19ਮੈਂ ਅਕਾਸ਼ ਵਿੱਚ ਅਨੋਖੇ ਚਿੰਨ੍ਹ
ਅਤੇ ਹੇਠਾਂ ਧਰਤੀ ਉੱਤੇ ਨਿਸ਼ਾਨ,
ਅਰਥਾਤ ਲਹੂ ਅਤੇ ਅੱਗ ਅਤੇ ਧੁੰਏਂ ਦੇ ਬੱਦਲ ਵਿਖਾਵਾਂਗਾ।
20ਸੂਰਜ ਹਨ੍ਹੇਰੇ ਵਿੱਚ ਬਦਲ ਜਾਵੇਗਾ
ਅਤੇ ਚੰਨ ਲਹੂ ਵਿੱਚ
ਪ੍ਰਭੂ ਦੇ ਮਹਾਨ ਅਤੇ ਪ੍ਰਤਾਪੀ ਦਿਨ ਦੇ ਆਉਣ ਤੋਂ ਪਹਿਲਾਂ।
21ਅਤੇ ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ
ਉਹ ਬਚਾਇਆ ਜਾਵੇਗਾ।’#2:21 ਯੋਏ 2:28-32
22“ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਕਿ ਯਿਸ਼ੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ਵਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨਾ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ਵਰ ਨੇ ਯਿਸ਼ੂ ਦੇ ਰਾਹੀਂ ਵਿਖਾਏ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ। 23ਇਹ ਯਿਸ਼ੂ ਜੋ ਪਰਮੇਸ਼ਵਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ; ਅਤੇ ਤੁਸੀਂ, ਦੁਸ਼ਟ ਮਨੁੱਖਾਂ#2:23 ਜਾਂ ਦੇ ਉਹ ਜਿਹਨਾਂ ਕੋਲ ਕਾਨੂੰਨ ਨਹੀਂ ਸਨ (ਅਰਥਾਤ ਗ਼ੈਰ-ਯਹੂਦੀ) ਦੀ ਸਹਾਇਤਾ ਨਾਲ, ਉਸ ਨੂੰ ਸਲੀਬ ਤੇ ਕਿੱਲਾ ਨਾਲ ਟੰਗ ਕੇ ਮਾਰ ਦਿੱਤਾ। 24ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸ ਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸ ਨੂੰ ਆਪਣੇ ਵੱਸ ਵਿੱਚ ਰੱਖ ਸਕੇ। 25ਇਸ ਲਈ ਦਾਵੀਦ ਰਾਜੇ ਨੇ ਜੋ ਉਸ ਦੇ ਬਾਰੇ ਕਿਹਾ ਹੈ:
“ ‘ਮੈਂ ਪ੍ਰਭੂ ਨੂੰ ਆਪਣੇ ਅੱਗੇ ਸਦਾ ਵੇਖਿਆ ਹੈ।
ਕਿਉਂਕਿ ਉਹ ਮੇਰੇ ਸੱਜੇ ਹੱਥ ਹੈ,
ਇਸ ਲਈ ਮੈਂ ਨਾ ਡੋਲਾਂਗਾ।
26ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ;
ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ,
27ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ,
ਨਾ ਹੀ ਆਪਣੇ ਪਵਿੱਤਰ ਦਾਸ ਨੂੰ ਸੜਨ ਦੇਵੇਂਗਾ।
28ਤੂੰ ਮੈਨੂੰ ਜ਼ਿੰਦਗੀ ਦੇ ਰਾਹ ਦੱਸੇ ਹਨ;
ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ।’#2:28 ਜ਼ਬੂ 16:8-11 (ਸੈਪਟੁਜਿੰਟ ਦੇਖੋ)
29“ਹੇ ਇਸਰਾਏਲੀ ਭਾਈਉ, ਮੈਂ ਸਾਡੇ ਪੁਰਖ ਦਾਵੀਦ ਰਾਜਾ ਦੇ ਵਿਖੇ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਮਰਿਆ ਤੇ ਦੱਬਿਆ ਗਿਆ, ਅਤੇ ਉਹ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ। 30ਪਰ ਉਹ ਇੱਕ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ਵਰ ਨੇ ਮੇਰੇ ਨਾਲ ਵਾਇਦੇ ਦੀ ਸਹੁੰ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।#2:30 ਜ਼ਬੂ 132:11 31ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਉਹ ਪਤਾਲ ਵਿੱਚ ਨਾ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ।#2:31 ਜ਼ਬੂ 16:10 32ਉਸ ਯਿਸ਼ੂ ਨੂੰ ਪਰਮੇਸ਼ਵਰ ਨੇ ਜਿਉਂਦਾ ਉੱਠਾਇਆ, ਅਤੇ ਜਿਸ ਦੇ ਅਸੀਂ ਸਭ ਗਵਾਹ ਹਾਂ। 33ਉਹ ਪਰਮੇਸ਼ਵਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਅਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਤੁਹਾਡੇ ਉੱਤੇ ਵਹਾ ਦਿੱਤਾ। 34ਕਿਉਂ ਜੋ ਦਾਵੀਦ ਸਵਰਗ ਵਿੱਚ ਉੱਪਰ ਉਠਾਇਆ ਨਾ ਗਿਆ, ਫਿਰ ਵੀ ਉਹ ਆਖਦਾ ਹੈ,
“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ:
“ਮੇਰੇ ਸੱਜੇ ਪਾਸੇ ਬੈਠੋ#2:34 ਜਿਵੇਂ ਕਿ ਵਰਤਮਾਨ ਪ੍ਰਸੰਗ ਵਿੱਚ ਪ੍ਰਯੋਗ ਕੀਤਾ ਗਿਆ ਪ੍ਰਭੂ ਪਿਤਾ ਪਰਮੇਸ਼ਵਰ ਹੈ ਅਤੇ ਮੇਰਾ ਪ੍ਰਭੂ ਯਿਸ਼ੂ ਨੂੰ ਦਰਸਾਉਂਦਾ ਹੈ; ਯਿਸ਼ੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਪਰਮੇਸ਼ਵਰ ਨੇ ਉਸ ਨੂੰ ਪ੍ਰਭੂ ਅਤੇ ਮਸੀਹਾ ਬਣਾਇਆ
35ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ
ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।” ’#2:35 ਜ਼ਬੂ 110:1
36“ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਇਹ ਗੱਲ ਪੱਕੀ ਜਾਣ ਲਵੇ: ਕਿ ਪਰਮੇਸ਼ਵਰ ਨੇ ਇਸ ਯਿਸ਼ੂ ਨੂੰ, ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਸੀ, ਉਸ ਨੂੰ ਪ੍ਰਭੂ ਅਤੇ ਮਸੀਹ ਦੋਨੋ ਹੀ ਠਹਿਰਾਇਆ।”
37ਜਦੋਂ ਲੋਕਾਂ ਨੇ ਇਹ ਸੁਣਿਆ, ਤਾਂ ਉਨ੍ਹਾਂ ਦੇ ਦਿਲ ਵਿੰਨੇ ਗਏ ਅਤੇ ਉਨ੍ਹਾਂ ਨੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, “ਹੇ ਭਾਈਉ ਅਸੀਂ ਕੀ ਕਰੀਏ?”
38ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ। 39ਕਿਉਂਕਿ ਇਹ ਵਾਇਦਾ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਲਈ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਦੂਰ ਹਨ, ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇਗਾ।”#2:39 ਯੋਏ 2:32
40ਹੋਰ ਬਹੁਤ ਸਾਰੇ ਸ਼ਬਦਾਂ ਨਾਲ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ; ਅਤੇ ਉਸ ਨੇ ਉਨ੍ਹਾਂ ਨੂੰ ਬੇਨਤੀ ਵੀ ਕੀਤੀ, “ਆਪਣੇ ਆਪ ਨੂੰ ਇਸ ਭ੍ਰਿਸ਼ਟ ਪੀੜ੍ਹੀ ਤੋਂ ਬਚਾਓ।” 41ਜਿਨ੍ਹਾਂ ਲੋਕਾਂ ਨੇ ਉਹ ਦਾ ਬਚਨ ਖੁਸ਼ੀ ਨਾਲ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ, ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿਸ਼ਵਾਸੀਆਂ ਦੇ ਨਾਲ ਮਿਲ ਗਏ।
ਵਿਸ਼ਵਾਸੀਆ ਦੀ ਸੰਗਤੀ
42ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ, ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। 43ਰਸੂਲਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਚਮਤਕਾਰਾਂ ਅਤੇ ਕਰਾਮਾਤਾਂ ਤੇ ਹਰ ਕੋਈ ਹੈਰਾਨ ਹੋ ਗਿਆ। 44ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਸਾਰਿਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ। 45ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ। 46ਹਰ ਦਿਨ ਉਹ ਹੈਕਲ#2:46 ਹੈਕਲ ਯਹੂਦੀਆਂ ਦਾ ਮੰਦਰ ਦੇ ਦਰਬਾਰਾਂ ਵਿੱਚ ਲਗਾਤਾਰ ਇਕੱਠੇ ਹੁੰਦੇ ਸਨ। ਉਹ ਘਰ-ਘਰ ਰੋਟੀ ਤੋੜਦੇ, ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ 47ਪਰਮੇਸ਼ਵਰ ਦੀ ਉਸਤਤ ਕਰਦੇ ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦੀ ਦਯਾ ਨਾਲ ਹਰੇਕ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਦੀ ਮੰਡਲੀ ਵਿੱਚ ਮਿਲਾ ਦਿੰਦਾ ਸੀ।
നിലവിൽ തിരഞ്ഞെടുത്തിരിക്കുന്നു:
ਰਸੂਲਾਂ 2: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.