ਰਸੂਲਾਂ 16
16
ਤਿਮੋਥਿਉਸ ਦਾ ਪੌਲੁਸ ਅਤੇ ਸੀਲਾਸ ਦੇ ਨਾਲ ਸ਼ਾਮਿਲ ਹੋਣਾ
1ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸ ਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸ ਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ। 2ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸ ਦੇ ਬਾਰੇ ਚੰਗੀਆਂ ਗੱਲਾਂ ਬੋਲੇ। 3ਇਸ ਲਈ ਪੌਲੁਸ ਤਿਮੋਥਿਉਸ ਨੂੰ ਆਪਣੀ ਯਾਤਰਾ ਦੌਰਾਨ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਦੀ ਸੁੰਨਤ ਕਰਵਾਈ। ਕਿਉਂਕਿ ਯਹੂਦੀ ਉਸ ਜਗ੍ਹਾ ਤੇ ਰਹਿੰਦੇ ਸਨ, ਉਹ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ। 4ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰ-ਨਗਰ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ। 5ਇਸ ਲਈ ਕਲੀਸਿਆ ਦੀ ਨਿਹਚਾ ਵਿੱਚ ਮਜ਼ਬੂਤੀ ਆਈ ਅਤੇ ਰੋਜ਼ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਵਧਦੀ ਗਈ।
ਪੌਲੁਸ ਨੂੰ ਮਕਦੂਨਿਯਾ ਦਾ ਦਰਸ਼ਨ
6ਪੌਲੁਸ ਅਤੇ ਉਸ ਦੇ ਸਾਥੀ ਫ਼ਰੂਗਿਯਾ ਅਤੇ ਗਲਾਤਿਆ ਪ੍ਰਾਂਤ ਦੇ ਸਾਰੇ ਇਲਾਕਿਆਂ ਵਿੱਚ ਗਏ, ਜਦੋਂ ਕਿ ਪਵਿੱਤਰ ਆਤਮਾ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਹੋਇਆ ਸੀ। 7ਜਦੋਂ ਉਹ ਮੁਸਿਯਾ ਖੇਤਰ ਦੀ ਸਰਹੱਦ ਤੇ ਪਹੁੰਚੇ, ਉਨ੍ਹਾਂ ਨੇ ਬਿਥੁਨਿਆ ਪ੍ਰਾਂਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਯਿਸ਼ੂ ਦੀ ਆਤਮਾ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ। 8ਇਸ ਲਈ ਉਹ ਮੁਸਿਯਾ ਦੇ ਕੋਲੋਂ ਲੰਘੇ ਅਤੇ ਹੇਠਾਂ ਤ੍ਰੋਆਸ ਸ਼ਹਿਰ ਵਿੱਚ ਗਏ। 9ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮਕਦੂਨਿਯਾ ਆਓ ਅਤੇ ਸਾਡੀ ਸਹਾਇਤਾ ਕਰੋ।” 10ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।
ਫ਼ਿਲਿੱਪੀ ਵਿੱਚ ਲੁਦਿਯਾ ਦਾ ਜੀਵਨ ਬਦਲਣਾ
11ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੋਥਰੇਸ ਟਾਪੂ ਨੂੰ ਆਏ, ਅਤੇ ਦੂਜੇ ਦਿਨ ਨੀਆਪੋਲਿਸ ਸ਼ਹਿਰ ਵੱਲ ਚਲੇ ਗਏ। 12ਫਿਰ ਉੱਥੋਂ ਅਸੀਂ ਫ਼ਿਲਿੱਪੀ ਸ਼ਹਿਰ ਵੱਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਰੋਮੀ ਬਸਤੀ ਅਤੇ ਮਕਦੂਨਿਯਾ ਦੇ ਉਸ ਜ਼ਿਲ੍ਹੇ ਦਾ ਪ੍ਰਮੁੱਖ ਸ਼ਹਿਰ ਸੀ। ਅਤੇ ਅਸੀਂ ਉੱਥੇ ਕਈ ਦਿਨ ਰਹੇ।
13ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਦਰਿਆ ਦੇ ਕੰਢੇ ਵੱਲ ਚਲੇ ਗਏ, ਜਿੱਥੇ ਸਾਨੂੰ ਉਮੀਦ ਸੀ ਕਿ ਸਾਨੂੰ ਇੱਕ ਪ੍ਰਾਰਥਨਾ ਕਰਨ ਦਾ ਸਥਾਨ ਮਿਲੇਗਾ। ਅਸੀਂ ਉੱਥੇ ਬੈਠ ਗਏ ਅਤੇ ਉਨ੍ਹਾਂ ਔਰਤਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਉੱਥੇ ਇਕੱਠੀਆਂ ਹੋਈਆਂ ਸਨ। 14ਉਨ੍ਹਾਂ ਸੁਣਨ ਵਾਲਿਆਂ ਵਿੱਚੋਂ ਇੱਕ ਥੂਆਤੀਰੇ ਸ਼ਹਿਰ ਦੀ ਇੱਕ ਔਰਤ ਸੀ ਜਿਸ ਦਾ ਨਾਮ ਲੁਦਿਯਾ ਸੀ, ਜੋ ਕਿ ਜਾਮਨੀ ਰੰਗ ਦੇ ਕੱਪੜੇ ਦਾ ਵਪਾਰ ਕਰਨ ਵਾਲੀ ਸੀ। ਉਹ ਪਰਮੇਸ਼ਵਰ ਦੀ ਉਪਾਸਕ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਜੋ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ। 15ਜਦੋਂ ਲੁਦਿਯਾ ਅਤੇ ਉਸ ਦੇ ਘਰ ਦੇ ਮੈਂਬਰਾਂ ਨੇ ਬਪਤਿਸਮਾ ਲਿਆ, ਉਸ ਨੇ ਸਾਨੂੰ ਆਪਣੇ ਘਰ ਬੁਲਾਉਣ ਲਈ ਸੱਦਾ ਦਿੱਤਾ। ਉਸ ਨੇ ਕਿਹਾ, “ਜੇ ਤੁਸੀਂ ਮੈਨੂੰ ਪ੍ਰਭੂ ਵਿੱਚ ਵਿਸ਼ਵਾਸਯੋਗ ਮੰਨਦੇ ਹੋ ਤੇ ਫਿਰ ਆਓ ਅਤੇ ਮੇਰੇ ਘਰ ਰਹੋ।” ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
ਪੌਲੁਸ ਅਤੇ ਸੀਲਾਸ ਕੈਦ ਵਿੱਚ
16ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ, ਤਾਂ ਸਾਨੂੰ ਇੱਕ ਨੌਕਰਾਣੀ ਮਿਲੀ ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ। 17ਪੌਲੁਸ ਅਤੇ ਸਾਡੇ ਮਗਰ ਆ ਕੇ ਆਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ, “ਕਿ ਇਹ ਲੋਕ ਅੱਤ ਮਹਾਨ ਪਰਮੇਸ਼ਵਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।” 18ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ। ਆਖਰ ਕਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸ਼ੂ ਮਸੀਹ ਦੇ ਨਾਮ ਨਾਲ ਹੁਕਮ ਦਿੰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ!” ਅਤੇ ਉਸੇ ਸਮੇਂ ਉਹ ਦੁਸ਼ਟ ਆਤਮਾ ਨਿੱਕਲ ਗਈ।
19ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਉਮੀਦ ਖ਼ਤਮ ਹੋ ਗਈ, ਤਾਂ ਉਹ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ। 20ਉਹ ਉਨ੍ਹਾਂ ਨੂੰ ਰੋਮੀ ਅਧਿਕਾਰੀ ਸਾਮ੍ਹਣੇ ਲਿਆਏ ਅਤੇ ਕਹਿਣ ਲੱਗੇ, “ਇਹ ਲੋਕ ਯਹੂਦੀ ਹਨ, ਅਤੇ ਸਾਡੇ ਸ਼ਹਿਰ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ 21ਅਤੇ ਸਾਨੂੰ ਅਜਿਹੀਆਂ ਗ਼ੈਰ ਕਾਨੂੰਨੀ ਰੀਤੀ ਰਿਵਾਜਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਅਭਿਆਸ ਕਰਨ ਦੇ ਯੋਗ ਨਹੀਂ।”
22ਤਦ ਲੋਕ ਮਿਲ ਕੇ ਪੌਲੁਸ ਅਤੇ ਸੀਲਾਸ ਦੇ ਵਿਰੁੱਧ ਉੱਠੇ, ਅਤੇ ਰੋਮੀ ਅਧਿਕਾਰੀ ਨੇ ਸਿਪਾਹੀਆਂ ਨੂੰ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਆਦੇਸ਼ ਦਿੱਤਾ। 23ਉਨ੍ਹਾਂ ਨੂੰ ਬੇਰਹਮੀ ਨਾਲ ਕੁੱਟਣ ਤੋਂ ਬਾਅਦ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਉਨ੍ਹਾਂ ਦੀ ਸਾਵਧਾਨੀ ਨਾਲ ਨਿਗਰਾਨੀ ਕਰਨ ਦਾ ਆਦੇਸ਼ ਦਿੱਤਾ ਗਿਆ। 24ਜਦੋਂ ਉਸ ਨੂੰ ਇਹ ਆਦੇਸ਼ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।
25ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ। 26ਅਚਾਨਕ ਇੱਕ ਅਜਿਹਾ ਭਿਆਨਕ ਭੁਚਾਲ ਆਇਆ ਕਿ ਜਿਸ ਦੇ ਨਾਲ ਜੇਲ੍ਹ ਦੀਆਂ ਨੀਂਹਾਂ ਹਿੱਲ ਗਈਆਂ। ਇੱਕੋ ਵੇਲੇ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਅਤੇ ਸਾਰਿਆਂ ਦੀਆਂ ਜੰਜ਼ੀਰਾਂ ਖੁੱਲ੍ਹ ਗਈਆਂ। 27ਦਰੋਗਾ ਜਾਗਿਆ, ਅਤੇ ਜਦੋਂ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਉਸ ਨੇ ਆਪਣੀ ਤਲਵਾਰ ਕੱਢ ਲਈ ਅਤੇ ਆਪਣੇ ਆਪ ਨੂੰ ਮਾਰਨ ਜਾ ਰਿਹਾ ਸੀ ਕਿਉਂਕਿ ਉਸ ਨੇ ਸੋਚਿਆ ਸੀ ਕਿ ਸਾਰੇ ਕੈਦੀ ਭੱਜ ਗਏ ਹੋਣਗੇ। 28ਪਰ ਪੌਲੁਸ ਨੇ ਜ਼ੋਰ ਨਾਲ ਬੋਲ ਕੇ ਆਖਿਆ, “ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ! ਅਸੀਂ ਸਾਰੇ ਇੱਥੇ ਹਾਂ!”
29ਜੇਲ੍ਹਰ ਨੇ ਰੋਸ਼ਨੀ ਜਗਾਉਣ ਲਈ ਕਿਹਾ, ਅਤੇ ਫਿਰ ਉਹ ਭੱਜ ਕੇ ਪੌਲੁਸ ਅਤੇ ਸੀਲਾਸ ਦੇ ਅੱਗੇ ਕੰਬਦਾ ਹੋਇਆ ਡਿੱਗ ਪਿਆ। 30ਤਦ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਪੁੱਛਿਆ, “ਸ਼੍ਰੀਮਾਨ ਜੀ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ?”
31ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕਰ, ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ।” 32ਤਦ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਘਰ ਦੇ ਸਾਰੇ ਹੋਰ ਲੋਕਾਂ ਨੂੰ ਪ੍ਰਭੂ ਦਾ ਬਚਨ ਸੁਣਾਇਆ। 33ਰਾਤ ਦੇ ਉਸ ਸਮੇਂ ਦਰੋਗਾ ਉਨ੍ਹਾਂ ਨੂੰ ਲੈ ਗਿਆ ਅਤੇ ਉਨ੍ਹਾਂ ਦੇ ਜ਼ਖਮ ਧੋਤੇ; ਤਦ ਉਸੇ ਵੇਲੇ ਹੀ ਉਸ ਨੇ ਅਤੇ ਉਸ ਦੇ ਘਰ ਦੇ ਸਾਰੇ ਲੋਕਾਂ ਨੇ ਬਪਤਿਸਮਾ ਲੈ ਲਿਆ। 34ਦਰੋਗਾ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਭੋਜਨ ਛਕਾਇਆ; ਅਤੇ ਉਸ ਨੇ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ।
35ਜਦੋਂ ਸਵੇਰ ਹੋਈ, ਤਾਂ ਹਾਕਮ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਨਾਲ ਦਰੋਗਾ ਕੋਲ ਭੇਜਿਆ: “ਕਿ ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦੇਣਾ।” 36ਦਰੋਗੇ ਨੇ ਪੌਲੁਸ ਨੂੰ ਕਿਹਾ, “ਦੰਡ ਅਧਿਕਾਰੀ ਨੇ ਆਦੇਸ਼ ਦਿੱਤਾ ਹੈ ਕਿ ਤੈਨੂੰ ਅਤੇ ਸੀਲਾਸ ਨੂੰ ਰਿਹਾਈ ਦਿੱਤੀ ਜਾਵੇ। ਹੁਣ ਤੁਸੀਂ ਸ਼ਾਂਤੀ ਨਾਲ ਜਾ ਸਕਦੇ ਹੋ।”
37ਪਰ ਪੌਲੁਸ ਨੇ ਅਧਿਕਾਰੀਆਂ ਨੂੰ ਕਿਹਾ: “ਉਨ੍ਹਾਂ ਨੇ ਬਿਨਾਂ ਕਿਸੇ ਮੁਕੱਦਮੇ ਦੇ ਸਾਨੂੰ ਸਾਰਿਆਂ ਨੂੰ ਕੁੱਟਿਆ, ਇੱਥੋਂ ਤੱਕ ਅਸੀਂ ਰੋਮੀ ਨਾਗਰਿਕ ਹਾਂ, ਅਤੇ ਸਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਅਤੇ ਹੁਣ ਕੀ ਉਹ ਸਾਨੂੰ ਚੁੱਪ-ਚਾਪ ਕਰਕੇ ਕਿਉਂ ਛੱਡ ਰਹੇ ਹਨ? ਨਹੀਂ! ਸਗੋਂ ਉਹ ਆਪ ਆ ਜਾਣ ਅਤੇ ਸਾਨੂੰ ਬਾਹਰ ਕੱਢ ਦੇਣ।”
38ਸਿਪਾਹੀਆਂ ਨੇ ਇਸ ਬਾਰੇ ਦੰਡ ਅਧਿਕਾਰੀ ਨੂੰ ਦੱਸਿਆ, ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪੌਲੁਸ ਅਤੇ ਸੀਲਾਸ ਰੋਮੀ ਨਾਗਰਿਕ ਹਨ, ਤਾਂ ਉਹ ਡਰ ਗਏ। 39ਉਹ ਉਨ੍ਹਾਂ ਨੂੰ ਮਨਾਉਣ ਲਈ ਆਏ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਿਕਲਣ, ਅਤੇ ਸ਼ਹਿਰ ਛੱਡ ਜਾਣ ਦੀ ਬੇਨਤੀ ਕੀਤੀ। 40ਪੌਲੁਸ ਅਤੇ ਸੀਲਾਸ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਉਹ ਲੁਦਿਯਾ ਦੇ ਘਰ ਗਏ, ਜਿੱਥੇ ਉਨ੍ਹਾਂ ਨੇ ਵਿਸ਼ਵਾਸੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਫਿਰ ਉਹ ਚਲੇ ਗਏ।
നിലവിൽ തിരഞ്ഞെടുത്തിരിക്കുന്നു:
ਰਸੂਲਾਂ 16: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.