ਲੂਕਾ 5
5
ਯਿਸੂ ਮਸੀਹ ਦੇ ਪਹਿਲੇ ਚੇਲੇ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਗੰਨੇਸਰਤ ਦੀ ਝੀਲ ਦੇ ਕਿਨਾਰੇ ਖੜ੍ਹਾ ਸੀ ਤਾਂ ਭੀੜ ਪਰਮੇਸ਼ਰ ਦਾ ਵਚਨ ਸੁਣਨ ਲਈ ਉਸ ਉੱਤੇ ਡਿੱਗਦੀ ਜਾਂਦੀ ਸੀ। 2ਤਦ ਉਸ ਨੇ ਝੀਲ ਦੇ ਕਿਨਾਰੇ ਦੋ ਕਿਸ਼ਤੀਆਂ ਖੜ੍ਹੀਆਂ ਵੇਖੀਆਂ ਅਤੇ ਮਛੇਰੇ ਉਨ੍ਹਾਂ ਵਿੱਚੋਂ ਉੱਤਰ ਕੇ ਜਾਲ਼ ਧੋ ਰਹੇ ਸਨ। 3ਉਸ ਨੇ ਉਨ੍ਹਾਂ ਕਿਸ਼ਤੀਆਂ ਵਿੱਚੋਂ ਇੱਕ 'ਤੇ ਜੋ ਸ਼ਮਊਨ ਦੀ ਸੀ, ਚੜ੍ਹ ਕੇ ਉਸ ਨੂੰ ਕਿਹਾ ਕਿ ਉਹ ਕਿਸ਼ਤੀ ਨੂੰ ਕਿਨਾਰੇ ਤੋਂ ਥੋੜ੍ਹਾ ਹਟਾ ਲਵੇ। ਤਦ ਉਹ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। 4ਜਦੋਂ ਉਹ ਬੋਲ ਹਟਿਆ ਤਾਂ ਸ਼ਮਊਨ ਨੂੰ ਕਿਹਾ,“ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਨ ਲਈ ਆਪਣੇ ਜਾਲ਼ ਪਾਓ।” 5ਸ਼ਮਊਨ ਨੇ ਕਿਹਾ, “ਸੁਆਮੀ, ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਹੀਂ ਫੜਿਆ, ਫਿਰ ਵੀ ਤੇਰੇ ਕਹਿਣ 'ਤੇ ਮੈਂ ਜਾਲ਼ ਪਾਵਾਂਗਾ।” 6ਜਦੋਂ ਉਨ੍ਹਾਂ ਇਹ ਕੀਤਾ ਤਾਂ ਵੱਡੀ ਗਿਣਤੀ ਵਿੱਚ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਪਾਟਣ ਲੱਗੇ। 7ਤਦ ਉਨ੍ਹਾਂ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਉੱਤੇ ਸਨ, ਇਸ਼ਾਰਾ ਕੀਤਾ ਕਿ ਉਹ ਆ ਕੇ ਉਨ੍ਹਾਂ ਦੀ ਮਦਦ ਕਰਨ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਐਨੀਆਂ ਭਰ ਲਈਆਂ ਕਿ ਉਹ ਡੁੱਬਣ ਲੱਗੀਆਂ। 8ਇਹ ਵੇਖ ਕੇ ਸ਼ਮਊਨ ਪਤਰਸ ਯਿਸੂ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਕਿਹਾ, “ਪ੍ਰਭੂ, ਮੇਰੇ ਕੋਲੋਂ ਚਲਾ ਜਾ, ਕਿਉਂ ਜੋ ਮੈਂ ਇੱਕ ਪਾਪੀ ਮਨੁੱਖ ਹਾਂ।” 9ਕਿਉਂਕਿ ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਸ ਦੇ ਸਾਰੇ ਸਾਥੀ ਹੈਰਾਨ ਸਨ 10ਅਤੇ ਇਸੇ ਤਰ੍ਹਾਂ ਸ਼ਮਊਨ ਦੇ ਸਾਥੀ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਹੈਰਾਨ ਸਨ। ਤਦ ਯਿਸੂ ਨੇ ਸ਼ਮਊਨ ਨੂੰ ਕਿਹਾ,“ਨਾ ਡਰ! ਹੁਣ ਤੋਂ ਤੂੰ ਮਨੁੱਖਾਂ ਨੂੰ ਫੜੇਂਗਾ।” 11ਉਹ ਕਿਸ਼ਤੀਆਂ ਕਿਨਾਰੇ ਉੱਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰੇ।
ਕੋੜ੍ਹੀ ਦਾ ਸ਼ੁੱਧ ਹੋਣਾ
12ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ, ਉੱਥੇ ਕੋੜ੍ਹ ਨਾਲ ਭਰਿਆ ਇੱਕ ਮਨੁੱਖ ਸੀ। ਉਸ ਨੇ ਯਿਸੂ ਨੂੰ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਬੇਨਤੀ ਕੀਤੀ, “ਪ੍ਰਭੂ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।” 13ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ,“ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!” ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ। 14ਉਸ ਨੇ ਉਹਨੂੰ ਹੁਕਮ ਦਿੱਤਾ ਕਿਕਿਸੇ ਨੂੰ ਨਾ ਦੱਸੀਂ, ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਆਗਿਆ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ। 15ਪਰ ਉਸ ਦੀ ਚਰਚਾ ਹੋਰ ਵੀ ਫੈਲਣ ਲੱਗੀ ਅਤੇ ਇੱਕ ਵੱਡੀ ਭੀੜ ਉਸ ਦੀ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗਾ ਹੋਣ ਲਈ ਇਕੱਠੀ ਹੁੰਦੀ ਸੀ। 16ਪਰ ਉਹ ਇਕਾਂਤ ਥਾਵਾਂ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ।
ਅਧਰੰਗੀ ਦਾ ਚੰਗਾ ਹੋਣਾ
17ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉਪਦੇਸ਼ ਦੇ ਰਿਹਾ ਸੀ ਅਤੇ ਫ਼ਰੀਸੀ ਅਤੇ ਬਿਵਸਥਾ ਦੇ ਸਿਖਾਉਣ ਵਾਲੇ ਜਿਹੜੇ ਯਹੂਦਿਯਾ, ਯਰੂਸ਼ਲਮ ਅਤੇ ਗਲੀਲ ਦੇ ਹਰੇਕ ਪਿੰਡ ਵਿੱਚੋਂ ਆਏ ਸਨ, ਉੱਥੇ ਬੈਠੇ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ। 18ਤਦ ਵੇਖੋ, ਕੁਝ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਚੁੱਕ ਕੇ ਲਿਆਏ ਅਤੇ ਉਸ ਨੂੰ ਅੰਦਰ ਲਿਜਾ ਕੇ ਯਿਸੂ ਦੇ ਅੱਗੇ ਰੱਖਣਾ ਚਾਹਿਆ, 19ਪਰ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲਿਜਾਣ ਦਾ ਕੋਈ ਰਾਹ ਨਾ ਮਿਲਿਆ ਤਾਂ ਉਨ੍ਹਾਂ ਛੱਤ ਉੱਤੇ ਚੜ੍ਹ ਕੇ ਖਪਰੈਲਾਂ ਹਟਾਈਆਂ ਅਤੇ ਉਸ ਨੂੰ ਮੰਜੀ ਸਮੇਤ ਵਿਚਕਾਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ। 20ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਨੇ ਕਿਹਾ,“ਮਨੁੱਖਾ, ਤੇਰੇ ਪਾਪ ਮਾਫ਼ ਹੋਏ।” 21ਤਦ ਫ਼ਰੀਸੀ ਅਤੇ ਸ਼ਾਸਤਰੀ ਵਿਚਾਰ ਕਰਨ ਲੱਗੇ, “ਇਹ ਕੌਣ ਹੈ ਜੋ ਪਰਮੇਸ਼ਰ ਦੀ ਨਿੰਦਾ ਕਰਦਾ ਹੈ? ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?” 22ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ,“ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਵਿਚਾਰ ਕਿਉਂ ਕਰ ਰਹੇ ਹੋ? 23ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’? 24ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਫਿਰ ਉਸ ਨੇ ਅਧਰੰਗੀ ਨੂੰ ਕਿਹਾ,“ਮੈਂ ਤੈਨੂੰ ਕਹਿੰਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਆਪਣੇ ਘਰ ਚਲਾ ਜਾ।” 25ਉਹ ਤੁਰੰਤ ਉਨ੍ਹਾਂ ਦੇ ਸਾਹਮਣਿਓਂ ਉੱਠਿਆ ਅਤੇ ਉਸ ਮੰਜੀ ਨੂੰ ਜਿਸ ਉੱਤੇ ਪਿਆ ਸੀ, ਚੁੱਕ ਕੇ ਪਰਮੇਸ਼ਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ। 26ਤਦ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੇ ਅਤੇ ਭੈਭੀਤ ਹੋ ਕੇ ਬੋਲੇ, “ਅੱਜ ਅਸੀਂ ਅਨੋਖੇ ਕੰਮ ਵੇਖੇ ਹਨ।”
ਲੇਵੀ ਦਾ ਬੁਲਾਇਆ ਜਾਣਾ
27ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਬਾਹਰ ਚਲਾ ਗਿਆ ਅਤੇ ਲੇਵੀ ਨਾਮਕ ਇੱਕ ਮਹਿਸੂਲੀਏ ਨੂੰ ਚੁੰਗੀ 'ਤੇ ਬੈਠਾ ਵੇਖਿਆ ਅਤੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।” 28ਤਦ ਉਹ ਸਭ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।
ਪਾਪੀਆਂ ਨਾਲ ਭੋਜਨ ਕਰਨਾ
29ਫਿਰ ਲੇਵੀ ਨੇ ਆਪਣੇ ਘਰ ਵਿੱਚ ਉਸ ਦੇ ਲਈ ਇੱਕ ਵੱਡੀ ਦਾਅਵਤ ਕੀਤੀ ਅਤੇ ਉੱਥੇ ਮਹਿਸੂਲੀਆਂ ਅਤੇ ਹੋਰਨਾਂ ਲੋਕਾਂ ਦੀ ਜਿਹੜੇ ਉਨ੍ਹਾਂ ਨਾਲ ਖਾਣ ਲਈ ਬੈਠੇ ਸਨ, ਇੱਕ ਵੱਡੀ ਭੀੜ ਜਮ੍ਹਾ ਸੀ। 30ਤਦ ਫ਼ਰੀਸੀ ਅਤੇ ਉਨ੍ਹਾਂ ਦੇ ਸ਼ਾਸਤਰੀ ਉਸ ਦੇ ਚੇਲਿਆਂ ਵਿਰੁੱਧ ਬੁੜਬੁੜਾ ਕੇ ਕਹਿਣ ਲੱਗੇ, “ਤੁਸੀਂ ਮਹਿਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦੇ-ਪੀਂਦੇ ਹੋ?” 31ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ; 32ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਲਈ ਬੁਲਾਉਣ ਆਇਆ ਹਾਂ।”
ਵਰਤ ਸੰਬੰਧੀ ਪ੍ਰਸ਼ਨ
33ਉਨ੍ਹਾਂ ਨੇ ਉਸ ਨੂੰ ਕਿਹਾ, “ਯੂਹੰਨਾ ਦੇ ਚੇਲੇ ਤਾਂ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ, ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਹਨ।” 34ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਤੁਸੀਂ ਉਨ੍ਹਾਂ ਤੋਂ ਵਰਤ ਰੱਖਵਾ ਸਕਦੇ ਹੋ? 35ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਨ੍ਹਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ।” 36ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ:“ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਨਹੀਂ ਤਾਂ ਨਵਾਂ ਪਾਟ ਜਾਵੇਗਾ ਅਤੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਵੀ ਨਹੀਂ ਖਾਵੇਗੀ। 37ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ, ਨਹੀਂ ਤਾਂ ਨਵੀਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਵਹਿ ਜਾਵੇਗੀ ਅਤੇ ਮਸ਼ਕਾਂ ਨਾਸ ਹੋ ਜਾਣਗੀਆਂ। 38ਪਰ ਨਵੀਂ ਮੈ ਨੂੰ ਨਵੀਆਂ ਮਸ਼ਕਾਂ ਵਿੱਚ ਹੀ ਭਰਨਾ ਚਾਹੀਦਾ ਹੈ।#5:38 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤਦ ਦੋਵੇਂ ਬਚੇ ਰਹਿਣਗੇ।” ਲਿਖਿਆ ਹੈ। 39ਕੋਈ ਵੀ ਪੁਰਾਣੀ ਮੈ ਪੀ ਕੇ ਨਵੀਂ ਦੀ ਇੱਛਾ ਨਹੀਂ ਕਰਦਾ; ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ’।”
നിലവിൽ തിരഞ്ഞെടുത്തിരിക്കുന്നു:
ਲੂਕਾ 5: PSB
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative