ਰਸੂਲ 24

24
ਪੌਲੁਸ ਦੇ ਉੱਤੇ ਦੋਸ਼
1ਪੰਜਾਂ ਦਿਨਾਂ ਬਾਅਦ ਹਨਾਨਿਯਾਹ ਮਹਾਂਯਾਜਕ ਕੁਝ ਬਜ਼ੁਰਗਾਂ#24:1 ਅਰਥਾਤ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਮਕ ਇੱਕ ਵਕੀਲ ਦੇ ਨਾਲ ਉੱਥੇ ਆਇਆ ਅਤੇ ਉਨ੍ਹਾਂ ਨੇ ਰਾਜਪਾਲ ਕੋਲ ਜਾ ਕੇ ਪੌਲੁਸ ਦੇ ਵਿਰੁੱਧ ਦੋਸ਼ ਲਾਏ। 2ਜਦੋਂ ਪੌਲੁਸ ਨੂੰ ਬੁਲਾਇਆ ਗਿਆ ਤਾਂ ਤਰਤੁੱਲੁਸ ਨੇ ਉਸ 'ਤੇ ਦੋਸ਼ ਲਾਉਂਦੇ ਹੋਏ ਗਵਰਨਰ ਨੂੰ ਕਿਹਾ, “ਸਾਡੀ ਕੌਮ ਨੂੰ ਤੁਹਾਡੇ ਦੁਆਰਾ ਬਹੁਤ ਸ਼ਾਂਤੀ ਮਿਲੀ ਹੈ ਅਤੇ ਤੁਹਾਡੀ ਦੂਰਦ੍ਰਿਸ਼ਟੀ ਦੇ ਕਰਕੇ ਕਾਫੀ ਸੁਧਾਰ ਹੋਏ ਹਨ। 3ਹੇ ਸਤਿਕਾਰਯੋਗ ਫ਼ੇਲਿਕਸ, ਅਸੀਂ ਇਸ ਗੱਲ ਨੂੰ ਪੂਰੇ ਧੰਨਵਾਦ ਸਹਿਤ ਹਰ ਥਾਂ ਹਰ ਤਰ੍ਹਾਂ ਨਾਲ ਸਵੀਕਾਰ ਕਰਦੇ ਹਾਂ। 4ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਾਡੀ ਥੋੜ੍ਹੀ ਜਿਹੀ ਗੱਲ ਸੁਣ ਲਵੋ, 5ਕਿਉਂਕਿ ਅਸੀਂ ਵੇਖਿਆ ਹੈ ਕਿ ਇਹ ਮਨੁੱਖ ਇੱਕ ਬਲਾ ਹੈ ਅਤੇ ਸੰਸਾਰ ਦੇ ਸਾਰੇ ਯਹੂਦੀਆਂ ਵਿੱਚ ਫੁੱਟ ਪਾਉਣ ਵਾਲਾ ਅਤੇ ਨਾਸਰੀਆਂ ਦੇ ਪੰਥ ਦਾ ਆਗੂ ਹੈ। 6ਇਸ ਨੇ ਹੈਕਲ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸ ਨੂੰ ਫੜ ਲਿਆ [ਅਤੇ ਆਪਣੀ ਬਿਵਸਥਾ ਦੇ ਅਨੁਸਾਰ ਇਸ ਦਾ ਨਿਆਂ ਕਰਨਾ ਚਾਹੁੰਦੇ ਸੀ। 7ਪਰ ਸੈਨਾਪਤੀ ਲੁਸਿਯਾਸ ਨੇ ਆ ਕੇ ਇਸ ਨੂੰ ਜ਼ਬਰਦਸਤੀ ਸਾਡੇ ਹੱਥੋਂ ਖੋਹ ਲਿਆ 8ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ।]#24:8 ਕੁਝ ਹਸਤਲੇਖਾਂ ਵਿੱਚ ਇਹ ਭਾਗ ਵੀ ਪਾਇਆ ਜਾਂਦਾ ਹੈ। ਤੁਸੀਂ ਇਨ੍ਹਾਂ ਸਭਨਾਂ ਗੱਲਾਂ ਬਾਰੇ ਇਸ ਦੀ ਜਾਂਚ ਕਰਕੇ ਆਪੇ ਜਾਣ ਜਾਓਗੇ ਕਿ ਅਸੀਂ ਇਸ 'ਤੇ ਕੀ ਦੋਸ਼ ਲਾਉਂਦੇ ਹਾਂ।” 9ਯਹੂਦੀਆਂ ਨੇ ਵੀ ਸਹਿਮਤ ਹੋ ਕੇ ਕਿਹਾ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ।
ਫ਼ੇਲਿਕਸ ਦੇ ਸਾਹਮਣੇ ਪੌਲੁਸ
10ਜਦੋਂ ਰਾਜਪਾਲ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂਕਾਰ ਹੋ, ਇਸ ਲਈ ਮੈਂ ਖੁਸ਼ੀ ਨਾਲ ਆਪਣਾ ਪੱਖ ਪੇਸ਼ ਕਰਦਾ ਹਾਂ। 11ਤੁਸੀਂ ਪਤਾ ਕਰ ਸਕਦੇ ਹੋ ਕਿ ਮੈਨੂੰ ਯਰੂਸ਼ਲਮ ਵਿੱਚ ਅਰਾਧਨਾ ਕਰਨ ਆਏ ਨੂੰ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ। 12ਇਨ੍ਹਾਂ ਨੇ ਮੈਨੂੰ ਕਿਸੇ ਨਾਲ ਬਹਿਸ ਕਰਦੇ ਜਾਂ ਲੋਕਾਂ ਵਿੱਚ ਦੰਗਾ ਕਰਵਾਉਂਦੇ ਨਹੀਂ ਵੇਖਿਆ; ਨਾ ਹੈਕਲ ਵਿੱਚ, ਨਾ ਸਭਾ-ਘਰਾਂ ਵਿੱਚ ਅਤੇ ਨਾ ਹੀ ਨਗਰ ਵਿੱਚ। 13ਨਾ ਹੀ ਇਹ ਉਨ੍ਹਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਸਾਬਤ ਕਰ ਸਕਦੇ ਹਨ ਜਿਨ੍ਹਾਂ ਦਾ ਦੋਸ਼ ਹੁਣ ਇਹ ਮੇਰੇ ਉੱਤੇ ਲਾ ਰਹੇ ਹਨ। 14ਪਰ ਇਹ ਮੈਂ ਤੁਹਾਡੇ ਸਾਹਮਣੇ ਮੰਨਦਾ ਹਾਂ ਕਿ ਉਸ ਪੰਥ ਦੇ ਅਨੁਸਾਰ ਜਿਸ ਨੂੰ ਇਹ ਕੁਪੰਥ ਕਹਿੰਦੇ ਹਨ, ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਰ ਦੀ ਉਪਾਸਨਾ ਕਰਦਾ ਹਾਂ ਅਤੇ ਉਨ੍ਹਾਂ ਸਾਰੀਆਂ ਗੱਲਾਂ 'ਤੇ ਵਿਸ਼ਵਾਸ ਕਰਦਾ ਹਾਂ ਜਿਹੜੀਆਂ ਬਿਵਸਥਾ ਦੇ ਅਨੁਸਾਰ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚ ਲਿਖੀਆਂ ਹਨ। 15ਮੈਂ ਪਰਮੇਸ਼ਰ ਵਿੱਚ ਆਸ ਰੱਖਦਾ ਹਾਂ ਜਿਵੇਂ ਇਹ ਆਪ ਵੀ ਰੱਖਦੇ ਹਨ ਕਿ ਧਰਮੀ ਅਤੇ ਅਧਰਮੀ ਦੋਹਾਂ ਦਾ#24:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੁਰਦਿਆਂ ਵਿੱਚੋਂ” ਲਿਖਿਆ ਹੈ। ਪੁਨਰ-ਉਥਾਨ ਹੋਵੇਗਾ। 16ਇਸ ਲਈ ਮੈਂ ਆਪ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਪਰਮੇਸ਼ਰ ਅਤੇ ਮਨੁੱਖਾਂ ਦੇ ਸਾਹਮਣੇ ਆਪਣੇ ਵਿਵੇਕ ਨੂੰ ਹਮੇਸ਼ਾ ਨਿਰਦੋਸ਼ ਰੱਖਾਂ। 17ਹੁਣ ਬਹੁਤ ਸਾਲਾਂ ਬਾਅਦ ਮੈਂ ਆਪਣੇ ਲੋਕਾਂ ਨੂੰ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਲਈ ਆਇਆ ਸੀ। 18ਇਨ੍ਹਾਂ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਅਤੇ ਨਾ ਤਾਂ ਮੇਰੇ ਨਾਲ ਭੀੜ ਸੀ ਅਤੇ ਨਾ ਹੀ ਰੌਲ਼ਾ। 19ਪਰ ਉੱਥੇ ਅਸਿਯਾ#24:19 ਏਸ਼ੀਆ ਦਾ ਪੱਛਮੀ ਹਿੱਸਾ ਦੇ ਕੁਝ ਯਹੂਦੀ ਸਨ ਜਿਨ੍ਹਾਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ, ਕਿਉਂਕਿ ਜੇ ਉਨ੍ਹਾਂ ਕੋਲ ਮੇਰੇ ਵਿਰੁੱਧ ਕੁਝ ਹੈ ਤਾਂ ਇੱਥੇ ਮੇਰੇ ਉੱਤੇ ਦੋਸ਼ ਲਾਉਂਦੇ। 20ਜਾਂ ਫਿਰ ਇਹ ਆਪੇ ਦੱਸਣ ਕਿ ਜਦੋਂ ਮੈਂ ਮਹਾਂਸਭਾ ਦੇ ਸਾਹਮਣੇ ਖੜ੍ਹਾ ਸੀ ਤਾਂ ਇਨ੍ਹਾਂ ਨੂੰ ਮੇਰੇ ਵਿੱਚ ਕੀ ਦੋਸ਼ ਲੱਭਾ? 21ਸਿਵਾਏ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਦੇ ਵਿਚਕਾਰ ਖੜ੍ਹੇ ਹੋ ਕੇ ਅਤੇ ਪੁਕਾਰ ਕੇ ਕਹੀ ਸੀ ਕਿ ਮੁਰਦਿਆਂ ਦੇ ਪੁਨਰ-ਉਥਾਨ ਦੇ ਵਿਖੇ ਅੱਜ ਤੁਹਾਡੇ ਸਾਹਮਣੇ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।”
ਫੈਸਲਾ ਟਾਲ ਦੇਣਾ
22ਪਰ#24:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਹ ਗੱਲਾਂ ਸੁਣ ਕੇ” ਲਿਖਿਆ ਹੈ। ਫ਼ੇਲਿਕਸ ਨੇ ਜਿਹੜਾ ਇਸ ਪੰਥ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ, “ਜਦੋਂ ਸੈਨਾਪਤੀ ਲੁਸਿਯਸ ਆਵੇਗਾ, ਉਦੋਂ ਮੈਂ ਤੁਹਾਡੀਆਂ ਗੱਲਾਂ ਦੇ ਵਿਖੇ ਫੈਸਲਾ ਸੁਣਾਵਾਂਗਾ।” 23ਫਿਰ ਉਸ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਪੌਲੁਸ ਨੂੰ ਕੁਝ ਖੁੱਲ੍ਹ ਦੇ ਕੇ ਪਹਿਰੇ ਵਿੱਚ ਹੀ ਰੱਖਿਆ ਜਾਵੇ ਅਤੇ ਉਸ ਦੇ ਆਪਣੇ ਲੋਕਾਂ ਨੂੰ#24:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕੋਲ ਆਉਣ ਤੋਂ ਜਾਂ” ਲਿਖਿਆ ਹੈ। ਉਸ ਦੀ ਸੇਵਾ ਕਰਨ ਤੋਂ ਨਾ ਰੋਕਿਆ ਜਾਵੇ। 24ਕੁਝ ਦਿਨਾਂ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਨਾਲ ਜਿਹੜੀ ਯਹੂਦਣ ਸੀ, ਆਇਆ ਅਤੇ ਪੌਲੁਸ ਨੂੰ ਸੱਦ ਕੇ ਮਸੀਹ ਯਿਸੂ ਵਿੱਚ ਵਿਸ਼ਵਾਸ ਦੇ ਵਿਖੇ ਉਸ ਕੋਲੋਂ ਸੁਣਿਆ। 25ਜਦੋਂ ਪੌਲੁਸ ਧਾਰਮਿਕਤਾ ਅਤੇ ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਦੱਸ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਕਿਹਾ, “ਹੁਣ ਜਾ! ਸਮਾਂ ਪਾ ਕੇ ਮੈਂ ਤੈਨੂੰ ਫਿਰ ਬੁਲਾਵਾਂਗਾ।” 26ਨਾਲ ਹੀ ਉਹ ਇਹ ਵੀ ਆਸ ਕਰ ਰਿਹਾ ਸੀ ਕਿ ਪੌਲੁਸ ਉਸ ਨੂੰ ਪੈਸਾ ਦੇਵੇਗਾ#24:26 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤਾਂਕਿ ਉਹ ਉਸ ਨੂੰ ਛੱਡ ਦੇਵੇ” ਲਿਖਿਆ ਹੈ।; ਸੋ ਇਸ ਕਰਕੇ ਵੀ ਉਹ ਉਸ ਨੂੰ ਬਾਰ-ਬਾਰ ਸੱਦ ਕੇ ਉਸ ਨਾਲ ਗੱਲਬਾਤ ਕਰਦਾ ਸੀ। 27ਜਦੋਂ ਦੋ ਸਾਲ ਬੀਤ ਗਏ ਤਾਂ ਫ਼ੇਲਿਕਸ ਦੇ ਥਾਂ ਪੁਰਕਿਯੁਸ ਫ਼ੇਸਤੁਸ ਰਾਜਪਾਲ ਬਣਿਆ, ਪਰ ਫ਼ੇਲਿਕਸ ਯਹੂਦੀਆਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।

നിലവിൽ തിരഞ്ഞെടുത്തിരിക്കുന്നു:

ਰਸੂਲ 24: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക