2 ਕੁਰਿੰਥੀਆਂ 8
8
ਖੁੱਲ੍ਹਦਿਲੀ ਨਾਲ ਦਾਨ ਦੇਣਾ
1ਹੇ ਭਰਾਵੋ, ਹੁਣ ਅਸੀਂ ਤੁਹਾਨੂੰ ਪਰਮੇਸ਼ਰ ਦੀ ਉਸ ਕਿਰਪਾ ਬਾਰੇ ਦੱਸਦੇ ਹਾਂ ਜੋ ਮਕਦੂਨਿਯਾ ਦੀ ਕਲੀਸਿਆਵਾਂ ਉੱਤੇ ਹੋਈ ਹੈ, 2ਕਿ ਕਸ਼ਟ ਦੀ ਵੱਡੀ ਪਰੀਖਿਆ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਅੱਤ ਗਰੀਬੀ ਨੇ ਉਨ੍ਹਾਂ ਦੀ ਖੁੱਲ੍ਹਦਿਲੀ ਨੂੰ ਹੋਰ ਵੀ ਵਧਾਇਆ। 3ਮੈਂ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਨੇ ਆਪਣੀ ਸਮਰੱਥਾ ਅਨੁਸਾਰ, ਬਲਕਿ ਸਮਰੱਥਾ ਤੋਂ ਵੀ ਵਧਕੇ ਸਵੈ-ਇੱਛਾ ਨਾਲ ਦਿੱਤਾ। 4ਉਹ ਬੜਾ ਜ਼ੋਰ ਦੇ ਕੇ ਸਾਨੂੰ ਬੇਨਤੀ ਕਰਦੇ ਰਹੇ ਕਿ#8:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਸੀਂ ਉਸ ਦਾਨ ਨੂੰ ਸਵੀਕਾਰ ਕਰੀਏ ਅਤੇ” ਲਿਖਿਆ ਹੈ। ਉਨ੍ਹਾਂ ਨੂੰ ਸੰਤਾਂ#8:4 ਅਰਥਾਤ ਯਹੂਦੀ ਵਿਸ਼ਵਾਸੀਆਂ ਦੀ ਸੇਵਾ ਵਿੱਚ ਸਾਂਝੀ ਹੋਣ ਦਾ ਮੌਕਾ ਦਿੱਤਾ ਜਾਵੇ 5ਅਤੇ ਉਨ੍ਹਾਂ ਸਾਡੀ ਆਸ ਤੋਂ ਵੀ ਵਧਕੇ ਪਰਮੇਸ਼ਰ ਦੀ ਇੱਛਾ ਨਾਲ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਪ੍ਰਤੀ ਅਤੇ ਫਿਰ ਸਾਡੇ ਪ੍ਰਤੀ ਸਮਰਪਿਤ ਕੀਤਾ। 6ਸੋ ਅਸੀਂ ਤੀਤੁਸ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਉਸ ਨੇ ਦਾਨ ਦੀ ਸੇਵਾ ਨੂੰ ਸ਼ੁਰੂ ਕੀਤਾ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਇਸ ਨੂੰ ਪੂਰਾ ਵੀ ਕਰੇ। 7ਹੁਣ ਜਿਸ ਤਰ੍ਹਾਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਵਿਸ਼ਵਾਸ, ਵਚਨ, ਗਿਆਨ ਅਤੇ ਹਰ ਤਰ੍ਹਾਂ ਦੇ ਉੱਦਮ ਵਿੱਚ ਅਤੇ ਤੁਹਾਡੇ ਪ੍ਰਤੀ ਸਾਡਾ ਜੋ ਪ੍ਰੇਮ ਹੈ ਉਸ ਵਿੱਚ ਵਧਦੇ ਜਾਂਦੇ ਹੋ, ਉਸੇ ਤਰ੍ਹਾਂ ਇਸ ਦਾਨ ਦੀ ਸੇਵਾ ਵਿੱਚ ਵੀ ਵਧਦੇ ਜਾਓ।
8ਮੈਂ ਇਹ ਹੁਕਮ ਦੇ ਤੌਰ 'ਤੇ ਨਹੀਂ, ਬਲਕਿ ਦੂਜਿਆਂ ਦੇ ਉੱਦਮ ਦੁਆਰਾ ਤੁਹਾਡੇ ਪ੍ਰੇਮ ਦੀ ਸਚਾਈ ਨੂੰ ਪਰਖਣ ਲਈ ਕਹਿੰਦਾ ਹਾਂ। 9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਕਿ ਉਹ ਧਨਵਾਨ ਹੁੰਦੇ ਹੋਏ ਵੀ ਤੁਹਾਡੇ ਲਈ ਕੰਗਾਲ ਬਣਿਆ ਤਾਂਕਿ ਉਸ ਦੇ ਕੰਗਾਲ ਹੋਣ ਦੁਆਰਾ ਤੁਸੀਂ ਧਨਵਾਨ ਹੋ ਜਾਓ। 10ਇਸ ਬਾਰੇ ਮੈਂ ਇੱਕ ਸਲਾਹ ਦਿੰਦਾ ਹਾਂ: ਇਹ ਤੁਹਾਡੇ ਲਈ ਲਾਭਦਾਇਕ ਹੈ ਜਿਨ੍ਹਾਂ ਪਿਛਲੇ ਸਾਲ ਤੋਂ ਨਾ ਕੇਵਲ ਇਸ ਸੇਵਾ ਨੂੰ ਸ਼ੁਰੂ ਕੀਤਾ, ਸਗੋਂ ਇਸ ਦੀ ਇੱਛਾ ਕਰਨ ਵਿੱਚ ਵੀ ਅੱਗੇ ਸੀ। 11ਹੁਣ ਤੁਸੀਂ ਇਸ ਸੇਵਾ ਨੂੰ ਪੂਰਾ ਵੀ ਕਰੋ ਤਾਂਕਿ ਜਿਸ ਤਰ੍ਹਾਂ ਇਸ ਦੀ ਇੱਛਾ ਕਰਨ ਲਈ ਉਤਸੁਕ ਸੀ ਉਸੇ ਤਰ੍ਹਾਂ ਜੋ ਤੁਹਾਡੇ ਕੋਲ ਹੈ ਉਸ ਵਿੱਚੋਂ ਇਸ ਨੂੰ ਪੂਰਾ ਵੀ ਕਰ ਸਕੋ। 12ਕਿਉਂਕਿ ਜੇ ਕਿਸੇ ਦੇ ਮਨ ਵਿੱਚ ਦਾਨ ਦੇਣ ਦੀ ਇੱਛਾ ਪਹਿਲਾਂ ਤੋਂ ਹੈ ਤਾਂ ਦਾਨ ਉਸੇ ਦੇ ਅਨੁਸਾਰ ਗ੍ਰਹਿਣਯੋਗ ਹੁੰਦਾ ਹੈ ਜੋ ਉਸ ਦੇ ਕੋਲ ਹੈ, ਨਾ ਕਿ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ। 13ਕਿਉਂ ਜੋ ਇਸ ਦਾ ਉਦੇਸ਼ ਦੂਜਿਆਂ ਨੂੰ ਅਰਾਮ ਅਤੇ ਤੁਹਾਨੂੰ ਕਸ਼ਟ ਦੇਣਾ ਨਹੀਂ, ਬਲਕਿ ਬਰਾਬਰੀ ਤੋਂ ਹੈ। 14ਇਸ ਵਰਤਮਾਨ ਸਮੇਂ ਵਿੱਚ ਤੁਹਾਡੀ ਬਹੁਤਾਇਤ ਉਨ੍ਹਾਂ ਦੀ ਥੁੜ੍ਹ ਨੂੰ ਪੂਰਾ ਕਰੇ ਤਾਂਕਿ ਉਨ੍ਹਾਂ ਦੀ ਬਹੁਤਾਇਤ ਵੀ ਤੁਹਾਡੀ ਥੁੜ੍ਹ ਨੂੰ ਪੂਰਾ ਕਰੇ, ਜਿਸ ਨਾਲ ਬਰਾਬਰੀ ਬਣੀ ਰਹੇ। 15ਜਿਵੇਂ ਲਿਖਿਆ ਹੈ:
ਜਿਸ ਨੇ ਬਹੁਤ ਇਕੱਠਾ ਕੀਤਾ
ਉਸ ਕੋਲ ਬਹੁਤ ਨਾ ਨਿੱਕਲਿਆ
ਅਤੇ ਜਿਸ ਨੇ ਘੱਟ ਇਕੱਠਾ ਕੀਤਾ
ਉਸ ਕੋਲ ਘੱਟ ਨਾ ਨਿੱਕਲਿਆ।
ਤੀਤੁਸ ਨੂੰ ਕੁਰਿੰਥੁਸ ਵਿੱਚ ਭੇਜਣਾ
16ਪਰਮੇਸ਼ਰ ਦਾ ਧੰਨਵਾਦ ਹੋਵੇ ਜਿਸ ਨੇ ਤੀਤੁਸ ਦੇ ਮਨ ਵਿੱਚ ਤੁਹਾਡੇ ਲਈ ਅਜਿਹਾ ਉਤਸ਼ਾਹ ਭਰਿਆ ਹੈ, 17ਕਿਉਂਕਿ ਉਸ ਨੇ ਸਾਡੀ ਬੇਨਤੀ ਮੰਨ ਲਈ ਅਤੇ ਹੋਰ ਜ਼ਿਆਦਾ ਉਤਸ਼ਾਹਿਤ ਹੋ ਕੇ ਸਵੈ-ਇੱਛਾ ਨਾਲ ਤੁਹਾਡੇ ਕੋਲ ਆ ਰਿਹਾ ਹੈ। 18ਅਸੀਂ ਉਸ ਦੇ ਨਾਲ ਉਸ ਭਾਈ ਨੂੰ ਭੇਜਿਆ ਹੈ ਜਿਸ ਦੀ ਪ੍ਰਸ਼ੰਸਾ ਖੁਸ਼ਖ਼ਬਰੀ ਦੇ ਪ੍ਰਚਾਰ ਕਰਕੇ ਸਾਰੀਆਂ ਕਲੀਸਿਆਵਾਂ ਵਿੱਚ ਹੁੰਦੀ ਹੈ। 19ਕੇਵਲ ਐਨਾ ਹੀ ਨਹੀਂ, ਬਲਕਿ ਕਲੀਸਿਆਵਾਂ ਵੱਲੋਂ ਉਸ ਨੂੰ ਨਿਯੁਕਤ ਕੀਤਾ ਗਿਆ ਹੈ ਕਿ ਉਹ ਇਸ ਦਾਨ ਦੀ ਸੇਵਾ ਵਿੱਚ ਸਾਡੇ ਨਾਲ ਜਾਵੇ ਜੋ ਅਸੀਂ ਪ੍ਰਭੂ ਦੀ ਮਹਿਮਾ ਲਈ ਅਤੇ ਆਪਣੇ ਉਤਸ਼ਾਹ ਨੂੰ ਪਰਗਟ ਕਰਨ ਲਈ ਕਰ ਰਹੇ ਹਾਂ। 20ਅਸੀਂ ਇਹ ਸਾਵਧਾਨੀ ਇਸ ਲਈ ਰੱਖਦੇ ਹਾਂ ਤਾਂਕਿ ਕੋਈ ਵੀ ਇਸ ਖੁੱਲ੍ਹੇ ਦਾਨ ਦੇ ਪ੍ਰਬੰਧ ਦੇ ਵਿਖੇ ਸਾਡੇ ਉੱਤੇ ਦੋਸ਼ ਨਾ ਲਾ ਸਕੇ, 21ਕਿਉਂਕਿ ਅਸੀਂ ਉਨ੍ਹਾਂ ਗੱਲਾਂ 'ਤੇ ਧਿਆਨ ਦਿੰਦੇ ਹਾਂ ਜਿਹੜੀਆਂ ਕੇਵਲ ਪ੍ਰਭੂ ਦੇ ਸਨਮੁੱਖ ਹੀ ਨਹੀਂ, ਸਗੋਂ ਮਨੁੱਖਾਂ ਦੇ ਸਨਮੁੱਖ ਵੀ ਭਲੀਆਂ ਹਨ। 22ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਵੀ ਭੇਜਿਆ ਹੈ ਜਿਸ ਨੂੰ ਅਸੀਂ ਕਈ ਵਾਰ ਪਰਖਿਆ ਅਤੇ ਬਹੁਤ ਸਾਰੀਆਂ ਗੱਲਾਂ ਵਿੱਚ ਉੱਦਮੀ ਪਾਇਆ; ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੈ। 23ਜੇ ਤੀਤੁਸ ਬਾਰੇ ਕਹਾਂ ਤਾਂ ਉਹ ਮੇਰਾ ਸਾਥੀ ਅਤੇ ਤੁਹਾਡਾ ਸਹਿਕਰਮੀ ਹੈ; ਜੇ ਆਪਣੇ ਭਾਈਆਂ ਬਾਰੇ ਕਹਾਂ ਤਾਂ ਉਹ ਕਲੀਸਿਆਵਾਂ ਦੇ ਸੰਦੇਸ਼ਵਾਹਕ ਅਤੇ ਮਸੀਹ ਦੀ ਮਹਿਮਾ ਹਨ। 24ਸੋ ਤੁਸੀਂ ਕਲੀਸਿਆਵਾਂ ਦੇ ਸਾਹਮਣੇ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਅਭਿਮਾਨ ਦਾ ਜੋ ਅਸੀਂ ਤੁਹਾਡੇ ਵਿਖੇ ਰੱਖਦੇ ਹਾਂ, ਪ੍ਰਮਾਣ ਦਿਓ।
നിലവിൽ തിരഞ്ഞെടുത്തിരിക്കുന്നു:
2 ਕੁਰਿੰਥੀਆਂ 8: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative