2 ਕੁਰਿੰਥੀਆਂ 5

5
ਸਵਰਗੀ ਘਰ
1ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਧਰਤੀ ਉੱਤਲਾ ਸਾਡਾ ਤੰਬੂ ਰੂਪੀ ਘਰ ਢਾਇਆ ਜਾਵੇਗਾ ਤਾਂ ਸਾਨੂੰ ਪਰਮੇਸ਼ਰ ਵੱਲੋਂ ਸਵਰਗ ਵਿੱਚ ਇੱਕ ਸਦੀਪਕ ਭਵਨ ਮਿਲੇਗਾ ਅਰਥਾਤ ਇੱਕ ਅਜਿਹਾ ਘਰ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਹੈ। 2ਇਸ ਤੰਬੂ ਰੂਪੀ ਘਰ ਵਿੱਚ ਅਸੀਂ ਕਰਾਹੁੰਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਪਹਿਨਣ ਦੀ ਤਾਂਘ ਰੱਖਦੇ ਹਾਂ; 3ਜੇ ਅਸੀਂ ਉਸ ਨੂੰ ਪਹਿਨਾਂਗੇ ਤਾਂ ਨੰਗੇ ਨਹੀਂ ਪਾਏ ਜਾਵਾਂਗੇ। 4ਅਸੀਂ ਜਿਹੜੇ ਇਸ ਤੰਬੂ ਵਿੱਚ ਰਹਿੰਦੇ ਹਾਂ ਬੋਝ ਹੇਠ ਦੱਬੇ ਹੋਏ ਕਰਾਹੁੰਦੇ ਹਾਂ; ਇਸ ਲਈ ਨਹੀਂ ਕਿ ਇਸ ਨੂੰ ਉਤਾਰਨਾ ਚਾਹੁੰਦੇ ਹਾਂ, ਸਗੋਂ ਇਸ ਉੱਤੇ ਹੋਰ ਨੂੰ ਪਹਿਨਣਾ ਚਾਹੁੰਦੇ ਹਾਂ ਤਾਂਕਿ ਜੋ ਮਰਨਹਾਰ ਹੈ ਉਹ ਜੀਵਨ ਦੁਆਰਾ ਨਿਗਲ ਲਿਆ ਜਾਵੇ 5ਅਤੇ ਇਸ ਦੇ ਲਈ ਸਾਨੂੰ ਤਿਆਰ ਕਰਨ ਵਾਲਾ ਉਹ ਪਰਮੇਸ਼ਰ ਹੈ ਜਿਸ ਨੇ ਆਪਣਾ ਆਤਮਾ ਬਿਆਨੇ ਦੇ ਤੌਰ 'ਤੇ ਸਾਨੂੰ ਦਿੱਤਾ।
6ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਅਤੇ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਸਰੀਰ ਰੂਪੀ ਘਰ ਵਿੱਚ ਹਾਂ ਉਦੋਂ ਤੱਕ ਹੀ ਪ੍ਰਭੂ ਤੋਂ ਦੂਰ ਹਾਂ। 7ਕਿਉਂ ਜੋ ਅਸੀਂ ਵੇਖਣ ਦੁਆਰਾ ਨਹੀਂ, ਸਗੋਂ ਵਿਸ਼ਵਾਸ ਦੁਆਰਾ ਚੱਲਦੇ ਹਾਂ। 8ਇਸ ਲਈ ਅਸੀਂ ਹੌਸਲਾ ਰੱਖਦੇ ਹਾਂ ਅਤੇ ਸਾਡੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਰੀਰ ਰੂਪੀ ਘਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਜਾ ਰਹੀਏ। 9ਸੋ ਸਾਡੀ ਅਭਿਲਾਸ਼ਾ ਇਹ ਹੈ ਕਿ ਭਾਵੇਂ ਕੋਲ ਰਹੀਏ ਭਾਵੇਂ ਦੂਰ, ਉਸ ਨੂੰ ਭਾਉਂਦੇ ਰਹੀਏ। 10ਕਿਉਂਕਿ ਸਾਨੂੰ ਸਭਨਾਂ ਨੂੰ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂਕਿ ਹਰੇਕ ਵਿਅਕਤੀ ਨੂੰ ਜੋ ਵੀ ਉਸ ਨੇ ਆਪਣੇ ਸਰੀਰ ਵਿੱਚ ਕੀਤਾ ਭਾਵੇਂ ਚੰਗਾ ਭਾਵੇਂ ਮਾੜਾ, ਉਸ ਦਾ ਫਲ ਦਿੱਤਾ ਜਾਵੇ।
11ਇਸ ਲਈ ਅਸੀਂ ਪ੍ਰਭੂ ਦਾ ਡਰ ਰੱਖਦੇ ਹੋਏ ਲੋਕਾਂ ਨੂੰ ਸਮਝਾਉਂਦੇ ਹਾਂ। ਅਸੀਂ ਪਰਮੇਸ਼ਰ ਦੇ ਸਾਹਮਣੇ ਪਰਗਟ ਹਾਂ ਅਤੇ ਮੈਨੂੰ ਆਸ ਹੈ ਕਿ ਤੁਹਾਡੇ ਵਿਵੇਕ ਦੇ ਅੱਗੇ ਵੀ ਪਰਗਟ ਹਾਂ। 12ਫਿਰ ਵੀ ਅਸੀਂ ਤੁਹਾਡੇ ਸਾਹਮਣੇ ਆਪਣੀ ਪ੍ਰਸ਼ੰਸਾ ਨਹੀਂ ਕਰਦੇ, ਬਲਕਿ ਤੁਹਾਨੂੰ ਸਾਡੇ ਨਮਿੱਤ ਘਮੰਡ ਕਰਨ ਦਾ ਮੌਕਾ ਦਿੰਦੇ ਹਾਂ ਤਾਂਕਿ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸਕੋ ਜਿਹੜੇ ਮਨ 'ਤੇ ਨਹੀਂ, ਸਗੋਂ ਬਾਹਰੀ ਵਿਖਾਵੇ 'ਤੇ ਘਮੰਡ ਕਰਦੇ ਹਨ। 13ਜੇ ਅਸੀਂ ਬੇਸੁੱਧ ਹਾਂ ਤਾਂ ਪਰਮੇਸ਼ਰ ਦੇ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ। 14ਮਸੀਹ ਦਾ ਪ੍ਰੇਮ ਸਾਨੂੰ ਮਜ਼ਬੂਰ ਕਰ ਦਿੰਦਾ ਹੈ, ਕਿਉਂਕਿ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਜੇ ਇੱਕ ਸਭਨਾਂ ਦੇ ਲਈ ਮਰਿਆ ਤਾਂ ਸਭ ਮਰੇ; 15ਕਿਉਂਕਿ ਉਹ ਸਭਨਾਂ ਦੇ ਲਈ ਮਰਿਆ ਤਾਂਕਿ ਜਿਹੜੇ ਜੀਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਜੀ ਉੱਠਿਆ।
ਮੇਲ-ਮਿਲਾਪ ਦੀ ਸੇਵਕਾਈ
16ਸੋ ਹੁਣ ਤੋਂ ਅਸੀਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਮਝਾਂਗੇ; ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਹੀ ਜਾਣਿਆ, ਪਰ ਹੁਣ ਅਸੀਂ ਉਸ ਨੂੰ ਉਸ ਤਰ੍ਹਾਂ ਨਹੀਂ ਜਾਣਦੇ। 17ਇਸ ਲਈ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ; ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਨਵਾਂ ਹੋ ਗਿਆ ਹੈ। 18ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਸ ਨੇ#5:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਮਸੀਹ ਦੇ ਦੁਆਰਾ ਆਪਣੇ ਨਾਲ ਸਾਡਾ ਮੇਲ-ਮਿਲਾਪ ਕੀਤਾ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਸੌਂਪੀ ਹੈ, 19ਅਰਥਾਤ ਪਰਮੇਸ਼ਰ ਨੇ ਮਸੀਹ ਵਿੱਚ ਹੋ ਕੇ ਆਪਣੇ ਨਾਲ ਸੰਸਾਰ ਦਾ ਮੇਲ-ਮਿਲਾਪ ਕਰ ਲਿਆ ਤੇ ਉਨ੍ਹਾਂ ਦੇ ਅਪਰਾਧ ਉਨ੍ਹਾਂ ਦੇ ਲੇਖੇ ਨਹੀਂ ਗਿਣੇ ਅਤੇ ਮੇਲ-ਮਿਲਾਪ ਦਾ ਸੰਦੇਸ਼ ਸਾਨੂੰ ਸੌਂਪਿਆ ਹੈ। 20ਸੋ ਅਸੀਂ ਮਸੀਹ ਦੇ ਰਾਜਦੂਤ ਹਾਂ, ਜਿਵੇਂ ਕਿ ਪਰਮੇਸ਼ਰ ਸਾਡੇ ਰਾਹੀਂ ਤੁਹਾਨੂੰ ਬੇਨਤੀ ਕਰ ਰਿਹਾ ਹੈ; ਅਸੀਂ ਮਸੀਹ ਦੀ ਵੱਲੋਂ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੇ ਨਾਲ ਮੇਲ-ਮਿਲਾਪ ਕਰ ਲਵੋ। 21ਉਸ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੇ ਲਈ ਪਾਪ ਠਹਿਰਾਇਆ ਤਾਂਕਿ ਅਸੀਂ ਉਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਬਣੀਏ।

നിലവിൽ തിരഞ്ഞെടുത്തിരിക്കുന്നു:

2 ਕੁਰਿੰਥੀਆਂ 5: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക