1 ਕੁਰਿੰਥੀਆਂ 7

7
ਵਿਆਹ ਸੰਬੰਧੀ ਪ੍ਰਸ਼ਨ
1ਹੁਣ ਉਨ੍ਹਾਂ ਗੱਲਾਂ ਦੇ ਵਿਖੇ ਜੋ ਤੁਸੀਂ#7:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੈਨੂੰ” ਲਿਖਿਆ ਹੈ। ਲਿਖੀਆਂ: ਆਦਮੀ ਲਈ ਚੰਗਾ ਹੈ ਕਿ ਔਰਤ ਨੂੰ ਨਾ ਛੂਹੇ, 2ਪਰ ਵਿਭਚਾਰ ਦੇ ਕਾਰਨ ਹਰੇਕ ਆਦਮੀ ਦੀ ਆਪਣੀ ਪਤਨੀ ਅਤੇ ਹਰੇਕ ਔਰਤ ਦਾ ਆਪਣਾ ਪਤੀ ਹੋਵੇ। 3ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ। 4ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤੀ ਨੂੰ ਹੈ; ਇਸੇ ਤਰ੍ਹਾਂ ਪਤੀ ਨੂੰ ਵੀ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤਨੀ ਨੂੰ ਹੈ। 5ਇੱਕ ਦੂਜੇ ਨੂੰ ਵੰਚਿਤ ਨਾ ਕਰੋ, ਪਰ ਕੇਵਲ ਕੁਝ ਸਮੇਂ ਲਈ ਆਪਸੀ ਰਜ਼ਾਮੰਦੀ ਨਾਲ ਅਲੱਗ ਹੋਵੋ ਤਾਂਕਿ ਤੁਸੀਂ#7:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਰਤ ਅਤੇ” ਲਿਖਿਆ ਹੈ। ਪ੍ਰਾਰਥਨਾ ਵਿੱਚ ਸਮਾਂ ਬਿਤਾ ਸਕੋ ਅਤੇ ਫੇਰ ਇਕੱਠੇ ਹੋ ਜਾਓ, ਕਿਤੇ ਅਜਿਹਾ ਨਾ ਹੋਵੇ ਕਿ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਪਰਤਾਵੇ। 6ਪਰ ਇਹ ਮੈਂ ਹਿਦਾਇਤ ਦੇ ਤੌਰ 'ਤੇ ਕਹਿੰਦਾ ਹਾਂ, ਹੁਕਮ ਦੇ ਤੌਰ 'ਤੇ ਨਹੀਂ। 7ਮੈਂ ਤਾਂ ਚਾਹੁੰਦਾ ਹਾਂ ਕਿ ਸਭ ਮੇਰੇ ਜਿਹੇ ਹੋਣ, ਪਰ ਹਰੇਕ ਨੂੰ ਪਰਮੇਸ਼ਰ ਤੋਂ ਆਪੋ-ਆਪਣਾ ਦਾਨ ਮਿਲਿਆ ਹੈ, ਕਿਸੇ ਨੂੰ ਇਹ ਅਤੇ ਕਿਸੇ ਨੂੰ ਉਹ।
ਵਿਆਹਿਆਂ ਅਤੇ ਅਣਵਿਆਹਿਆਂ ਨੂੰ ਸਲਾਹ
8ਅਣਵਿਆਹਿਆਂ ਅਤੇ ਵਿਧਵਾਵਾਂ ਨੂੰ ਮੈਂ ਇਹੋ ਕਹਿੰਦਾ ਹਾਂ ਕਿ ਜੇ ਉਹ ਮੇਰੇ ਜਿਹੇ ਰਹਿਣ ਤਾਂ ਉਨ੍ਹਾਂ ਲਈ ਚੰਗਾ ਹੈ। 9ਪਰ ਜੇ ਉਹ ਸੰਜਮ ਨਾ ਰੱਖ ਸਕਣ ਤਾਂ ਵਿਆਹ ਕਰ ਲੈਣ, ਕਿਉਂਕਿ ਕਾਮ-ਵਾਸਨਾ ਵਿੱਚ ਸੜਦੇ ਰਹਿਣ ਨਾਲੋਂ ਵਿਆਹ ਕਰ ਲੈਣਾ ਚੰਗਾ ਹੈ। 10ਪਰ ਜਿਹੜੇ ਵਿਆਹੇ ਹਨ ਉਨ੍ਹਾਂ ਨੂੰ ਮੈਂ ਇਹ ਹਿਦਾਇਤ ਦਿੰਦਾ ਹਾਂ, ਬਲਕਿ ਮੈਂ ਨਹੀਂ ਸਗੋਂ ਪ੍ਰਭੂ, ਕਿ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ। 11ਪਰ ਜੇ ਅਲੱਗ ਹੋ ਹੀ ਜਾਵੇ ਤਾਂ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਮੇਲ ਕਰ ਲਵੇ ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਤਿਆਗੇ। 12ਬਾਕੀਆਂ ਨੂੰ ਪ੍ਰਭੂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ ਕਿ ਜੇ ਕਿਸੇ ਭਾਈ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਉਸ ਨੂੰ ਨਾ ਤਿਆਗੇ। 13ਇਸੇ ਤਰ੍ਹਾਂ ਜੇ ਕਿਸੇ ਪਤਨੀ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ। 14ਕਿਉਂਕਿ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਠਹਿਰਿਆ ਅਤੇ ਅਵਿਸ਼ਵਾਸੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਠਹਿਰੀ, ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਠਹਿਰਦੇ, ਪਰ ਹੁਣ ਉਹ ਪਵਿੱਤਰ ਹਨ। 15ਪਰ ਜੇ ਅਵਿਸ਼ਵਾਸੀ ਅਲੱਗ ਹੁੰਦਾ ਹੈ ਤਾਂ ਉਸ ਨੂੰ ਅਲੱਗ ਹੋਣ ਦਿਓ। ਅਜਿਹੇ ਮਾਮਲਿਆਂ ਵਿੱਚ ਕੋਈ ਭਾਈ ਜਾਂ ਭੈਣ ਬੰਧਨ ਵਿੱਚ ਨਹੀਂ ਹੈ, ਪਰ ਪਰਮੇਸ਼ਰ ਨੇ ਸਾਨੂੰ#7:15 ਕੁਝ ਹਸਤਲੇਖਾਂ ਵਿੱਚ “ਸਾਨੂੰ” ਦੇ ਸਥਾਨ 'ਤੇ “ਤੁਹਾਨੂੰ” ਲਿਖਿਆ ਹੈ। ਮੇਲ-ਮਿਲਾਪ ਲਈ ਬੁਲਾਇਆ ਹੈ। 16ਕਿਉਂਕਿ ਹੇ ਪਤਨੀ, ਤੂੰ ਕਿਵੇਂ ਜਾਣਦੀ ਹੈਂ ਕਿ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਜਾਂ ਹੇ ਪਤੀ, ਤੂੰ ਕਿਵੇਂ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?
ਪਰਮੇਸ਼ਰ ਦੀ ਬੁਲਾਹਟ ਅਨੁਸਾਰ ਚੱਲੋ
17ਜਿਸ ਤਰ੍ਹਾਂ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੈ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਹਰੇਕ ਨੂੰ ਬੁਲਾਇਆ ਹੈ, ਉਹ ਉਸੇ ਤਰ੍ਹਾਂ ਚੱਲੇ; ਸਾਰੀਆਂ ਕਲੀਸਿਆਵਾਂ ਨੂੰ ਮੈਂ ਇਹੋ ਹਿਦਾਇਤ ਦਿੰਦਾ ਹਾਂ। 18ਜੇ ਕੋਈ ਸੁੰਨਤੀ ਬੁਲਾਇਆ ਗਿਆ ਹੈ ਤਾਂ ਉਹ ਅਸੁੰਨਤੀ ਨਾ ਬਣੇ। ਜੇ ਕੋਈ ਅਸੁੰਨਤੀ ਬੁਲਾਇਆ ਗਿਆ ਹੈ ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇ। 19ਨਾ ਸੁੰਨਤ ਕੁਝ ਹੈ ਅਤੇ ਨਾ ਹੀ ਅਸੁੰਨਤ ਕੁਝ ਹੈ, ਪਰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣਾ ਹੀ ਸਭ ਕੁਝ ਹੈ। 20ਹਰ ਕੋਈ ਜਿਸ ਬੁਲਾਹਟ ਨਾਲ ਬੁਲਾਇਆ ਗਿਆ ਉਸੇ ਵਿੱਚ ਬਣਿਆ ਰਹੇ। 21ਜੇ ਤੂੰ ਗੁਲਾਮ ਹੁੰਦੇ ਹੋਏ ਬੁਲਾਇਆ ਗਿਆ ਤਾਂ ਇਸ ਬਾਰੇ ਚਿੰਤਾ ਨਾ ਕਰ; ਪਰ ਜੇ ਤੂੰ ਅਜ਼ਾਦ ਹੋ ਸਕੇਂ ਤਾਂ ਇਹੋ ਕਰਨ ਦੀ ਕੋਸ਼ਿਸ਼ ਕਰ। 22ਕਿਉਂਕਿ ਜਿਹੜਾ ਗੁਲਾਮ ਹੁੰਦੇ ਹੋਏ ਪ੍ਰਭੂ ਵਿੱਚ ਬੁਲਾਇਆ ਗਿਆ ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਅਜ਼ਾਦ ਹੁੰਦੇ ਹੋਏ ਬੁਲਾਇਆ ਗਿਆ ਉਹ ਮਸੀਹ ਦਾ ਗੁਲਾਮ ਹੈ। 23ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ; ਮਨੁੱਖਾਂ ਦੇ ਗੁਲਾਮ ਨਾ ਬਣੋ। 24ਹੇ ਭਾਈਓ, ਹਰ ਕੋਈ ਜਿਸ ਹਾਲਤ ਵਿੱਚ ਬੁਲਾਇਆ ਗਿਆ ਉਸੇ ਹਾਲਤ ਵਿੱਚ ਪਰਮੇਸ਼ਰ ਦੇ ਸਨਮੁੱਖ ਬਣਿਆ ਰਹੇ।
ਅਣਵਿਆਹੇ ਅਤੇ ਵਿਧਵਾਵਾਂ
25ਕੁਆਰੀਆਂ ਦੇ ਵਿਖੇ ਮੇਰੇ ਕੋਲ ਪ੍ਰਭੂ ਦੀ ਕੋਈ ਆਗਿਆ ਨਹੀਂ ਹੈ; ਪਰ ਪ੍ਰਭੂ ਦੀ ਦਇਆ ਨਾਲ ਵਿਸ਼ਵਾਸਯੋਗ ਹੋਣ ਕਰਕੇ ਮੈਂ ਸਲਾਹ ਦਿੰਦਾ ਹਾਂ। 26ਵਰਤਮਾਨ ਕਸ਼ਟ ਦੇ ਕਾਰਨ ਮੈਂ ਇਸ ਗੱਲ ਨੂੰ ਚੰਗਾ ਸਮਝਦਾ ਹਾਂ ਕਿ ਆਦਮੀ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਰਹੇ। 27ਜੇ ਤੇਰੀ ਪਤਨੀ ਹੈ ਤਾਂ ਉਸ ਤੋਂ ਅਲੱਗ ਹੋਣ ਦੀ ਇੱਛਾ ਨਾ ਕਰ; ਜੇ ਤੂੰ ਪਤਨੀ ਤੋਂ ਅਲੱਗ ਹੋ ਗਿਆ ਹੈਂ ਤਾਂ ਦੁਬਾਰਾ ਪਤਨੀ ਦੀ ਇੱਛਾ ਨਾ ਕਰ। 28ਪਰ ਜੇ ਤੂੰ ਵਿਆਹ ਕਰੇਂ ਤਾਂ ਤੂੰ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ, ਪਰ ਇਹੋ ਜਿਹਿਆਂ ਨੂੰ ਸਰੀਰ ਵਿੱਚ ਦੁੱਖ ਭੋਗਣਾ ਪਵੇਗਾ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ। 29ਹੇ ਭਾਈਓ, ਮੈਂ ਕਹਿੰਦਾ ਹਾਂ ਕਿ ਸਮਾਂ ਘਟਾਇਆ ਗਿਆ ਹੈ; ਇਸ ਲਈ ਪਤਨੀਆਂ ਵਾਲੇ ਹੁਣ ਤੋਂ ਇਸ ਤਰ੍ਹਾਂ ਰਹਿਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ; 30ਰੋਣ ਵਾਲੇ ਇਸ ਤਰ੍ਹਾਂ ਜਿਵੇਂ ਨਹੀਂ ਰੋਂਦੇ; ਅਨੰਦ ਕਰਨ ਵਾਲੇ ਇਸ ਤਰ੍ਹਾਂ ਜਿਵੇਂ ਅਨੰਦ ਨਹੀਂ ਕਰਦੇ; ਖਰੀਦਣ ਵਾਲੇ ਇਸ ਤਰ੍ਹਾਂ ਜਿਵੇਂ ਉਨ੍ਹਾਂ ਕੋਲ ਕੁਝ ਨਹੀਂ ਹੈ; 31ਸੰਸਾਰ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਇਸ ਤਰ੍ਹਾਂ, ਜਿਵੇਂ ਵਰਤੋਂ ਨਹੀਂ ਕਰਦੇ, ਕਿਉਂਕਿ ਸੰਸਾਰ ਦਾ ਤੌਰ ਤਰੀਕਾ ਬੀਤਦਾ ਜਾਂਦਾ ਹੈ। 32ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਅਣਵਿਆਹਿਆ ਵਿਅਕਤੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਖੁਸ਼ ਕਰੇ। 33ਪਰ ਜਿਹੜਾ ਵਿਆਹਿਆ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਖੁਸ਼ ਕਰੇ 34ਅਤੇ ਉਸ ਦਾ ਧਿਆਨ ਵੰਡਿਆ ਜਾਂਦਾ ਹੈ। ਇੱਕ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਸਰੀਰ ਅਤੇ ਆਤਮਾ, ਦੋਹਾਂ ਵਿੱਚ ਪਵਿੱਤਰ ਰਹੇ। ਪਰ ਵਿਆਹੀ ਹੋਈ ਔਰਤ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ। 35ਮੈਂ ਇਹ ਤੁਹਾਡੇ ਲਾਭ ਲਈ ਕਹਿੰਦਾ ਹਾਂ ਨਾ ਕਿ ਤੁਹਾਨੂੰ ਬੰਧਨ ਵਿੱਚ ਪਾਉਣ ਲਈ ਕਿ ਉਚਿਤ ਹੈ ਜੋ ਤੁਸੀਂ ਮਨ ਦੀ ਇਕਾਗਰਤਾ ਨਾਲ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ।
36ਜੇ ਕੋਈ ਇਹ ਸੋਚੇ ਕਿ ਉਹ ਆਪਣੀ ਕੁਆਰੀ ਲੜਕੀ ਦਾ ਵਿਆਹ ਨਾ ਕਰਕੇ ਜਿਸ ਦੀ ਵਿਆਹ ਦੀ ਉਮਰ ਲੰਘ ਰਹੀ ਹੈ, ਉਸ ਨਾਲ ਅਨਿਆਂ ਕਰ ਰਿਹਾ ਹੈ ਅਤੇ ਉਸ ਨੂੰ ਵਿਆਹੁਣਾ ਜ਼ਰੂਰੀ ਹੈ, ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ। ਉਹ ਉਸ ਦਾ ਵਿਆਹ ਕਰ ਦੇਵੇ, ਇਹ ਕੋਈ ਪਾਪ ਨਹੀਂ ਹੈ।#7:36 ਜਾਂ “ਜੇ ਕੋਈ ਸੋਚਦਾ ਹੈ ਕਿ ਉਹ ਆਪਣੀ ਮੰਗੇਤਰ ਦੇ ਪ੍ਰਤੀ ਅਨਿਆਂ ਕਰ ਰਿਹਾ ਹੈ ਜਿਸ ਦੇ ਵਿਆਹ ਦੀ ਉਮਰ ਨਿੱਕਲ ਰਹੀ ਹੈ ਅਤੇ ਅਜਿਹੀ ਜ਼ਰੂਰਤ ਵੀ ਹੈ, ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ। ਉਹ ਵਿਆਹ ਕਰ ਲੈਣ, ਇਹ ਪਾਪ ਨਹੀਂ ਹੈ।” 37ਪਰ ਜਿਹੜਾ ਆਪਣੇ ਮਨ ਵਿੱਚ ਦ੍ਰਿੜ੍ਹ ਹੈ ਅਤੇ ਲੋੜ ਨਹੀਂ ਸਮਝਦਾ, ਸਗੋਂ ਆਪਣੀ ਇੱਛਾ ਦਾ ਮਾਲਕ ਹੈ ਤੇ ਉਸ ਨੇ ਆਪਣੇ ਮਨ ਵਿੱਚ ਠਾਣ ਲਿਆ ਹੈ ਕਿ ਮੈਂ ਉਸ ਨੂੰ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰਦਾ ਹੈ।#7:37 ਜਾਂ “ਪਰ ਉਹ ਜਿਹੜਾ ਮਜ਼ਬੂਰ ਹੋਏ ਬਿਨਾਂ ਆਪਣੇ ਮਨ ਵਿੱਚ ਦ੍ਰਿੜ੍ਹ ਰਹਿੰਦਾ ਹੈ ਅਤੇ ਆਪਣੀ ਇੱਛਾ ਉੱਤੇ ਵੱਸ ਰੱਖਦਾ ਹੈ ਅਤੇ ਜਿਸ ਨੇ ਆਪਣੇ ਮਨ ਵਿੱਚ ਆਪਣੀ ਮੰਗੇਤਰ ਨੂੰ ਇਸੇ ਤਰ੍ਹਾਂ ਰੱਖਣ ਦਾ ਠਾਣਿਆ ਹੋਵੇ, ਉਹ ਚੰਗਾ ਹੀ ਕਰਦਾ ਹੈ।” 38ਇਸ ਲਈ ਜਿਹੜਾ ਆਪਣੀ ਕੁਆਰੀ ਲੜਕੀ ਨੂੰ ਵਿਆਹ ਦਿੰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਨਹੀਂ ਵਿਆਹੁੰਦਾ ਉਹ ਹੋਰ ਵੀ ਚੰਗਾ ਕਰਦਾ ਹੈ।#7:38 ਜਾਂ “ਇਸ ਲਈ ਜਿਹੜਾ ਆਪਣੀ ਮੰਗੇਤਰ ਨਾਲ ਵਿਆਹ ਕਰ ਲੈਂਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਚੰਗਾ ਕਰਦਾ ਹੈ।”
39ਇੱਕ ਔਰਤ ਆਪਣੇ ਪਤੀ ਨਾਲ ਉਦੋਂ ਤੱਕ ਬੱਝੀ ਹੈ ਜਦੋਂ ਤੱਕ ਉਹ#7:39 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਿਵਸਥਾ ਦੁਆਰਾ” ਲਿਖਿਆ ਹੈ। ਜੀਉਂਦਾ ਹੈ। ਪਰ ਜੇ ਪਤੀ ਮਰ ਜਾਵੇ ਤਾਂ ਉਹ ਅਜ਼ਾਦ ਹੈ ਕਿ ਜਿਸ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ। 40ਫਿਰ ਵੀ ਮੈਂ ਸੋਚਦਾ ਹਾਂ ਕਿ ਉਹ ਜਿਸ ਤਰ੍ਹਾਂ ਹੈ ਜੇ ਉਸੇ ਤਰ੍ਹਾਂ ਰਹੇ ਤਾਂ ਹੋਰ ਵੀ ਚੰਗੀ ਰਹੇਗੀ। ਮੈਂ ਸਮਝਦਾ ਹਾਂ ਕਿ ਪਰਮੇਸ਼ਰ ਦਾ ਆਤਮਾ ਮੇਰੇ ਵਿੱਚ ਵੀ ਹੈ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 7: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക