1 ਕੁਰਿੰਥੀਆਂ 1
1
ਸਲਾਮ
1ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹੋਣ ਲਈ ਬੁਲਾਇਆ ਗਿਆ ਅਤੇ ਭਾਈ ਸੋਸਥਨੇਸ ਵੱਲੋਂ; 2ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਉਨ੍ਹਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਗਏ ਹਨ ਅਤੇ ਉਨ੍ਹਾਂ ਸਭਨਾਂ ਦੇ ਨਾਲ ਸੰਤ#1:2 ਅਰਥਾਤ ਪਵਿੱਤਰ ਲੋਕ ਹੋਣ ਲਈ ਬੁਲਾਏ ਗਏ ਹਨ ਜਿਹੜੇ ਹਰ ਥਾਂ ਉਨ੍ਹਾਂ ਦੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ; 3ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਧੰਨਵਾਦ
4ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਲਈ ਜਿਹੜੀ ਮਸੀਹ ਯਿਸੂ ਵਿੱਚ ਤੁਹਾਨੂੰ ਬਖਸ਼ੀ ਗਈ, ਹਮੇਸ਼ਾ ਤੁਹਾਡੇ ਵਿਖੇ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ 5ਕਿ ਤੁਸੀਂ ਮਸੀਹ ਦੇ ਦੁਆਰਾ ਹਰੇਕ ਗੱਲ ਅਰਥਾਤ ਸਾਰੇ ਵਚਨ ਅਤੇ ਸਾਰੇ ਗਿਆਨ ਵਿੱਚ ਧਨੀ ਕੀਤੇ ਗਏ 6ਜਿਵੇਂ ਕਿ ਤੁਹਾਡੇ ਵਿੱਚ ਮਸੀਹ ਦੀ ਗਵਾਹੀ ਸਾਬਤ ਵੀ ਹੋਈ। 7ਇੱਥੋਂ ਤੱਕ ਕਿ ਤੁਹਾਨੂੰ ਕਿਸੇ ਵਰਦਾਨ ਦੀ ਕਮੀ ਨਹੀਂ ਹੈ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ। 8ਪਰਮੇਸ਼ਰ ਤੁਹਾਨੂੰ ਅੰਤ ਤੱਕ ਦ੍ਰਿੜ੍ਹ ਵੀ ਰੱਖੇਗਾ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਠਹਿਰੋ। 9ਪਰਮੇਸ਼ਰ ਵਫ਼ਾਦਾਰ ਹੈ; ਉਸੇ ਦੇ ਦੁਆਰਾ ਤੁਸੀਂ ਉਸ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤੀ ਵਿੱਚ ਬੁਲਾਏ ਗਏ ਹੋ।
ਕੁਰਿੰਥੁਸ ਦੀ ਕਲੀਸਿਯਾ ਵਿੱਚ ਫੁੱਟ
10ਹੇ ਭਾਈਓ, ਮੈਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹਰ ਗੱਲ ਵਿੱਚ ਸਹਿਮਤ ਹੋਵੋ ਅਤੇ ਤੁਹਾਡੇ ਵਿੱਚ ਫੁੱਟਾਂ ਨਾ ਹੋਣ, ਸਗੋਂ ਤੁਸੀਂ ਇੱਕ ਮਨ ਅਤੇ ਇੱਕ ਵਿਚਾਰ ਹੋ ਕੇ ਆਪਸ ਵਿੱਚ ਮਿਲੇ ਰਹੋ। 11ਕਿਉਂਕਿ ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਕਲੋਏ ਦੇ ਘਰ ਦਿਆਂ ਤੋਂ ਪਤਾ ਲੱਗਾ ਹੈ ਕਿ ਤੁਹਾਡੇ ਵਿਚਕਾਰ ਝਗੜੇ ਹੁੰਦੇ ਹਨ। 12ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ”, ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੇਫ਼ਾਸ ਦਾ ਹਾਂ” ਜਾਂ “ਮੈਂ ਮਸੀਹ ਦਾ ਹਾਂ।” 13ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ 'ਤੇ ਚੜ੍ਹਾਇਆ ਗਿਆ ਜਾਂ ਪੌਲੁਸ ਦੇ ਨਾਮ ਵਿੱਚ ਤੁਹਾਨੂੰ ਬਪਤਿਸਮਾ ਦਿੱਤਾ ਗਿਆ? 14ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਤੋਂ ਇਲਾਵਾ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ, 15ਤਾਂਕਿ ਕੋਈ ਇਹ ਨਾ ਕਹੇ ਕਿ ਤੁਹਾਨੂੰ ਮੇਰੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ; 16ਹਾਂ, ਮੈਂ ਸਤਫਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ, ਪਰ ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਕਿ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ, 17ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ; ਉਹ ਵੀ ਸ਼ਬਦਾਂ ਦੇ ਗਿਆਨ ਨਾਲ ਨਹੀਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਠਹਿਰੇ।
ਮਸੀਹ: ਪਰਮੇਸ਼ਰ ਦਾ ਗਿਆਨ ਅਤੇ ਸਮਰੱਥਾ
18ਸਲੀਬ ਦਾ ਸੰਦੇਸ਼ ਨਾਸ ਹੋਣ ਵਾਲਿਆਂ ਲਈ ਮੂਰਖਤਾ ਹੈ, ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ। 19ਕਿਉਂਕਿ ਲਿਖਿਆ ਹੈ:ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ ਨੂੰ ਵਿਅਰਥ ਠਹਿਰਾਵਾਂਗਾ।#ਯਸਾਯਾਹ 29:14 20ਕਿੱਥੇ ਹੈ ਬੁੱਧਵਾਨ? ਕਿੱਥੇ ਹੈ ਸ਼ਾਸਤਰੀ? ਕਿੱਥੇ ਹੈ ਇਸ ਯੁਗ ਦਾ ਵਿਵਾਦੀ? ਕੀ ਪਰਮੇਸ਼ਰ ਨੇ ਇਸ ਸੰਸਾਰ ਦੇ ਗਿਆਨ ਨੂੰ ਮੂਰਖਤਾ ਨਹੀਂ ਠਹਿਰਾਇਆ? 21ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ। 22ਕਿਉਂਕਿ ਯਹੂਦੀ ਚਿੰਨ੍ਹ ਮੰਗਦੇ ਹਨ ਅਤੇ ਯੂਨਾਨੀ ਗਿਆਨ ਭਾਲਦੇ ਹਨ; 23ਪਰ ਅਸੀਂ ਸਲੀਬ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜਾ ਯਹੂਦੀਆਂ ਲਈ ਠੋਕਰ ਅਤੇ ਪਰਾਈਆਂ ਕੌਮਾਂ#1:23 ਕੁਝ ਹਸਤਲੇਖਾਂ ਵਿੱਚ “ਪਰਾਈਆਂ ਕੌਮਾਂ” ਦੇ ਸਥਾਨ 'ਤੇ “ਯੂਨਾਨੀਆਂ” ਲਿਖਿਆ ਹੈ। ਲਈ ਮੂਰਖਤਾ ਹੈ, 24ਪਰ ਉਨ੍ਹਾਂ ਲਈ ਜਿਹੜੇ ਬੁਲਾਏ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਗਿਆਨ ਹੈ। 25ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਰ ਦੀ ਨਿਰਬਲਤਾ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।
ਪ੍ਰਭੂ ਵਿੱਚ ਘਮੰਡ
26ਹੇ ਭਾਈਓ, ਆਪਣੀ ਬੁਲਾਹਟ ਨੂੰ ਸਮਝੋ ਕਿ ਤੁਸੀਂ ਜਿਹੜੇ ਬੁਲਾਏ ਗਏ, ਤੁਹਾਡੇ ਵਿੱਚੋਂ ਬਹੁਤੇ ਨਾ ਤਾਂ ਸਰੀਰਕ ਤੌਰ 'ਤੇ ਗਿਆਨਵਾਨ, ਨਾ ਬਲਵੰਤ ਅਤੇ ਨਾ ਹੀ ਬਹੁਤ ਰੁਤਬੇ ਵਾਲੇ ਸਨ, 27ਸਗੋਂ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਿਆਂ ਕਰੇ ਅਤੇ ਪਰਮੇਸ਼ਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਕਿ ਬਲਵੰਤਾਂ ਨੂੰ ਸ਼ਰਮਿੰਦਿਆਂ ਕਰੇ 28ਅਤੇ ਪਰਮੇਸ਼ਰ ਨੇ ਸੰਸਾਰ ਦੇ ਮਹੱਤਵਹੀਣ ਅਤੇ ਤੁੱਛ ਲੋਕਾਂ ਨੂੰ ਅਰਥਾਤ ਉਨ੍ਹਾਂ ਨੂੰ ਜਿਹੜੇ ਹਨ ਹੀ ਨਹੀਂ, ਚੁਣ ਲਿਆ ਕਿ ਉਨ੍ਹਾਂ ਨੂੰ ਜਿਹੜੇ ਹਨ, ਵਿਅਰਥ ਠਹਿਰਾਵੇ, 29ਤਾਂਕਿ ਕੋਈ ਪ੍ਰਾਣੀ ਪਰਮੇਸ਼ਰ ਦੇ ਸਨਮੁੱਖ ਘਮੰਡ ਨਾ ਕਰੇ। 30ਤੁਸੀਂ ਪਰਮੇਸ਼ਰ ਦੇ ਕਰਕੇ ਮਸੀਹ ਯਿਸੂ ਵਿੱਚ ਹੋ ਜਿਹੜਾ ਸਾਡੇ ਲਈ ਪਰਮੇਸ਼ਰ ਦੀ ਵੱਲੋਂ ਗਿਆਨ, ਧਾਰਮਿਕਤਾ, ਪਵਿੱਤਰਤਾ ਅਤੇ ਛੁਟਕਾਰਾ ਠਹਿਰਾਇਆ ਗਿਆ, 31ਜਿਵੇਂ ਲਿਖਿਆ ਹੈ: “ਜੋ ਕੋਈ ਘਮੰਡ ਕਰੇ ਉਹ ਪ੍ਰਭੂ ਵਿੱਚ ਘਮੰਡ ਕਰੇ।”#ਯਿਰਮਿਯਾਹ 9:23-24
നിലവിൽ തിരഞ്ഞെടുത്തിരിക്കുന്നു:
1 ਕੁਰਿੰਥੀਆਂ 1: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative