ਜ਼ਕਰ 9
9
ਗੁਆਂਢੀ ਰਾਜਾ ਦਾ ਨਿਆਂ
1ਯਹੋਵਾਹ ਦਾ ਬਚਨ ਇਦਰਾਕ ਦੇਸ ਦੇ ਵਿਰੁੱਧ ਅਤੇ ਜਿਹੜਾ ਦੰਮਿਸ਼ਕ ਸ਼ਹਿਰ ਉੱਤੇ ਵੀ ਪਵੇਗਾ। ਕਿਉਂ ਜੋ ਆਦਮ ਵੰਸ਼ ਦੀਆਂ ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ। 2ਅਤੇ ਹਮਾਥ ਵੱਲ ਜਿਹੜਾ ਉਸ ਦੇ ਨੇੜੇ ਹੈ ਅਤੇ ਸੂਰ ਅਤੇ ਸੀਦੋਨ ਵੱਲ ਵੀ ਕਿਉਂ ਜੋ ਉਹ ਬਹੁਤ ਬੁੱਧਵਾਨ ਹਨ। 3ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਗੂੰ ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਗੂੰ ਢੇਰਾਂ ਦੇ ਢੇਰ ਲਾ ਲਏ। 4ਵੇਖੋ, ਪ੍ਰਭੂ ਉਸ ਦੀ ਮਿਲਖ਼ ਨੂੰ ਖੋਹ ਲਵੇਗਾ, ਉਸ ਦੀ ਸ਼ਕਤੀ ਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ ਅਤੇ ਉਹ ਅੱਗ ਨਾਲ ਖਾਧਾ ਜਾਵੇਗਾ। 5ਅਸ਼ਕਲੋਨ ਸ਼ਹਿਰ ਵੇਖੇਗਾ ਅਤੇ ਡਰ ਜਾਵੇਗਾ, ਅੱਜ਼ਾਹ ਸ਼ਹਿਰ ਵੀ ਕਿਉਂ ਜੋ ਉਹ ਨੂੰ ਡਾਢੀ ਪੀੜ ਲੱਗੇਗੀ ਅਤੇ ਅਕਰੋਨ ਸ਼ਹਿਰ ਵੀ ਕਿਉਂ ਜੋ ਉਹ ਦਾ ਭਰੋਸਾ ਟੁੱਟ ਜਾਵੇਗਾ, ਅੱਜ਼ਾਹ ਸ਼ਹਿਰ ਵਿੱਚੋਂ ਰਾਜਾ ਮਿਟ ਜਾਵੇਗਾ, ਅਸ਼ਕਲੋਨ ਸ਼ਹਿਰ ਉਜਾੜ ਹੋ ਜਾਵੇਗਾ। 6ਦੋਗਲੇ ਅਸ਼ਦੋਦ ਵਿੱਚ ਵੱਸਣਗੇ, ਮੈਂ ਫ਼ਲਿਸਤੀਆਂ ਦੇ ਘਮੰਡ ਨੂੰ ਮੁਕਾ ਦਿਆਂਗਾ। 7ਮੈਂ ਉਸ ਦਾ ਲਹੂ ਉਸ ਦੇ ਮੂੰਹ ਤੋਂ ਅਤੇ ਉਸ ਦੀਆਂ ਘਿਣਾਉਣੀਆਂ ਵਸਤਾਂ ਉਸ ਦੇ ਦੰਦਾਂ ਵਿੱਚੋਂ ਕੱਢ ਲਵਾਂਗਾ, ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ ਹੋਵੇਗਾ, ਯਹੂਦਾਹ ਵਿੱਚ ਇੱਕੋ ਹਾਕਮ ਵਾਂਗੂੰ ਹੋਵੇਗਾ ਅਤੇ ਅਕਰੋਨ ਯਬੂਸੀਆਂ ਵਾਂਗੂੰ ਹੋਵੇਗਾ। 8ਮੈਂ ਆਪਣੇ ਘਰ ਦੀ ਰਾਖੀ ਲਈ ਡੇਰਾ ਲਾਵਾਂਗਾ ਕਿ ਕੋਈ ਆ ਜਾ ਨਾ ਸਕੇ, ਫੇਰ ਕੋਈ ਦੁੱਖ ਦੇਣ ਵਾਲਾ ਉਹਨਾਂ ਦੇ ਵਿਰੁੱਧ ਨਾ ਲੰਘੇਗਾ, ਕਿਉਂ ਜੋ ਹੁਣ ਤਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਹੈ।
ਸੀਯੋਨ ਦਾ ਆਉਣ ਵਾਲਾ ਰਾਜਾ
9ਹੇ ਸੀਯੋਨ ਦੀ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੈ। 10ਮੈਂ ਇਫ਼ਰਾਈਮ ਤੋਂ ਰਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਵੱਢ ਸੁੱਟਾਂਗਾ, ਲੜਾਈ ਦਾ ਧਣੁੱਖ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੱਕ ਹੋਵੇਗੀ। 11ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਗੁਲਾਮਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ। 12ਹੇ ਆਸਵੰਦ ਗੁਲਾਮੋ, ਗੜ੍ਹ ਨੂੰ ਮੁੜ ਜਾਓ! ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ। 13ਮੈਂ ਯਹੂਦਾਹ ਨੂੰ ਆਪਣੇ ਲਈ ਧਣੁੱਖ ਵਾਂਗੂੰ ਝੁਕਾਇਆ ਹੈ ਅਤੇ ਇਫ਼ਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ, ਹੇ ਸੀਯੋਨ ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ, ਹਾਂ ਤੇਰੇ ਪੁੱਤਰਾਂ ਦੇ ਵਿਰੁੱਧ, ਹੇ ਯਾਵਾਨ, ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਗੂੰ ਬਣਾਵਾਂਗਾ। 14ਯਹੋਵਾਹ ਉਹਨਾਂ ਉੱਤੇ ਵਿਖਾਈ ਦੇਵੇਗਾ, ਉਸ ਦਾ ਤੀਰ ਬਿਜਲੀ ਵਾਂਗੂੰ ਬਾਹਰ ਨਿੱਕਲੇਗਾ, ਪ੍ਰਭੂ ਯਹੋਵਾਹ ਤੁਰ੍ਹੀ ਫੂਕੇਗਾ, ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ। 15ਸੈਨਾਂ ਦਾ ਯਹੋਵਾਹ ਉਹਨਾਂ ਨੂੰ ਢੱਕ ਲਵੇਗਾ, ਉਹ ਖਾਣਗੇ ਅਤੇ ਗੁਲੇਲ ਦੇ ਪੱਥਰਾਂ ਨੂੰ ਮਿੱਧਣਗੇ, ਉਹ ਪੀਣਗੇ ਅਤੇ ਸ਼ਰਾਬੀਆਂ ਵਾਂਗੂੰ ਰੌਲ਼ਾ ਪਾਉਣਗੇ, ਉਹ ਕਟੋਰਿਆਂ ਵਾਂਗੂੰ ਅਤੇ ਜਗਵੇਦੀ ਦੇ ਖੂੰਜਿਆਂ ਵਾਂਗੂੰ ਭਰ ਜਾਣਗੇ। 16ਉਸ ਦਿਨ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਨੂੰ ਬਚਾਵੇਗਾ, ਆਪਣੀ ਪਰਜਾ ਦੇ ਇੱਜੜ ਵਾਂਗੂੰ, ਉਹ ਮੁਕਟ ਦੇ ਜਵਾਹਰ ਵਾਂਗੂੰ ਹੋਣਗੇ, ਉਹ ਉਸ ਦੀ ਭੂਮੀ ਉੱਤੇ ਚਮਕਣਗੇ, ਕਿਉਂ ਜੋ ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ। 17ਉਸ ਦੀ ਸੁੰਦਰਤਾ ਵੀ ਕਿੰਨੀ ਵੱਡੀ ਹੈ! ਅੰਨ ਜੁਆਨਾਂ ਨੂੰ, ਨਵੀਂ ਮੈਂ ਕੁਆਰੀਆਂ ਨੂੰ ਰਿਸ਼ਟ-ਪੁਸ਼ਟ ਕਰੇਗੀ।
നിലവിൽ തിരഞ്ഞെടുത്തിരിക്കുന്നു:
ਜ਼ਕਰ 9: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.