ਓਬਦਯਾਹ 1
1
ਅਦੋਮ ਨੂੰ ਸਜ਼ਾ
1ਓਬਦਯਾਹ ਦਾ ਦਰਸ਼ਣ l ਪ੍ਰਭੂ ਯਹੋਵਾਹ ਅਦੋਮ ਦੇ ਵਿਖੇ ਇਹ ਫ਼ਰਮਾਉਂਦਾ ਹੈ, ਅਸੀਂ ਯਹੋਵਾਹ ਵੱਲੋਂ ਖ਼ਬਰ ਸੁਣੀ, ਅਤੇ ਇੱਕ ਸੰਦੇਸ਼ ਵਾਹਕ ਕੌਮਾਂ ਵਿੱਚ ਇਹ ਆਖਣ ਲਈ ਭੇਜਿਆ ਗਿਆ, ਉੱਠ! ਅਸੀਂ ਉਸ ਨਾਲ ਲੜਨ ਲਈ ਉੱਠ ਖੜ੍ਹੇ ਹੋਈਏ! 2ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ, ਤੇਰੇ ਤੋਂ ਡਾਢੀ ਘਿਣ ਕੀਤੀ ਗਈ ਹੈ! 3ਹੇ ਚੱਟਾਨਾਂ ਦੀਆਂ ਦਰਾਰਾਂ ਵਿੱਚ ਵੱਸਣ ਵਾਲੇ! ਜਿਸ ਦਾ ਠਿਕਾਣਾ ਉਚਿਆਈ ਵਿੱਚ ਹੈ, ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੂੰ ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾ? 4ਭਾਵੇਂ ਤੂੰ ਉਕਾਬ ਵਾਂਗੂੰ ਉੱਚਾ ਚੜ੍ਹ ਜਾਵੇਂ, ਭਾਵੇਂ ਤੇਰਾ ਆਲ੍ਹਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।
5ਜੇਕਰ ਰਾਤ ਨੂੰ ਤੇਰੇ ਕੋਲ ਚੋਰ ਅਤੇ ਡਾਕੂ ਵੀ ਆਉਣ (ਤੂੰ ਕਿਵੇਂ ਬਰਬਾਦ ਕੀਤਾ ਗਿਆ) ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ? 6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ! 7ਤੇਰੇ ਨਾਲ ਨੇਮ ਬੰਨ੍ਹਣ ਵਾਲੇ ਸਾਰੇ ਸਾਥੀਆਂ ਨੇ ਤੈਨੂੰ ਤੇਰੀ ਦੇਸ ਦੀ ਹੱਦ ਤੱਕ ਧੱਕ ਦਿੱਤਾ ਅਤੇ ਤੇਰੇ ਸੁੱਖ ਦੇ ਸਾਰੇ ਮੇਲੀਆਂ ਨੇ ਤੈਨੂੰ ਧੋਖਾ ਦਿੱਤਾ ਅਤੇ ਤੇਰੇ ਉੱਤੇ ਪਰਬਲ ਹੋ ਗਏ, ਜੋ ਤੇਰੀ ਰੋਟੀ ਖਾਂਦੇ ਹਨ ਉਹ ਤੇਰੇ ਹੇਠ ਫੰਦਾ ਲਾਉਂਦੇ ਹਨ, ਉਹ ਦੇ ਵਿੱਚ ਕੋਈ ਸਮਝ ਨਹੀਂ ਹੈ। 8ਯਹੋਵਾਹ ਦਾ ਵਾਕ ਹੈ, “ਕੀ ਮੈਂ ਉਸ ਦਿਨ ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ।” 9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ!
ਅਦੋਮ ਨੂੰ ਸਜ਼ਾ ਦੇਣ ਦਾ ਕਾਰਨ
10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੂਬ ਨਾਲ ਕੀਤਾ, ਸ਼ਰਮਿੰਦਗੀ ਤੈਨੂੰ ਢੱਕ ਲਵੇਗੀ, ਤੂੰ ਸਦਾ ਲਈ ਨਾਸ ਹੋ ਜਾਵੇਂਗਾ। 11ਉਸ ਦਿਨ ਤੂੰ ਦੂਰ ਖੜ੍ਹਾ ਸੀ, ਜਿਸ ਦਿਨ ਪਰਾਏ ਉਹ ਦਾ ਮਾਲ-ਧਨ ਲੁੱਟ ਕੇ ਲੈ ਗਏ ਅਤੇ ਓਪਰੇ ਉਹ ਦੇ ਫਾਟਕਾਂ ਰਾਹੀਂ ਅੰਦਰ ਵੜ ਕੇ ਯਰੂਸ਼ਲਮ ਉੱਤੇ ਪਰਚੀਆਂ ਪਾਉਣ ਲੱਗੇ, ਉਸ ਦਿਨ ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੀ! 12ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ! ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ, ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ! 13ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦਾ ਮਾਲ ਨਹੀਂ ਸੀ ਲੁੱਟਣਾ ਚਾਹੀਦਾ! 14ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ ਨੂੰ ਫੜਾਉਣਾ ਨਹੀਂ ਸੀ ਚਾਹੀਦਾ!
ਪਰਮੇਸ਼ੁਰ ਕੌਮਾਂ ਦਾ ਨਿਆਂ ਕਰੇਗਾ
15ਯਹੋਵਾਹ ਦੇ ਨਿਆਂ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਪਹੁੰਚਿਆ ਹੈ, ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ। 16ਜਿਵੇਂ ਤੁਸੀਂ ਮੇਰੇ ਪਵਿੱਤਰ ਪਰਬਤ ਉੱਤੇ ਪੀਤਾ, ਉਸੇ ਤਰ੍ਹਾਂ ਸਾਰੀਆਂ ਕੌਮਾਂ ਨਿੱਤ ਪੀਣਗੀਆਂ, ਉਹ ਪੀਣਗੀਆਂ ਅਤੇ ਪੀਂਦੀਆਂ ਹੀ ਜਾਣਗੀਆਂ ਅਤੇ ਅਜਿਹੀਆਂ ਹੋ ਜਾਣਗੀਆਂ ਜਿਵੇਂ ਉਹ ਹੋਈਆਂ ਹੀ ਨਹੀਂ!
ਇਸਰਾਏਲ ਦੀ ਜਿੱਤ
17ਪਰ ਬਚੇ ਹੋਏ ਸੀਯੋਨ ਪਰਬਤ ਵਿੱਚ ਹੋਣਗੇ ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਵਿਰਾਸਤ ਨੂੰ ਅਧਿਕਾਰ ਵਿੱਚ ਕਰੇਗਾ। 18ਤਦ ਯਾਕੂਬ ਦਾ ਘਰਾਣਾ ਅੱਗ, ਯੂਸੁਫ਼ ਦਾ ਘਰਾਣਾ ਲੰਬ ਅਤੇ ਏਸਾਓ ਦਾ ਘਰਾਣਾ ਘਾਹ-ਫੂਸ ਵਰਗਾ ਹੋਵੇਗਾ। ਉਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ।
19ਦੱਖਣ ਦੇ ਲੋਕ ਏਸਾਓ ਦੇ ਪਰਬਤ ਉੱਤੇ ਅਤੇ ਮੈਦਾਨ ਦੇ ਲੋਕ ਫ਼ਲਿਸਤੀਆਂ ਉੱਤੇ ਕਬਜ਼ਾ ਕਰਨਗੇ। ਉਹ ਇਫ਼ਰਾਈਮ ਅਤੇ ਸਾਮਰਿਯਾ ਦੇਸ ਉੱਤੇ ਕਬਜ਼ਾ ਕਰਨਗੇ। ਬਿਨਯਾਮੀਨ ਗਿਲਆਦ ਦੇਸ ਉੱਤੇ ਕਬਜ਼ਾ ਕਰੇਗਾ। 20ਇਸਰਾਏਲੀਆਂ ਦੀ ਫੌਜ ਦੇ ਗੁਲਾਮਾਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਰਹਿੰਦੇ ਹਨ, ਉਹ ਸਾਰਫਥ ਸ਼ਹਿਰ ਤੱਕ ਅਤੇ ਯਰੂਸ਼ਲਮ ਦੇ ਗੁਲਾਮ ਜਿਹੜੇ ਸਫ਼ਾਰਦ ਦੇਸ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ। 21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਹੋਵਾਹ ਦਾ ਹੋਵੇਗਾ।
നിലവിൽ തിരഞ്ഞെടുത്തിരിക്കുന്നു:
ਓਬਦਯਾਹ 1: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.