ਯੂਨਾ 1
1
ਪਰਮੇਸ਼ੁਰ ਦੀ ਆਗਿਆ ਦਾ ਉਲੰਘਣ ਕਰਨਾ
1ਯਹੋਵਾਹ ਦਾ ਬਚਨ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਇਆ, 2ਯਹੋਵਾਹ ਨੇ ਆਖਿਆ, “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉਹਨਾਂ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ।” 3ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫ਼ਾ ਵੱਲ ਚਲਾ ਗਿਆ, ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਤਦ ਯੂਨਾਹ ਉਸ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ੍ਹ ਗਿਆ ਤਾਂ ਜੋ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ।
4ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਪ੍ਰਚੰਡ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਆ ਗਿਆ, ਅਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। 5ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵਤੇ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਵਪਾਰ ਦੇ ਸਮਾਨ ਨੂੰ ਜੋ ਜਹਾਜ਼ ਵਿੱਚ ਸੀ, ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਹਲਕਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਜਾ ਕੇ ਸੌਂ ਗਿਆ ਅਤੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ। 6ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, “ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸਕਦਾ ਹੈਂ? ਉੱਠ! ਆਪਣੇ ਦੇਵਤੇ ਨੂੰ ਪੁਕਾਰ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ ਨਾ ਹੋਈਏ!”
7ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ।” ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ। 8ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਸਾਨੂੰ ਦੱਸ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ? ਤੂੰ ਕੀ ਕੰਮ ਕਰਦਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ? ਤੂੰ ਕਿਹੜੇ ਦੇਸ਼ ਦਾ ਹੈਂ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ?” 9ਯੂਨਾਹ ਨੇ ਉਨ੍ਹਾਂ ਨੂੰ ਕਿਹਾ, “ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ, ਜਿਸ ਨੇ ਸਮੁੰਦਰ ਅਤੇ ਧਰਤੀ ਦੋਹਾਂ ਨੂੰ ਬਣਾਇਆ ਹੈ, ਉਸੇ ਤੋਂ ਡਰਦਾ ਹਾਂ।” 10ਤਦ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ, “ਤੂੰ ਇਹ ਕੀ ਕੀਤਾ?” ਉਹ ਮਨੁੱਖ ਜਾਣ ਗਏ ਸਨ ਕਿ ਯੂਨਾਹ ਯਹੋਵਾਹ ਦੇ ਹਜ਼ੂਰੋਂ ਭੱਜ ਰਿਹਾ ਸੀ, ਕਿਉਂਕਿ ਉਸ ਨੇ ਆਪ ਹੀ ਇਹ ਗੱਲ ਉਨ੍ਹਾਂ ਨੂੰ ਦੱਸ ਦਿੱਤੀ ਸੀ।
11ਤਦ ਉਨ੍ਹਾਂ ਨੇ ਕਿਹਾ, “ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵੱਧਦੀਆਂ ਹੀ ਜਾਂਦੀਆਂ ਸਨ। 12ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਉ, ਫੇਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।” 13ਫੇਰ ਵੀ ਉਹ ਵੱਡੇ ਜ਼ੋਰ ਨਾਲ ਚੱਪੇ ਲਾਉਂਦੇ ਰਹੇ ਤਾਂ ਜੋ ਜਹਾਜ਼ ਕੰਢੇ ਲੱਗ ਜਾਵੇ ਪਰ ਉਹ ਲਾ ਨਾ ਸਕੇ, ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ। 14ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਕਿਹਾ, ਹੇ ਯਹੋਵਾਹ, ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬੇਦੋਸ਼ ਦਾ ਖੂਨ ਸਾਡੇ ਉੱਤੇ ਨਾ ਪਾ ਕਿਉਂਕਿ ਹੇ ਯਹੋਵਾਹ, ਜੋ ਕੁਝ ਤੂੰ ਚਾਹਿਆ, ਤੂੰ ਉਹੋ ਕੀਤਾ ਹੈ! 15ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ। 16ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਬਹੁਤ ਭੈਅ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ।
17ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾਈ ਸੀ, ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਢਿੱਡ ਵਿੱਚ ਰਿਹਾ।
നിലവിൽ തിരഞ്ഞെടുത്തിരിക്കുന്നു:
ਯੂਨਾ 1: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.