ਮੱਤੀ 12
12
ਸਬਤ ਦਾ ਪ੍ਰਭੂ
ਮਰਕੁਸ 2:23-28; ਲੂਕਾ 6:1-5
1ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ, ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ, ਉਹ ਸਿੱਟੇ ਤੋੜ ਕੇ ਖਾਣ ਲੱਗੇ। 2ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ। 3ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ? 4ਜੋ ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ। 5ਜਾਂ ਤੁਸੀਂ ਮੂਸਾ ਦੀ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ? 6ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ। 7ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਤਦ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ। 8ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
ਮਰਕੁਸ 3:1-6; ਲੂਕਾ 6:6-11
9ਫਿਰ ਉੱਥੋਂ ਤੁਰ ਕੇ ਉਹ ਪ੍ਰਾਰਥਨਾ ਘਰ ਵਿੱਚ ਗਿਆ। 10ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ? 11ਉਹ ਨੇ ਉਨ੍ਹਾਂ ਨੂੰ ਕਿਹਾ, ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ੍ਹ ਕੇ ਨਾ ਕੱਢੇ? 12ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾਂ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ। 13ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਵਧਾ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫੇਰ ਚੰਗਾ ਹੋ ਗਿਆ। 14ਤਦ ਫ਼ਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਯੋਜਨਾ ਬਣਾਈ ਕਿ ਕਿਵੇਂ ਉਹ ਦਾ ਨਾਸ ਕਰੀਏ।
ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ
15ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ। 16ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ। 17ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ: 18ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ। 19ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। 20ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ, 21ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।
ਯਿਸੂ ਅਤੇ ਸ਼ੈਤਾਨ
ਮਰਕੁਸ 3:20-30; ਲੂਕਾ 11:14-23
22ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ। 23ਅਤੇ ਸਾਰੇ ਲੋਕ ਹੈਰਾਨ ਹੋ ਕੇ ਬੋਲੇ, ਕੀ, ਇਹ ਦਾਊਦ ਦਾ ਪੁੱਤਰ ਨਹੀਂ ਹੈ? 24ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, ਕਿ ਇਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। 25ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ, ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ, ਉਹ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ। 26ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿਵੇਂ ਬਣਿਆ ਰਹਿ ਸਕਦਾ ਹੈ? 27ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ। 28ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ। 29ਅਥਵਾ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਾਂ ਉਸ ਦਾ ਮਾਲ ਕਿਵੇਂ ਲੁੱਟ ਸਕਦਾ ਹੈ? ਪਹਿਲਾਂ ਉਸ ਨੂੰ ਬੰਨ ਕੇ ਫਿਰ ਉਸ ਦਾ ਘਰ ਲੁੱਟੇਗਾ। 30ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ, ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ। 31ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ। 32ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਸ ਨੂੰ ਨਾ ਇਸ ਜੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।
ਦਰੱਖਤ ਅਤੇ ਉਸ ਦਾ ਫਲ
ਲੂਕਾ 6:43-45
33 ਜੇ ਰੁੱਖ ਨੂੰ ਚੰਗਾ ਆਖੋ, ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜਾਂ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ, ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ। 34ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੀ ਮੂੰਹ ਵਿੱਚੋਂ ਨਿੱਕਲਦਾ ਹੈ। 35ਭਲਾ ਮਨੁੱਖ ਮਨ ਦੇ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। 36ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ। 37ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ।
ਸਵਰਗ ਤੋਂ ਨਿਸ਼ਾਨ ਦੀ ਮੰਗ
ਮਰਕੁਸ 8:11, 12; ਲੂਕਾ 11:29-32
38ਫਿਰ ਕੁਝ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਖਿਆ, ਗੁਰੂ ਜੀ ਅਸੀਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ। 39ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਨਬੀ ਦੇ ਨਿਸ਼ਾਨ ਤੋਂ ਇਲਾਵਾ, ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ। 40ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ। 41ਨੀਨਵਾਹ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ। 42ਦੱਖਣ ਦੀ ਰਾਣੀ ਨਿਆਂ ਵਾਲੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਨਾਲੋਂ ਵੀ ਵੱਡਾ ਹੈ।
ਅਧੂਰੇ ਸੁਧਾਰ ਦੀ ਸਮੱਸਿਆ
ਲੂਕਾ 11:24-26
43 ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ। 44ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ। 45ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।
ਯਿਸੂ ਦੀ ਮਾਤਾ ਅਤੇ ਭਰਾ
ਮਰਕੁਸ 3:31-35; ਲੂਕਾ 8:19-21
46ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸ ਸਮੇਂ ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। 47ਤਦ ਕਿਸੇ ਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। 48ਪਰ ਉਸ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ? 49ਅਤੇ ਆਪਣੇ ਚੇਲਿਆਂ ਵੱਲ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 50ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।
നിലവിൽ തിരഞ്ഞെടുത്തിരിക്കുന്നു:
ਮੱਤੀ 12: IRVPun
ഹൈലൈറ്റ് ചെയ്യുക
പങ്ക് വെക്കു
താരതമ്യം
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.