ਰਸੂਲਾਂ ਦੇ ਕਰਤੱਬ 27
27
ਰੋਮ ਦਾ ਸਫ਼ਰ ਅਤੇ ਜਹਾਜ਼ ਦਾ ਟੁੱਟਣਾ
1ਜਾਂ ਇਹ ਗੱਲ ਠਹਿਰੀ ਜੋ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ 2ਅਤੇ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਅਸਿਯਾ ਦੇ ਕਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ 3ਅਗਲੇ ਭਲਕ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰ ਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਚੈਨ ਕਰੇ 4ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰਸ ਦੇ ਓਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ 5ਅਤੇ ਜਾਂ ਅਸੀਂ ਕਲਿਕਿਯਾ ਅਰ ਪੰਮਫੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ 6ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ ਸਾਨੂੰ ਉਹ ਦੇ ਉੱਤੇ ਜਾ ਚੜ੍ਹਾਇਆ 7ਅਤੇ ਜਾਂ ਅਸੀਂ ਬਹੁਤ ਦਿਨਾਂ ਤੀਕ ਹੌਲੀ ਹੌਲੀ ਚੱਲੇ ਸਾਂ ਅਤੇ ਮਸਾਂ ਮਸਾਂ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਇਸ ਲਈ ਜੋ ਪੌਣ ਸਾਨੂੰ ਅਗਾਹਾਂ ਵਧਣ ਨਾ ਸੀ ਦਿੰਦੀ ਅਸੀਂ ਕਰੇਤ ਦੇ ਓਹਲੇ ਸਲਮੋਨੇ ਦੇ ਸਾਮਹਣੇ ਚੱਲੇ 8ਅਰ ਮਸਾਂ ਮਸਾਂ ਉਹ ਦੇ ਲਾਗੇ ਲਾਗੇ ਹੋ ਕੇ ਸੁੰਦਰ ਘਾਟ ਨਾਮੇ ਇੱਕ ਥਾਂ ਪਹੁੰਚੇ । ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।। 9ਜਾਂ ਕਿੰਨਾਂ ਚਿਰ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ 10ਕਿ ਹੇ ਪੁਰਖੋ, ਮੈਨੂੰ ਦਿੱਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਘਾਟਾ ਹੋਣ ਵਾਲਾ ਹੈ ਨਿਰਾ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ 11ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੇ ਸਿਰਕਰਦੇ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ 12ਅਰ ਇਸ ਲਈ ਕਿ ਉਹ ਘਾਟ ਸਿਆਲ ਕੱਟਣ ਲਈ ਚੰਗਾ ਨਾ ਸੀ ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਐਥੋਂ ਚੱਲੇ ਚੱਲੀਏ ਭਈ ਜੇ ਕਿਵੇਂ ਹੋ ਸੱਕੇ ਤਾਂ ਫ਼ੈਨੀਕੁਸ ਤੋੜੀ ਪਹੁੰਚ ਕੇ ਸਿਆਲ ਕੱਟੀਏ ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਰ ਦੱਖਣ ਪੂਰਬ ਦੇ ਖੂੰਜੇ ਦੀ ਵੱਲ ਹੈ 13ਅਤੇ ਜਾਂ ਦੱਖਣ ਦੀ ਪੌਣ ਹੋਲੇ ਹੋਲੇ ਵੱਗਣ ਲੱਗੀ ਤਾਂ ਉਨ੍ਹਾਂ ਇਹ ਸਮਝ ਕੇ ਭਈ ਅਸੀਂ ਮੁਰਾਦ ਨੂੰ ਪਹੁੰਚੇ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਲਾਗੇ ਲਾਗੇ ਹੋ ਤੁਰੇ 14ਪਰ ਥੋੜੇ ਚਿਰ ਪਿੱਛੋਂ ਉਸ ਪਾਸਿਓਂ ਇੱਕ ਵੱਡਾ ਤੁਫ਼ਾਨ ਝੁੱਲ ਪਿਆ ਜਿਹ ਨੂੰ ਯੂਰਕੂਲੋਨ ਕਹਿੰਦੇ ਹਨ 15ਜਾਂ ਜਹਾਜ਼ ਪੌਣ ਦੇ ਢਹਿ ਚੜ੍ਹ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸੱਕਿਆ ਤਾਂ ਸਾਡੀ ਕੋਈ ਵਾਹ ਨਾ ਲੱਗੀ ਅਤੇ ਅਸੀਂ ਰੁੜ੍ਹਦੇ ਚੱਲੇ ਗਏ 16ਅਰ ਕਲੌਦਾ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਅਸੀਂ ਮਸਾਂ ਮਸਾਂ ਡੌਂਗੀ ਨੂੰ ਕਾਬੂ ਵਿੱਚ ਲਿਆਏ 17ਸੋ ਜਾਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਕੱਸਿਆ ਅਤੇ ਇਸ ਡਰ ਦੇ ਮਾਰੇ ਭਈ ਕਿਤੇ ਬਰੇਤੀ ਵਿੱਚ ਨਾ ਜਾ ਫੱਸੀਏ ਪਾਲ ਊਲ ਲਾਹ ਦਿੱਤੇ ਅਤੇ ਐਵੇਂ ਰੁੜ੍ਹਦੇ ਚੱਲੇ ਗਏ 18ਜਾਂ ਅਨ੍ਹੇਰੀ ਦੇ ਕਾਰਨ ਅਸਾਂ ਬਹੁਤ ਹੁਝਕੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ 19ਅਰ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਅਸਬਾਬ ਵੀ ਉਤਾਰ ਸੁੱਟਿਆ 20ਜਾਂ ਬਹੁਤ ਦਿਨਾਂ ਤਾਈਂ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਰ ਵੱਡੀ ਅਨ੍ਹੇਰੀ ਚੱਲਦੀ ਰਹੀ ਤਾਂ ਓੜਕ ਨੂੰ ਸਾਡੇ ਬਚਣ ਦੀ ਸਾਰੀ ਆਸ ਮੂਲੋਂ ਜਾਂਦੀ ਰਹੀ 21ਅਤੇ ਬਹੁਤ ਸਾਰੇ ਫਾਕਿਆਂ ਦੇ ਪਿੱਛੋਂ ਪੌਲੁਸ ਉਨ੍ਹਾਂ ਦੇ ਵਿੱਚ ਖਲੋ ਕੇ ਬੋਲਿਆ ਕਿ ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ ਤਾਂ ਇਹ ਬੁਰਾ ਹਾਲ ਅਤੇ ਘਾਟਾ ਨਾ ਹੁੰਦਾ 22ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਭਈ ਤੁਸੀਂ ਹੌਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਨਿਰਾ ਜਹਾਜ਼ ਦਾ 23ਇਸ ਲਈ ਕਿ ਉਹ ਪਰਮੇਸ਼ੁਰ ਜਿਹ ਦਾ ਮੈਂ ਹਾਂ ਅਤੇ ਜਿਸ ਦੀ ਸੇਵਾ ਵੀ ਕਰਦਾ ਹਾਂ ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆਣ ਖਲੋਤਾ 24ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ ਤੈਨੂੰ ਬਖ਼ਸ਼ ਦਿੱਤਾ ਹੈ 25ਉਪਰੰਤ ਹੇ ਪੁਰਖੋ, ਹੌਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦੀ ਪਰਤੀਤ ਕਰਦਾ ਹਾਂ ਭਈ ਜਿਹਾ ਮੈਨੂੰ ਕਿਹਾ ਗਿਆ ਹੈ ਤਿਹਾ ਹੀ ਹੋਵੇਗਾ 26ਪਰ ਕਿਸੇ ਟਾਪੂ ਵਿੱਚ ਅਸੀਂ ਜਰੂਰ ਜਾ ਪਵਾਂਗੇ।।
27ਸੋ ਜਾਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ ਉੱਧਰ ਰੁੜ੍ਹਦੇ ਸਾਂ ਤਾਂ ਅੱਧੀਕੁ ਰਾਤੀਂ ਮਲਾਹਾਂ ਨੇ ਅਟਕਲ ਨਾਲ ਜਾਚਿਆ ਭਈ ਅਸੀਂ ਕਿਸੇ ਦੇਸ ਨੇ ਨੇੜੇ ਆ ਢੁੱਕੇ ਹਾਂ 28ਤਾਂ ਪਾਣੀ ਦੀ ਥਾਹ ਲਈ ਜੋ ਅੱਸੀ ਹੱਥ ਨਿੱਕਲਿਆ ਅਤੇ ਕੁਝ ਅੱਗੇ ਵੱਧ ਕੇ ਫੇਰ ਥਾਹ ਲਈ ਤਾਂ ਸੱਠ ਹੱਥ ਨਿਕਲਿਆ 29ਅਤੇ ਏਸ ਡਰ ਦੇ ਮਾਰੇ ਭਈ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਸਵੇਰ ਦੀ ਉਡੀਕ ਕਰਦੇ ਰਹੇ 30ਜਦ ਮਲਾਹਾਂ ਨੇ ਜਹਾਜ਼ ਉੱਤੋਂ ਭਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਡੌਂਗੀ ਨੂੰ ਸਮੁੰਦਰ ਵਿੱਚ ਉਤਾਰਿਆ 31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ ਕਿ ਜੇ ਏਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਨਹੀਂ ਬਚ ਸੱਕਦੇ 32ਤਦੋਂ ਸਿਪਾਹੀਆਂ ਨੇ ਡੌਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ 33ਅਤੇ ਜਾਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਛਕੇ ਅਤੇ ਆਖਿਆ ਭਈ ਅੱਜ ਤੁਹਾਨੂੰ ਆਸਰਾ ਤੱਕਦਿਆਂ ਚੌਦਾਂ ਦਿਨ ਹੋਏ ਜੋ ਫ਼ਾਕਾ ਕੀਤਾ ਅਤੇ ਕੁਝ ਨਹੀਂ ਖਾਧਾ 34ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਭਈ ਕੁਝ ਭੋਜਨ ਛੱਕੋ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ! 35ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਭੰਨ ਕੇ ਖਾਣ ਲੱਗਾ 36ਤਾਂ ਉਨ੍ਹਾਂ ਸਭਨਾਂ ਨੂੰ ਹੌਸਲਾਂ ਹੋਇਆ ਅਤੇ ਉਨ੍ਹਾਂ ਆਪ ਵੀ ਅੰਨ ਪਾਣੀ ਖਾਧਾ 37ਅਸੀਂ ਸਰਬੱਤ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸਾਂ 38ਅਤੇ ਜਾਂ ਓਹ ਅੰਨ ਪਾਣੀ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹੋਲਿਆ ਕਰ ਲਿਆ 39ਜਦ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਤਾ ਪਰ ਇੱਕ ਖਾੜੀ ਡਿੱਠੀ ਜਿਹ ਦਾ ਕੰਡਾ ਪੱਧਰਾ ਸੀ ਅਤੇ ਓਹ ਸਲਾਹ ਕਰਨ ਲੱਗੇ ਭਈ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸੱਕਦੇ ਹਾਂ ਕਿ ਨਹੀਂ 40ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਨਾਲੇ ਪਤਵਾਰਾਂ ਦੇ ਰੱਸੇ ਖੋਲ੍ਹੇ ਅਤੇ ਪੌਣ ਦੇ ਲੋਟ ਉੱਤੇ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲੇ 41ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲੇ ਸਨ ਉਨ੍ਹਾਂ ਨੇ ਜਹਾਜ਼ ਨੂੰ ਨਿੱਕੇ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਅੜਿਆ ਹੀ ਰਿਹਾ ਪਰ ਪਿਛਲਾ ਠਾਠਾਂ ਦੇ ਜ਼ੋਰ ਨਾਲ ਟੁੱਟ ਗਿਆ 42ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਭਈ ਕਿਤੇ ਐਉਂ ਨਾ ਹੋਵੇ ਕਿ ਕੋਈ ਤਰ ਕੇ ਨੱਠ ਜਾਵੇ 43ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਭਈ ਜਿਨ੍ਹਾਂ ਨੂੰ ਤਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ 44ਅਤੇ ਬਾਕੀ ਦੇ ਕਈ ਫੱਟਾਂ ਉੱਤੇ ਅਰ ਕਈ ਜਹਾਜ਼ ਦੀਆਂ ਹੋਰ ਚੀਜ਼ਾ ਉੱਤੇ, ਅਰ ਏਸੇ ਤਰਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ।।
Voafantina amin'izao fotoana izao:
ਰਸੂਲਾਂ ਦੇ ਕਰਤੱਬ 27: PUNOVBSI
Asongadina
Dika mitovy
Mampitaha
Hizara
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.