ਉਤਪਤ 3

3
ਮਨੁੱਖ ਦੇ ਪਾਪੀ ਹੋ ਜਾਣ ਦਾ ਵਰਨਣ
1ਹੁਣ ਸੱਪ ਉਹਨਾਂ ਸਭ ਜੰਗਲੀ ਜਾਨਵਰਾਂ ਨਾਲੋਂ ਵੱਧ ਚਲਾਕ ਸੀ ਜਿਨ੍ਹਾਂ ਨੂੰ ਯਾਹਵੇਹ ਨੇ ਬਣਾਇਆ ਸੀ, ਉਸ ਨੇ ਔਰਤ ਨੂੰ ਕਿਹਾ, “ਕੀ ਪਰਮੇਸ਼ਵਰ ਨੇ ਸੱਚ-ਮੁੱਚ ਕਿਹਾ ਹੈ, ‘ਤੈਨੂੰ ਬਾਗ਼ ਦੇ ਕਿਸੇ ਰੁੱਖ ਦਾ ਫਲ ਨਹੀਂ ਖਾਣਾ ਚਾਹੀਦਾ’?”
2ਉਸ ਔਰਤ ਨੇ ਸੱਪ ਨੂੰ ਕਿਹਾ, “ਅਸੀਂ ਬਾਗ਼ ਦੇ ਸਾਰੇ ਰੁੱਖਾਂ ਦਾ ਫਲ ਖਾ ਸਕਦੇ ਹਾਂ, 3ਪਰ ਪਰਮੇਸ਼ਵਰ ਨੇ ਕਿਹਾ, ‘ਉਸ ਰੁੱਖ ਦਾ ਫਲ ਨਹੀਂ ਖਾਣਾ ਜਿਹੜਾ ਬਾਗ਼ ਦੇ ਵਿਚਕਾਰ ਹੈ, ਤੁਸੀਂ ਨਾ ਖਾਓ ਨਾ ਹੀ ਉਸਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ।’ ”
4ਪਰ ਸੱਪ ਨੇ ਔਰਤ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੋਗੇ। 5ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਜਦੋਂ ਤੁਸੀਂ ਉਸ ਰੁੱਖ ਤੋਂ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਬੁਰੇ ਅਤੇ ਭਲੇ ਦਾ ਗਿਆਨ ਪਾ ਕੇ ਪਰਮੇਸ਼ਵਰ ਦੇ ਤੁੱਲ ਹੋ ਜਾਵੋਗੇ।
6ਜਦੋਂ ਉਸ ਔਰਤ ਨੇ ਵੇਖਿਆ ਕਿ ਰੁੱਖ ਦਾ ਫਲ ਖਾਣ ਲਈ ਚੰਗਾ, ਵੇਖਣ ਵਿੱਚ ਸੋਹਣਾ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਣ ਵਾਲਾ ਹੈ ਤਾਂ ਉਸ ਨੇ ਉਸ ਰੁੱਖ ਦਾ ਫਲ ਤੋੜ ਕੇ ਕੁੱਝ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ, ਜਿਹੜਾ ਉਸਦੇ ਨਾਲ ਸੀ। ਉਸ ਦੇ ਪਤੀ ਨੇ ਵੀ ਖਾ ਲਿਆ। 7ਤਦ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਹਨ ਇਸ ਲਈ ਉਹਨਾਂ ਨੇ ਹੰਜੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ।
8ਤਦ ਆਦਮੀ ਅਤੇ ਉਸ ਦੀ ਪਤਨੀ ਨੇ ਯਾਹਵੇਹ ਪਰਮੇਸ਼ਵਰ ਦੀ ਆਵਾਜ਼ ਸੁਣੀ, ਜਦੋਂ ਉਹ ਸ਼ਾਮ ਦੇ ਵੇਲੇ ਬਾਗ਼ ਵਿੱਚ ਟਹਿਲ ਰਿਹਾ ਸੀ ਅਤੇ ਉਹ ਯਾਹਵੇਹ ਪਰਮੇਸ਼ਵਰ ਤੋਂ ਬਾਗ਼ ਦੇ ਰੁੱਖਾਂ ਦੇ ਵਿੱਚਕਾਰ ਛੁੱਪ ਗਏ। 9ਪਰ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਪੁਕਾਰਿਆ, “ਤੂੰ ਕਿੱਥੇ ਹੈ?”
10ਉਸ ਨੇ ਉੱਤਰ ਦਿੱਤਾ, “ਮੈਂ ਬਾਗ਼ ਵਿੱਚ ਤੇਰੀ ਆਵਾਜ਼ ਸੁਣ ਕੇ ਡਰ ਗਿਆ ਕਿਉਂਕਿ ਮੈਂ ਨੰਗਾ ਸੀ, ਇਸ ਲਈ ਮੈਂ ਛੁੱਪ ਗਿਆ।”
11ਅਤੇ ਯਾਹਵੇਹ ਨੇ ਪੁੱਛਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੁਸੀਂ ਉਸ ਰੁੱਖ ਦਾ ਫਲ ਖਾਧਾ ਹੈ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤੋਂ ਨਾ ਖਾਣਾ?”
12ਆਦਮ ਨੇ ਕਿਹਾ, “ਜਿਸ ਔਰਤ ਨੂੰ ਤੁਸੀਂ ਇੱਥੇ ਮੇਰੇ ਨਾਲ ਰੱਖਿਆ ਹੈ, ਉਸਨੇ ਮੈਨੂੰ ਉਸ ਰੁੱਖ ਦਾ ਫਲ ਖਾਣ ਨੂੰ ਦਿੱਤਾ ਅਤੇ ਮੈਂ ਉਹ ਖਾਧਾ।”
13ਤਦ ਯਾਹਵੇਹ ਨੇ ਉਸ ਔਰਤ ਨੂੰ ਕਿਹਾ, “ਤੂੰ ਇਹ ਕੀ ਕੀਤਾ?”
ਔਰਤ ਨੇ ਕਿਹਾ, “ਸੱਪ ਨੇ ਮੈਨੂੰ ਭਰਮਾਇਆ ਅਤੇ ਮੈਂ ਖਾ ਲਿਆ।”
14ਇਸ ਲਈ ਯਾਹਵੇਹ ਪਰਮੇਸ਼ਵਰ ਨੇ ਸੱਪ ਨੂੰ ਕਿਹਾ, “ਕਿਉਂਕਿ ਤੂੰ ਅਜਿਹਾ ਕੀਤਾ ਹੈ,
“ਤੂੰ ਸਾਰੇ ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ!
ਤੂੰ ਆਪਣੇ ਪੇਟ ਦੇ ਭਾਰ ਚੱਲੇਗਾ ਅਤੇ ਸਾਰੀ ਉਮਰ ਮਿੱਟੀ ਖਾਵੇਂਗਾ।
15ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ,
ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ।
ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ,
ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।”
16ਉਸ ਨੇ ਉਸ ਔਰਤ ਨੂੰ ਆਖਿਆ,
“ਮੈਂ ਤੇਰੇ ਗਰਭ ਦੀਆਂ ਪੀੜਾਂ ਨੂੰ ਬਹੁਤ ਵਧਾਵਾਂਗਾ।
ਦਰਦ ਨਾਲ ਤੂੰ ਬੱਚੇ ਨੂੰ ਜਨਮ ਦੇਵੇਗੀ,
ਤੇਰੀ ਇੱਛਾ ਤੇਰੇ ਪਤੀ ਵੱਲ ਹੋਵੇਗੀ,
ਅਤੇ ਉਸ ਦਾ ਅਧਿਕਾਰ ਤੇਰੇ ਉੱਤੇ ਹੋਵੇਗਾ।”
17ਉਸ ਨੇ ਆਦਮ ਨੂੰ ਆਖਿਆ, “ਕਿਉਂ ਜੋ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਬਾਰੇ ਮੈਂ ਹੁਕਮ ਦਿੱਤਾ ਸੀ, ‘ਤੂੰ ਇਸ ਤੋਂ ਨਹੀਂ ਖਾਣਾ,’
“ਇਸ ਲਈ ਤੇਰੇ ਕਾਰਨ ਜ਼ਮੀਨ ਸਰਾਪਤ ਹੋਈ ਹੈ;
ਤੂੰ ਇਸਦੀ ਉਪਜ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਗਾ।
18ਇਹ ਤੁਹਾਡੇ ਲਈ ਕੰਡੇ ਅਤੇ ਕੰਡਿਆਲੇ ਪੈਦਾ ਕਰੇਗੀ,
ਅਤੇ ਤੂੰ ਖੇਤ ਦੇ ਸਾਗ ਪੱਤ ਖਾਵੇਂਗਾ।
19ਤੂੰ ਆਪਣੇ ਮੱਥੇ ਦੇ ਪਸੀਨੇ ਨਾਲ
ਆਪਣਾ ਭੋਜਨ ਖਾਵੇਂਗਾ,
ਜਦੋਂ ਤੱਕ ਤੂੰ ਮਿੱਟੀ ਵਿੱਚ ਵਾਪਸ ਨਾ ਮਿਲ ਜਾਵੇਂ,
ਕਿਉਂਕਿ ਤੂੰ ਇਸ ਤੋਂ ਹੀ ਕੱਢਿਆ ਗਿਆ ਸੀ,
ਤੂੰ ਮਿੱਟੀ ਹੈਂ
ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।”
20ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ#3:20 ਹੱਵਾਹ ਮਤਲਬ ਜੀਵਨ ਰੱਖਿਆ, ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਪਹਿਲੀ ਮਾਂ ਹੋਈ।
21ਯਾਹਵੇਹ ਪਰਮੇਸ਼ਵਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੀ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਹਿਨਾਇਆ। 22ਅਤੇ ਯਾਹਵੇਹ ਪਰਮੇਸ਼ਵਰ ਨੇ ਆਖਿਆ, “ਉਹ ਮਨੁੱਖ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਭਲੇ ਬੁਰੇ ਦੀ ਸਮਝ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ।” 23ਇਸ ਲਈ ਯਾਹਵੇਹ ਪਰਮੇਸ਼ਵਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਜੋ ਉਹ ਜ਼ਮੀਨ ਦਾ ਕੰਮ ਕਰੇ ਜਿੱਥੋਂ ਉਸਨੂੰ ਰਚਿਆ ਗਿਆ ਸੀ। 24ਜਦੋਂ ਉਸ ਨੇ ਮਨੁੱਖ ਨੂੰ ਬਾਹਰ ਕੱਢ ਦਿੱਤਾ, ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵਾਲੇ ਪਾਸੇ ਕਰੂਬੀਮ ਅਤੇ ਇੱਕ ਬਲਦੀ ਤਲਵਾਰ ਨੂੰ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ਲਈ ਅੱਗੇ-ਪਿੱਛੇ ਚਮਕਾਇਆ।

선택된 구절:

ਉਤਪਤ 3: PCB

하이라이트

공유

복사

None

모든 기기에 하이라이트를 저장하고 싶으신가요? 회원가입 혹은 로그인하세요