ਯੋਹਨ 2

2
ਪਾਣੀ ਨੂੰ ਦਾਖਰਸ ਵਿੱਚ ਬਦਲਣਾ
1ਤੀਸਰੇ ਦਿਨ ਗਲੀਲ ਦੇ ਕਾਨਾ ਨਗਰ ਵਿੱਚ ਇੱਕ ਵਿਆਹ ਸੀ। ਯਿਸ਼ੂ ਦੀ ਮਾਤਾ ਉੱਥੇ ਮੌਜੂਦ ਸੀ। 2ਯਿਸ਼ੂ ਅਤੇ ਉਸ ਦੇ ਚੇਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ। 3ਜਦੋਂ ਉੱਥੇ ਦਾਖਰਸ ਮੁੱਕ ਗਈ ਤਾਂ ਯਿਸ਼ੂ ਦੀ ਮਾਤਾ ਨੇ ਉਸ ਨੂੰ ਕਿਹਾ, “ਉਹਨਾਂ ਕੋਲ ਦਾਖਰਸ ਮੁੱਕ ਗਈ ਹੈ।”
4ਯਿਸ਼ੂ ਨੇ ਕਿਹਾ, “ਹੇ ਇਸਤਰੀ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਸਮਾਂ ਅਜੇ ਨਹੀਂ ਆਇਆ।”
5ਫਿਰ ਯਿਸ਼ੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, “ਜਿਸ ਤਰ੍ਹਾਂ ਯਿਸ਼ੂ ਤੁਹਾਨੂੰ ਕਹਿਣ, ਤੁਸੀਂ ਉਸੇ ਤਰ੍ਹਾਂ ਕਰਨਾ।”
6ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਮੱਟਕੇ ਰੱਖੇ ਹੋਏ ਸਨ। ਹਰ ਇੱਕ ਮੱਟਕੇ ਵਿੱਚ ਲਗਭਗ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਪੈ ਸਕਦਾ ਸੀ।
7ਯਿਸ਼ੂ ਨੇ ਨੌਕਰਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਉਹਨਾਂ ਨੇ ਮੱਟਾਂ ਨੂੰ ਪਾਣੀ ਨਾਲ ਨਕੋ-ਨੱਕ ਭਰ ਦਿੱਤਾ।
8ਇਸ ਦੇ ਬਾਅਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਦੇ ਕੋਲ ਲੈ ਜਾਓ।”
ਅਤੇ ਨੌਕਰ ਲੈ ਗਏ। 9ਜਦੋਂ ਦਾਅਵਤ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚੱਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸ ਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਦਾਅਵਤ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ 10ਅਤੇ ਉਸ ਨੂੰ ਕਿਹਾ, “ਹਰ ਇੱਕ ਵਿਅਕਤੀ ਪਹਿਲਾਂ ਵਧੀਆ ਦਾਖਰਸ ਦਿੰਦਾ ਹੈ ਅਤੇ ਜਦ ਲੋਕ ਪੀ ਚੁੱਕੇ ਹੁੰਦੇ ਹਨ, ਤਦ ਮਾੜੀ ਦਾਖਰਸ ਦਿੰਦੇ ਹਨ, ਪਰ ਤੁਸੀਂ ਤਾਂ ਵਧੀਆ ਦਾਖਰਸ ਹੁਣ ਤੱਕ ਰੱਖ ਛੱਡੀ ਹੈ!”
11ਇਹ ਯਿਸ਼ੂ ਦੇ ਅਨੋਖੇ ਚਿੰਨ੍ਹਾਂ ਨੂੰ ਕਰਨ ਦੀ ਸ਼ੁਰੂਆਤ ਸੀ, ਜੋ ਗਲੀਲ ਦੇ ਕਾਨਾ ਨਗਰ ਵਿੱਚ ਹੋਈ, ਜਿਸ ਦੇ ਦੁਆਰਾ ਯਿਸ਼ੂ ਨੇ ਆਪਣਾ ਪ੍ਰਤਾਪ ਪ੍ਰਗਟ ਕੀਤਾ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
12ਇਸ ਦੇ ਬਾਅਦ ਯਿਸ਼ੂ ਆਪਣੀ ਮਾਤਾ ਅਤੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਹੂਮ ਸ਼ਹਿਰ ਨੂੰ ਗਿਆ। ਉੱਥੇ ਉਹ ਸਾਰੇ ਕੁਝ ਦਿਨ ਠਹਿਰੇ।
ਯੇਰੂਸ਼ਲੇਮ ਦੀ ਹੈਕਲ ਨੂੰ ਸ਼ੁੱਧ ਕਰਨਾ
13ਜਦੋਂ ਯਹੂਦੀਆਂ ਦੇ ਪਸਾਹ#2:13 ਪਸਾਹ ਯਹੂਦੀਆਂ ਦਾ ਸੱਭ ਤੋਂ ਵੱਡਾ ਤਿਉਹਾਰ, ਜਿਸ ਵਿੱਚ ਓਹ ਮਿਸਰ ਵਿੱਚੋਂ 430 ਸਾਲਾਂ ਦੀ ਗੁਲਾਮੀ ਤੋਂ ਮਿਲੀ ਅਜ਼ਾਦੀ ਨੂੰ ਯਾਦ ਕਰਦੇ ਹਨ ਦਾ ਤਿਉਹਾਰ ਨੇੜੇ ਸੀ ਤਾਂ ਯਿਸ਼ੂ ਯੇਰੂਸ਼ਲੇਮ ਵਿੱਚ ਗਿਆ। 14ਉਸ ਨੇ ਹੈਕਲ ਦੇ ਵਿਹੜੇ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਅਤੇ ਸ਼ਾਹੂਕਾਰਾਂ ਨੂੰ ਵਪਾਰ ਕਰਦੇ ਹੋਏ ਵੇਖਿਆ। 15ਇਸ ਲਈ ਯਿਸ਼ੂ ਨੇ ਰੱਸੀ ਦਾ ਇੱਕ ਕੋਰੜਾ ਬਣਾਇਆ ਅਤੇ ਉਹਨਾਂ ਸਾਰਿਆਂ ਨੂੰ, ਤੇ ਪਸ਼ੂਆਂ ਨੂੰ ਅਤੇ ਭੇਡਾਂ ਨੂੰ ਹੈਕਲ ਦੇ ਵਿਹੜੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ ਦੇਣ ਦਾ ਵਪਾਰ ਕਰ ਰਹੇ ਸਨ ਅਤੇ ਮੇਜ਼ ਵੀ ਉਲਟਾ ਦਿੱਤੇ। 16ਅਤੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ।” 17ਇਹ ਸੁਣ ਕੇ ਉਹਨਾਂ ਦੇ ਚੇਲਿਆਂ ਨੂੰ ਪਵਿੱਤਰ ਸ਼ਾਸਤਰ ਦਾ ਇਹ ਸ਼ਬਦ ਯਾਦ ਆਇਆ: “ਤੇਰੇ ਘਰ ਦੀ ਲਗਨ ਮੈਨੂੰ ਖਾ ਗਈ ਹੈ।”#2:17 ਜ਼ਬੂ 69:9
18ਤਦ ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਇਹ ਜੋ ਤੁਸੀਂ ਕਰ ਰਹੇ ਹੋ ਇਸ ਦੇ ਲਈ ਤੁਸੀਂ ਸਾਨੂੰ ਕਿਹੜਾ ਚਿੰਨ੍ਹ ਵਿਖਾ ਸਕਦੇ ਹੋ?”
19ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਦੁਬਾਰਾ ਬਣਾ ਦੇਵਾਂਗਾ।”
20ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ 46 ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨਾਂ ਦਿਨ ਵਿੱਚ ਖੜ੍ਹਾ ਕਰ ਸਕਦੇ ਹੋ?” 21ਪਰ ਯਿਸ਼ੂ ਇੱਥੇ ਆਪਣੇ ਸਰੀਰ ਰੂਪੀ ਹੈਕਲ ਦੀ ਗੱਲ ਕਰ ਰਹੇ ਸਨ। 22ਇਸ ਲਈ ਜਦੋਂ ਯਿਸ਼ੂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਉਸ ਦੇ ਚੇਲਿਆਂ ਨੂੰ ਯਾਦ ਆਇਆ ਜੋ ਉਸ ਨੇ ਕਿਹਾ ਸੀ। ਇਸ ਲਈ ਚੇਲਿਆਂ ਨੇ ਪਵਿੱਤਰ ਸ਼ਾਸਤਰ ਅਤੇ ਉਹਨਾਂ ਬਚਨਾਂ ਉੱਤੇ ਜੋ ਯਿਸ਼ੂ ਨੇ ਕਹੇ ਸਨ ਵਿਸ਼ਵਾਸ ਕੀਤਾ।
23ਪਸਾਹ ਤਿਉਹਾਰ ਦੇ ਸਮੇਂ ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਸਨ ਤਾਂ ਉਹਨਾਂ ਦੇ ਦੁਆਰਾ ਕੀਤੇ ਗਏ ਅਨੋਖੇ ਚਿੰਨ੍ਹਾਂ ਨੂੰ ਵੇਖ ਕੇ ਬਹੁਤ ਲੋਕਾਂ ਨੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ। 24ਪਰ ਯਿਸ਼ੂ ਨੇ ਆਪਣੇ ਆਪ ਨੂੰ ਉਹਨਾਂ ਨੂੰ ਨਹੀਂ ਸੌਂਪਿਆ ਕਿਉਂਕਿ ਉਹ ਮਨੁੱਖ ਦੇ ਸੁਭਾਉ ਨੂੰ ਜਾਣਦਾ ਸੀ। 25ਯਿਸ਼ੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਮਨੁੱਖ ਉਹਨਾਂ ਦੇ ਬਾਰੇ ਗਵਾਹੀ ਦੇਵੇ। ਯਿਸ਼ੂ ਜਾਣਦਾ ਸੀ ਕਿ ਮਨੁੱਖ ਦੇ ਅੰਦਰ ਕੀ ਹੈ।

Chwazi Kounye ya:

ਯੋਹਨ 2: OPCV

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte