ਉਤਪਤ 16

16
ਹਾਜਰਾ ਅਤੇ ਇਸਮਾਏਲ
1ਹੁਣ ਅਬਰਾਮ ਦੀ ਪਤਨੀ ਸਾਰਈ ਦੇ ਕੋਈ ਔਲਾਦ ਨਹੀਂ ਸੀ, ਪਰ ਉਸ ਕੋਲ ਹਾਜਰਾ ਨਾਮ ਦੀ ਇੱਕ ਮਿਸਰੀ ਦਾਸੀ ਸੀ। 2ਤਾਂ ਸਾਰਈ ਨੇ ਅਬਰਾਮ ਨੂੰ ਕਿਹਾ, “ਯਾਹਵੇਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ ਹੁਣ ਜਾ ਅਤੇ ਮੇਰੀ ਮਿਸਰੀ ਦਾਸੀ ਨਾਲ ਸੌਂ, ਸ਼ਾਇਦ ਮੈਂ ਉਸ ਰਾਹੀਂ ਸੰਤਾਨ ਪੈਦਾ ਕਰ ਸਕਾ।”
ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ। 3ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ ਤਾਂ ਉਸ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਨੂੰ ਉਸ ਦੀ ਪਤਨੀ ਹੋਣ ਲਈ ਦੇ ਦਿੱਤਾ। 4ਉਹ ਹਾਜਰਾ ਨਾਲ ਸੌਂ ਗਿਆ ਅਤੇ ਉਹ ਗਰਭਵਤੀ ਹੋਈ।
ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਹ ਆਪਣੀ ਮਾਲਕਣ ਨੂੰ ਤੁੱਛ ਸਮਝਣ ਲੱਗ ਪਈ। 5ਤਦ ਸਾਰਈ ਨੇ ਅਬਰਾਮ ਨੂੰ ਕਿਹਾ, “ਮੈਂ ਜੋ ਦੁੱਖ ਭੋਗ ਰਹੀ ਹਾਂ ਉਸ ਲਈ ਤੂੰ ਜ਼ਿੰਮੇਵਾਰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਹੁਣ ਜਦੋਂ ਉਹ ਜਾਣਦੀ ਹੈ ਕਿ ਉਹ ਗਰਭਵਤੀ ਹੈ, ਉਹ ਮੈਨੂੰ ਤੁੱਛ ਜਾਣਦੀ ਹੈ। ਯਾਹਵੇਹ ਤੇਰਾ ਅਤੇ ਮੇਰਾ ਨਿਆਂ ਕਰੇ।”
6ਅਬਰਾਮ ਨੇ ਕਿਹਾ, “ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।” ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।
7ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ। 8ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ?
ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”
9ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, “ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।” 10ਯਾਹਵੇਹ ਦੇ ਦੂਤ ਨੇ ਅੱਗੇ ਕਿਹਾ, ਮੈਂ ਤੇਰੀ ਸੰਤਾਨ ਨੂੰ ਇੰਨਾ ਵਧਾਵਾਂਗਾ ਕਿ ਉਹ ਗਿਣਨ ਯੋਗ ਨਹੀਂ ਹੋਣਗੇ।
11ਯਾਹਵੇਹ ਦੇ ਦੂਤ ਨੇ ਉਸ ਨੂੰ ਇਹ ਵੀ ਕਿਹਾ,
“ਤੂੰ ਹੁਣ ਗਰਭਵਤੀ ਹੈ
ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ।
ਤੂੰ ਉਸਦਾ ਨਾਮ ਇਸਮਾਏਲ#16:11 ਇਸਮਾਏਲ ਅਰਥ ਪਰਮੇਸ਼ਵਰ ਸੁਣਦਾ ਹੈ। ਰੱਖਣਾ,
ਕਿਉਂਕਿ ਯਾਹਵੇਹ ਨੇ ਤੁਹਾਡੇ ਦੁੱਖ ਬਾਰੇ ਸੁਣਿਆ ਹੈ।
12ਉਹ ਮਨੁੱਖਾਂ ਵਿੱਚੋਂ ਜੰਗਲੀ ਗਧੇ ਵਰਗਾ ਹੋਵੇਗਾ;
ਉਸਦਾ ਹੱਥ ਹਰ ਇੱਕ ਦੇ ਵਿਰੁੱਧ ਹੋਵੇਗਾ
ਅਤੇ ਹਰ ਇੱਕ ਦਾ ਹੱਥ ਉਸਦੇ ਵਿਰੁੱਧ ਹੋਵੇਗਾ,
ਅਤੇ ਉਹ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਵਿੱਚ ਰਹੇਗਾ।”
13ਤਦ ਉਸ ਨੇ ਯਾਹਵੇਹ ਦਾ ਨਾਮ ਜਿਸ ਨੇ ਉਸ ਨਾਲ ਗੱਲ ਕੀਤੀ ਇਹ ਰੱਖਿਆ “ਕਿ ਤੂੰ ਮੇਰਾ ਵੇਖਣਹਾਰਾ ਪਰਮੇਸ਼ਵਰ ਹੈ” ਕਿਉਂਕਿ ਉਸਨੇ ਕਿਹਾ, “ਹੁਣ ਮੈਂ ਉਸਨੂੰ ਵੇਖ ਲਿਆ ਹੈ ਜੋ ਮੈਨੂੰ ਦੇਖਦਾ ਹੈ।” 14ਇਸੇ ਲਈ ਇਸ ਖੂਹ ਨੂੰ ਬਏਰ-ਲਹਈ-ਰੋਈ#16:14 ਬਏਰ-ਲਹਈ-ਰੋਈ ਅਰਥ ਉਸ ਜੀਵਤ ਦਾ ਖੂਹ ਜੋ ਮੈਨੂੰ ਦੇਖਦਾ ਹੈ। ਕਿਹਾ ਜਾਂਦਾ ਸੀ ਜੋ ਅਜੇ ਵੀ ਕਾਦੇਸ਼ ਅਤੇ ਬੇਰਦ ਵਿਚਕਾਰ ਹੈ।
15ਇਸ ਲਈ ਹਾਜਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਉਸ ਪੁੱਤਰ ਦਾ ਨਾਮ ਇਸਮਾਏਲ ਰੱਖਿਆ ਜਿਸਨੂੰ ਉਸਨੇ ਜਨਮ ਦਿੱਤਾ ਸੀ। 16ਅਬਰਾਮ 86 ਸਾਲਾਂ ਦਾ ਸੀ ਜਦੋਂ ਹਾਜਰਾ ਨੇ ਉਸ ਦੇ ਲਈ ਇਸਮਾਏਲ ਨੂੰ ਜਨਮ ਦਿੱਤਾ।

Chwazi Kounye ya:

ਉਤਪਤ 16: OPCV

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte