ਅਸਤਰ 6
6
ਮਾਰਦਕਈ ਦਾ ਸਨਮਾਨ
1ਉਸ ਰਾਤ ਰਾਜਾ ਸੌਂ ਨਾ ਸਕਿਆ। ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਮ੍ਹਣੇ ਪੜ੍ਹ ਕੇ ਸੁਣਾਈ ਗਈ। 2ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਜਦ ਰਾਜਾ ਅਹਸ਼ਵੇਰੋਸ਼ ਦੇ ਹਾਕਮ ਜੋ ਦਰਬਾਨ ਵੀ ਸਨ, ਉਨ੍ਹਾਂ ਵਿੱਚੋਂ ਬਿਗਥਾਨ ਅਤੇ ਤਰਸ਼ ਨਾਮਕ ਦੋ ਅਧਿਕਾਰੀਆਂ ਨੇ ਰਾਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ, ਤਾਂ ਮਾਰਦਕਈ ਨੇ ਇਸ ਗੱਲ ਦੀ ਖ਼ਬਰ ਦਿੱਤੀ ਸੀ।
3ਤਦ ਰਾਜੇ ਨੇ ਪੁੱਛਿਆ, “ਇਸ ਦੇ ਬਦਲੇ ਵਿੱਚ ਮਾਰਦਕਈ ਦਾ ਕੀ ਮਾਣ-ਸਨਮਾਨ ਕੀਤਾ ਗਿਆ?”
ਤਦ ਰਾਜਾ ਦੇ ਸੇਵਕ ਜਿਹੜੇ ਉਸ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਉਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ।”
4ਰਾਜੇ ਨੇ ਪੁੱਛਿਆ, “ਵਿਹੜੇ ਵਿੱਚ ਕੌਣ ਹੈ?” ਉਸੇ ਸਮੇਂ ਹਾਮਾਨ ਰਾਜਾ ਦੇ ਮਹਿਲ ਦੇ ਬਾਹਰੀ ਵਿਹੜੇ ਵਿੱਚ ਆਇਆ ਤਾਂ ਕਿ ਜੋ ਥੰਮ੍ਹ ਉਸ ਨੇ ਮਾਰਦਕਈ ਦੇ ਲਈ ਤਿਆਰ ਕੀਤਾ ਸੀ, ਉਸ ਉੱਤੇ ਮਾਰਦਕਈ ਨੂੰ ਚੜ੍ਹਾਉਣ ਲਈ ਰਾਜਾ ਨੂੰ ਕਹੇ।
5ਉਸ ਦੇ ਸੇਵਾਦਾਰਾਂ ਨੇ ਉੱਤਰ ਦਿੱਤਾ, “ਹਾਮਾਨ ਵਿਹੜੇ ਵਿੱਚ ਖੜ੍ਹਾ ਹੈ।”
ਤਾਂ ਰਾਜੇ ਨੇ ਕਿਹਾ, “ਉਸ ਨੂੰ ਅੰਦਰ ਲੈ ਆਓ।”
6ਜਦੋਂ ਹਾਮਾਨ ਅੰਦਰ ਗਿਆ ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਜਿਸ ਆਦਮੀ ਦਾ ਆਦਰ ਕਰਨਾ ਰਾਜਾ ਨੂੰ ਚੰਗਾ ਲੱਗਦਾ ਹੈ ਉਸ ਲਈ ਕੀ ਕੀਤਾ ਜਾਵੇ?”
ਹੁਣ ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਅਜਿਹਾ ਕੌਣ ਹੈ ਰਾਜਾ ਜਿਸ ਦਾ ਮੇਰੇ ਨਾਲੋਂ ਵੱਧ ਆਦਰ ਕਰੇ?” 7ਤਾਂ ਹਾਮਾਨ ਨੇ ਰਾਜੇ ਨੂੰ ਉੱਤਰ ਦਿੱਤਾ, “ਜਿਸ ਮਨੁੱਖ ਦਾ ਆਦਰ ਕਰਨ ਵਿੱਚ ਰਾਜਾ ਪ੍ਰਸੰਨ ਹੁੰਦਾ ਹੈ, 8ਉਸ ਦੇ ਲਈ ਸ਼ਾਹੀ ਬਸਤਰ ਲਿਆਇਆ ਜਾਵੇ ਜੋ ਰਾਜਾ ਪਹਿਨਦਾ ਹੈ, ਅਤੇ ਇੱਕ ਘੋੜਾ ਵੀ, ਜਿਸ ਦੇ ਉੱਤੇ ਰਾਜਾ ਸਵਾਰ ਹੁੰਦਾ ਹੈ ਅਤੇ ਉਹ ਸ਼ਾਹੀ ਤਾਜ ਜਿਹੜਾ ਰਾਜਾ ਦੇ ਸਿਰ ਉੱਤੇ ਰੱਖਿਆ ਜਾਂਦਾ ਹੈ, ਉਹ ਵੀ ਲਿਆਂਦਾ ਜਾਵੇ। 9ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਬੋਲਿਆ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ‘ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ!’ ”
10ਤਦ ਰਾਜਾ ਨੇ ਹਾਮਾਨ ਨੂੰ ਕਿਹਾ, “ਛੇਤੀ ਕਰ ਅਤੇ ਆਪਣੀ ਗੱਲ ਅਨੁਸਾਰ ਉਹ ਬਸਤਰ ਅਤੇ ਘੋੜਾ ਲੈ ਅਤੇ ਉਸ ਯਹੂਦੀ ਮਾਰਦਕਈ ਨਾਲ ਜਿਹੜਾ ਮਹਿਲ ਦੇ ਫਾਟਕ ਉੱਤੇ ਬੈਠਦਾ ਹੈ, ਇਸੇ ਤਰ੍ਹਾਂ ਹੀ ਕਰ। ਜੋ ਕੁਝ ਵੀ ਤੂੰ ਕਿਹਾ ਹੈ ਉਸ ਵਿੱਚੋਂ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ।”
11ਤਾਂ ਹਾਮਾਨ ਨੇ ਉਹ ਬਸਤਰ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਬਸਤਰ ਪਹਿਨਾਇਆ ਅਤੇ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਘੁੰਮਾਇਆ ਅਤੇ ਉਸ ਦੇ ਅੱਗੇ ਇਹ ਮਨਾਦੀ ਕਰਵਾਈ, “ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ!”
12ਇਸ ਤੋਂ ਬਾਅਦ ਮਾਰਦਕਈ ਪਾਤਸ਼ਾਹ ਦੇ ਦਰਵਾਜ਼ੇ ਵੱਲ ਮੁੜਿਆ। ਪਰ ਹਾਮਾਨ ਸੋਗ ਨਾਲ ਸਿਰ ਢੱਕ ਕੇ ਘਰ ਨੂੰ ਆਇਆ, 13ਅਤੇ ਆਪਣੀ ਪਤਨੀ ਜ਼ਰੇਸ਼ ਅਤੇ ਆਪਣੇ ਸਾਰੇ ਦੋਸਤਾਂ ਨੂੰ ਜੋ ਕੁਝ ਉਸ ਨਾਲ ਵਾਪਰਿਆ ਸੀ, ਦੱਸ ਦਿੱਤਾ।
ਉਸ ਦੇ ਸਲਾਹਕਾਰਾਂ ਅਤੇ ਉਸ ਦੀ ਪਤਨੀ ਜ਼ੇਰਸ਼ ਨੇ ਉਸ ਨੂੰ ਆਖਿਆ, “ਜੇਕਰ ਮਾਰਦਕਈ ਜਿਸ ਨੂੰ ਤੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ, ਯਹੂਦੀਆਂ ਦੇ ਵੰਸ਼ ਵਿੱਚੋਂ ਹੈ, ਤਾਂ ਤੂੰ ਉਸ ਨੂੰ ਜਿੱਤ ਨਹੀਂ ਸਕਦਾ ਪਰ ਤੂੰ ਜ਼ਰੂਰ ਉਸ ਦੇ ਅੱਗੇ ਨੀਵਾਂ ਕੀਤਾ ਜਾਵੇਂਗਾ!” 14ਜਦੋਂ ਉਹ ਅਜੇ ਉਸ ਨਾਲ ਗੱਲਾਂ ਕਰ ਰਹੇ ਸਨ, ਰਾਜੇ ਦੇ ਅਧਿਕਾਰੀਆ ਗਏ ਅਤੇ ਹਾਮਾਨ ਨੂੰ ਉਸ ਦਾਅਵਤ ਲਈ ਜੋ ਏਸਤੇਰ ਨੇ ਤਿਆਰ ਕੀਤੀ ਸੀ, ਲੈ ਗਏ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.