Λογότυπο YouVersion
Εικονίδιο αναζήτησης

ਮਰਕੁਸ 2

2
ਪਾਪਾਂ ਦੀ ਮਾਫ਼ੀ ਅਤੇ ਅਧਰੰਗੀ ਨੂੰ ਚੰਗਾ ਕਰਨਾ
1ਕਈ ਦਿਨਾਂ ਬਾਅਦ ਜਦੋਂ ਉਹ ਫੇਰ ਕਫ਼ਰਨਾਹੂਮ ਵਿੱਚ ਆਇਆ ਤਾਂ ਇਹ ਸੁਣਿਆ ਗਿਆ ਕਿ ਉਹ ਘਰ ਵਿੱਚ ਹੈ। 2ਤਦ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ 'ਤੇ ਵੀ ਥਾਂ ਨਾ ਰਿਹਾ ਅਤੇ ਉਹ ਉਨ੍ਹਾਂ ਨੂੰ ਵਚਨ ਸੁਣਾ ਰਿਹਾ ਸੀ। 3ਲੋਕ ਇੱਕ ਅਧਰੰਗੀ ਨੂੰ ਚਾਰ ਵਿਅਕਤੀਆਂ ਦੁਆਰਾ ਚੁਕਵਾ ਕੇ ਉਸ ਕੋਲ ਲੈ ਕੇ ਆਏ 4ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਲਿਆ ਸਕੇ#2:4 ਕੁਝ ਹਸਤਲੇਖਾਂ ਵਿੱਚ “ਉਸ ਦੇ ਨੇੜੇ ਨਾ ਲਿਆ ਸਕੇ” ਦੇ ਸਥਾਨ 'ਤੇ “ਉਹ ਯਿਸੂ ਦੇ ਨੇੜੇ ਨਾ ਆ ਸਕੇ” ਲਿਖਿਆ ਹੈ।। ਤਦ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਯਿਸੂ ਸੀ, ਉਧੇੜਿਆ ਅਤੇ ਜਗ੍ਹਾ ਬਣਾ ਕੇ ਉਸ ਮੰਜੀ ਨੂੰ ਜਿਸ ਉੱਤੇ ਅਧਰੰਗੀ ਪਿਆ ਸੀ, ਹੇਠਾਂ ਉਤਾਰ ਦਿੱਤਾ। 5ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ,“ਹੇ ਪੁੱਤਰ, ਤੇਰੇ ਪਾਪ ਮਾਫ਼ ਹੋਏ।” 6ਪਰ ਉੱਥੇ ਕੁਝ ਸ਼ਾਸਤਰੀ ਬੈਠੇ ਸਨ ਅਤੇ ਉਹ ਆਪਣੇ ਮਨਾਂ ਵਿੱਚ ਇਹ ਵਿਚਾਰ ਕਰਨ ਲੱਗੇ, 7“ਇਹ ਇਸ ਤਰ੍ਹਾਂ ਕਿਉਂ ਬੋਲਦਾ ਹੈ? ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ! ਇੱਕ ਪਰਮੇਸ਼ਰ ਤੋਂ ਬਿਨਾਂ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?”
8ਤਦ ਯਿਸੂ ਨੇ ਉਸੇ ਵੇਲੇ ਆਪਣੇ ਆਤਮਾ ਵਿੱਚ ਜਾਣ ਕੇ ਜੋ ਉਹ ਆਪਸ ਵਿੱਚ ਇਸ ਤਰ੍ਹਾਂ ਵਿਚਾਰ ਕਰ ਰਹੇ ਹਨ, ਉਨ੍ਹਾਂ ਨੂੰ ਕਿਹਾ,“ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਵਿਚਾਰ ਕਿਉਂ ਕਰ ਰਹੇ ਹੋ? 9ਸੌਖਾ ਕੀ ਹੈ? ਇਸ ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਆਪਣਾ ਬਿਸਤਰਾ ਚੁੱਕ ਤੇ ਚੱਲ-ਫਿਰ’? 10ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਉਸ ਨੇ ਉਸ ਅਧਰੰਗੀ ਨੂੰ ਕਿਹਾ, 11“ਮੈਂ ਤੈਨੂੰ ਕਹਿੰਦਾ ਹਾਂ, ਉੱਠ! ਆਪਣਾ ਬਿਸਤਰਾ ਚੁੱਕ ਅਤੇ ਆਪਣੇ ਘਰ ਨੂੰ ਚਲਾ ਜਾ।” 12ਤਦ ਉਹ ਉੱਠਿਆ ਅਤੇ ਤੁਰੰਤ ਬਿਸਤਰਾ ਚੁੱਕ ਕੇ ਸਭ ਦੇ ਸਾਹਮਣੇ ਬਾਹਰ ਨਿੱਕਲ ਗਿਆ। ਇਹ ਵੇਖ ਕੇ ਸਭ ਦੰਗ ਰਹਿ ਗਏ ਅਤੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ, “ਅਜਿਹਾ ਅਸੀਂ ਕਦੇ ਨਹੀਂ ਵੇਖਿਆ।”
ਲੇਵੀ ਦਾ ਬੁਲਾਇਆ ਜਾਣਾ
13ਉਹ ਦੁਬਾਰਾ ਝੀਲ ਕਿਨਾਰੇ ਚਲਾ ਗਿਆ ਅਤੇ ਸਾਰੀ ਭੀੜ ਉਸ ਕੋਲ ਆਉਣ ਲੱਗੀ ਅਤੇ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ। 14ਜਾਂਦੇ ਹੋਏ ਉਸ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਚੁੰਗੀ 'ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।” ਤਦ ਉਹ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ।
ਪਾਪੀਆਂ ਨਾਲ ਭੋਜਨ ਕਰਨਾ
15ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ, ਲੇਵੀ ਦੇ ਘਰ ਭੋਜਨ ਖਾਣ ਬੈਠਾ ਅਤੇ ਬਹੁਤ ਸਾਰੇ ਮਹਿਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਭੋਜਨ ਕਰਨ ਬੈਠੇ ਕਿਉਂਕਿ ਉਹ ਬਹੁਤ ਸਾਰੇ ਸਨ ਅਤੇ ਉਸ ਦੇ ਪਿੱਛੇ ਹੋ ਤੁਰੇ ਸਨ। 16ਜਦੋਂ ਫ਼ਰੀਸੀ ਸ਼ਾਸਤਰੀਆਂ#2:16 ਫ਼ਰੀਸੀ ਸ਼ਾਸਤਰੀ ਅਰਥਾਤ ਸ਼ਾਸਤਰੀਆਂ ਵਿੱਚੋਂ ਉਹ ਲੋਕ ਜੋ ਫ਼ਰੀਸੀਆਂ ਦੇ ਦਲ ਦੇ ਸਨ। ਨੇ ਇਹ ਵੇਖਿਆ ਕਿ ਉਹ ਪਾਪੀਆਂ ਅਤੇ ਮਹਿਸੂਲੀਆਂ ਦੇ ਨਾਲ ਖਾਂਦਾ ਹੈ ਤਾਂ ਉਹ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ, “ਉਹ ਮਹਿਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ-ਪੀਂਦਾ ਹੈ?” 17ਤਦ ਯਿਸੂ ਨੇ ਇਹ ਸੁਣ ਕੇ ਉਨ੍ਹਾਂ ਨੂੰ ਕਿਹਾ,“ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ, ਪਰ ਰੋਗੀਆਂ ਨੂੰ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ#2:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੋਬਾ ਦੇ ਲਈ” ਲਿਖਿਆ ਹੈ।ਬੁਲਾਉਣ ਆਇਆ ਹਾਂ।”
ਵਰਤ ਸੰਬੰਧੀ ਪ੍ਰਸ਼ਨ
18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਇਸ ਲਈ ਉਹ ਆ ਕੇ ਉਸ ਨੂੰ ਕਹਿਣ ਲੱਗੇ, “ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?” 19ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਵਰਤ ਰੱਖ ਸਕਦੇ ਹਨ? ਜਦੋਂ ਤੱਕ ਲਾੜਾ ਉਨ੍ਹਾਂ ਦੇ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ। 20ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ, ਉਸ ਦਿਨ ਉਹ ਵਰਤ ਰੱਖਣਗੇ। 21ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਨਹੀਂ ਤਾਂ ਉਹ ਨਵੀਂ ਟਾਕੀ ਉਸ ਪੁਰਾਣੇ ਕੱਪੜੇ ਵਿੱਚੋਂ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਪਾਟ ਜਾਂਦਾ ਹੈ। 22ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ, ਨਹੀਂ ਤਾਂ#2:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਵੀਂ” ਸ਼ਬਦ ਲਿਖਿਆ ਹੈ।ਮੈ ਮਸ਼ਕਾਂ ਨੂੰ ਪਾੜ ਦੇਵੇਗੀ#2:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਵਹਿ ਜਾਵੇਗੀ” ਲਿਖਿਆ ਹੈ।ਅਤੇ ਮੈ ਤੇ ਮਸ਼ਕਾਂ ਦੋਵੇਂ ਨਾਸ ਹੋ ਜਾਣਗੀਆਂ। ਇਸ ਲਈ ਨਵੀਂ ਮੈ ਨੂੰ ਨਵੀਆਂ ਮਸ਼ਕਾਂ ਵਿੱਚ ਭਰਿਆ ਜਾਂਦਾ ਹੈ#2:22 ਕੁਝ ਹਸਤਲੇਖਾਂ ਵਿੱਚ “ਭਰਿਆ ਜਾਂਦਾ ਹੈ” ਦੇ ਸਥਾਨ 'ਤੇ “ਭਰਿਆ ਜਾਣਾ ਚਾਹੀਦਾ ਹੈ” ਲਿਖਿਆ ਹੈ।।”
ਸਬਤ ਦੇ ਦਿਨ ਦਾ ਪ੍ਰਭੂ
23ਫਿਰ ਇਸ ਤਰ੍ਹਾਂ ਹੋਇਆ ਕਿ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਰਾਹ ਜਾਂਦਿਆਂ ਉਸ ਦੇ ਚੇਲੇ ਸਿੱਟੇ ਤੋੜਨ ਲੱਗੇ। 24ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ ਉਹ ਉਸ ਨੂੰ ਕਿਉਂ ਕਰਦੇ ਹਨ?” 25ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਲੋੜ ਪੈਣ 'ਤੇ ਕੀ ਕੀਤਾ ਜਦੋਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ? 26ਮਹਾਂਯਾਜਕ ਅਬਯਾਥਾਰ ਦੇ ਸਮੇਂ ਕਿਵੇਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਯਾਜਕਾਂ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?” 27ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਦਿਨ ਲਈ। 28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”

Επιλέχθηκαν προς το παρόν:

ਮਰਕੁਸ 2: PSB

Επισημάνσεις

Κοινοποίηση

Αντιγραφή

None

Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε