Λογότυπο YouVersion
Εικονίδιο αναζήτησης

ਮਰਕੁਸ 10

10
ਤਲਾਕ ਦੇ ਵਿਖੇ ਸਿੱਖਿਆ
1ਫਿਰ ਯਿਸੂ ਉੱਥੋਂ ਉੱਠ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ ਅਤੇ ਭੀੜ ਫੇਰ ਉਸ ਕੋਲ ਇਕੱਠੀ ਹੋ ਗਈ ਅਤੇ ਉਹ ਉਨ੍ਹਾਂ ਨੂੰ ਫੇਰ ਉਪਦੇਸ਼ ਦੇਣ ਲੱਗਾ ਜਿਵੇਂ ਉਹ ਹਮੇਸ਼ਾ ਦਿੰਦਾ ਸੀ।
2ਤਦ ਫ਼ਰੀਸੀ ਕੋਲ ਆ ਕੇ ਪਰਖਣ ਲਈ ਉਸ ਨੂੰ ਪੁੱਛਣ ਲੱਗੇ, “ਕੀ ਪਤੀ ਦੇ ਲਈ ਪਤਨੀ ਨੂੰ ਤਲਾਕ ਦੇਣਾ ਯੋਗ ਹੈ?” 3ਉਸ ਨੇ ਉਨ੍ਹਾਂ ਨੂੰ ਕਿਹਾ,“ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ?” 4ਉਨ੍ਹਾਂ ਨੇ ਕਿਹਾ, “ਮੂਸਾ ਨੇ ਤਲਾਕਨਾਮਾ ਲਿਖ ਕੇ ਤਲਾਕ ਦੇਣ ਦੀ ਅਨੁਮਤੀ ਦਿੱਤੀ।”
5ਯਿਸੂ ਨੇ ਉਨ੍ਹਾਂ ਨੂੰ ਕਿਹਾ,“ਉਸ ਨੇ ਤੁਹਾਡੇ ਮਨ ਦੀ ਕਠੋਰਤਾ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ। 6ਪਰ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਅਰੰਭ ਤੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ। 7ਇਸੇ ਕਾਰਨ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ 8ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਉਹ ਦੋ ਨਹੀਂ ਸਗੋਂ ਇੱਕ ਸਰੀਰ ਹਨ। 9ਇਸ ਲਈ ਜਿਸ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਅਲੱਗ ਨਾ ਕਰੇ।”
10ਘਰ ਆ ਕੇ ਚੇਲੇ ਉਸ ਨੂੰ ਫੇਰ ਇਸ ਬਾਰੇ ਪੁੱਛਣ ਲੱਗੇ। 11ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜੀ ਨਾਲ ਵਿਆਹ ਕਰਦਾ ਹੈ ਉਹ ਉਸ ਨਾਲ ਵਿਭਚਾਰ ਕਰਦਾ ਹੈ; 12ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦੇ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ।”
ਯਿਸੂ ਦਾ ਬੱਚਿਆਂ ਨੂੰ ਸਵੀਕਾਰ ਕਰਨਾ
13ਫਿਰ ਲੋਕ ਬੱਚਿਆਂ ਨੂੰ ਉਸ ਕੋਲ ਲਿਆਏ ਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ। 14ਯਿਸੂ ਇਹ ਵੇਖ ਕੇ ਗੁੱਸੇ ਹੋਇਆ ਅਤੇ ਉਨ੍ਹਾਂ ਨੂੰ ਕਿਹਾ,“ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 15ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।” 16ਫਿਰ ਉਸ ਨੇ ਉਨ੍ਹਾਂ ਨੂੰ ਬਾਹਾਂ ਵਿੱਚ ਲਿਆ ਅਤੇ ਉਨ੍ਹਾਂ 'ਤੇ ਹੱਥ ਰੱਖ ਕੇ ਅਸੀਸ ਦਿੱਤੀ।
ਧਨੀ ਵਿਅਕਤੀ ਅਤੇ ਸਦੀਪਕ ਜੀਵਨ
17ਫਿਰ ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਦੌੜਦਾ ਹੋਇਆ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਉਸ ਨੂੰ ਪੁੱਛਣ ਲੱਗਾ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?” 18ਯਿਸੂ ਨੇ ਉਸ ਨੂੰ ਕਿਹਾ,“ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ। 19ਤੂੰ ਹੁਕਮਾਂ ਨੂੰ ਜਾਣਦਾ ਹੈਂ:ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ।” 20ਉਸ ਨੇ ਕਿਹਾ, “ਗੁਰੂ ਜੀ, ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।” 21ਯਿਸੂ ਨੇ ਉਸ ਵੱਲ ਵੇਖ ਕੇ ਉਸ ਨੂੰ ਪਿਆਰ ਕੀਤਾ ਅਤੇ ਉਸ ਨੂੰ ਕਿਹਾ,“ਤੇਰੇ ਵਿੱਚ ਇੱਕ ਕਮੀ ਹੈ; ਜਾ, ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਨੂੰ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ,#10:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੀ ਸਲੀਬ ਚੁੱਕ ਕੇ” ਲਿਖਿਆ ਹੈ।ਮੇਰੇ ਪਿੱਛੇ ਹੋ ਤੁਰ।” 22ਪਰ ਉਹ ਇਸ ਗੱਲ ਤੋਂ ਦੁਖੀ ਹੋਇਆ ਅਤੇ ਉਦਾਸ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਬਹੁਤ ਧਨ-ਸੰਪਤੀ ਸੀ।
ਸਦੀਪਕ ਜੀਵਨ ਪਾਉਣ ਲਈ ਧਨ ਇੱਕ ਰੁਕਾਵਟ
23ਫਿਰ ਯਿਸੂ ਨੇ ਚਾਰੇ-ਪਾਸੇ ਵੇਖ ਕੇ ਆਪਣੇ ਚੇਲਿਆਂ ਨੂੰ ਕਿਹਾ,“ਜਿਹੜੇ ਦੌਲਤਮੰਦ ਹਨ, ਉਨ੍ਹਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੋਵੇਗਾ!” 24ਚੇਲੇ ਉਸ ਦੀਆਂ ਗੱਲਾਂ ਤੋਂ ਹੈਰਾਨ ਹੋਏ ਪਰ ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ,“ਬੱਚਿਓ,#10:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਧਨ 'ਤੇ ਭਰੋਸਾ ਰੱਖਣ ਵਾਲਿਆਂ ਲਈ” ਲਿਖਿਆ ਹੈ।ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ! 25ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।” 26ਤਦ ਉਹ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਕੌਣ ਬਚ ਸਕਦਾ ਹੈ?” 27ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ,“ਮਨੁੱਖਾਂ ਲਈ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ, ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ।”
28ਪਤਰਸ ਉਸ ਨੂੰ ਕਹਿਣ ਲੱਗਾ, “ਵੇਖ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।” 29ਯਿਸੂ ਨੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਅਜਿਹਾ ਕੋਈ ਨਹੀਂ ਹੈ ਜਿਸ ਨੇ ਮੇਰੇ ਅਤੇ ਖੁਸ਼ਖ਼ਬਰੀ ਦੇ ਕਾਰਨ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਤਾ#10:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਾਂ ਪਤਨੀ” ਲਿਖਿਆ ਹੈ।ਜਾਂ ਪਿਤਾ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੋਵੇ 30ਅਤੇ ਉਹ ਇਸ ਸਮੇਂ ਵਿੱਚ ਘਰ, ਭਰਾਵਾਂ, ਭੈਣਾਂ, ਮਾਵਾਂ, ਬੱਚੇ ਅਤੇ ਖੇਤਾਂ ਦਾ ਸੌ ਗੁਣਾ ਨਾ ਪਾਵੇ ਪਰ ਸਤਾਓ ਦੇ ਨਾਲ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ31ਪਰ ਬਹੁਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।”
ਯਿਸੂ ਦੁਆਰਾ ਆਪਣੀ ਮੌਤ ਅਤੇ ਜੀ ਉੱਠਣ ਬਾਰੇ ਤੀਜੀ ਵਾਰ ਭਵਿੱਖਬਾਣੀ
32ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਵਿੱਚ ਸਨ ਅਤੇ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਚੇਲੇ ਹੈਰਾਨ ਸਨ ਅਤੇ ਪਿੱਛੇ ਆਉਣ ਵਾਲੇ ਲੋਕ ਡਰੇ ਹੋਏ ਸਨ। ਫਿਰ ਉਹ ਬਾਰ੍ਹਾਂ ਨੂੰ ਅਲੱਗ ਲਿਜਾ ਕੇ ਜੋ ਉਸ ਨਾਲ ਵਾਪਰਨਾ ਸੀ, ਉਨ੍ਹਾਂ ਨੂੰ ਦੱਸਣ ਲੱਗਾ। 33“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਉਣਗੇ ਤੇ ਪਰਾਈਆਂ ਕੌਮਾਂ ਨੂੰ ਸੌਂਪ ਦੇਣਗੇ 34ਅਤੇ ਉਸ ਦਾ ਮਖੌਲ ਉਡਾਉਣਗੇ, ਉਸ 'ਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ, ਪਰ ਤਿੰਨਾਂ ਦਿਨਾਂ ਬਾਅਦ ਉਹ ਫੇਰ ਜੀ ਉੱਠੇਗਾ।”
ਯਾਕੂਬ ਅਤੇ ਯੂਹੰਨਾ ਦੀ ਬੇਨਤੀ
35ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਨੇ ਕੋਲ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੇਰੇ ਕੋਲੋਂ ਮੰਗੀਏ ਤੂੰ ਸਾਡੇ ਲਈ ਕਰੇਂ।” 36ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?” 37ਉਨ੍ਹਾਂ ਨੇ ਕਿਹਾ, “ਸਾਨੂੰ ਇਹ ਬਖਸ਼ ਕਿ ਅਸੀਂ ਤੇਰੇ ਤੇਜ ਵਿੱਚ ਇੱਕ ਤੇਰੇ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਬੈਠੀਏ।” 38ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਨਹੀਂ ਜਾਣਦੇ ਜੋ ਤੁਸੀਂ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣਾ ਹੈ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣਾ ਹੈ?” 39ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ।” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ, 40ਪਰ ਆਪਣੇ ਸੱਜੇ ਜਾਂ ਖੱਬੇ ਪਾਸੇ ਬਿਠਾਉਣਾ ਮੇਰਾ ਕੰਮ ਨਹੀਂ, ਸਗੋਂ ਇਹ ਸਥਾਨ ਉਨ੍ਹਾਂ ਲਈ ਹੈ ਜਿਨ੍ਹਾਂ ਦੇ ਲਈ ਤਿਆਰ ਕੀਤਾ ਗਿਆ ਹੈ।”
41ਇਹ ਸੁਣ ਕੇ ਬਾਕੀ ਦਸੇ ਚੇਲੇ ਯਾਕੂਬ ਅਤੇ ਯੂਹੰਨਾ ਉੱਤੇ ਖਿਝਣ ਲੱਗੇ। 42ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ,“ਤੁਸੀਂ ਜਾਣਦੇ ਹੋ ਕਿ ਜਿਹੜੇ ਪਰਾਈਆਂ ਕੌਮਾਂ ਉੱਤੇ ਸ਼ਾਸਕ ਮੰਨੇ ਜਾਂਦੇ ਹਨ, ਉਹ ਉਨ੍ਹਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਵੱਡੇ ਉਨ੍ਹਾਂ 'ਤੇ ਅਧਿਕਾਰ ਰੱਖਦੇ ਹਨ। 43ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਤੁਹਾਡੇ ਵਿੱਚੋਂ ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਸੇਵਕ ਬਣੇ 44ਅਤੇ ਜੋ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੁੰਦਾ ਹੈ ਉਹ ਸਭ ਦਾ ਦਾਸ ਬਣੇ। 45ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਲਈ ਨਹੀਂ ਪਰ ਸੇਵਾ ਕਰਨ ਅਤੇ ਬਹੁਤਿਆਂ ਦੇ ਛੁਟਕਾਰੇ ਦਾ ਮੁੱਲ ਤਾਰਨ ਲਈ ਆਪਣੀ ਜਾਨ ਦੇਣ ਵਾਸਤੇ ਆਇਆ।”
ਅੰਨ੍ਹੇ ਬਰਤਿਮਈ ਨੂੰ ਸੁਜਾਖਾ ਕਰਨਾ
46ਫਿਰ ਉਹ ਯਰੀਹੋ ਵਿੱਚ ਆਏ। ਜਦੋਂ ਯਿਸੂ ਆਪਣੇ ਚੇਲਿਆਂ ਅਤੇ ਇੱਕ ਵੱਡੀ ਭੀੜ ਨਾਲ ਯਰੀਹੋ ਤੋਂ ਨਿੱਕਲ ਰਿਹਾ ਸੀ ਤਾਂ ਇੱਕ ਅੰਨ੍ਹਾ ਭਿਖਾਰੀ#10:46 ਕੁਝ ਹਸਤਲੇਖਾਂ ਵਿੱਚ “ਇੱਕ ਅੰਨ੍ਹਾ ਭਿਖਾਰੀ, ... ਬੈਠਾ ਸੀ” ਦੇ ਸਥਾਨ 'ਤੇ “ਇੱਕ ਅੰਨ੍ਹਾ, ... ਬੈਠਾ ਭੀਖ ਮੰਗ ਰਿਹਾ ਸੀ” ਲਿਖਿਆ ਹੈ।, ਤਿਮਈ ਦਾ ਪੁੱਤਰ ਬਰਤਿਮਈ ਰਾਹ ਦੇ ਕਿਨਾਰੇ ਬੈਠਾ ਸੀ। 47ਉਹ ਇਹ ਸੁਣ ਕੇ ਕਿ ਯਿਸੂ ਨਾਸਰੀ ਹੈ, ਪੁਕਾਰ ਕੇ ਕਹਿਣ ਲੱਗਾ, “ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ।” 48ਕਈ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰਨ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!” 49ਤਦ ਯਿਸੂ ਨੇ ਰੁਕ ਕੇ ਕਿਹਾ,“ਉਸ ਨੂੰ ਬੁਲਾਓ!” ਤਾਂ ਉਨ੍ਹਾਂ ਉਸ ਅੰਨ੍ਹੇ ਨੂੰ ਇਹ ਕਹਿੰਦੇ ਹੋਏ ਬੁਲਾਇਆ, “ਹੌਸਲਾ ਰੱਖ! ਉੱਠ, ਉਹ ਤੈਨੂੰ ਬੁਲਾਉਂਦਾ ਹੈ।”
50ਉਹ ਆਪਣਾ ਕੱਪੜਾ ਪਰੇ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਦੇ ਕੋਲ ਆਇਆ। 51ਯਿਸੂ ਨੇ ਉਸ ਨੂੰ ਕਿਹਾ,“ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਅੰਨ੍ਹੇ ਨੇ ਕਿਹਾ, “ਹੇ ਗੁਰੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!” 52ਯਿਸੂ ਨੇ ਉਸ ਨੂੰ ਕਿਹਾ,“ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਤਦ ਉਸੇ ਵੇਲੇ ਉਹ ਸੁਜਾਖਾ ਹੋ ਗਿਆ ਅਤੇ ਉਸੇ ਰਾਹ 'ਤੇ ਉਸ ਦੇ ਪਿੱਛੇ ਹੋ ਤੁਰਿਆ।

Επιλέχθηκαν προς το παρόν:

ਮਰਕੁਸ 10: PSB

Επισημάνσεις

Κοινοποίηση

Αντιγραφή

None

Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε