ਰੋਮੀਆਂ 3

3
ਪਰਮੇਸ਼ਵਰ ਦੀ ਵਫ਼ਾਦਾਰੀ
1ਤਾਂ ਫਿਰ ਯਹੂਦੀ ਹੋਣ ਦਾ ਕੀ ਫ਼ਾਇਦਾ ਹੈ ਜਾਂ ਸੁੰਨਤ ਦਾ ਕੀ ਲਾਭ ਹੈ? 2ਹਰ ਤਰੀਕੇ ਨਾਲ ਬਹੁਤ ਸਾਰੇ ਫਾਇਦੇ ਹਨ! ਸਭ ਤੋਂ ਪਹਿਲਾਂ, ਯਹੂਦੀਆਂ ਨੂੰ ਪਰਮੇਸ਼ਵਰ ਦੇ ਵਚਨ ਦਿੱਤੇ ਗਏ ਹਨ।
3ਇਹ ਸੱਚ ਹੈ ਕਿ ਉਹਨਾਂ ਵਿਚੋਂ ਕੁਝ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ; ਪਰ ਜੇ ਉਹ ਅਵਿਸ਼ਵਾਸੀ ਸਨ, ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਵੀ ਵਫ਼ਾਦਾਰ ਨਹੀਂ ਹੈ? 4ਬਿਲਕੁਲ ਨਹੀਂ! ਪਰਮੇਸ਼ਵਰ ਸੱਚਾ ਹੋਵੇ ਅਤੇ ਹਰ ਇਨਸਾਨ ਝੂਠਾ ਹੋਵੇ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ:#3:4 ਜ਼ਬੂ 51:4; 116:11
“ਤਾਂ ਜੋ ਤੁਸੀਂ ਬੋਲਣ ਵੇਲੇ ਸਹੀ ਸਿੱਧ ਹੋ ਸਕੋ
ਅਤੇ ਜਦੋਂ ਤੁਸੀਂ ਨਿਆਂ ਕਰੋ ਤਾਂ ਜਿੱਤ ਪ੍ਰਾਪਤ ਕਰੋ।”
5ਪਰ ਜੇ ਸਾਡੀ ਬੁਰਾਈ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ, ਤਾਂ ਅਸੀਂ ਕੀ ਕਹਾਂਗੇ? ਕੀ ਪਰਮੇਸ਼ਵਰ ਸਾਡੇ ਉੱਤੇ ਆਪਣਾ ਕ੍ਰੋਧ ਲਿਆਉਣ ਵਿੱਚ ਅਧਰਮੀ ਹੈ (ਮੈਂ ਮਨੁੱਖੀ ਨਜ਼ਰੀਏ ਨਾਲ ਗੱਲ ਕਰ ਰਿਹਾ ਹਾਂ।) 6ਬਿਲਕੁਲ ਨਹੀਂ! ਜੇ ਅਜਿਹਾ ਹੁੰਦਾ ਤਾਂ ਪਰਮੇਸ਼ਵਰ ਦੁਨੀਆਂ ਦਾ ਨਿਆਂ ਕਿਵੇਂ ਕਰ ਸਕਦੇ ਹਨ? 7ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, “ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?” 8ਅਤੇ ਕੁਝ ਲੋਕ ਇਹ ਕਹਿੰਦੇ ਹੋਏ ਵੀ ਸਾਡੀ ਨਿੰਦਿਆ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਜਿੰਨਾ ਅਸੀਂ ਪਾਪ ਕਰਦੇ ਹਾਂ ਉੱਨਾ ਹੀ ਚੰਗਾ!” ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹਨਾਂ ਦੇ ਲਈ ਸਜ਼ਾ ਹੀ ਠੀਕ ਹੈ।
ਕੋਈ ਵੀ ਧਰਮੀ ਨਹੀਂ ਹੈ
9ਇਸ ਦਾ ਅਰਥ ਕੀ ਹੋਇਆ ਫਿਰ? ਕੀ ਅਸੀਂ ਯਹੂਦੀ ਦੂਜਿਆਂ ਨਾਲੋਂ ਚੰਗੇ ਹਾਂ? ਨਹੀਂ ਬਿਲਕੁਲ ਵੀ ਨਹੀਂ! ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਲੋਕ, ਚਾਹੇ ਯਹੂਦੀ ਹੋਣ ਜਾਂ ਗੈਰ-ਯਹੂਦੀ, ਸਭ ਪਾਪ ਦੇ ਅਧੀਨ ਹਨ। 10ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
“ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ;
11ਕੋਈ ਵੀ ਨਹੀਂ ਜੋ ਸਮਝਦਾ;
ਕੋਈ ਵੀ ਨਹੀਂ ਜੋ ਪਰਮੇਸ਼ਵਰ ਨੂੰ ਭਾਲਦਾ ਹੈ।
12ਸਾਰੇ ਪਰਮੇਸ਼ਵਰ ਤੋਂ ਦੂਰ ਹਨ,
ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ,
ਕੋਈ ਵੀ ਭਲਾਈ ਨਹੀਂ ਕਰਦਾ,
ਇੱਕ ਵੀ ਨਹੀਂ।”#3:12 ਜ਼ਬੂ 14:3; 53:1
13“ਉਹਨਾਂ ਦੇ ਗਲੇ ਖੁੱਲ੍ਹੇ ਕਬਰ ਹਨ;
ਉਹਨਾਂ ਦੀ ਜੀਭ ਝੂਠ ਨਾਲ ਭਰੀ ਹੈ।”#3:13 ਜ਼ਬੂ 5:9
“ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਵਿੱਚੋਂ ਨਿਕਲਦਾ ਹੈ।”#3:13 ਜ਼ਬੂ 104:3
14“ਉਹਨਾਂ ਦੇ ਮੂੰਹ ਸਰਾਪ ਅਤੇ ਕੌੜੇਪਣ ਨਾਲ ਭਰੇ ਹੋਏ ਹਨ।”#3:14 ਜ਼ਬੂ 10:7 (ਸੈਪਟੁਜਿੰਟ ਦੇਖੋ)
15“ਉਨ੍ਹਾਂ ਦੇ ਪੈਰ ਖੂਨ ਵਹਾਉਣ ਲਈ ਤੇਜ਼ ਹਨ।
16ਤਬਾਹੀ ਅਤੇ ਦੁੱਖ ਹਮੇਸ਼ਾ ਉਹਨਾਂ ਦਾ ਪਿੱਛਾ ਕਰਦੇ ਹਨ।
17ਅਤੇ ਸ਼ਾਂਤੀ ਦੇ ਰਾਹ ਨੂੰ ਉਹ ਨਹੀਂ ਜਾਣਦੇ।”#3:17 ਯਸ਼ਾ 59:7-8; ਕਹਾ 1:16
18“ਉਹਨਾਂ ਦੀਆਂ ਅੱਖਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।”#3:18 ਜ਼ਬੂ 36:1
19ਹੁਣ ਅਸੀਂ ਜਾਣਦੇ ਹਾਂ ਜੋ ਵੀ ਬਿਵਸਥਾ ਕਹਿੰਦੀ ਹੈ, ਪਰ ਇਹ ਉਹਨਾਂ ਲੋਕਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ, ਤਾਂ ਜੋ ਹਰੇਕ ਮੂੰਹ ਚੁੱਪ ਹੋ ਜਾਵੇ ਅਤੇ ਸਾਰੀ ਦੁਨੀਆਂ ਪਰਮੇਸ਼ਵਰ ਦੇ ਨਿਆਉਂ ਦੇ ਹੇਠ ਆ ਜਾਵੇਗੀ। 20ਇਸ ਲਈ, ਕੋਈ ਵੀ ਵਿਅਕਤੀ ਬਿਵਸਥਾ ਦੇ ਕੰਮਾਂ ਦੁਆਰਾ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਨਹੀਂ ਠਹਿਰਾਇਆ ਜਾਵੇਗਾ; ਇਸ ਦੀ ਬਜਾਏ, ਬਿਵਸਥਾ ਦੁਆਰਾ ਅਸੀਂ ਆਪਣੇ ਪਾਪ ਬਾਰੇ ਜਾਣੂ ਹੁੰਦੇ ਹਾਂ।
ਨਿਹਚਾ ਦੁਆਰਾ ਧਰਮੀ
21ਪਰ ਹੁਣ ਬਿਵਸਥਾ ਤੋਂ ਬਿਨਾਂ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਜਿਸ ਬਾਰੇ ਬਿਵਸਥਾ ਅਤੇ ਨਬੀਆਂ ਨੇ ਗਵਾਹੀ ਦਿੱਤੀ ਹੈ। 22ਪਰਮੇਸ਼ਵਰ ਦੀ ਇਹ ਧਾਰਮਿਕਤਾ ਯਿਸ਼ੂ ਮਸੀਹ ਵਿੱਚ ਨਿਹਚਾ ਦੁਆਰਾ ਉਹਨਾਂ ਸਭ ਲੋਕਾਂ ਨੂੰ ਦਿੱਤੀ ਗਈ ਹੈ ਜੋ ਵਿਸ਼ਵਾਸ ਕਰਦੇ ਹਨ। ਯਹੂਦੀ ਅਤੇ ਗੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ, 23ਸਾਰਿਆਂ ਨੇ ਪਾਪ ਕੀਤਾ ਹੈ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਹਨ, 24ਪਰ ਪਰਮੇਸ਼ਵਰ ਦੀ ਮੁ਼ਫ਼ਤ ਕਿਰਪਾ ਦੇ ਰਾਹੀ ਉਸ ਛੁਟਕਾਰੇ ਦੇ ਰਾਹੀ ਜੋ ਮਸੀਹ ਯਿਸ਼ੂ ਵਿੱਚ ਹੁੰਦਾ ਹੈ ਸਭ ਧਰਮੀ ਠਹਿਰਾਏ ਗਏ ਹਨ। 25ਪਰਮੇਸ਼ਵਰ ਨੇ ਯਿਸ਼ੂ ਨੂੰ ਪਾਪ ਦੀ ਬਲੀ ਵਜੋਂ ਪੇਸ਼ ਕੀਤਾ। ਜਦੋਂ ਲੋਕ ਵਿਸ਼ਵਾਸ ਕਰਦੇ ਹਨ ਕਿ ਯਿਸ਼ੂ ਨੇ ਆਪਣਾ ਜੀਵਨ ਕੁਰਬਾਨ ਕੀਤਾ, ਅਤੇ ਆਪਣਾ ਲਹੂ ਵਹਾਇਆ ਤਾਂ ਲੋਕ ਪਰਮੇਸ਼ਵਰ ਨਾਲ ਸੱਚੇ ਬਣ ਜਾਂਦੇ ਹਨ। ਇਹ ਕੁਰਬਾਨੀ ਦਰਸਾਉਂਦੀ ਹੈ ਕਿ ਪਰਮੇਸ਼ਵਰ ਸਹੀ ਸੀ, ਜਦੋਂ ਉਹ ਪਿੱਛੇ ਹਟਿਆ ਅਤੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਪਾਪ ਕੀਤੇ ਸਨ। 26ਪਰਮੇਸ਼ਵਰ ਨੇ ਇਹ ਧਾਰਮਿਕਤਾ ਨੂੰ ਇਸ ਸਮੇਂ ਵਿੱਚ ਦਿਖਾਉਣ ਲਈ ਕੀਤਾ, ਤਾਂ ਜੋ ਉਹ ਵਿਅਕਤੀ ਜੋ ਯਿਸ਼ੂ ਵਿੱਚ ਵਿਸ਼ਵਾਸ ਰੱਖਦਾ ਹੈ ਪਰਮੇਸ਼ਵਰ ਉਸ ਨੂੰ ਧਰਮੀ ਠਹਿਰਾਉਂਦਾ ਹੈ।
27ਤਾਂ ਕੀ ਫਿਰ ਅਸੀਂ ਕਿਸੇ ਤੇ ਘਮੰਡ ਕਰ ਸਕਦੇ ਹਾਂ? ਕਿਸੇ ਤੇ ਵੀ ਨਹੀਂ। ਬਿਵਸਥਾ ਦੇ ਅਨੁਸਾਰ ਕਰਮ ਜ਼ਰੂਰੀ ਹੈ? ਨਹੀਂ, ਸਗੋਂ ਬਿਵਸਥਾ ਤਾਂ ਵਿਸ਼ਵਾਸ ਦੀ ਮੰਗ ਕਰਦੀ ਹੈ। 28ਕਿਉਂ ਜੋ ਅਸੀਂ ਮੰਨਦੇ ਹਾਂ ਕਿ ਇੱਕ ਵਿਅਕਤੀ ਬਿਵਸਥਾ ਦੇ ਕੰਮਾਂ ਤੋਂ ਇਲਾਵਾ ਵਿਸ਼ਵਾਸ ਦੁਆਰਾ ਧਰਮੀ ਬਣਾਇਆ ਜਾਦਾਂ ਹੈ। 29ਕੀ ਪਰਮੇਸ਼ਵਰ ਸਿਰਫ ਯਹੂਦੀਆਂ ਦਾ ਪਰਮੇਸ਼ਵਰ ਹੈ? ਕੀ ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਨਹੀਂ ਹੈ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਹੈ। 30ਸਿਰਫ ਇੱਕ ਹੀ ਪਰਮੇਸ਼ਵਰ ਹੈ, ਜੋ ਸੁੰਨਤ ਵਾਲਿਆਂ ਨੂੰ ਵੀ ਨਿਹਚਾ ਦੁਆਰਾ ਅਤੇ ਅਸੁੰਨਤ ਕੀਤੇ ਹੋਏ ਨੂੰ ਵੀ ਉਸੇ ਨਿਹਚਾ ਦੁਆਰਾ ਧਰਮੀ ਠਹਿਰਾਵੇਗਾ। 31ਤਾਂ ਫਿਰ ਕੀ ਅਸੀਂ ਇਸ ਨਿਹਚਾ ਦੁਆਰਾ ਬਿਵਸਥਾ ਨੂੰ ਖਤਮ ਕਰ ਦਿੰਦੇ ਹਾਂ? ਬਿਲਕੁਲ ਨਹੀਂ! ਇਸ ਦੀ ਬਜਾਏ, ਅਸੀਂ ਬਿਵਸਥਾ ਦੀ ਪਾਲਣਾ ਕਰਦੇ ਹਾਂ।

المحددات الحالية:

ਰੋਮੀਆਂ 3: PCB

تمييز النص

نسخ

قارن

شارك

None

هل تريد حفظ أبرز أعمالك على جميع أجهزتك؟ قم بالتسجيل أو تسجيل الدخول