YouVersion Logo
Search Icon

ਲੂਕਸ 16

16
ਚਲਾਕ ਪ੍ਰਬੰਧਕ ਦਾ ਦ੍ਰਿਸ਼ਟਾਂਤ
1ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇੱਕ ਅਮੀਰ ਆਦਮੀ ਦਾ ਮੁਖ਼ਤਿਆਰ ਸੀ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਕਿ ਉਹ ਉਸ ਦੀ ਜਾਇਦਾਦ ਦੀ ਦੁਰਵਰਤੋਂ ਕਰ ਰਿਹਾ ਹੈ। 2ਤਾਂ ਅਮੀਰ ਆਦਮੀ ਨੇ ਉਸ ਮੁਖ਼ਤਿਆਰ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਮੁਖ਼ਤਿਆਰੀ ਦਾ ਲੇਖਾ ਜੋਖਾ ਦੇ ਕਿਉਂਕਿ ਤੂੰ ਹੁਣ ਮੁਖ਼ਤਿਆਰ ਦੇ ਅਹੁਦੇ ਦੇ ਯੋਗ ਨਹੀਂ।’
3“ਉਸ ਮੁਖ਼ਤਿਆਰ ਨੇ ਆਪਣੇ ਮਨ ਵਿੱਚ ਕਿਹਾ, ‘ਹੁਣ ਮੈਂ ਕੀ ਕਰਾਂ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ। ਮੇਰਾ ਸਰੀਰ ਇਨ੍ਹਾਂ ਮਜ਼ਬੂਤ ਨਹੀਂ ਹੈ ਕਿ ਮੈਂ ਜ਼ਮੀਨ ਖੋਦਣ ਦਾ ਕੰਮ ਕਰਾਂ ਅਤੇ ਭੀਖ ਮੰਗਣ ਲਈ ਮੈਨੂੰ ਸ਼ਰਮ ਆਉਂਦੀ ਹੈ। 4ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕੀ ਕਰਾਂ ਕੀ ਜਦੋਂ ਮੇਰੇ ਕੋਲ ਇਹ ਮੁਖ਼ਤਿਆਰੀ ਖੋਹ ਲਈ ਜਾਵੇਗੀ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਦੇ ਵਿੱਚ ਸਵਾਗਤ ਕਰਨ।’
5“ਇਸ ਲਈ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਬੁਲਾਇਆ। ਉਸ ਨੇ ਪਹਿਲੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’
6“ਉਸ ਨੇ ਜਵਾਬ ਦਿੱਤਾ, ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ।’
“ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’
7“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’
“ਉਸ ਨੇ ਜਵਾਬ ਦਿੱਤਾ, ‘ਤੀਹ ਟਨ ਕਣਕ।’
“ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’
8“ਮਾਲਕ ਨੇ ਬੇਈਮਾਨ ਮੁਖ਼ਤਿਆਰ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬੜੀ ਚਲਾਕੀ ਨਾਲ ਕੰਮ ਕੀਤਾ ਸੀ। ਕਿਉਂ ਜੋ ਇਸ ਸੰਸਾਰ ਦੇ ਲੋਕ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਕਿੰਨੇ ਜ਼ਿਆਦਾ ਚਲਾਕ ਹੁੰਦੇ ਹਨ। 9ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਮਿੱਤਰ ਬਣਾਉਣ ਲਈ ਦੁਨਿਆਵੀ ਦੌਲਤ ਦੀ ਵਰਤੋਂ ਕਰੋ ਤਾਂ ਜੋ ਜਦੋਂ ਉਹ ਖਤਮ ਹੋ ਜਾਵੇ ਤਾਂ ਸਦੀਪਕ ਜੀਵਨ ਦੇ ਘਰ ਵਿੱਚ ਤੁਹਾਡਾ ਸਵਾਗਤ ਕੀਤਾ ਜਾਵੇ।
10“ਜਿਹੜਾ ਵਿਅਕਤੀ ਥੋੜ੍ਹੇ ਜਿਹੇ ਵਿੱਚ ਵੀ ਵਫ਼ਾਦਾਰ ਹੈ, ਉਹ ਜ਼ਿਆਦਾ ਵਿੱਚ ਵੀ ਵਫ਼ਾਦਾਰ ਹੁੰਦਾ ਹੈ; ਜਿਹੜਾ ਵਿਅਕਤੀ ਘੱਟ ਵਿੱਚ ਹੀ ਬੇਈਮਾਨੀ ਕਰਦਾ ਹੈ ਉਹ ਵੱਧ ਵਿੱਚ ਵੀ ਬੇਈਮਾਨ ਹੋਵੇਗਾ। 11ਇਸ ਲਈ ਜੇ ਤੁਸੀਂ ਦੁਨਿਆਵੀ ਦੌਲਤ ਨੂੰ ਸੰਭਾਲਣ ਵਿੱਚ ਭਰੋਸੇਯੋਗ ਨਹੀਂ ਹੋ ਤਾਂ ਸੱਚੇ ਧਨ ਨੂੰ ਸੰਭਾਲਣ ਲਈ ਤੁਹਾਡੇ ਉੱਤੇ ਕੌਣ ਭਰੋਸਾ ਕਰੇਂਗਾ? 12ਅਤੇ ਜੇ ਤੁਸੀਂ ਕਿਸੇ ਹੋਰ ਦੀ ਜਾਇਦਾਦ ਤੇ ਭਰੋਸੇਯੋਗ ਨਹੀਂ ਹੋ ਤਾਂ ਤੁਹਾਨੂੰ ਆਪਣੀ ਜਾਇਦਾਦ ਕੌਣ ਦੇਵੇਗਾ?
13“ਕੋਈ ਵੀ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਅਤੇ ਦੂਸਰੇ ਨਾਲ ਪਿਆਰ ਕਰੋਗੇ, ਜਾਂ ਫਿਰ ਇੱਕ ਨਾਲ ਮਿਲੇ ਰਹੋਗੇ ਅਤੇ ਦੂਸਰੇ ਨੂੰ ਤੁੱਛ ਜਾਣੋਗੇ। ਇਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।”
14ਫ਼ਰੀਸੀ ਜਿਹੜੇ ਪੈਸੇ ਨੂੰ ਪਿਆਰ ਕਰਦੇ ਸਨ, ਉਹਨਾਂ ਨੇ ਇਹ ਸਭ ਸੁਣਿਆ ਅਤੇ ਉਹ ਯਿਸ਼ੂ ਨੂੰ ਮਜ਼ਾਕ ਕਰਨ ਲੱਗੇ। 15ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹ ਲੋਕ ਹੋ ਜੋ ਦੂਜਿਆਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਜਿਸ ਚੀਜ਼ ਦੀ ਲੋਕ ਬਹੁਤ ਕਦਰ ਕਰਦੇ ਹਨ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਘਿਣਾਉਣੀ ਹੈ।
ਹੋਰ ਸਿੱਖਿਆਵਾਂ
16“ਬਿਵਸਥਾ ਅਤੇ ਨਬੀਆਂ ਦਾ ਪ੍ਰਚਾਰ ਯੋਹਨ ਤੀਕ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਵਿੱਚ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। 17ਸਵਰਗ ਅਤੇ ਧਰਤੀ ਦਾ ਅਲੋਪ ਹੋਣਾ ਆਸਾਨ ਹੈ ਇਸ ਦੀ ਬਜਾਏ ਕਿ ਬਿਵਸਥਾ ਦਾ ਇੱਕ ਵੀ ਬਿੰਦੂ ਬੇਕਾਰ ਸਾਬਤ ਹੋਵੇ।
18“ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਵਿਭਚਾਰ ਕਰਦਾ ਹੈ ਅਤੇ ਜਿਹੜਾ ਆਦਮੀ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰੇ ਸੋ ਉਹ ਵੀ ਵਿਭਚਾਰ ਕਰਦਾ ਹੈ।”
ਅਮੀਰ ਆਦਮੀ ਅਤੇ ਲਾਜ਼ਰ
19“ਇੱਕ ਅਮੀਰ ਆਦਮੀ ਸੀ ਜੋ ਬੈਂਗਣੀ ਅਰਥਾਤ ਜੋ ਹਮੇਸ਼ਾ ਮਹਿੰਗੇ ਅਤੇ ਚੰਗੇ ਕੱਪੜੇ ਪਾਉਂਦਾ ਸੀ ਅਤੇ ਉਹ ਹਰ ਰੋਜ਼ ਐਸ਼-ਅਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ। 20ਉਸ ਦੇ ਦਰਵਾਜ਼ੇ ਤੇ ਲਾਜ਼ਰ ਨਾਮ ਦਾ ਇੱਕ ਭਿਖਾਰੀ ਪਿਆ ਹੁੰਦਾ ਸੀ ਜਿਸ ਦਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ। 21ਉਹ ਅਮੀਰ ਆਦਮੀ ਦੀ ਮੇਜ਼ ਤੋਂ ਡਿੱਗੇ ਰੋਟੀ ਦੇ ਟੁੱਕੜਿਆਂ ਨੂੰ ਖਾਣ ਲਈ ਤਰਸਦਾ ਰਹਿੰਦਾ ਸੀ। ਇੱਥੋਂ ਤੱਕ ਕਿ ਕੁੱਤੇ ਆ ਕੇ ਉਸ ਦੇ ਜ਼ਖਮਾਂ ਨੂੰ ਚੱਟਦੇ ਸਨ।
22“ਉਹ ਸਮਾਂ ਆਇਆ ਜਦੋਂ ਉਸ ਭਿਖਾਰੀ ਦੀ ਮੌਤ ਹੋ ਗਈ ਅਤੇ ਸਵਰਗਦੂਤ ਉਸ ਦੀ ਆਤਮਾ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ। ਅਤੇ ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾਇਆ ਗਿਆ। 23ਪਤਾਲ ਵਿੱਚ ਜਿੱਥੇ ਉਹ ਤਸੀਹੇ ਝੱਲ ਰਿਹਾ ਸੀ, ਉਸ ਨੇ ਉੱਪਰ ਵੇਖਿਆ ਅਤੇ ਦੂਰੋਂ ਹੀ ਅਬਰਾਹਾਮ ਨੂੰ ਵੇਖਿਆ ਅਤੇ ਲਾਜ਼ਰ ਉਸ ਦੇ ਨਾਲ ਬੈਠਾ ਹੋਇਆ ਸੀ। 24ਉਸ ਅਮੀਰ ਆਦਮੀ ਨੇ ਅਬਰਾਹਾਮ ਨੂੰ ਪੁਕਾਰਿਆ ਅਤੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਤੇ ਤਰਸ ਖਾਓ ਅਤੇ ਲਾਜ਼ਰ ਨੂੰ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਨੂੰ ਠੰਡਾ ਕਰਨ ਲਈ ਭੇਜੋ ਕਿਉਂਕਿ ਮੈਂ ਇਸ ਅੱਗ ਵਿੱਚ ਤੜਫ਼ ਰਿਹਾ ਹਾਂ।’
25“ਪਰ ਅਬਰਾਹਾਮ ਨੇ ਉੱਤਰ ਦਿੱਤਾ, ‘ਪੁੱਤਰ, ਯਾਦ ਕਰ ਕਿ ਤੈਨੂੰ ਤੇਰੇ ਜੀਵਨ ਕਾਲ ਵਿੱਚ ਚੰਗੀਆਂ ਚੀਜ਼ਾਂ ਮਿਲੀਆਂ ਸਨ ਪਰ ਲਾਜ਼ਰ ਨੂੰ ਮਾੜੀਆਂ ਚੀਜ਼ਾਂ ਮਿਲੀਆਂ ਸਨ ਅਤੇ ਹੁਣ ਉਹ ਇੱਥੇ ਸੁੱਖੀ ਹੈ ਅਤੇ ਤੂੰ ਦੁੱਖ ਝੱਲ ਰਿਹਾ ਹੈ। 26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਉਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।’
27“ਉਸ ਨੇ ਜਵਾਬ ਦਿੱਤਾ, ‘ਹੇ ਪਿਤਾ ਜੀ, ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਰਿਵਾਰ ਕੋਲ ਭੇਜੋ, 28ਮੇਰੇ ਪੰਜ ਭਰਾ ਹਨ। ਉਹ ਉਹਨਾਂ ਨੂੰ ਚੇਤਾਵਨੀ ਦੇਵੇ ਤਾਂ ਜੋ ਉਹ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ।’
29“ਅਬਰਾਹਾਮ ਨੇ ਉੱਤਰ ਦਿੱਤਾ, ‘ਉਹਨਾਂ ਕੋਲ ਮੋਸ਼ੇਹ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਹਨਾਂ ਦੀ ਸੁਣਨ।’
30“ਉਸ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ, ਪਰ ਜੇ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਆਪਣੇ ਪਾਪਾਂ ਤੋਂ ਮਨ ਫਿਰੋਣਗੇ।’
31“ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੋਸ਼ੇਹ ਅਤੇ ਨਬੀਆਂ ਦੇ ਲਿਖਤ ਹੁਕਮਾਂਂ ਦੀ ਪਾਲਣਾ ਨਹੀਂ ਕਰਦੇ ਤਾਂ ਚਾਹੇ ਕੋਈ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠੇ ਤਾਂ ਵੀ ਉਹ ਯਕੀਨ ਨਹੀਂ ਕਰਨਗੇ।’ ”

Currently Selected:

ਲੂਕਸ 16: OPCV

Highlight

Share

ਕਾਪੀ।

None

Want to have your highlights saved across all your devices? Sign up or sign in