YouVersion Logo
Search Icon

ਉਤਪਤ 12

12
ਅਬਰਾਮ ਦੀ ਬੁਲਾਹਟ
1ਯਾਹਵੇਹ ਨੇ ਅਬਰਾਮ ਨੂੰ ਕਿਹਾ ਸੀ, “ਤੂੰ ਆਪਣਾ ਦੇਸ਼, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰਾਣੇ ਤੋਂ ਉਸ ਭੂਮੀ ਵੱਲ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ।
2“ਮੈਂ ਤੈਨੂੰ ਇੱਕ ਮਹਾਨ ਕੌਮ ਬਣਾਵਾਂਗਾ,
ਅਤੇ ਮੈਂ ਤੈਨੂੰ ਅਸੀਸ ਦਿਆਂਗਾ;
ਮੈਂ ਤੇਰਾ ਨਾਮ ਮਹਾਨ ਬਣਾਵਾਂਗਾ,
ਅਤੇ ਤੂੰ ਇੱਕ ਬਰਕਤ ਦਾ ਕਾਰਨ ਹੋਵੇਗਾ।
3ਮੈਂ ਉਹਨਾਂ ਨੂੰ ਅਸੀਸ ਦਿਆਂਗਾ ਜੋ ਤੈਨੂੰ ਅਸੀਸ ਦੇਣਗੇ,
ਅਤੇ ਜੋ ਕੋਈ ਤੈਨੂੰ ਸਰਾਪ ਦੇਵੇ ਮੈਂ ਉਸਨੂੰ ਸਰਾਪ ਦਿਆਂਗਾ।
ਅਤੇ ਧਰਤੀ ਦੇ ਸਾਰੇ ਲੋਕ ਤੇਰੇ ਦੁਆਰਾ ਮੁਬਾਰਕ ਹੋਣਗੇ।”
4ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ। 5ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।
6ਅਬਰਾਮ ਨੇ ਸ਼ੇਕੇਮ ਵਿੱਚ ਮੋਰੇਹ ਦੇ ਵੱਡੇ ਰੁੱਖ ਦੇ ਟਿਕਾਣੇ ਤੱਕ ਦੇਸ਼ ਵਿੱਚੋਂ ਦੀ ਯਾਤਰਾ ਕੀਤੀ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ। 7ਯਾਹਵੇਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਮੈਂ ਇਹ ਧਰਤੀ ਤੇਰੀ ਅੰਸ ਨੂੰ ਦਿਆਂਗਾ।” ਇਸ ਲਈ ਉਸ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਸਨੂੰ ਦਰਸ਼ਣ ਦਿੱਤੇ ਸਨ।
8ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।
9ਤਦ ਅਬਰਾਮ ਤੁਰ ਪਿਆ ਅਤੇ ਨੇਗੇਵ ਵੱਲ ਚੱਲ ਪਿਆ।
ਮਿਸਰ ਦੇਸ਼ ਵਿੱਚ ਅਬਰਾਮ
10ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ। 11ਜਦੋਂ ਉਹ ਮਿਸਰ ਵਿੱਚ ਵੜਨ ਵਾਲਾ ਸੀ ਤਾਂ ਉਸਨੇ ਆਪਣੀ ਪਤਨੀ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਸੋਹਣੀ ਔਰਤ ਹੈ, 12ਜਦੋਂ ਮਿਸਰੀ ਤੈਨੂੰ ਵੇਖਣਗੇ ਤਾਂ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਫ਼ੇਰ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦੇ ਰਹਿਣ ਦੇਣਗੇ। 13ਇਸ ਲਈ ਤੂੰ ਆਖੀਂ ਕਿ ਤੂੰ ਮੇਰੀ ਭੈਣ ਹੈ ਤਾਂ ਜੋ ਤੇਰੇ ਕਾਰਨ ਮੇਰੇ ਨਾਲ ਚੰਗਾ ਸਲੂਕ ਕੀਤਾ ਜਾਏ ਅਤੇ ਤੇਰੇ ਕਾਰਨ ਮੇਰੀ ਜਾਨ ਬਚ ਜਾਵੇ।”
14ਜਦੋਂ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਵੇਖਿਆ ਕਿ ਸਾਰਈ ਇੱਕ ਬਹੁਤ ਹੀ ਸੁੰਦਰ ਔਰਤ ਸੀ। 15ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ। 16ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।
17ਪਰ ਯਾਹਵੇਹ ਨੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਫ਼ਿਰਾਊਨ ਅਤੇ ਉਸ ਦੇ ਘਰਾਣੇ ਨੂੰ ਵੱਡੀਆਂ ਬਿਮਾਰੀਆਂ ਪਾਈਆਂ। 18ਇਸ ਲਈ ਫ਼ਿਰਾਊਨ ਨੇ ਅਬਰਾਮ ਨੂੰ ਬੁਲਾਇਆ, “ਤੁਸੀਂ ਮੇਰੇ ਨਾਲ ਕੀ ਕੀਤਾ ਹੈ?” ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਉਹ ਤੁਹਾਡੀ ਪਤਨੀ ਸੀ? 19ਤੁਸੀਂ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ,’ ਤਾਂ ਜੋ ਮੈਂ ਉਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਲਿਆ? ਹੁਣ ਇੱਥੇ ਤੁਹਾਡੀ ਪਤਨੀ ਹੈ। ਉਸਨੂੰ ਲੈ ਜਾਓ ਅਤੇ ਜਾਓ!” 20ਤਦ ਫ਼ਿਰਾਊਨ ਨੇ ਆਪਣੇ ਬੰਦਿਆਂ ਨੂੰ ਅਬਰਾਮ ਦੇ ਬਾਰੇ ਹੁਕਮ ਦਿੱਤਾ ਕਿ ਅਬਰਾਮ ਅਤੇ ਉਸਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਤੋਰ ਦਿੱਤਾ।

Currently Selected:

ਉਤਪਤ 12: OPCV

Highlight

Share

ਕਾਪੀ।

None

Want to have your highlights saved across all your devices? Sign up or sign in