YouVersion Logo
Search Icon

2 ਕੁਰਿੰਥੁਸ 7

7
1ਹੇ ਪਿਆਰੇ ਵਿਸ਼ਵਾਸੀਓ ਕਿਉਂਕਿ ਇਹ ਸਾਰੇ ਵਾਅਦੇ ਸਾਡੇ ਨਾਲ ਕੀਤੇ ਗਏ ਹਨ ਇਸ ਲਈ ਸਾਨੂੰ ਆਪਣੇ ਸਰੀਰ ਅਤੇ ਆਤਮਾ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਸ਼ੁੱਧ ਕਰਨਾ ਚਾਹੀਦਾ ਹੈ । ਸਾਨੂੰ ਪਰਮੇਸ਼ਰ ਦਾ ਡਰ ਮੰਨਦੇ ਹੋਏ, ਸੰਪੂਰਨ ਪਵਿੱਤਰ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪੌਲੁਸ ਦਾ ਅਨੰਦ
2ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ, ਅਸੀਂ ਕਿਸੇ ਨਾਲ ਬੇਇਨਸਾਫ਼ੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਦੁੱਖ ਦਿੱਤਾ ਹੈ ਅਤੇ ਨਾ ਹੀ ਕਿਸੇ ਦਾ ਫ਼ਾਇਦਾ ਚੁੱਕਿਆ ਹੈ । 3ਮੈਂ ਇਹ ਕਿਸੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਹਾਡੇ ਲਈ ਸਾਡੇ ਦਿਲਾਂ ਵਿੱਚ ਅਜਿਹੀ ਥਾਂ ਹੈ ਕਿ ਭਾਵੇਂ ਅਸੀਂ ਮਰੀਏ ਜਾਂ ਜਿਊਂਦੇ ਰਹੀਏ, ਅਸੀਂ ਇੱਕ ਰਹਾਂਗੇ । 4ਮੈਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ, ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ । ਮੈਂ ਧੀਰਜ ਦੇ ਨਾਲ ਭਰਿਆ ਹੋਇਆ ਹਾਂ । ਜਿੰਨੇ ਦੁੱਖ ਸਾਡੇ ਉੱਤੇ ਆਉਂਦੇ ਹਨ ਮੈਂ ਉਹਨਾਂ ਵਿੱਚ ਅਨੰਦ ਕਰਦਾ ਹਾਂ ।
5 # 2 ਕੁਰਿ 2:13 ਕਿਉਂਕਿ ਮਕਦੂਨਿਯਾ ਵਿੱਚ ਪਹੁੰਚ ਕੇ ਵੀ ਸਾਨੂੰ ਕੋਈ ਅਰਾਮ ਨਾ ਮਿਲਿਆ । ਉੱਥੇ ਵੀ ਹਰ ਪਾਸੇ ਦੁੱਖ ਹੀ ਦੁੱਖ ਸਨ, ਇੱਕ ਲੋਕਾਂ ਦੀਆਂ ਲੜਾਈਆਂ ਦੇ ਅਤੇ ਦੂਜੇ ਸਾਡੇ ਅੰਦਰਲੇ ਡਰ । 6ਪਰ ਨਿਰਾਸ਼ ਲੋਕਾਂ ਨੂੰ ਉਤਸ਼ਾਹ ਦੇਣ ਵਾਲੇ ਪਰਮੇਸ਼ਰ ਨੇ ਤੀਤੁਸ ਨੂੰ ਸਾਡੇ ਕੋਲ ਭੇਜ ਕੇ ਸਾਨੂੰ ਉਤਸ਼ਾਹ ਦਿੱਤਾ । 7ਇਸ ਦਾ ਕਾਰਨ ਕੇਵਲ ਉਸ ਦਾ ਆਉਣਾ ਹੀ ਨਹੀਂ ਸਗੋਂ ਉਹ ਉਤਸ਼ਾਹ ਵੀ ਹੈ ਜਿਹੜਾ ਉਸ ਨੂੰ ਤੁਹਾਡੇ ਵਿੱਚ ਰਹਿ ਕੇ ਮਿਲਿਆ ਹੈ । ਉਸ ਨੇ ਸਾਨੂੰ ਤੁਹਾਡੇ ਬਾਰੇ ਇਹ ਵੀ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਮੈਨੂੰ ਮਿਲਣ ਲਈ ਚਾਹਵਾਨ ਸੀ ਅਤੇ ਕਿੰਨੇ ਦੁਖੀ ਸੀ ਅਤੇ ਤੁਸੀਂ ਕਿਸ ਤਰ੍ਹਾਂ ਮੇਰੀ ਚਿੰਤਾ ਕਰਦੇ ਹੋ । ਇਸ ਲਈ ਮੈਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਈ ਹੈ । 8ਭਾਵੇਂ ਮੇਰੇ ਲਿਖੇ ਪੱਤਰ ਤੋਂ ਤੁਹਾਨੂੰ ਦੁੱਖ ਪਹੁੰਚਿਆ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ । ਇਹ ਜਾਣ ਕੇ ਕਿ ਤੁਹਾਨੂੰ ਉਸ ਤੋਂ ਕੁਝ ਸਮੇਂ ਲਈ ਦੁੱਖ ਪਹੁੰਚਿਆ ਹੈ, ਮੈਂ ਦੁਖੀ ਹੋਇਆ । 9ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਮੈਂ ਤੁਹਾਨੂੰ ਦੁੱਖ ਦਿੱਤਾ ਹੈ ਸਗੋਂ ਇਸ ਲਈ ਕਿ ਤੁਸੀਂ ਤੋਬਾ ਕੀਤੀ ਹੈ । ਤੁਹਾਡੇ ਦੁੱਖ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਨ ਇਸ ਲਈ ਸਾਡੇ ਕੋਲੋਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ । 10ਕਿਉਂਕਿ ਜਿਹੜਾ ਦੁੱਖ ਪਰਮੇਸ਼ਰ ਦੀ ਇੱਛਾ ਅਨੁਸਾਰ ਆਉਂਦਾ ਹੈ ਉਹ ਤੋਬਾ ਦਾ ਕਾਰਨ ਬਣਦਾ ਹੈ ਜਿਸ ਦਾ ਨਤੀਜਾ ਮੁਕਤੀ ਹੁੰਦਾ ਹੈ ਅਤੇ ਉਸ ਤੋਂ ਪਛਤਾਉਣਾ ਨਹੀਂ ਪੈਂਦਾ ਪਰ ਸੰਸਾਰਕ ਦੁੱਖ ਮੌਤ ਦਾ ਕਾਰਨ ਬਣਦਾ ਹੈ । 11ਧਿਆਨ ਦੇਵੋ ਕਿ ਪਰਮੇਸ਼ਰ ਨੇ ਤੁਹਾਡੇ ਦੁੱਖ ਤੋਂ ਕੀ ਪੈਦਾ ਕੀਤਾ ਹੈ, ਕਿਸ ਤਰ੍ਹਾਂ ਦੀ ਲਗਨ ਜਾਗੀ ਹੈ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ ਹੈ । ਇਸ ਤਰ੍ਹਾਂ ਤੁਸੀਂ ਹਰ ਤਰ੍ਹਾਂ ਨਾਲ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਇਸ ਸਾਰੇ ਮਾਮਲੇ ਵਿੱਚ ਦੋਸ਼ੀ ਨਹੀਂ ਹੋ ।
12ਇਸ ਲਈ ਭਾਵੇਂ ਮੈਂ ਤੁਹਾਨੂੰ ਉਹ ਪੱਤਰ ਲਿਖਿਆ ਸੀ ਪਰ ਇਹ ਮੈਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਉੱਤੇ ਅਨਿਆਂ ਹੋਇਆ ਸੀ ਸਗੋਂ ਇਸ ਦੇ ਲਿਖਣ ਦੁਆਰਾ ਇਹ ਪ੍ਰਗਟ ਹੋਇਆ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਸਾਡੇ ਲਈ ਕਿੰਨੇ ਚਾਹਵਾਨ ਹੋ । 13ਇਸ ਤੋਂ ਸਾਨੂੰ ਹੌਸਲਾ ਮਿਲਿਆ ਹੈ ।
ਸਾਨੂੰ ਮਿਲੇ ਹੌਸਲੇ ਦੇ ਨਾਲ, ਤੀਤੁਸ ਦੇ ਅਨੰਦ ਕਾਰਨ ਸਾਨੂੰ ਹੋਰ ਵੀ ਖ਼ੁਸ਼ੀ ਮਿਲੀ ਹੈ । ਉਸ ਦੀ ਆਤਮਾ ਤੁਹਾਡੇ ਸਾਰਿਆਂ ਦੇ ਕਾਰਨ ਤਾਜ਼ਾ ਹੋ ਗਈ ਹੈ । 14ਮੈਂ ਤੀਤੁਸ ਦੇ ਸਾਹਮਣੇ ਤੁਹਾਡੇ ਲਈ ਮਾਣ ਕੀਤਾ ਸੀ ਅਤੇ ਤੁਸੀਂ ਮੈਨੂੰ ਨਿਰਾਸ਼ ਨਹੀਂ ਕੀਤਾ । ਅਸੀਂ ਤੁਹਾਡੇ ਨਾਲ ਹਮੇਸ਼ਾ ਸੱਚ ਬੋਲਿਆ ਹੈ । ਇਸੇ ਲਈ ਸਾਡਾ ਮਾਣ ਤੀਤੁਸ ਦੇ ਸਾਹਮਣੇ ਸੱਚਾ ਸਿੱਧ ਹੋਇਆ ਹੈ । 15ਉਸ ਦਾ ਪਿਆਰ ਤੁਹਾਡੇ ਲਈ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ ਜਦੋਂ ਉਹ ਤੁਹਾਨੂੰ ਯਾਦ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਬਣ ਕੇ ਉਸ ਦਾ ਸੁਆਗਤ ਕੀਤਾ । 16ਮੈਂ ਖ਼ੁਸ਼ ਹਾਂ ਕਿ ਮੈਂ ਤੁਹਾਡੇ ਉੱਤੇ ਪੂਰਾ ਭਰੋਸਾ ਰੱਖ ਸਕਦਾ ਹਾਂ ।

Highlight

Share

ਕਾਪੀ।

None

Want to have your highlights saved across all your devices? Sign up or sign in