6
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਜੇ ਕੋਈ ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ ਦੇਣ ਅਤੇ ਠੱਗੀ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ, 3ਜਾਂ ਗੁੰਮ ਹੋਈ ਚੀਜ਼ ਉਸਨੂੰ ਲੱਭੇ, ਅਤੇ ਇਸ ਬਾਰੇ ਝੂਠ ਬੋਲੇ, ਜਾਂ ਉਹ ਕਿਸੇ ਅਜਿਹੇ ਪਾਪ ਬਾਰੇ ਝੂਠੀ ਸਹੁੰ ਖਾਵੇ ਜੋ ਲੋਕ ਕਰ ਸਕਦੇ ਹਨ, 4ਜਦੋਂ ਉਹ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਦਾ ਪਾਪ ਕਰਨ, ਅਤੇ ਆਪਣੇ ਗੁਨਾਹ ਦਾ ਅਹਿਸਾਸ ਕਰਦੇ ਹਨ, ਤਾਂ ਉਹ ਉਸ ਚੀਜ਼ਾਂ ਨੂੰ ਵਾਪਸ ਕਰ ਦੇਣ, ਜੋ ਉਹਨਾਂ ਨੇ ਚੋਰੀ ਕੀਤੀ ਹੋਵੇ ਜਾਂ ਜ਼ਬਰਦਸਤੀ ਰੱਖ ਲਈ ਹੋਵੇ, ਜਾਂ ਉਹਨਾਂ ਨੂੰ ਜੋ ਸੌਂਪਿਆ ਗਿਆ ਸੀ, ਜਾਂ ਉਹਨਾਂ ਨੂੰ ਉਹ ਚੀਜ਼ ਮਿਲ ਗਈ ਜੋ ਉਹਨਾਂ ਨੇ ਗੁਆ ਦਿੱਤੀ ਸੀ, 5ਜਾਂ ਕੋਈ ਵੀ ਵਸਤੂ ਹੋਵੇ ਜਿਸ ਬਾਰੇ ਉਹਨਾਂ ਨੇ ਝੂਠੀ ਸਹੁੰ ਚੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ। 6ਅਤੇ ਉਹ ਯਾਹਵੇਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ। 7ਇਸ ਤਰ੍ਹਾਂ ਜਾਜਕ ਉਹਨਾਂ ਲਈ ਯਾਹਵੇਹ ਦੇ ਸਾਹਮਣੇ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਪਾਪਾਂ ਲਈ ਮਾਫ਼ ਕੀਤਾ ਜਾਵੇਗਾ ਜਿਸ ਦੇ ਕਾਰਨ ਉਹ ਦੋਸ਼ੀ ਠਹਿਰਾਏ ਗਏ ਸੀ।”
ਬਲਦੀ ਭੇਟ
8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 9“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦੇ ਕਿ ਹੋਮ ਦੀ ਭੇਟ ਲਈ ਇਹ ਬਿਧੀਆਂ ਹਨ: ਹੋਮ ਦੀ ਭੇਟ ਜਗਵੇਦੀ ਉੱਤੇ ਸਾਰੀ ਰਾਤ, ਸਵੇਰ ਤੱਕ ਰੱਖੀ ਜਾਵੇ ਅਤੇ ਜਗਵੇਦੀ ਉੱਤੇ ਅੱਗ ਬਲਦੀ ਰਹਿਣੀ ਚਾਹੀਦੀ ਹੈ। 10ਫਿਰ ਜਾਜਕ ਆਪਣੇ ਸੂਤੀ ਕੱਪੜੇ ਪਾਵੇ, ਆਪਣੇ ਸਰੀਰ ਤੇ ਸੁੱਤੀ ਕੱਪੜੇ ਦਾ ਕੱਛਾ ਪਾਵੇ ਅਤੇ ਹੋਮ ਦੀ ਭੇਟ ਦੀ ਰਾਖ ਨੂੰ ਜਗਵੇਦੀ ਉੱਤੇ ਲਾਹ ਕੇ ਜਗਵੇਦੀ ਦੇ ਕੋਲ ਰੱਖ ਦੇਵੇ। 11ਫਿਰ ਉਹ ਇਨ੍ਹਾਂ ਕੱਪੜਿਆਂ ਨੂੰ ਲਾਹ ਕੇ ਹੋਰ ਕੱਪੜੇ ਪਾ ਲਵੇ ਅਤੇ ਸੁਆਹ ਨੂੰ ਡੇਰੇ ਤੋਂ ਬਾਹਰ ਅਜਿਹੀ ਜਗ੍ਹਾ ਲੈ ਜਾਵੇ ਜੋ ਰਸਮੀ ਤੌਰ ਤੇ ਸਾਫ਼ ਹੋਵੇ। 12ਜਗਵੇਦੀ ਉੱਤੇ ਅੱਗ ਬਲਦੀ ਰਹੇ; ਉਹ ਕਦੇ ਨਾ ਬੁਝਾਈ ਜਾਵੇ। ਜਾਜਕ ਹਰ ਰੋਜ਼ ਉਸ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਨੂੰ ਸਾੜਨ। 13ਅੱਗ ਜਗਵੇਦੀ ਉੱਤੇ ਲਗਾਤਾਰ ਬਲਦੀ ਰਹੇ, ਉਹ ਕਦੇ ਵੀ ਬੁਝਾਈ ਨਾ ਜਾਵੇ।
ਅਨਾਜ ਦੀ ਭੇਟ
14“ ‘ਅਨਾਜ ਦੀ ਭੇਟ ਲਈ ਇਹ ਨਿਯਮ ਹਨ ਕਿ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਾਹਵੇਹ ਦੇ ਅੱਗੇ ਲਿਆਣ। 15ਜਾਜਕ ਇੱਕ ਮੁੱਠੀ ਭਰ ਵਧੀਆ ਆਟਾ ਅਤੇ ਥੋੜ੍ਹਾ ਜਿਹਾ ਜ਼ੈਤੂਨ ਦਾ ਤੇਲ ਲਵੇ, ਅਤੇ ਅਨਾਜ ਦੀ ਭੇਟ ਦੇ ਸਾਰੇ ਧੂਪਾਂ ਦੇ ਨਾਲ, ਅਤੇ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਇੱਕ ਸੁਗੰਧ ਵਜੋਂ ਸਾੜ ਦੇਣਾ ਚਾਹੀਦਾ ਹੈ ਜੋ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ। 16ਜੋ ਬਚ ਜਾਵੇ ਹਾਰੋਨ ਅਤੇ ਉਸਦੇ ਪੁੱਤਰ ਇਸ ਦਾ ਬਾਕੀ ਹਿੱਸਾ ਖਾਣਗੇ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਮੀਰ ਤੋਂ ਬਿਨਾਂ ਖਾਧਾ ਜਾਵੇ। ਉਹ ਇਸਨੂੰ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਣ। 17ਇਸ ਨੂੰ ਖਮੀਰ ਨਾਲ ਪਕਾਇਆ ਨਾ ਜਾਵੇ, ਮੈਂ ਇਹ ਉਹਨਾਂ ਦੇ ਹਿੱਸੇ ਵਜੋਂ ਮੈਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਦਿੱਤਾ ਹੈ। ਪਾਪ ਦੀ ਭੇਟ#6:17 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ, ਇਹ ਅੱਤ ਪਵਿੱਤਰ ਹੈ। 18ਹਾਰੋਨ ਦਾ ਕੋਈ ਵੀ ਪੁਰਖ ਇਸਨੂੰ ਖਾ ਸਕਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਇਹ ਯਾਹਵੇਹ ਨੂੰ ਭੇਂਟ ਕੀਤੇ ਭੋਜਨ ਦੀਆਂ ਭੇਟਾਂ ਦਾ ਉਸਦਾ ਸਦੀਵੀ ਹਿੱਸਾ ਹੈ। ਜੋ ਵੀ ਉਹਨਾਂ ਨੂੰ ਛੂਹ ਲਵੇਗਾ ਉਹ ਪਵਿੱਤਰ ਹੋ ਜਾਵੇਗਾ।’ ”
19ਯਾਹਵੇਹ ਨੇ ਮੋਸ਼ੇਹ ਨੂੰ ਵੀ ਕਿਹਾ, 20“ਇਹ ਉਹ ਭੇਟ ਹੈ ਜੋ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਯਾਹਵੇਹ ਦੇ ਅੱਗੇ ਮਸਹ ਕੀਤੇ ਜਾਣ ਵਾਲੇ ਦਿਨ ਲਿਆਉਣਾ ਹੈ, ਇੱਕ ਆਮ ਅਨਾਜ ਦੀ ਭੇਟ ਵਜੋਂ ਉੱਤਮ ਆਟੇ ਦਾ ਦਸਵਾਂ ਹਿੱਸਾ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ। 21ਉਸ ਤਵੇ ਉੱਤੇ ਤੇਲ ਦੇ ਨਾਲ ਬਣਾਇਆ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀ। 22ਹਾਰੋਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ। ਇਹ ਯਾਹਵੇਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ ਇਹ ਸਾਰੀ ਭੇਟ ਸਾੜੀ ਜਾਵੇ। 23ਜਾਜਕ ਦੀ ਹਰੇਕ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਜਾਵੇ, ਇਹ ਖਾਧੀਆਂ ਨਾ ਜਾਣ।”
ਪਾਪ ਦੀ ਭੇਟ
24ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 25“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਪਾਪ ਦੀ ਭੇਟ ਲਈ ਇਹ ਨਿਯਮ ਹਨ: ਪਾਪ ਦੀ ਭੇਟ ਨੂੰ ਯਾਹਵੇਹ ਦੇ ਸਾਹਮਣੇ ਉਸ ਥਾਂ ਉੱਤੇ ਵੱਢਿਆਂ ਜਾਵੇ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ, ਇਹ ਸਭ ਤੋਂ ਪਵਿੱਤਰ ਹੈ। 26ਜਿਹੜਾ ਜਾਜਕ ਇਸਨੂੰ ਚੜ੍ਹਾਵੇ ਉਸਨੂੰ ਖਾਵੇ ਅਤੇ ਇਸਨੂੰ ਪਵਿੱਤਰ ਸਥਾਨ ਦੀ ਮੰਡਲੀ ਵਾਲੇ ਤੰਬੂ ਦੇ ਵਿਹੜੇ ਵਿੱਚ ਖਾਧਾ ਜਾਣਾ ਚਾਹੀਦਾ ਹੈ। 27ਜਿਹੜਾ ਵੀ ਉਸ ਦੇ ਮਾਸ ਨੂੰ ਛੂਹੇਗਾ ਉਹ ਪਵਿੱਤਰ ਹੋ ਜਾਵੇਗਾ। ਜੇਕਰ ਉਸਦਾ ਖੂਨ ਕਿਸੇ ਕੱਪੜੇ ਤੇ ਲੱਗ ਜਾਵੇ, ਤਾਂ ਇਸਨੂੰ ਪਵਿੱਤਰ ਸਥਾਨ ਤੇ ਧੋਣਾ ਚਾਹੀਦਾ ਹੈ। 28ਜਿਸ ਮਿੱਟੀ ਦੇ ਘੜੇ ਵਿੱਚ ਮੀਟ ਪਕਾਇਆ ਜਾਂਦਾ ਹੈ, ਉਸ ਨੂੰ ਤੋੜਿਆ ਜਾਵੇ; ਪਰ ਜੇਕਰ ਇਸਨੂੰ ਪਿੱਤਲ ਦੇ ਘੜੇ ਵਿੱਚ ਪਕਾਇਆ ਜਾਵੇ, ਤਾਂ ਘੜੇ ਨੂੰ ਰਗੜ ਕੇ ਪਾਣੀ ਨਾਲ ਧੋਣਾ ਚਾਹੀਦਾ ਹੈ। 29ਜਾਜਕਾਂ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ। ਇਹ ਸਭ ਤੋਂ ਪਵਿੱਤਰ ਹੈ। 30ਪਰ ਕੋਈ ਵੀ ਪਾਪ ਬਲੀ ਜਿਸ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਲਿਆਂਦਾ ਜਾਂਦਾ ਹੈ, ਉਸਨੂੰ ਨਾ ਖਾਧਾ ਜਾਵੇ ਪਰੰਤੂ ਸਾੜ ਦਿੱਤਾ ਜਾਵੇ।