ਲੇਵਿਆਂ 14
14
ਚਮੜੀ ਦੇ ਰੋਗਾਂ ਨੂੰ ਪਲੀਤ ਕਰਨ ਤੋਂ ਸਾਫ਼ ਕਰਨਾ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਕਿਸੇ ਵੀ ਰੋਗੀ ਵਿਅਕਤੀ ਨੂੰ ਉਸ ਦੀ ਰਸਮੀ ਸ਼ੁੱਧਤਾ ਦੇ ਸਮੇਂ, ਜਦੋਂ ਉਹ ਜਾਜਕ ਕੋਲ ਲਿਆਏ ਜਾਂਦੇ ਹਨ ਤਾਂ ਇਹ ਨਿਯਮ ਹਨ: 3ਜਾਜਕ ਡੇਰੇ ਤੋਂ ਬਾਹਰ ਜਾਵੇ ਅਤੇ ਉਹਨਾਂ ਦੀ ਜਾਂਚ ਕਰੇ। ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ, 4ਤਾਂ ਜਾਜਕ ਉਸਨੂੰ ਜੋ ਚੰਗਾ ਹੋ ਗਿਆ ਹੋਵੇ ਹੁਕਮ ਦੇਵੇ ਕਿ ਦੋ ਜੀਵਤ ਸ਼ੁੱਧ ਪੰਛੀ ਅਤੇ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਲਿਆਵੇ। 5ਤਦ ਜਾਜਕ ਕਿਸੇ ਪੰਛੀਆਂ ਵਿੱਚੋਂ ਇੱਕ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦਾ ਹੁਕਮ ਦੇਵੇ। 6ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵਗਦੇ ਪਾਣੀ ਉੱਤੇ ਵੱਢਿਆ ਗਿਆ ਸੀ। 7ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ।
8“ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਆਪਣੇ ਕੱਪੜੇ ਧੋਣ, ਆਪਣੇ ਸਾਰੇ ਵਾਲ ਕਟਵਾਉਣ ਅਤੇ ਪਾਣੀ ਨਾਲ ਨਹਾਉਣ ਤਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਣਗੇ। ਇਸ ਤੋਂ ਬਾਅਦ ਉਹ ਡੇਰੇ ਵਿੱਚ ਆ ਸਕਦੇ ਹਨ, ਪਰ ਉਹ ਸੱਤ ਦਿਨਾਂ ਤੱਕ ਆਪਣੇ ਤੰਬੂ ਤੋਂ ਬਾਹਰ ਰੱਖਣ। 9ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ, ਆਪਣੇ ਭਰਵੱਟੇ ਅਤੇ ਬਾਕੀ ਦੇ ਵਾਲ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਪਾਣੀ ਨਾਲ ਨਹਾਉਣ, ਤਦ ਉਹ ਸ਼ੁੱਧ ਹੋ ਜਾਣਗੇ।
10“ਅੱਠਵੇਂ ਦਿਨ ਉਹ ਦੋ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣ, ਹਰ ਇੱਕ ਦੋਸ਼ ਰਹਿਤ ਹੋਵੇ, ਅਤੇ ਅਨਾਜ ਦੀ ਭੇਟ ਲਈ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਗਏ ਉੱਤਮ ਆਟੇ ਦੇ ਤਿੰਨ-ਦਸਵੇਂ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ। 11ਜਿਹੜਾ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਉਂਦਾ ਹੈ, ਉਹ ਪਵਿੱਤਰ ਕੀਤੇ ਜਾਣ ਵਾਲੇ ਨੂੰ ਅਤੇ ਉਹਨਾਂ ਦੀਆਂ ਭੇਟਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਯਾਹਵੇਹ ਦੇ ਅੱਗੇ ਪੇਸ਼ ਕਰੇ।
12“ਫ਼ੇਰ ਜਾਜਕ ਲੇਲੇ ਵਿੱਚੋਂ ਇੱਕ ਨੂੰ ਲੈ ਕੇ ਉਸਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ ਅਤੇ ਉਹ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। 13ਉਹ ਪਵਿੱਤਰ ਸਥਾਨ ਵਿੱਚ ਲੇਲੇ ਨੂੰ ਵੱਢਣ ਜਿੱਥੇ ਪਾਪ ਦੀ ਭੇਟ ਅਤੇ ਹੋਮ ਬਲੀ ਨੂੰ ਵੱਢਿਆ ਜਾਂਦਾ ਹੈ ਕਿਉਂਕਿ ਜਿਵੇਂ ਪਾਪ ਬਲੀ#14:13 ਪਾਪ ਬਲੀ ਅਰਥਾਤ ਸ਼ੁੱਧੀਕਰਨ ਦੀ ਭੇਟ ਦੀ ਭੇਟ ਜਾਜਕ ਦੀ ਹੈ ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਇਹ ਅੱਤ ਪਵਿੱਤਰ ਹੈ। 14ਜਾਜਕ ਦੋਸ਼ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ ਅਤੇ ਇਸਨੂੰ ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ। 15ਫ਼ੇਰ ਜਾਜਕ ਨੂੰ ਤੇਲ ਦਾ ਕੁਝ ਹਿੱਸਾ ਲੈ ਕੇ, ਅਤੇ ਇਸਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਡੋਲ੍ਹਣ ਦੇਵੇ। 16ਜਾਜਕ ਆਪਣੀ ਸੱਜੀ ਉਂਗਲੀ ਨੂੰ ਆਪਣੀ ਹਥੇਲੀ ਦੇ ਤੇਲ ਵਿੱਚ ਡੁਬੋ ਕੇ, ਅਤੇ ਆਪਣੀ ਉਂਗਲੀ ਨਾਲ ਇਸ ਵਿੱਚੋਂ ਕੁਝ ਨੂੰ ਯਾਹਵੇਹ ਦੇ ਅੱਗੇ ਸੱਤ ਵਾਰੀ ਛਿੜਕੇ। 17ਜਾਜਕ ਨੂੰ ਆਪਣੀ ਹਥੇਲੀ ਵਿੱਚ ਬਚੇ ਹੋਏ ਤੇਲ ਵਿੱਚੋਂ ਕੁਝ ਨੂੰ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ। 18ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।
19“ਫਿਰ ਜਾਜਕ ਪਾਪ ਦੀ ਭੇਟ ਦੀ ਬਲੀ ਚੜ੍ਹਾਵੇ ਅਤੇ ਪ੍ਰਾਸਚਿਤ ਕਰੇ ਤਾਂ ਜੋ ਉਸ ਵਿਅਕਤੀ ਨੂੰ ਉਹਨਾਂ ਦੀ ਅਸ਼ੁੱਧਤਾ ਤੋਂ ਸ਼ੁੱਧ ਕੀਤਾ ਜਾ ਸਕੇ। ਉਸ ਤੋਂ ਬਾਅਦ, ਜਾਜਕ ਹੋਮ ਦੀ ਭੇਟ ਨੂੰ ਵੱਢ ਦੇਵੇ, 20ਅਤੇ ਜਾਜਕ ਜਗਵੇਦੀ ਉੱਤੇ ਹੋਮ ਬਲੀ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜ੍ਹਾਵੇ ਅਤੇ ਉਹਨਾਂ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਣਗੇ।
21“ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫਾਹ ਦਾ ਦਸਵਾਂ ਹਿੱਸਾ#14:21 ਦਸਵਾਂ ਹਿੱਸਾ ਲਗਭਗ ਤਿੰਨ ਕਿਲੋ ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ, 22ਅਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਇੱਕ ਪਾਪ ਦੀ ਭੇਟ ਲਈ ਅਤੇ ਇੱਕ ਹੋਮ ਦੀ ਭੇਟ ਲਈ; ਉਸਨੂੰ ਇਨ੍ਹਾਂ ਵਿੱਚੋਂ ਜੋ ਵੀ ਦੇ ਸਕਦਾ ਹੈ, ਉਹ ਲੈ ਲੈਣਾ ਚਾਹੀਦਾ ਹੈ।
23“ਅੱਠਵੇਂ ਦਿਨ ਉਹਨਾਂ ਨੂੰ ਆਪਣੀ ਸ਼ੁੱਧਤਾ ਲਈ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਯਾਹਵੇਹ ਦੇ ਅੱਗੇ ਲਿਆਉਣਾ ਚਾਹੀਦਾ ਹੈ। 24ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਾਹਵੇਹ ਦੇ ਅੱਗੇ ਹਿਲਾਵੇ। 25ਜਾਜਕ ਦੋਸ਼ ਦੀ ਭੇਟ ਲਈ ਲੇਲੇ ਨੂੰ ਵੱਢੇ ਅਤੇ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੀ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ। 26ਜਾਜਕ ਨੂੰ ਕੁਝ ਤੇਲ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਪਾਵੇ। 27ਅਤੇ ਜਾਜਕ ਆਪਣੀ ਸੱਜੀ ਉਂਗਲੀ ਨਾਲ ਆਪਣੀ ਹਥੇਲੀ ਵਿੱਚੋਂ ਕੁਝ ਤੇਲ ਨੂੰ ਯਾਹਵੇਹ ਅੱਗੇ ਸੱਤ ਵਾਰ ਛਿੜਕੇ। 28ਫਿਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ। 29ਅਤੇ ਬਾਕੀ ਦਾ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸਨੂੰ ਉਹ ਸ਼ੁੱਧ ਹੋਣ ਵਾਲੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ। 30ਫਿਰ ਉਹ ਕਬੂਤਰਾਂ ਜਾਂ ਘੁੱਗੀਆਂ ਦੇ ਬੱਚਿਆਂ ਵਿੱਚੋਂ ਜੋ ਇਹ ਲਿਆ ਸਕਿਆ, ਕਿਸੇ ਇੱਕ ਨੂੰ ਚੜ੍ਹਾਵੇ, 31ਇੱਕ ਪਾਪ ਦੀ ਭੇਟ ਵਜੋਂ ਅਤੇ ਦੂਸਰਾ ਹੋਮ ਦੀ ਭੇਟ ਵਜੋਂ, ਅਨਾਜ ਦੀ ਭੇਟ ਦੇ ਸਮੇਤ ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।”
32ਇਹ ਨਿਯਮ ਹਰ ਉਸ ਵਿਅਕਤੀ ਲਈ ਹਨ ਜਿਨ੍ਹਾਂ ਨੂੰ ਚਮੜੀ ਦੀ ਅਸ਼ੁੱਧ ਬੀਮਾਰੀ ਹੈ ਅਤੇ ਜੋ ਆਪਣੀ ਸ਼ੁੱਧਤਾ ਲਈ ਨਿਯਮਤ ਭੇਟਾਂ ਨੂੰ ਲਿਆ ਸਕੇ।
ਘਰ ਵਿੱਚ ਲੱਗੀ ਉੱਲੀ ਦੇ ਲਈ ਨਿਯਮ
33ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 34“ਜਦੋਂ ਤੁਸੀਂ ਕਨਾਨ ਦੇਸ਼ ਵਿੱਚ ਦਾਖਲ ਹੋਵੋਂਗੇ, ਜੋ ਮੈਂ ਤੁਹਾਨੂੰ ਤੁਹਾਡੀ ਮਲਕੀਅਤ ਵਜੋਂ ਦੇ ਰਿਹਾ ਹਾਂ, ਤਾਂ ਜੇਕਰ ਮੈਂ ਉਸ ਦੇਸ਼ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ, 35ਘਰ ਦਾ ਮਾਲਕ ਜਾਜਕ ਨੂੰ ਜਾ ਕੇ ਦੱਸੇ, ‘ਮੈਨੂੰ ਅਜਿਹਾ ਲਗਦਾ ਹੈ ਕਿ ਮੇਰੇ ਘਰ ਵਿੱਚ ਕੋਈ ਰੋਗ ਹੈ।’ 36ਤਦ ਜਾਜਕ ਉਸ ਘਰ ਦੀ ਜਾਂਚ ਕਰਨ ਤੋਂ ਪਹਿਲਾ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਅੰਦਰ ਜਾ ਕੇ ਘਰ ਦੀ ਜਾਂਚ ਕਰੇ। 37ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ। 38ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਉਸ ਘਰ ਨੂੰ ਸੱਤ ਦਿਨਾਂ ਲਈ ਬੰਦ ਕਰ ਦੇਵੇ। 39ਸੱਤਵੇਂ ਦਿਨ ਜਾਜਕ ਘਰ ਦੀ ਜਾਂਚ ਕਰਨ ਲਈ ਵਾਪਸ ਆਵੇਗਾ ਅਤੇ ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ, 40ਜਾਜਕ ਹੁਕਮ ਦੇਵੇ ਕਿ ਉਹ ਉਹਨਾਂ ਪੱਥਰਾਂ ਨੂੰ ਜਿਨ੍ਹਾਂ ਵਿੱਚ ਰੋਗ ਹੈ ਪਾੜ ਕੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟ ਦਿੱਤਾ ਜਾਵੇ। 41ਉਸ ਨੂੰ ਘਰ ਦੀਆਂ ਸਾਰੀਆਂ ਅੰਦਰਲੀਆਂ ਕੰਧਾਂ ਨੂੰ ਖੁਰਚਿਆ ਜਾਵੇ ਅਤੇ ਉਹ ਮਿੱਟੀ ਜੋ ਛਿੱਲੀ ਗਈ ਹੈ, ਉਸ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਵਿੱਚ ਸੁੱਟ ਦਿੱਤਾ ਜਾਵੇ। 42ਉਹ ਦੂਸਰੇ ਪੱਥਰ ਲੈ ਕੇ ਉਹਨਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾਂ ਲੈ ਕੇ ਘਰ ਨੂੰ ਲਿੱਪੇ।
43“ਜੇ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਦੁਬਾਰਾ ਘਰ ਵਿੱਚ ਦਿਖਾਈ ਦੇਵੇ, 44ਜਾਜਕ ਨੂੰ ਜਾ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਰੋਗ ਘਰ ਵਿੱਚ ਫੈਲ ਜਾਵੇ, ਤਾਂ ਇਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ। 45ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।
46“ਕੋਈ ਵੀ ਵਿਅਕਤੀ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਜਦੋਂ ਉਹ ਬੰਦ ਹੁੰਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ। 47ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।
48“ਪਰ ਜੇ ਜਾਜਕ ਇਸ ਦੀ ਜਾਂਚ ਕਰਨ ਲਈ ਆਉਂਦਾ ਹੈ ਅਤੇ ਘਰ ਨੂੰ ਲਿੱਪਣ ਤੋਂ ਬਾਅਦ ਰੋਗ ਉਸ ਵਿੱਚ ਨਹੀਂ ਫੈਲਿਆ ਹੈ, ਤਾਂ ਉਸ ਘਰ ਨੂੰ ਸ਼ੁੱਧ ਕਰਾਰ ਦੇਵੇ, ਕਿਉਂਕਿ ਰੋਗ ਚੰਗਾ ਹੋ ਗਿਆ ਹੈ। 49ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ। 50ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ। 51ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ। 52ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ। 53ਫਿਰ ਉਹ ਜਿਉਂਦੇ ਪੰਛੀ ਨੂੰ ਸ਼ਹਿਰ ਦੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਘਰ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗਾ।”
54ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ, 55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ, 56ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ, 57ਸ਼ੁੱਧ ਅਤੇ ਅਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ।
ਇਹ ਚਮੜੀ ਦੇ ਰੋਗਾਂ ਅਤੇ ਉੱਲੀ ਨੂੰ ਪਲੀਤ ਕਰਨ ਲਈ ਨਿਯਮ ਹਨ।
നിലവിൽ തിരഞ്ഞെടുത്തിരിക്കുന്നു:
ਲੇਵਿਆਂ 14: OPCV
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.