ਲੇਵਿਆਂ 13
13
ਚਮੜੀ ਦੇ ਰੋਗਾਂ ਨੂੰ ਅਪਵਿੱਤਰ ਕਰਨ ਬਾਰੇ ਨਿਯਮ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ। 3ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ। 4ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ। 5ਸੱਤਵੇਂ ਦਿਨ ਜਾਜਕ ਉਸ ਦੀ ਜਾਂਚ ਕਰੇ ਅਤੇ ਜੇ ਉਹ ਵੇਖੇ ਕਿ ਜ਼ਖਮ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਨਹੀਂ ਫੈਲਿਆ ਹੈ, ਤਾਂ ਉਸਨੂੰ ਹੋਰ ਸੱਤ ਦਿਨਾਂ ਲਈ ਅਲੱਗ ਕਰੇ। 6ਸੱਤਵੇਂ ਦਿਨ, ਜਾਜਕ ਉਸ ਦੀ ਦੁਬਾਰਾ ਜਾਂਚ ਕਰੇ, ਅਤੇ ਜੇਕਰ ਜ਼ਖਮ ਫਿੱਕਾ ਪੈ ਗਿਆ ਹੋਵੇ ਅਤੇ ਚਮੜੀ ਵਿੱਚ ਨਾ ਫੈਲਿਆ ਹੋਵੇ, ਤਾਂ ਜਾਜਕ ਉਸਨੂੰ ਸ਼ੁੱਧ ਐਲਾਨ ਕਰੇ। ਇਹ ਸਿਰਫ ਇੱਕ ਧੱਫੜ ਹੈ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ੁੱਧ ਹੋ ਜਾਵੇ। 7ਪਰ ਜੇ ਜਾਜਕ ਦੇ ਸ਼ੁੱਧ ਦੱਸਣ ਤੋਂ ਬਾਅਦ ਉਹਨਾਂ ਦੀ ਚਮੜੀ ਵਿੱਚ ਫਿਰ ਧੱਫੜ ਫੈਲ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਾਜਕ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। 8ਜਾਜਕ ਉਸ ਮਨੁੱਖ ਦੀ ਜਾਂਚ ਕਰੇ ਅਤੇ ਜੇ ਚਮੜੀ ਵਿੱਚ ਧੱਫੜ ਫੈਲ ਗਏ ਹਨ, ਤਾਂ ਉਹ ਉਹਨਾਂ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।
9“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 10ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਚਮੜੀ ਵਿੱਚ ਇੱਕ ਚਿੱਟੀ ਸੋਜ ਹੈ ਜਿਸ ਨਾਲ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇ ਸੋਜ ਵਿੱਚ ਕੱਚਾ ਮਾਸ ਵੀ ਹੋਵੇ, 11ਤਾਂ ਜਾਜਕ ਜਾਣੇ ਉਸਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ ਅਤੇ ਜਾਜਕ ਉਸਨੂੰ ਅਸ਼ੁੱਧ ਠਹਿਰਾਵੇ, ਪਰ ਉਸਨੂੰ ਅਲੱਗ ਨਾ ਰੱਖੇ ਕਿਉਂਕਿ ਉਹ ਪਹਿਲਾਂ ਹੀ ਅਸ਼ੁੱਧ ਹਨ।
12“ਜੇ ਕੋੜ੍ਹ ਉਹਨਾਂ ਦੀ ਸਾਰੀ ਚਮੜੀ ਉੱਤੇ ਫੈਲ ਜਾਂਦਾ ਹੈ, ਅਤੇ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਨੂੰ ਕੋੜ੍ਹ ਨੇ ਢੱਕ ਲਿਆ ਹੈ, 13ਤਾਂ ਜਾਜਕ ਉਸ ਦੀ ਜਾਂਚ ਕਰੇ, ਅਤੇ ਜੇਕਰ ਬਿਮਾਰੀ ਨੇ ਉਸ ਦਾ ਸਾਰਾ ਸਰੀਰ ਢੱਕਿਆ ਹੋਇਆ ਹੈ, ਤਾਂ ਉਹ ਉਸ ਨੂੰ ਸ਼ੁੱਧ ਘੋਸ਼ਿਤ ਕਰੇ ਕਿਉਂਕਿ ਉਹ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ। 14ਪਰ ਜਦੋਂ ਵੀ ਉਹਨਾਂ ਉੱਤੇ ਕੱਚਾ ਮਾਸ ਦਿਖਾਈ ਦੇਵੇਗਾ, ਉਹ ਅਸ਼ੁੱਧ ਹੋ ਜਾਣਗੇ। 15ਜਦੋਂ ਜਾਜਕ ਕੱਚਾ ਮਾਸ ਵੇਖੇ, ਤਾਂ ਉਸਨੂੰ ਅਸ਼ੁੱਧ ਐਲਾਨ ਕਰੇ। ਕੱਚਾ ਮਾਸ ਅਸ਼ੁੱਧ ਹੈ, ਉਹ ਇੱਕ ਕੋੜ੍ਹ ਦੀ ਬਿਮਾਰੀ ਹੈ। 16ਜੇਕਰ ਕੱਚਾ ਮਾਸ ਬਦਲ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ, ਤਾਂ ਉਹ ਜਾਜਕ ਕੋਲ ਫਿਰ ਆਵੇ। 17ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ ਅਤੇ ਜੇ ਜ਼ਖਮ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਵਿਅਕਤੀ ਨੂੰ ਸ਼ੁੱਧ ਠਹਿਰਾਵੇਗਾ, ਫਿਰ ਉਹ ਸਾਫ਼ ਹੋ ਜਾਵੇਗਾ।
18“ਜਦੋਂ ਕਿਸੇ ਦੀ ਚਮੜੀ ਉੱਤੇ ਫੋੜਾ ਆ ਜਾਂਦਾ ਹੈ ਅਤੇ ਉਹ ਠੀਕ ਹੋ ਜਾਂਦਾ ਹੈ, 19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ। 20ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ। 21ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ। 22ਜੇਕਰ ਇਹ ਚਮੜੀ ਵਿੱਚ ਫੈਲਦਾ ਹੈ ਤਾਂ ਜਾਜਕ ਉਹਨਾਂ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। 23ਪਰ ਜੇਕਰ ਉਹ ਦਾਗ ਨਾ ਬਦਲਿਆ ਹੋਵੇ ਅਤੇ ਨਾ ਫੈਲਿਆ ਹੋਵੇ, ਤਾਂ ਇਹ ਫੋੜੇ ਦਾ ਇੱਕ ਦਾਗ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ।
24“ਜਦੋਂ ਕਿਸੇ ਦੀ ਚਮੜੀ ਤੇ ਜਲਣ ਦਾ ਦਾਗ ਹੋਵੇ ਅਤੇ ਸੜੇ ਹੋਏ ਜ਼ਖਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ, 25ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ, ਅਤੇ ਜੇਕਰ ਉਸ ਦਾਗ ਵਾਲੇ ਸਥਾਨ ਦੇ ਵਾਲ ਚਿੱਟੇ ਹੋ ਗਏ ਹਨ ਅਤੇ ਉਹ ਚਮੜੀ ਨਾਲੋਂ ਡੂੰਘੇ ਜਾਪਦੇ ਹਨ, ਤਾਂ ਇਹ ਇੱਕ ਅਸ਼ੁੱਧ ਰੋਗ ਹੈ ਜੋ ਸੜਨ ਨਾਲ ਫੁੱਟਿਆ ਹੈ। ਜਾਜਕ ਉਸ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। 26ਪਰ ਜੇ ਜਾਜਕ ਉਸ ਦੀ ਜਾਂਚ ਕਰੇ ਅਤੇ ਉਸ ਥਾਂ ਉੱਤੇ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਜੇ ਉਹ ਚਮੜੀ ਤੋਂ ਵੱਧ ਡੂੰਘੇ ਨਹੀਂ ਹਨ ਅਤੇ ਫਿੱਕੇ ਪੈ ਗਏ ਹਨ, ਤਾਂ ਜਾਜਕ ਉਹਨਾਂ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ। 27ਸੱਤਵੇਂ ਦਿਨ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਅਤੇ ਜੇਕਰ ਇਹ ਚਮੜੀ ਵਿੱਚ ਫੈਲੀ ਹੋਈ ਹੈ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇਗਾ। ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। 28ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।
29“ਜੇਕਰ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ਉੱਤੇ ਫੋੜਾ ਹੈ, 30ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ। 31ਪਰ ਜਦੋਂ ਜਾਜਕ ਜ਼ਖਮ ਦੀ ਜਾਂਚ ਕਰਦਾ ਹੈ, ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਅਤੇ ਉਸ ਵਿੱਚ ਕਾਲੇ ਵਾਲ ਨਹੀਂ ਹਨ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ। 32ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇਕਰ ਉਹ ਫ਼ੈਲਿਆ ਨਹੀਂ ਹੈ ਅਤੇ ਉਸ ਵਿੱਚ ਪੀਲੇ ਵਾਲ ਨਹੀਂ ਹਨ ਅਤੇ ਉਹ ਚਮੜੀ ਤੋਂ ਵੱਧ ਡੂੰਘਾ ਨਹੀਂ ਦਿਸਦਾ ਹੈ। 33ਫਿਰ ਉਹ ਆਦਮੀ ਆਪਣਾ ਸਿਰ ਮੁਨਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਜ਼ਖਮ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸਦੇ ਜ਼ਖਮ ਹੈ, ਹੋਰ ਸੱਤ ਦਿਨ ਅਲੱਗ ਰੱਖੇ। 34ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇ ਉਹ ਚਮੜੀ ਵਿੱਚ ਫੈਲਿਆ ਨਹੀਂ ਹੈ ਅਤੇ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਹੈ ਤਾਂ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ, ਉਹ ਆਪਣੇ ਕੱਪੜੇ ਧੋਣ ਅਤੇ ਉਹ ਸ਼ੁੱਧ ਹੋ ਜਾਵੇ। 35ਪਰ ਜੇ ਉਹ ਸਾਫ਼ ਹੋਣ ਤੋਂ ਬਾਅਦ ਚਮੜੀ ਵਿੱਚ ਫੋੜਾ ਫੈਲਦਾ ਹੈ, 36ਤਾਂ ਜਾਜਕ ਉਹਨਾਂ ਦੀ ਜਾਂਚ ਕਰੇ ਅਤੇ ਜੇ ਉਸਨੂੰ ਪਤਾ ਲੱਗੇ ਕਿ ਜ਼ਖਮ ਚਮੜੀ ਵਿੱਚ ਫੈਲਿਆ ਹੋਇਆ ਹੈ ਤਾਂ ਉਸਨੂੰ ਪੀਲੇ ਵਾਲਾਂ ਦੀ ਖੋਜ ਕਰਨ ਦੀ ਲੋੜ ਨਹੀਂ ਹੈ, ਉਹ ਅਸ਼ੁੱਧ ਹੈ। 37ਜੇਕਰ ਜਾਜਕ ਦੇ ਦੇਖਣ ਵਿੱਚ ਉਹ ਦਾਗ ਉੱਥੇ ਹੀ ਰਹੇ ਅਤੇ ਉਸਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਗ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸਨੂੰ ਸ਼ੁੱਧ ਠਹਿਰਾਵੇ।
38“ਜਦੋਂ ਕਿਸੇ ਆਦਮੀ ਜਾਂ ਔਰਤ ਦੀ ਚਮੜੀ ਤੇ ਚਿੱਟੇ ਧੱਬੇ ਹੁੰਦੇ ਹਨ, 39ਤਾਂ ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਦਾਗ ਧੱਬੇ ਚਿੱਟੇ ਹਨ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।
40“ਇੱਕ ਆਦਮੀ ਜਿਸ ਦੇ ਸਿਰ ਤੋਂ ਵਾਲ ਝੜ ਗਏ ਹੋਣ ਅਤੇ ਉਹ ਗੰਜਾ ਤਾਂ ਹੈ, ਪਰ ਉਹ ਸ਼ੁੱਧ ਹੈ। 41ਜੇਕਰ ਉਹ ਦੀ ਖੋਪੜੀ ਦੇ ਅੱਗੇ ਤੋਂ ਵਾਲ ਝੜ ਗਏ ਹੋਣ ਅਤੇ ਮੱਥੇ ਦਾ ਗੰਜਾ ਹੋਵੇ ਤਾਂ ਉਹ ਸ਼ੁੱਧ ਹੈ। 42ਪਰ ਜੇ ਉਸ ਦੇ ਗੰਜੇ ਸਿਰ ਜਾਂ ਮੱਥੇ ਤੇ ਲਾਲ-ਚਿੱਟੇ ਰੰਗ ਦਾ ਫੋੜਾ ਹੈ, ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ। 43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ, 44ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।
45“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ। 46ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਇਹ ਰੋਗ ਰਹੇਗਾ ਤਦ ਤੱਕ ਉਹ ਅਸ਼ੁੱਧ ਰਹਿਣਗੇ ਅਤੇ ਇਕੱਲੇ ਰਹਿਣਗੇ, ਉਹਨਾਂ ਦੇ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੀ ਹੋਵੇਗਾ।
ਬਸਤਰ ਜਾਂ ਚਮੜੇ ਦੀ ਵਸਤੂ ਦਾ ਕੋੜ੍ਹ
47“ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ, 48ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ। 49ਜੇਕਰ ਉਹ ਰੋਗ ਕਿਸੇ ਕੱਪੜੇ ਵਿੱਚ, ਭਾਵੇਂ ਚਮੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ, ਤਾਂ ਉਹ ਕੋੜ੍ਹ ਦਾ ਰੋਗ ਹੈ ਅਤੇ ਉਹ ਜਾਜਕ ਨੂੰ ਵਿਖਾਇਆ ਜਾਵੇ। 50ਜਾਜਕ ਉਸ ਰੋਗ ਦੀ ਜਾਂਚ ਕਰੇ ਅਤੇ ਸੱਤ ਦਿਨਾਂ ਲਈ ਉਸ ਵਸਤੂ ਨੂੰ ਅਲੱਗ ਰੱਖੇ। 51ਸੱਤਵੇਂ ਦਿਨ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਰੋਗ ਉਸ ਕੱਪੜੇ ਦੇ ਤਾਣੀ ਵਿੱਚ, ਜਾਂ ਉੱਣਨੀ ਵਿੱਚ, ਜਾਂ ਚਮੜੇ ਵਿੱਚ, ਜਾਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਫੈਲਿਆ ਹੋਇਆ ਹੋਵੇ, ਤਾਂ ਉਹ ਰੋਗ ਇੱਕ ਫੈਲਣ ਵਾਲਾ ਕੋੜ੍ਹ ਹੈ, ਇਸ ਲਈ ਉਹ ਵਸਤੂ ਅਸ਼ੁੱਧ ਹੈ। 52ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ।
53“ਪਰ ਜਦੋਂ ਜਾਜਕ ਇਸ ਦੀ ਜਾਂਚ ਕਰਦਾ ਹੈ, ਅਤੇ ਵੇਖੇ ਕਿ ਉਹ ਰੋਗ ਉਸ ਕੱਪੜੇ ਵਿੱਚ, ਨਾ ਤਾਣੀ, ਨਾ ਉੱਣਨੀ, ਨਾ ਚਮੜੇ ਦੀ ਕਿਸੇ ਵਸਤੂ ਵਿੱਚ ਫੈਲਿਆ ਨਹੀਂ ਹੈ। 54ਤਾਂ ਜਾਜਕ ਹੁਕਮ ਦੇਵੇਗਾ ਕਿ ਰੋਗ ਵਾਲੀ ਵਸਤੂ ਨੂੰ ਧੋ ਦਿੱਤਾ ਜਾਵੇ, ਫਿਰ ਉਸਨੂੰ ਹੋਰ ਸੱਤ ਦਿਨਾਂ ਲਈ ਇਸ ਨੂੰ ਅਲੱਗ ਰੱਖੇ। 55ਵਸਤੂ ਨੂੰ ਧੋਣ ਤੋਂ ਬਾਅਦ, ਜਾਜਕ ਦੁਬਾਰਾ ਜਾਂਚ ਕਰੇ, ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਵੇ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਇਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ। 56ਪਰ ਜੇਕਰ ਜਾਜਕ ਜਾਂਚੇ ਕਰੇ ਅਤੇ ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਜਾਂ ਉੱਣਨੀ ਵਿੱਚੋਂ ਜਾ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ, 57ਪਰ ਜੇ ਉਹ ਰੋਗ ਫਿਰ ਵੀ ਉਸ ਕੱਪੜੇ ਦੀ ਤਾਣੀ ਵਿੱਚ ਜਾਂ ਉੱਣਨੀ ਵਿੱਚ, ਜਾਂ ਚਮੜੇ ਦੀ ਉਸ ਵਸਤੂ ਵਿੱਚ ਵਿਖਾਈ ਦੇਵੇ ਤਾਂ ਉਸ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੋਵੇ, ਅੱਗ ਵਿੱਚ ਸਾੜ ਦੇਣਾ। 58ਪਰ ਉਹ ਕੱਪੜਾ ਜਿਸ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਸਰੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ।”
59ਕਿਸੇ ਕੱਪੜੇ ਵਿੱਚ ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਤਾਣੀ ਵਿੱਚ ਜਾਂ ਉੱਣਨੀ ਵਿੱਚ, ਚਮੜੇ ਦੀ ਕਿਸੇ ਵਸਤੂ ਵਿੱਚ ਕੋੜ੍ਹ ਦਾ ਰੋਗ ਹੋਵੇ, ਤਾਂ ਉਸਨੂੰ ਸ਼ੁੱਧ ਅਤੇ ਅਸ਼ੁੱਧ ਠਹਿਰਾਉਣ ਦੀ ਇਹੋ ਬਿਵਸਥਾ ਹੈ।
നിലവിൽ തിരഞ്ഞെടുത്തിരിക്കുന്നു:
ਲੇਵਿਆਂ 13: OPCV
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.