ਲੇਵਿਆਂ 11

11
ਸ਼ੁੱਧ ਅਤੇ ਅਸ਼ੁੱਧ ਭੋਜਨ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਆਖੋ, ‘ਜ਼ਮੀਨ ਉੱਤੇ ਰਹਿਣ ਵਾਲੇ ਇਹ ਉਹ ਸਾਰੇ ਜਾਨਵਰ ਹਨ ਜਿਨ੍ਹਾਂ ਦਾ ਮਾਸ ਤੁਸੀਂ ਖਾ ਸਕਦੇ ਹੋ। 3ਤੁਸੀਂ ਉਹਨਾਂ ਜਾਨਵਰਾਂ ਨੂੰ ਖਾ ਸਕਦੇ ਹੋ, ਜਿਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਉਹ ਉਗਾਲੀ ਕਰਦਾ ਹੋਵੇ।
4“ ‘ਕੁਝ ਅਜਿਹੇ ਪਸ਼ੂ ਹਨ ਜੋ ਸਿਰਫ ਉਗਾਲੀ ਕਰਦੇ ਹਨ ਪਰ ਉਹਨਾਂ ਦੇ ਖੁਰ ਪਾਟੇ ਹੋਏ ਨਹੀਂ ਹਨ, ਤੁਸੀਂ ਉਹਨਾਂ ਨੂੰ ਨਹੀਂ ਖਾਣਾ। ਊਠ, ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। 5ਪਹਾੜੀ ਚੂਹਾ ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। 6ਖਰਗੋਸ਼, ਭਾਵੇਂ ਉਹ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। 7ਅਤੇ ਸੂਰ, ਭਾਵੇਂ ਕਿ ਇਸ ਦੇ ਖੁਰ ਪਾਟੇ ਹੋਏ ਹਨ, ਪਰ ਉਹ ਉਗਾਲੀ ਨਹੀਂ ਕਰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ। 8ਤੁਸੀਂ ਇਹਨਾਂ ਦਾ ਮਾਸ ਨਾ ਖਾਣਾ ਅਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।
9“ ‘ਸਮੁੰਦਰਾਂ ਅਤੇ ਨਦੀਆਂ ਦੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ ਤੁਸੀਂ ਕਿਸੇ ਨੂੰ ਵੀ ਖਾ ਸਕਦੇ ਹੋ ਜਿਸਦੇ ਖੰਭ ਅਤੇ ਚਾਨੇ ਹਨ। 10ਪਰ ਸਮੁੰਦਰਾਂ ਜਾਂ ਨਦੀਆਂ ਦੇ ਸਾਰੇ ਜੀਵ ਜਿੰਨ੍ਹਾਂ ਦੇ ਖੰਭ ਅਤੇ ਚਾਨੇ ਨਹੀਂ ਹਨ, ਭਾਵੇਂ ਸਾਰੇ ਝੁੰਡਾਂ ਵਿੱਚੋਂ ਜਾਂ ਪਾਣੀ ਵਿੱਚ ਰਹਿਣ ਵਾਲੇ ਹੋਰ ਸਾਰੇ ਜੀਵਾਂ ਵਿੱਚੋਂ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ। 11ਅਤੇ ਤੁਸੀਂ ਉਹਨਾਂ ਨੂੰ ਘਿਣਾਉਣੇ ਸਮਝਣਾ, ਤੁਸੀਂ ਉਹਨਾਂ ਦਾ ਮਾਸ ਨਾ ਖਾਣਾ। ਤੁਹਾਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਅਸ਼ੁੱਧ ਸਮਝਣਾ ਚਾਹੀਦਾ ਹੈ। 12ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵ ਜਿਸ ਦੇ ਖੰਭ ਅਤੇ ਚਾਨੇ ਨਹੀਂ ਹਨ, ਤੁਹਾਡੇ ਲਈ ਅਸ਼ੁੱਧ ਹਨ।
13“ ‘ਪੰਛੀਆਂ ਵਿੱਚੋਂ ਇਹ ਤੁਹਾਡੇ ਲਈ ਘਿਣਾਉਣੇ ਹਨ ਅਤੇ ਜਿਨ੍ਹਾਂ ਨੂੰ ਖਾਣ ਦੀ ਮਨਾਹੀ ਹੈ ਜਿਵੇਂ ਕਿ ਉਕਾਬ, ਗਿਰਝ, ਕਾਲਾ ਗਿਰਝ, 14ਲਾਲ ਇੱਲ, ਕਾਲੀ ਇੱਲ, ਅਤੇ ਹਰ ਕਿਸਮ ਦੀਆਂ ਇੱਲ, 15ਕਿਸੇ ਵੀ ਕਿਸਮ ਦੇ ਕਾਂ, 16ਸਿੰਗ ਵਾਲਾ ਉੱਲੂ, ਚੀਕਣ ਵਾਲਾ ਉੱਲੂ, ਗੁੱਲ, ਕਿਸੇ ਵੀ ਕਿਸਮ ਦਾ ਬਾਜ਼, 17ਛੋਟਾ ਉੱਲੂ, ਜਲਕਾਊਂ, ਵੱਡਾ ਉੱਲੂ, 18ਰਾਜਹੰਸ, ਉੱਲੂ, ਗਿੱਦ, 19ਲਮਢੀਂਗ, ਹਰ ਕਿਸਮ ਦਾ ਬਗਲਾ, ਟਟੀਹਰੀ ਅਤੇ ਚਮਗਿੱਦੜ।
20“ ‘ਸਾਰੇ ਉੱਡਦੇ ਕੀੜੇ ਜੋ ਚਾਰ ਪੈਰਾ ਨਾਲ ਤੁਰਦੇ ਹਨ, ਤੁਹਾਡੇ ਲਈ ਅਸ਼ੁੱਧ ਮੰਨੇ ਜਾਣ। 21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡ ਦੇ ਹਨ ਅਤੇ ਚਾਰ-ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ। 22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ। 23ਪਰ ਹੋਰ ਸਾਰੇ ਉੱਡਣ ਵਾਲੇ ਅਤੇ ਘਿਸਰਨ ਵਾਲੇ ਕੀੜੇ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ, ਤੁਸੀਂ ਉਹਨਾਂ ਨੂੰ ਅਸ਼ੁੱਧ ਸਮਝਣਾ।
24“ ‘ਤੁਸੀਂ ਇਨ੍ਹਾਂ ਦੁਆਰਾ ਆਪਣੇ ਆਪ ਨੂੰ ਅਸ਼ੁੱਧ ਕਰੋਗੇ, ਜੋ ਕੋਈ ਵੀ ਉਹਨਾਂ ਦੀਆਂ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 25ਜੋ ਕੋਈ ਉਹਨਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
26“ ‘ਹਰ ਜਾਨਵਰ ਜਿਸਦਾ ਖੁਰ ਪਾਟਾ ਹੋਇਆ ਨਹੀਂ ਹੈ ਜਾਂ ਉਗਾਲੀ ਨਹੀਂ ਕਰਦੇ, ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਵਿੱਚੋਂ ਕਿਸੇ ਦੀ ਲੋਥ ਨੂੰ ਛੂੰਹਦਾ ਹੈ, ਉਹ ਅਸ਼ੁੱਧ ਹੋਵੇਗਾ। 27ਉਹਨਾਂ ਸਾਰੇ ਜਾਨਵਰਾਂ ਵਿੱਚੋਂ ਜਿਹੜੇ ਚੌਹਾਂ ਪੈਰਾਂ ਉੱਤੇ ਚੱਲਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 28ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਚੁੱਕੇ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।
29“ ‘ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਉਹ ਤੁਹਾਡੇ ਲਈ ਅਸ਼ੁੱਧ ਹਨ ਜਿਵੇਂ ਕਿ ਛਛੂੰਦਰ, ਚੂਹਾ, ਕਿਸੇ ਵੀ ਕਿਸਮ ਦੀ ਵੱਡੀ ਛਿਪਕਲੀ, 30ਅਤੇ ਘਰੇਲੂ ਛਿਪਕਲੀ, ਕੌੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ। 31ਸਾਰੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਵੀ ਉਹਨਾਂ ਦੀ ਲੋਥ ਨੂੰ ਛੂਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 32ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ। 33ਜੇਕਰ ਉਹਨਾਂ ਵਿੱਚੋਂ ਇੱਕ ਮਿੱਟੀ ਦੇ ਘੜੇ ਵਿੱਚ ਡਿੱਗਦਾ ਹੈ, ਤਾਂ ਉਸ ਵਿੱਚਲੀ ਹਰ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਤੁਸੀਂ ਉਸ ਘੜੇ ਨੂੰ ਤੋੜ ਦਿਓ। 34ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ। 35ਕੋਈ ਵੀ ਚੀਜ਼ ਜਿਸ ਉੱਤੇ ਉਹਨਾਂ ਦੀ ਲਾਸ਼ ਡਿੱਗਦੀ ਹੈ, ਉਹ ਅਸ਼ੁੱਧ ਹੋ ਜਾਂਦੀ ਹੈ। ਇੱਕ ਤੰਦੂਰ ਜਾਂ ਖਾਣਾ ਪਕਾਉਣ ਵਾਲੇ ਘੜੇ ਤੋੜ ਦਿੱਤੇ ਜਾਣ। ਉਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਵੀ ਉਹ ਅਸ਼ੁੱਧ ਠਹਿਰਨਗੇ। 36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ। 37ਜੇਕਰ ਕੋਈ ਲਾਸ਼ ਕਿਸੇ ਬੀਜ ਤੇ ਡਿੱਗ ਜਾਂਦੀ ਹੈ, ਤਾਂ ਉਹ ਸ਼ੁੱਧ ਰਹਿੰਦਾ ਹੈ। 38ਪਰ ਜੇਕਰ ਬੀਜ ਉੱਤੇ ਪਾਣੀ ਪਾਇਆ ਜਾਵੇ ਅਤੇ ਉਸ ਉੱਤੇ ਇੱਕ ਲੋਥ ਡਿੱਗ ਪਵੇ, ਤਾਂ ਇਹ ਤੁਹਾਡੇ ਲਈ ਅਸ਼ੁੱਧ ਹੈ।
39“ ‘ਜੇ ਕੋਈ ਜਾਨਵਰ ਜਿਸਨੂੰ ਤੁਹਾਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਮਰ ਜਾਵੇ, ਜੋ ਕੋਈ ਵੀ ਉਸਦੀ ਲੋਥ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 40ਜੋ ਕੋਈ ਵੀ ਉਸਦੀ ਲੋਥ ਵਿੱਚੋਂ ਕੁਝ ਖਾਵੇ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਲਾਸ਼ ਨੂੰ ਚੁੱਕਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
41“ ‘ਅਤੇ ਧਰਤੀ ਉੱਤੇ ਹਰ ਇੱਕ ਘਿਸਰਨ ਵਾਲਾ ਜੀਵ ਤੁਹਾਡੇ ਲਈ ਅਸ਼ੁੱਧ ਹੈ, ਇਹ ਖਾਣ ਲਈ ਨਹੀਂ ਹੈ। 42ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਚਲਣ ਵਾਲੇ ਜਾਂ ਚਾਰ-ਪੈਰਾਂ ਉੱਤੇ ਤੁਰਦੇ ਹਨ ਉਹਨਾਂ ਨੂੰ ਤੁਸੀਂ ਨਾ ਖਾਣਾ, ਇਹ ਅਸ਼ੁੱਧ ਹੈ। 43ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ। 44ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ। ਆਪਣੇ ਆਪ ਨੂੰ ਕਿਸੇ ਵੀ ਜੀਵ ਦੁਆਰਾ ਅਸ਼ੁੱਧ ਨਾ ਬਣਾਓ ਜੋ ਜ਼ਮੀਨ ਉੱਤੇ ਘਿਸਰਦੇ ਹਨ। 45ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਤੁਹਾਡਾ ਪਰਮੇਸ਼ਵਰ ਬਣਨ ਲਈ ਕੱਢ ਲਿਆਇਆ ਹਾਂ, ਇਸ ਲਈ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।
46“ ‘ਇਹ ਨਿਯਮ ਜਾਨਵਰਾਂ, ਪੰਛੀਆਂ, ਪਾਣੀ ਵਿੱਚ ਘੁੰਮਣ ਵਾਲੇ ਹਰ ਜੀਵਤ ਚੀਜ਼ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਹਰ ਪ੍ਰਾਣੀ ਬਾਰੇ ਹਨ। 47ਤੁਹਾਨੂੰ ਅਸ਼ੁੱਧ ਅਤੇ ਸ਼ੁੱਧ ਵਿੱਚ, ਖਾਧੇ ਜਾ ਸਕਣ ਵਾਲੇ ਜੀਵਿਤ ਪ੍ਰਾਣੀਆਂ ਅਤੇ ਨਾ ਖਾਧੇ ਜਾਣ ਵਾਲੇ ਪ੍ਰਾਣੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ।’ ”

നിലവിൽ തിരഞ്ഞെടുത്തിരിക്കുന്നു:

ਲੇਵਿਆਂ 11: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക