10
ਨਾਦਾਬ ਅਤੇ ਅਬੀਹੂ ਦੀ ਮੌਤ
1ਹਾਰੋਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪਣੇ ਧੂਪਦਾਨ ਲਏ, ਉਹਨਾਂ ਵਿੱਚ ਅੱਗ ਪਾਈ ਅਤੇ ਧੂਪ ਧੁਖਾਈ ਅਤੇ ਉਹਨਾਂ ਨੇ ਉਸ ਦੇ ਹੁਕਮ ਦੇ ਉਲਟ, ਯਾਹਵੇਹ ਅੱਗੇ ਅਣਅਧਿਕਾਰਤ ਅੱਗ ਦੀ ਭੇਟ ਚੜ੍ਹਾਈ। 2ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ। 3ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ,
“ ‘ਮੇਰੇ ਕੋਲ ਆਉਣ ਵਾਲਿਆਂ ਵਿੱਚ
ਮੈਂ ਪਵਿੱਤਰ ਸਾਬਤ ਹੋਵਾਂਗਾ,
ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ
ਮੇਰਾ ਆਦਰ ਕੀਤਾ ਜਾਵੇਗਾ।’ ”
ਪਰ ਹਾਰੋਨ ਚੁੱਪ ਰਿਹਾ।
4ਮੋਸ਼ੇਹ ਨੇ ਹਾਰੋਨ ਦੇ ਚਾਚੇ ਉਜ਼ੀਏਲ ਦੇ ਪੁੱਤਰਾਂ ਮੀਸ਼ਾਏਲ ਅਤੇ ਅਲਸਾਫ਼ਾਨ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਇੱਥੇ ਆਓ। ਆਪਣੇ ਚਚੇਰੇ ਭਰਾਵਾਂ ਨੂੰ ਡੇਰੇ ਦੇ ਬਾਹਰ, ਪਵਿੱਤਰ ਅਸਥਾਨ ਦੇ ਸਾਹਮਣੇ ਤੋਂ ਦੂਰ ਲੈ ਜਾਓ।” 5ਇਸ ਲਈ ਉਹ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਸਮੇਤ ਚੁੱਕਿਆ ਡੇਰੇ ਤੋਂ ਬਾਹਰ ਲੈ ਗਏ, ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ।
6ਫ਼ੇਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਤੁਹਾਡੇ ਸਿਰ ਨੰਗੇ ਨਾ ਹੋਣ ਅਤੇ ਆਪਣੇ ਕੱਪੜੇ ਨਾ ਪਾੜੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ ਅਤੇ ਯਾਹਵੇਹ ਸਾਰੇ ਲੋਕਾਂ ਨਾਲ ਗੁੱਸੇ ਹੋ ਜਾਵੇਗਾ। ਪਰ ਤੁਹਾਡੇ ਰਿਸ਼ਤੇਦਾਰ, ਸਾਰੇ ਇਸਰਾਏਲੀ, ਉਹਨਾਂ ਲਈ ਸੋਗ ਕਰ ਸਕਦੇ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਅੱਗ ਦੁਆਰਾ ਤਬਾਹ ਕੀਤਾ ਹੈ। 7ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਨਾ ਛੱਡੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ, ਕਿਉਂਕਿ ਯਾਹਵੇਹ ਦਾ ਮਸਹ ਕਰਨ ਵਾਲਾ ਤੇਲ ਤੁਹਾਡੇ ਉੱਤੇ ਹੈ।” ਇਸ ਲਈ ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਮੋਸ਼ੇਹ ਨੇ ਕਿਹਾ ਸੀ।
8ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, 9“ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ। 10ਤਾਂ ਜੋ ਤੁਸੀਂ ਪਵਿੱਤਰ ਅਤੇ ਆਮ ਵਿੱਚ, ਅਸ਼ੁੱਧ ਅਤੇ ਸ਼ੁੱਧ ਵਿੱਚ ਫ਼ਰਕ ਕਰ ਸਕੋ, 11ਅਤੇ ਇਸ ਲਈ ਤੁਸੀਂ ਇਸਰਾਏਲੀਆਂ ਨੂੰ ਉਹ ਸਾਰੇ ਫ਼ਰਮਾਨ ਸਿਖਾ ਸਕਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਦਿੱਤੇ ਹਨ।”
12ਮੋਸ਼ੇਹ ਨੇ ਹਾਰੋਨ ਅਤੇ ਉਸਦੇ ਬਚੇ ਹੋਏ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨੂੰ ਕਿਹਾ, “ਖਮੀਰ ਤੋਂ ਬਿਨਾਂ ਤਿਆਰ ਕੀਤੇ ਗਏ ਅਨਾਜ ਦੀ ਭੇਟ ਵਿੱਚੋਂ ਬਚੀ ਹੋਈ ਅਨਾਜ਼ ਦੀ ਭੇਟ ਨੂੰ ਲੈ ਕੇ ਯਾਹਵੇਹ ਨੂੰ ਭੇਟ ਕਰੋ ਅਤੇ ਇਸਨੂੰ ਜਗਵੇਦੀ ਦੇ ਕੋਲ ਖਾਓ ਕਿਉਂਕਿ ਇਹ ਅੱਤ ਪਵਿੱਤਰ ਹੈ। 13ਇਸ ਨੂੰ ਪਵਿੱਤਰ ਅਸਥਾਨ ਵਿੱਚ ਖਾਓ, ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਪੁੱਤਰਾਂ ਦੁਆਰਾ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਦਾ ਹਿੱਸਾ ਹੈ; ਮੈਨੂੰ ਇਸ ਲਈ ਹੁਕਮ ਦਿੱਤਾ ਗਿਆ ਹੈ। 14ਪਰ ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਉਸ ਛਾਤੀ ਨੂੰ ਖਾ ਸਕਦੇ ਹੋ ਜੋ ਹਿਲਾਇਆ ਗਿਆ ਸੀ ਅਤੇ ਉਸ ਪੱਟ ਨੂੰ ਜੋ ਚੜ੍ਹਾਇਆ ਗਿਆ ਸੀ। ਉਹਨਾਂ ਨੂੰ ਰਸਮੀ ਤੌਰ ਤੇ ਸਾਫ਼ ਜਗ੍ਹਾ ਤੇ ਖਾਓ; ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਤੁਹਾਡੇ ਹਿੱਸੇ ਵਜੋਂ ਦਿੱਤੇ ਗਏ ਹਨ। 15ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”
16ਜਦੋਂ ਮੋਸ਼ੇਹ ਨੇ ਪਾਪ ਦੀ ਭੇਟ#10:16 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਦੇ ਬੱਕਰੇ ਬਾਰੇ ਪੁੱਛਿਆ ਅਤੇ ਵੇਖਿਆ ਕਿ ਉਹ ਸੜ ਗਿਆ ਹੈ, ਤਾਂ ਉਹ ਹਾਰੋਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਉੱਤੇ ਗੁੱਸੇ ਹੋਇਆ ਅਤੇ ਪੁੱਛਿਆ, 17“ਤੂੰ ਪਵਿੱਤਰ ਸਥਾਨ ਵਿੱਚ ਪਾਪ ਦੀ ਭੇਟ ਕਿਉਂ ਨਹੀਂ ਖਾਧੀ? ਇਹ ਸਭ ਤੋਂ ਪਵਿੱਤਰ ਹੈ, ਇਹ ਤੁਹਾਨੂੰ ਯਾਹਵੇਹ ਅੱਗੇ ਉਹਨਾਂ ਲਈ ਪ੍ਰਾਸਚਿਤ ਕਰਕੇ ਭਾਈਚਾਰੇ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦਿੱਤਾ ਗਿਆ ਸੀ। 18ਕਿਉਂਕਿ ਇਸ ਦਾ ਲਹੂ ਪਵਿੱਤਰ ਸਥਾਨ ਵਿੱਚ ਨਹੀਂ ਲਿਆ ਗਿਆ ਸੀ, ਇਸ ਲਈ ਤੁਹਾਨੂੰ ਪਵਿੱਤਰ ਸਥਾਨ ਵਿੱਚ ਬੱਕਰੀ ਨੂੰ ਖਾਣਾ ਚਾਹੀਦਾ ਸੀ, ਜਿਵੇਂ ਮੈਂ ਹੁਕਮ ਦਿੱਤਾ ਸੀ।”
19ਹਾਰੋਨ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਅੱਜ ਉਹਨਾਂ ਨੇ ਆਪਣੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਯਾਹਵੇਹ ਦੇ ਅੱਗੇ ਚੜ੍ਹਾਈ, ਪਰ ਮੇਰੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਜੇਕਰ ਮੈਂ ਅੱਜ ਪਾਪ ਦੀ ਭੇਟ ਨੂੰ ਖਾ ਲਿਆ ਹੁੰਦਾ ਤਾਂ ਕੀ ਯਾਹਵੇਹ ਪ੍ਰਸੰਨ ਹੁੰਦਾ?” 20ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਸੰਤੁਸ਼ਟ ਹੋ ਗਿਆ।