9
ਨੋਹ ਨਾਲ ਪਰਮੇਸ਼ਵਰ ਦਾ ਨੇਮ
1ਤਦ ਪਰਮੇਸ਼ਵਰ ਨੇ ਨੋਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ। 2ਤੇਰਾ ਭੈਅ ਅਤੇ ਡਰ ਧਰਤੀ ਦੇ ਸਾਰੇ ਦਰਿੰਦਿਆਂ ਉੱਤੇ, ਅਕਾਸ਼ ਦੇ ਸਾਰੇ ਪੰਛੀਆਂ ਉੱਤੇ, ਧਰਤੀ ਉੱਤੇ ਚੱਲਣ ਵਾਲੇ ਹਰੇਕ ਪ੍ਰਾਣੀ ਉੱਤੇ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਪੈ ਜਾਵੇਗਾ, ਕਿਉਂ ਜੋ ਉਹ ਤੁਹਾਡੇ ਹੱਥਾਂ ਵਿੱਚ ਦਿੱਤੇ ਗਏ ਹਨ। 3ਹਰ ਚੀਜ਼ ਜੋ ਜਿਉਂਦੀ ਹੈ ਅਤੇ ਚੱਲਦੀ ਹੈ ਤੁਹਾਡੇ ਲਈ ਭੋਜਨ ਹੋਵੇਗੀ। ਜਿਵੇਂ ਮੈਂ ਤੁਹਾਨੂੰ ਹਰੇ ਪੌਦੇ ਦਿੱਤੇ ਸਨ, ਹੁਣ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ।
4“ਪਰ ਤੁਹਾਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਜੀਵਨ ਦਾ ਲਹੂ ਅਜੇ ਵੀ ਹੈ। 5ਅਤੇ ਮੈਂ ਤੁਹਾਡੇ ਜੀਵਨ ਦੇ ਲਹੂ ਦਾ ਲੇਖਾ ਜ਼ਰੂਰ ਮੰਗਾਂਗਾ। ਮੈਂ ਹਰ ਜਾਨਵਰ ਤੋਂ ਹਿਸਾਬ ਮੰਗਾਂਗਾ ਅਤੇ ਹਰੇਕ ਮਨੁੱਖ ਤੋਂ, ਮੈਂ ਦੂਜੇ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਵੀ ਮੰਗਾਂਗਾ।
6“ਜੋ ਕੋਈ ਮਨੁੱਖਾਂ ਦਾ ਲਹੂ ਵਹਾਉਂਦਾ ਹੈ,
ਮਨੁੱਖਾਂ ਦੁਆਰਾ ਉਹਨਾਂ ਦਾ ਲਹੂ ਵਹਾਇਆ ਜਾਵੇਗਾ;
ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਹੈ।
7ਤੁਸੀਂ ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।”
8ਤਦ ਪਰਮੇਸ਼ਵਰ ਨੇ ਨੋਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ, 9“ਹੁਣ ਮੈਂ ਤੇਰੇ ਨਾਲ ਅਤੇ ਤੇਰੇ ਬਾਅਦ ਤੇਰੇ ਅੰਸ ਨਾਲ ਆਪਣਾ ਨੇਮ ਬੰਨ੍ਹਦਾ ਹਾਂ, 10ਅਤੇ ਹਰ ਜੀਵ-ਜੰਤੂ ਦੇ ਨਾਲ ਜੋ ਤੁਹਾਡੇ ਨਾਲ ਸੀ, ਪੰਛੀਆਂ, ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲ, ਉਹ ਸਾਰੇ ਜੋ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਨਿਕਲੇ ਹਨ, ਧਰਤੀ ਦੇ ਸਾਰੇ ਜੀਵਾਂ ਨਾਲ। 11ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।”
12ਅਤੇ ਪਰਮੇਸ਼ਵਰ ਨੇ ਆਖਿਆ, “ਇਹ ਉਸ ਨੇਮ ਦੀ ਨਿਸ਼ਾਨੀ ਹੈ ਜੋ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਤੁਹਾਡੇ ਨਾਲ ਹਰ ਜੀਵਤ ਪ੍ਰਾਣੀ ਵਿੱਚ ਬੰਨ੍ਹਦਾ ਹਾਂ, ਇਹ ਇੱਕ ਨੇਮ ਸਾਰੀਆਂ ਪੀੜ੍ਹੀਆਂ ਲਈ ਹੈ। 13ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ। 14ਜਦੋਂ ਵੀ ਮੈਂ ਧਰਤੀ ਉੱਤੇ ਬੱਦਲਾਂ ਨੂੰ ਲਿਆਵਾਂਗਾ ਤਾਂ ਬੱਦਲਾਂ ਵਿੱਚ ਸਤਰੰਗੀ ਪੀਂਘ ਵਿਖਾਈ ਦੇਵੇਗੀ, 15ਤਾਂ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਆਪਣੇ ਨੇਮ ਨੂੰ ਚੇਤੇ ਕਰਾਂਗਾ। ਸਾਰੇ ਜੀਵਨ ਨੂੰ ਤਬਾਹ ਕਰਨ ਲਈ ਕਦੇ ਵੀ ਹੜ੍ਹ ਨਹੀਂ ਲਿਆਵਾਂਗਾ। 16ਜਦੋਂ ਵੀ ਬੱਦਲਾਂ ਵਿੱਚ ਸਤਰੰਗੀ ਪੀਂਘ ਦਿਖਾਈ ਦੇਵੇਗੀ, ਮੈਂ ਇਸਨੂੰ ਵੇਖਾਂਗਾ ਤਾਂ ਜੋ ਪਰਮੇਸ਼ਵਰ ਅਤੇ ਧਰਤੀ ਉੱਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਸਦੀਵੀ ਨੇਮ ਨੂੰ ਯਾਦ ਕਰਾਂਗਾ।”
17ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, “ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਧਰਤੀ ਉੱਤੇ ਸਾਰੇ ਜੀਵਨ ਵਿਚਕਾਰ ਸਥਾਪਿਤ ਕੀਤਾ ਹੈ।”
ਨੋਹ ਦੇ ਪੁੱਤਰ
18ਨੋਹ ਦੇ ਜੋ ਪੁੱਤਰ ਕਿਸ਼ਤੀ ਵਿੱਚੋਂ ਬਾਹਰ ਨਿੱਕਲੇ, ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ। (ਹਾਮ ਕਨਾਨ ਦਾ ਪਿਤਾ ਸੀ।) 19ਇਹ ਨੋਹ ਦੇ ਤਿੰਨ ਪੁੱਤਰ ਸਨ ਅਤੇ ਉਹਨਾਂ ਤੋਂ ਉਹ ਲੋਕ ਆਏ ਜੋ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ।
20ਨੋਹ ਇੱਕ ਮਿੱਟੀ ਦਾ ਮਨੁੱਖ, ਇੱਕ ਅੰਗੂਰੀ ਬਾਗ਼ ਲਾਉਣ ਲਈ ਅੱਗੇ ਵੱਧਿਆ। 21ਜਦੋਂ ਉਸ ਨੇ ਉਸ ਦੀ ਦਾਖ਼ਰਸ ਵਿੱਚੋਂ ਕੁਝ ਪੀਤਾ ਤਾਂ ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਨੰਗਾ ਹੋ ਗਿਆ। 22ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਨੂੰ ਨੰਗਾ ਵੇਖਿਆ ਅਤੇ ਬਾਹਰ ਆਪਣੇ ਦੋਹਾਂ ਭਰਾਵਾਂ ਨੂੰ ਦੱਸਿਆ। 23ਪਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੱਪੜਾ ਲੈ ਕੇ ਆਪਣੇ ਮੋਢਿਆਂ ਉੱਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨਾਗੇਜ਼ ਢੱਕਿਆ। ਉਹਨਾਂ ਦੇ ਮੂੰਹ ਦੂਸਰੇ ਪਾਸੇ ਨੂੰ ਸਨ, ਇਸ ਲਈ ਉਹਨਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ।
24ਜਦ ਨੋਹ ਦਾ ਨਸ਼ਾ ਉੱਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਪੁੱਤਰ ਨੇ ਕੀ ਕੀਤਾ ਹੈ। 25ਤਾਂ ਉਸ ਨੇ ਆਖਿਆ,
ਕਨਾਨ ਸਰਾਪੀ ਹੋਵੇ!
ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।
26ਉਸ ਨੇ ਇਹ ਵੀ ਕਿਹਾ,
“ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ!
ਕਨਾਨ ਸ਼ੇਮ ਦਾ ਦਾਸ ਹੋਵੇ।
27ਪਰਮੇਸ਼ਵਰ ਯਾਫ਼ਥ ਦੇ ਇਲਾਕੇ ਨੂੰ ਵੱਧਾਵੇ;
ਯਾਫੇਥ ਸ਼ੇਮ ਦੇ ਤੰਬੂਆਂ ਵਿੱਚ ਰਹੇ,
ਅਤੇ ਕਨਾਨ ਯਾਫੇਥ ਦਾ ਗੁਲਾਮ ਹੋਵੇ।”
28ਪਰਲੋ ਤੋਂ ਬਾਅਦ ਨੋਹ 350 ਸਾਲ ਜੀਉਂਦਾ ਰਿਹਾ। 29ਨੋਹ ਕੁੱਲ 950 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।