41
ਫ਼ਿਰਾਊਨ ਦੇ ਸੁਪਨੇ
1ਜਦੋਂ ਪੂਰੇ ਦੋ ਸਾਲ ਬੀਤ ਗਏ ਤਾਂ ਫ਼ਿਰਾਊਨ ਨੂੰ ਇੱਕ ਸੁਪਨਾ ਆਇਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਸੀ, 2ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ, ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ। 3ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ। 4ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।
5ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ। 6ਉਹਨਾਂ ਤੋਂ ਬਾਅਦ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਅਨਾਜ ਦੇ ਸੱਤ ਹੋਰ ਸਿੱਟੇ ਨਿੱਕਲੇ। 7ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।
8ਸਵੇਰ ਨੂੰ ਉਹ ਦਾ ਮਨ ਘਬਰਾ ਗਿਆ, ਇਸ ਲਈ ਉਸ ਨੇ ਮਿਸਰ ਦੇ ਸਾਰੇ ਜਾਦੂਗਰਾਂ ਅਤੇ ਬੁੱਧਵਾਨਾਂ ਨੂੰ ਬੁਲਾਇਆ। ਫ਼ਿਰਾਊਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੱਸੇ, ਪਰ ਕੋਈ ਵੀ ਉਸ ਲਈ ਉਹਨਾਂ ਦਾ ਅਰਥ ਨਾ ਦੱਸ ਸਕਿਆ।
9ਤਦ ਸਾਕੀਆਂ ਦੇ ਮੁੱਖੀਏ ਨੇ ਫ਼ਿਰਾਊਨ ਨਾਲ ਇਹ ਗੱਲ ਕੀਤੀ, “ਅੱਜ ਮੈਨੂੰ ਆਪਣੀਆਂ ਕਮੀਆਂ ਯਾਦ ਆ ਰਹੀਆਂ ਹਨ। 10ਇੱਕ ਵਾਰ ਫ਼ਿਰਾਊਨ ਨੂੰ ਆਪਣੇ ਸੇਵਕਾਂ ਉੱਤੇ ਗੁੱਸਾ ਆਇਆ ਅਤੇ ਉਸ ਨੇ ਮੈਨੂੰ ਅਤੇ ਮੁੱਖ ਰੋਟੀ ਵਾਲੇ ਨੂੰ ਪਹਿਰੇਦਾਰ ਦੇ ਸਰਦਾਰ ਦੇ ਘਰ ਵਿੱਚ ਕੈਦ ਕਰ ਦਿੱਤਾ। 11ਉਸੇ ਰਾਤ ਸਾਡੇ ਵਿੱਚੋਂ ਹਰੇਕ ਨੇ ਇੱਕ ਸੁਪਨਾ ਵੇਖਿਆ ਅਤੇ ਹਰੇਕ ਸੁਪਨੇ ਦਾ ਆਪਣਾ ਅਰਥ ਸੀ। 12ਉੱਥੇ ਇੱਕ ਜਵਾਨ ਇਬਰਾਨੀ ਸਾਡੇ ਨਾਲ ਸੀ ਜੋ ਪਹਿਰੇਦਾਰਾਂ ਦੇ ਸਰਦਾਰ ਦਾ ਸੇਵਕ ਸੀ ਅਤੇ ਅਸੀਂ ਉਸਨੂੰ ਆਪਣੇ ਸੁਪਨੇ ਦੱਸੇ, ਉਸਨੇ ਸਾਡੇ ਲਈ ਉਹਨਾਂ ਦਾ ਅਰਥ ਦਿੱਤਾ, ਹਰ ਇੱਕ ਆਦਮੀ ਨੂੰ ਉਸਦੇ ਸੁਪਨੇ ਦੇ ਅਨੁਸਾਰ ਅਰਥ ਦੱਸਿਆ। 13ਅਤੇ ਚੀਜ਼ਾਂ ਬਿਲਕੁਲ ਉਵੇਂ ਹੀ ਨਿੱਕਲੀਆਂ ਜਿਵੇਂ ਉਸਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੀ। ਮੈਂ ਆਪਣੀ ਸਥਿਤੀ ਉੱਤੇ ਬਹਾਲ ਹੋ ਗਿਆ, ਅਤੇ ਦੂਜੇ ਆਦਮੀ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ।”
14ਤਾਂ ਫ਼ਿਰਾਊਨ ਨੇ ਯੋਸੇਫ਼ ਨੂੰ ਬੁਲਾਇਆ ਅਤੇ ਉਹ ਛੇਤੀ ਹੀ ਕੋਠੜੀ ਵਿੱਚੋਂ ਲਿਆਇਆ ਗਿਆ। ਉਹ ਹਜਾਮਤ ਕਰਕੇ ਅਤੇ ਬਸਤਰ ਬਦਲ ਕੇ ਫ਼ਿਰਾਊਨ ਦੇ ਕੋਲ ਅੰਦਰ ਆਇਆ।
15ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਕੋਈ ਵੀ ਇਸ ਦਾ ਅਰਥ ਨਹੀਂ ਦੱਸ ਸਕਦਾ, ਪਰ ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈ।”
16ਯੋਸੇਫ਼ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਮੈਂ ਇਹ ਨਹੀਂ ਕਰ ਸਕਦਾ, ਪਰ ਪਰਮੇਸ਼ਵਰ ਹੀ ਫ਼ਿਰਾਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ।”
17ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਆਪਣੇ ਸੁਪਨੇ ਵਿੱਚ ਨੀਲ ਨਦੀ ਦੇ ਕੰਢੇ ਖੜ੍ਹਾ ਸੀ, 18ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ। 19ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਆਈਆਂ ਜਿਹੜੀਆਂ ਖੋਖਲੀਆਂ ਅਤੇ ਬਹੁਤ ਭੈੜੀਆਂ ਅਤੇ ਪਤਲੀਆਂ ਸਨ। ਮੈਂ ਮਿਸਰ ਦੀ ਸਾਰੀ ਧਰਤੀ ਵਿੱਚ ਅਜਿਹੀਆਂ ਭੈੜੀਆਂ ਗਾਵਾਂ ਕਦੇ ਨਹੀਂ ਦੇਖੀਆਂ ਸਨ। 20ਪਤਲੀਆਂ ਅਤੇ ਭੈੜੀਆਂ ਗਾਵਾਂ ਨੇ ਉਹਨਾਂ ਸੱਤ ਮੋਟੀਆਂ ਗਾਵਾਂ ਨੂੰ ਖਾ ਲਿਆ ਜਿਹੜੀਆਂ ਪਹਿਲਾਂ ਆਈਆਂ ਸਨ। 21ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉ ਜੋ ਉਹ ਵੇਖਣ ਵਿੱਚ ਪਹਿਲਾ ਦੀ ਤਰ੍ਹਾਂ ਹੀ ਸਨ। ਫਿਰ ਮੈਂ ਜਾਗ ਪਿਆ।
22“ਫਿਰ ਮੈਂ ਦੂਸਰਾ ਸੁਪਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ। 23ਉਹਨਾਂ ਤੋਂ ਬਾਅਦ ਅਨਾਜ ਦੇ ਸੱਤ ਹੋਰ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਫੁੱਟ ਨਿੱਕਲੇ। 24ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਚੰਗੇ ਸਿੱਟਿਆ ਨੂੰ ਨਿਗਲ ਲਿਆ। ਮੈਂ ਇਹ ਗੱਲ ਜਾਦੂਗਰਾਂ ਨੂੰ ਦੱਸੀ, ਪਰ ਉਹਨਾਂ ਵਿੱਚੋਂ ਕੋਈ ਵੀ ਮੈਨੂੰ ਇਸਦਾ ਅਰਥ ਨਾ ਦੱਸ ਸਕਿਆ।”
25ਤਦ ਯੋਸੇਫ਼ ਨੇ ਫ਼ਿਰਾਊਨ ਨੂੰ ਆਖਿਆ, ਫ਼ਿਰਾਊਨ ਦਾ ਸੁਪਨਾ ਇੱਕੋ ਹੀ ਹੈ। ਪਰਮੇਸ਼ਵਰ ਜੋ ਕੁਝ ਉਹ ਕਰਨ ਵਾਲਾ ਹੈ ਉਸ ਨੇ ਫ਼ਿਰਾਊਨ ਉੱਤੇ ਪ੍ਰਗਟ ਕੀਤਾ ਹੈ। 26ਸੱਤ ਚੰਗੀਆਂ ਗਾਵਾਂ ਸੱਤ ਸਾਲ ਹਨ, ਅਤੇ ਅਨਾਜ ਦੇ ਸੱਤ ਚੰਗੇ ਸਿੱਟੇ ਵੀ ਸੱਤ ਸਾਲ ਹਨ, ਇਹ ਸੁਪਨਾ ਇੱਕੋ ਹੀ ਹੈ। 27ਜਿਹੜੀਆਂ ਸੱਤ ਪਤਲੀਆਂ ਅਤੇ ਭੈੜੀਆਂ ਗਾਵਾਂ ਬਾਅਦ ਵਿੱਚ ਆਈਆਂ ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ।
28“ਇਹ ਉਹੀ ਗੱਲ ਹੈ ਜਿਹੜੀ ਮੈਂ ਫ਼ਿਰਾਊਨ ਨਾਲ ਕੀਤੀ ਹੈ ਕਿ ਪਰਮੇਸ਼ਵਰ ਜੋ ਕੁਝ ਕਰਨ ਵਾਲਾ ਹੈ ਉਸਨੇ ਫ਼ਿਰਾਊਨ ਉੱਤੇ ਪ੍ਰਗਟ ਕਰ ਦਿੱਤਾ ਹੈ। 29ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰ ਫਸਲ ਹੋਵੇਗੀ, 30ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ। 31ਅਤੇ ਕਾਲ ਇੰਨਾ ਭਿਆਕਰ ਹੋਵੇਗਾ ਕਿ ਚੰਗੀ ਫਸਲ ਅਤੇ ਉਪਜ ਕਿਸੇ ਨੂੰ ਯਾਦ ਤੱਕ ਨਹੀਂ ਰਹੇਗੀ। 32ਫ਼ਿਰਾਊਨ ਨੂੰ ਇਹ ਸੁਪਨਾ ਦੋ ਰੂਪਾਂ ਵਿੱਚ ਦਿੱਤਾ ਗਿਆ ਸੀ ਕਿ ਇਸ ਗੱਲ ਦਾ ਪਰਮੇਸ਼ਵਰ ਨੇ ਪੱਕਾ ਫ਼ੈਸਲਾ ਕੀਤਾ ਹੈ ਅਤੇ ਪਰਮੇਸ਼ਵਰ ਜਲਦੀ ਹੀ ਇਸ ਨੂੰ ਪੂਰਾ ਕਰੇਗਾ।
33“ਇਸ ਲਈ ਹੁਣ ਫ਼ਿਰਾਊਨ ਇੱਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਦੀ ਭਾਲ ਕਰੇ ਅਤੇ ਉਸਨੂੰ ਮਿਸਰ ਦੀ ਧਰਤੀ ਦਾ ਅਧਿਕਾਰੀ ਬਣਾ ਦੇਵੇ। 34ਫ਼ਿਰਾਊਨ ਸੱਤਾਂ ਸਾਲਾਂ ਦੀ ਭਰਪੂਰਤਾ ਦੇ ਦੌਰਾਨ ਮਿਸਰ ਦੀ ਫ਼ਸਲ ਦਾ ਪੰਜਵਾਂ ਹਿੱਸਾ ਲੈਣ ਲਈ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ। 35ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ। 36ਤਦ ਉਹ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾਂ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।”
37ਇਹ ਯੋਜਨਾ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ। 38ਤਦ ਫ਼ਿਰਾਊਨ ਨੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਇਸ ਮਨੁੱਖ ਵਰਗਾ ਕੋਈ ਲੱਭ ਸਕਦੇ ਹਾਂ, ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੈ?”
39ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਕਿਉਂਕਿ ਪਰਮੇਸ਼ਵਰ ਨੇ ਇਹ ਸਭ ਕੁਝ ਤੈਨੂੰ ਦੱਸ ਦਿੱਤਾ ਹੈ, ਇਸ ਲਈ ਤੇਰੇ ਵਰਗਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ ਹੈ। 40ਤੂੰ ਮੇਰੇ ਮਹਿਲ ਦਾ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮਾਂ ਨੂੰ ਮੰਨੇਗੀ। ਸਿਰਫ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਗਾ।”
ਯੋਸੇਫ਼ ਮਿਸਰ ਦਾ ਅਧਿਕਾਰੀ
41ਇਸ ਲਈ ਫ਼ਿਰਾਊਨ ਨੇ ਯੋਸੇਫ਼ ਨੂੰ ਕਿਹਾ, “ਮੈਂ ਤੈਨੂੰ ਸਾਰੇ ਮਿਸਰ ਦੇਸ਼ ਦਾ ਪ੍ਰਧਾਨ ਬਣਾਇਆ ਹੈ।” 42ਤਦ ਫ਼ਿਰਾਊਨ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਉਤਾਰ ਕੇ ਯੋਸੇਫ਼ ਦੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਉਸ ਨੂੰ ਮਹੀਨ ਵਧੀਆ ਸੂਤੀ ਦੇ ਬਸਤਰ ਪਹਿਨਾਏ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਗਾਨੀ ਪਾਈ। 43ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ “ਗੋਡੇ ਨਿਵਾਓ ਅਤੇ ਮੱਥਾ ਟੇਕੋ,” ਇਸ ਤਰ੍ਹਾਂ ਉਸਨੇ ਯੋਸੇਫ਼ ਨੂੰ ਮਿਸਰ ਦੇ ਸਾਰੇ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ।
44ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਫ਼ਿਰਾਊਨ ਹਾਂ ਪਰ ਤੇਰੇ ਬਚਨ ਤੋਂ ਬਿਨਾਂ ਸਾਰੇ ਮਿਸਰ ਵਿੱਚ ਕੋਈ ਹੱਥ ਜਾਂ ਪੈਰ ਨਹੀਂ ਹਿਲਾਵੇਗਾ। 45ਫ਼ਿਰਾਊਨ ਨੇ ਯੋਸੇਫ਼ ਦਾ ਨਾਮ ਜ਼ਾਫ਼ਨਾਥ-ਪਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਉਸ ਦੀ ਪਤਨੀ ਹੋਣ ਲਈ ਦੇ ਦਿੱਤੀ ਅਤੇ ਯੋਸੇਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ।
46ਜਦੋਂ ਯੋਸੇਫ਼ ਮਿਸਰ ਦੇ ਰਾਜਾ ਫ਼ਿਰਾਊਨ ਦੀ ਸੇਵਾ ਵਿੱਚ ਗਿਆ ਤਾਂ ਉਹ ਤੀਹ ਸਾਲਾਂ ਦਾ ਸੀ ਤਾਂ ਯੋਸੇਫ਼ ਫ਼ਿਰਾਊਨ ਦੇ ਸਾਹਮਣੇ ਤੋਂ ਬਾਹਰ ਨਿੱਕਲਿਆ ਅਤੇ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। 47ਬਹੁਤਾਤ ਦੇ ਸੱਤਾਂ ਸਾਲਾਂ ਵਿੱਚ ਜ਼ਮੀਨ ਵਿੱਚ ਬਹੁਤ ਫਸਲ ਹੋਈ। 48ਯੋਸੇਫ਼ ਨੇ ਮਿਸਰ ਵਿੱਚ ਬਹੁਤਾਤ ਦੇ ਉਹਨਾਂ ਸੱਤ ਸਾਲਾਂ ਵਿੱਚ ਪੈਦਾ ਹੋਇਆ ਸਾਰਾ ਅੰਨ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਸੰਭਾਲਿਆ। ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ। 49ਯੋਸੇਫ਼ ਨੇ ਸਮੁੰਦਰ ਦੀ ਰੇਤ ਵਾਂਙੁ ਬਹੁਤ ਸਾਰਾ ਅੰਨ ਜਮਾਂ ਕੀਤਾ। ਇਹ ਇੰਨਾ ਜ਼ਿਆਦਾ ਸੀ ਕਿ ਉਸਨੇ ਲੇਖਾ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਉਹ ਲੇਖਾ ਕਰਨ ਤੋਂ ਬਾਹਰ ਸੀ।
50ਕਾਲ ਦੇ ਸਾਲਾਂ ਤੋਂ ਪਹਿਲਾਂ, ਊਨ ਸ਼ਹਿਰ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਤੋਂ ਯੋਸੇਫ਼ ਦੇ ਘਰ ਦੋ ਪੁੱਤਰ ਪੈਦਾ ਹੋਏ। 51ਯੋਸੇਫ਼ ਨੇ ਆਪਣੇ ਜੇਠੇ ਦਾ ਨਾਮ ਮਨੱਸ਼ੇਹ#41:51 ਮਨੱਸ਼ੇਹ ਮਤਲਬ ਭੁੱਲ ਜਾਣਾ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਭੁਲਾ ਦਿੱਤਾ ਹੈ।” 52ਦੂਜੇ ਪੁੱਤਰ ਦਾ ਨਾਮ ਉਸ ਨੇ ਇਫ਼ਰਾਈਮ#41:52 ਇਫ਼ਰਾਈਮ ਮਤਲਬ ਫਲਦਾਰ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੇ ਦੁੱਖਾਂ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ।”
53ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ। 54ਅਤੇ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੋਸੇਫ਼ ਨੇ ਕਿਹਾ ਸੀ। ਬਾਕੀ ਸਾਰੇ ਦੇਸ਼ਾਂ ਵਿੱਚ ਕਾਲ ਸੀ, ਪਰ ਮਿਸਰ ਦੇ ਸਾਰੇ ਦੇਸ਼ ਵਿੱਚ ਭੋਜਨ ਸੀ। 55ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”
56ਜਦੋਂ ਸਾਰੇ ਦੇਸ਼ ਵਿੱਚ ਕਾਲ ਪੈ ਗਿਆ ਤਾਂ ਯੋਸੇਫ਼ ਨੇ ਸਾਰੇ ਭੰਡਾਰ ਖੋਲ੍ਹੇ ਅਤੇ ਮਿਸਰੀਆਂ ਨੂੰ ਅੰਨ ਵੇਚ ਦਿੱਤਾ ਕਿਉਂ ਜੋ ਸਾਰੇ ਮਿਸਰ ਵਿੱਚ ਕਾਲ ਬਹੁਤ ਭਿਆਨਕ ਸੀ। 57ਅਤੇ ਸਾਰਾ ਸੰਸਾਰ ਮਿਸਰ ਵਿੱਚ ਯੋਸੇਫ਼ ਤੋਂ ਅਨਾਜ਼ ਖਰੀਦਣ ਲਈ ਆਉਂਦੇ ਸਨ ਕਿਉਂ ਜੋ ਹਰ ਪਾਸੇ ਕਾਲ ਸਖ਼ਤ ਸੀ।