ਉਤਪਤ 38

38
ਯਹੂਦਾਹ ਅਤੇ ਤਾਮਾਰ
1ਉਸ ਸਮੇਂ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਕੇ ਹੀਰਾਹ ਨਾਂ ਦੇ ਅਦੂਲਾਮੀ ਦੇ ਇੱਕ ਆਦਮੀ ਕੋਲ ਰਹਿਣ ਲਈ ਚਲਾ ਗਿਆ। 2ਉੱਥੇ ਯਹੂਦਾਹ ਨੂੰ ਸ਼ੂਆ ਨਾਮ ਦੇ ਇੱਕ ਕਨਾਨੀ ਦੀ ਧੀ ਨਾਲ ਮੁਲਾਕਾਤ ਹੋਈ। ਉਸ ਨੇ ਉਸ ਨਾਲ ਵਿਆਹ ਕੀਤਾ ਅਤੇ ਉਸ ਨਾਲ ਪਿਆਰ ਕੀਤਾ। 3ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਏਰ ਸੀ। 4ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਓਨਾਨ ਰੱਖਿਆ। 5ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸ਼ੇਲਾਹ ਰੱਖਿਆ। ਇਹ ਕੇਜ਼ੀਬ ਵਿੱਚ ਹੀ ਸੀ ਕਿ ਉਸਨੇ ਉਸਨੂੰ ਜਨਮ ਦਿੱਤਾ।
6ਯਹੂਦਾਹ ਨੇ ਆਪਣੇ ਜੇਠੇ ਪੁੱਤਰ ਏਰ ਲਈ ਇੱਕ ਪਤਨੀ ਲਈ, ਅਤੇ ਉਸਦਾ ਨਾਮ ਤਾਮਾਰ ਸੀ। 7ਪਰ ਯਹੂਦਾਹ ਦਾ ਜੇਠਾ ਪੁੱਤਰ ਏਰ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ। ਇਸ ਲਈ ਯਾਹਵੇਹ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
8ਤਦ ਯਹੂਦਾਹ ਨੇ ਓਨਾਨ ਨੂੰ ਕਿਹਾ, “ਆਪਣੇ ਭਰਾ ਦੀ ਪਤਨੀ ਦੇ ਨਾਲ ਸੌਂ ਅਤੇ ਇੱਕ ਭਰਜਾਈ ਦੇ ਰੂਪ ਵਿੱਚ ਆਪਣੇ ਭਰਾ ਲਈ ਸੰਤਾਨ ਪੈਦਾ ਕਰਨ ਲਈ ਆਪਣਾ ਫਰਜ਼ ਪੂਰਾ ਕਰ।” 9ਪਰ ਓਨਾਨ ਜਾਣਦਾ ਸੀ ਕਿ ਬੱਚਾ ਉਸਦਾ ਨਹੀਂ ਹੋਵੇਗਾ ਇਸ ਲਈ ਜਦੋਂ ਵੀ ਉਹ ਆਪਣੇ ਭਰਾ ਦੀ ਪਤਨੀ ਨਾਲ ਸੌਂਦਾ ਸੀ, ਉਸਨੇ ਆਪਣੇ ਭਰਾ ਲਈ ਔਲਾਦ ਪ੍ਰਦਾਨ ਕਰਨ ਤੋਂ ਬਚਣ ਲਈ ਆਪਣਾ ਵੀਰਜ ਜ਼ਮੀਨ ਉੱਤੇ ਸੁੱਟ ਦਿੱਤਾ ਸੀ। 10ਜੋ ਕੁਝ ਉਸਨੇ ਕੀਤਾ ਉਹ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਯਾਹਵੇਹ ਨੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
11ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਜਦੋਂ ਤੱਕ ਮੇਰਾ ਪੁੱਤਰ ਸ਼ੇਲਾਹ ਵੱਡਾ ਨਾ ਹੋ ਜਾਵੇ ਆਪਣੇ ਪਿਤਾ ਦੇ ਘਰ ਵਿੱਚ ਵਿਧਵਾ ਵਾਂਗ ਰਹਿ।” ਕਿਉਂਕਿ ਉਸਨੇ ਸੋਚਿਆ, “ਉਹ ਵੀ ਆਪਣੇ ਭਰਾਵਾਂ ਵਾਂਗ ਮਰ ਸਕਦਾ ਹੈ।” ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ।
12ਲੰਬੇ ਸਮੇਂ ਬਾਅਦ ਯਹੂਦਾਹ ਦੀ ਪਤਨੀ ਅਰਥਾਤ ਸ਼ੂਆ ਦੀ ਧੀ, ਮਰ ਗਈ। ਜਦੋਂ ਯਹੂਦਾਹ ਆਪਣੇ ਸੋਗ ਦੇ ਦਿਨਾਂ ਤੋਂ ਬਾਅਦ, ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਨਾਲ ਤਿਮਨਾਹ ਨੂੰ ਗਿਆ।
13ਜਦੋਂ ਤਾਮਾਰ ਨੂੰ ਦੱਸਿਆ ਗਿਆ, “ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ,” 14ਤਾਂ ਉਸ ਨੇ ਆਪਣੇ ਵਿਧਵਾ ਦੇ ਕੱਪੜੇ ਲਾਹ ਲਏ, ਆਪਣੇ ਆਪ ਨੂੰ ਭੇਸ ਵਿੱਚ ਰੱਖਣ ਲਈ ਇੱਕ ਪਰਦੇ ਨਾਲ ਢੱਕ ਲਿਆ ਅਤੇ ਫਿਰ ਏਨਾਇਮ ਦੇ ਪ੍ਰਵੇਸ਼ ਦੁਆਰ ਉੱਤੇ ਬੈਠ ਗਈ ਜੋ ਤਿਮਨਾਹ ਦੇ ਰਸਤੇ ਉੱਤੇ ਹੈ। ਕਿਉਂ ਜੋ ਉਸਨੇ ਵੇਖਿਆ ਕਿ ਭਾਵੇਂ ਸ਼ੇਲਾਹ ਹੁਣ ਵੱਡਾ ਹੋ ਗਿਆ ਸੀ, ਪਰ ਉਸਨੂੰ ਉਸਦੀ ਪਤਨੀ ਵਜੋਂ ਨਹੀਂ ਦਿੱਤਾ ਗਿਆ ਸੀ।
15ਜਦੋਂ ਯਹੂਦਾਹ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਸੋਚਿਆ ਕਿ ਉਹ ਵੇਸਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। 16ਇਹ ਨਾ ਜਾਣ ਕੇ ਕਿ ਉਹ ਉਸ ਦੀ ਨੂੰਹ ਹੈ, ਉਹ ਸੜਕ ਦੇ ਕੰਢੇ ਉਹ ਦੇ ਕੋਲ ਗਿਆ ਅਤੇ ਆਖਿਆ, ਹੁਣ ਆ, ਮੈਨੂੰ ਤੇਰੇ ਨਾਲ ਸੌਣ ਦਿਓ।
ਉਸ ਨੇ ਪੁੱਛਿਆ, “ਅਤੇ ਤੁਸੀਂ ਮੈਨੂੰ ਤੁਹਾਡੇ ਨਾਲ ਸੌਣ ਲਈ ਕੀ ਦੇਵੋਗੇ?”
17ਉਸ ਨੇ ਕਿਹਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਬੱਕਰੀ ਭੇਜਾਂਗਾ।”
ਉਸ ਨੇ ਪੁੱਛਿਆ, “ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਗਾ?”
18ਉਸ ਨੇ ਆਖਿਆ, ਮੈਂ ਤੈਨੂੰ ਕੀ ਸਹੁੰ ਦਿਆਂ?
ਉਸਨੇ ਜਵਾਬ ਦਿੱਤਾ, “ਤੇਰੀ ਮੋਹਰ ਅਤੇ ਇਸਦੀ ਰੱਸੀ, ਅਤੇ ਤੁਹਾਡੇ ਹੱਥ ਵਿੱਚ ਲਾਠੀ ਇਹ ਸਭ ਕੁਝ ਮੈਨੂੰ ਦੇ।” ਸੋ ਉਸ ਨੇ ਉਹ ਨੂੰ ਦੇ ਦਿੱਤੇ ਅਤੇ ਫਿਰ ਉਹ ਦੇ ਨਾਲ ਸੌਂ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ। 19ਉਸ ਦੇ ਜਾਣ ਤੋਂ ਬਾਅਦ ਉਸ ਨੇ ਆਪਣਾ ਪਰਦਾ ਲਾਹ ਲਿਆ ਅਤੇ ਆਪਣੀ ਵਿਧਵਾ ਦੇ ਕੱਪੜੇ ਫੇਰ ਪਾ ਲਏ।
20ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ। 21ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, “ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?”
ਉਹਨਾਂ ਨੇ ਕਿਹਾ, “ਇੱਥੇ ਕੋਈ ਵੇਸਵਾ ਨਹੀਂ ਹੈ।”
22ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”
23ਤਦ ਯਹੂਦਾਹ ਨੇ ਆਖਿਆ, “ਉਸ ਨੂੰ ਆਪਣੇ ਕੋਲ ਰੱਖਣ ਦਿਓ, ਨਹੀਂ ਤਾਂ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ। ਆਖਰਕਾਰ ਮੈਂ ਉਸ ਨੂੰ ਇਹ ਬੱਕਰੀ ਭੇਜੀ ਸੀ, ਪਰ ਤੁਸੀਂ ਉਹ ਨਹੀਂ ਲੱਭੀ।”
24ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, “ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।”
ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।”
25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਸ ਦੀ ਹੈ।
26ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, “ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।” ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।
27ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ। 28ਜਦੋਂ ਉਹ ਜਣ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਬਾਹਰ ਕੱਢਿਆ। ਇਸ ਲਈ ਦਾਈ ਨੇ ਲਾਲ ਰੰਗ ਦਾ ਧਾਗਾ ਲੈ ਕੇ ਉਸਦੇ ਗੁੱਟ ਉੱਤੇ ਬੰਨ੍ਹਿਆ ਅਤੇ ਕਿਹਾ, “ਇਹ ਪਹਿਲਾਂ ਬਾਹਰ ਆਇਆ ਸੀ।” 29ਪਰ ਜਦੋਂ ਉਸ ਨੇ ਆਪਣਾ ਹੱਥ ਪਿੱਛੇ ਖਿੱਚਿਆ ਤਾਂ ਉਹ ਦਾ ਭਰਾ ਬਾਹਰ ਨਿੱਕਲਿਆ ਅਤੇ ਉਸ ਨੇ ਆਖਿਆ, ਇਸ ਤਰ੍ਹਾਂ ਤੇਰਾ ਫੁੱਟ ਪਿਆ ਹੈ! ਉਸਦਾ ਨਾਮ ਪੇਰੇਜ਼ ਰੱਖਿਆ ਗਿਆ। 30ਤਦ ਉਸ ਦਾ ਭਰਾ, ਜਿਸ ਦੇ ਗੁੱਟ ਉੱਤੇ ਲਾਲ ਰੰਗ ਦਾ ਧਾਗਾ ਸੀ ਬਾਹਰ ਆਇਆ, ਉਸਦਾ ਨਾਮ ਜ਼ੇਰਾਹ ਰੱਖਿਆ ਗਿਆ।

നിലവിൽ തിരഞ്ഞെടുത്തിരിക്കുന്നു:

ਉਤਪਤ 38: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക