33
ਯਾਕੋਬ ਏਸਾਓ ਨੂੰ ਮਿਲਿਆ
1ਯਾਕੋਬ ਨੇ ਉੱਪਰ ਤੱਕਿਆ ਤਾਂ ਏਸਾਓ ਆਪਣੇ ਚਾਰ ਸੌ ਆਦਮੀਆਂ ਨਾਲ ਆ ਰਿਹਾ ਸੀ। ਇਸ ਲਈ ਉਸਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ। 2ਉਸ ਨੇ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਅੱਗੇ, ਲੇਆਹ ਅਤੇ ਉਹ ਦੇ ਬੱਚਿਆਂ ਨੂੰ ਵਿੱਚਕਾਰ, ਰਾਖ਼ੇਲ ਅਤੇ ਯੋਸੇਫ਼ ਨੂੰ ਸਭ ਤੋਂ ਪਿੱਛੇ ਰੱਖਿਆ। 3ਉਹ ਆਪ ਅੱਗੇ ਵਧਿਆ ਅਤੇ ਆਪਣੇ ਭਰਾ ਦੇ ਕੋਲ ਪਹੁੰਚਦਿਆਂ ਸੱਤ ਵਾਰੀ ਜ਼ਮੀਨ ਉੱਤੇ ਮੱਥਾ ਟੇਕਿਆ।
4ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ। 5ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। “ਇਹ ਤੇਰੇ ਨਾਲ ਕੌਣ ਹਨ?” ਉਸ ਨੇ ਪੁੱਛਿਆ।
ਯਾਕੋਬ ਨੇ ਉੱਤਰ ਦਿੱਤਾ, “ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।”
6ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ। 7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।
8ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?”
ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”
9ਪਰ ਏਸਾਓ ਨੇ ਆਖਿਆ, “ਹੇ ਮੇਰੇ ਭਰਾ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਜੋ ਤੁਹਾਡੇ ਕੋਲ ਹੈ ਆਪਣੇ ਲਈ ਰੱਖੋ।”
10ਯਾਕੋਬ ਨੇ ਕਿਹਾ, “ਨਹੀਂ, ਕਿਰਪਾ ਕਰਕੇ! ਜੇਕਰ ਮੈਨੂੰ ਤੇਰੀਆਂ ਨਜ਼ਰਾਂ ਵਿੱਚ ਕਿਰਪਾ ਮਿਲੀ ਹੈ, ਤਾਂ ਮੇਰੇ ਵੱਲੋਂ ਇਹ ਤੋਹਫ਼ਾ ਸਵੀਕਾਰ ਕਰੋ ਕਿਉਂਕਿ ਤੇਰਾ ਚਿਹਰਾ ਵੇਖਣਾ ਪਰਮੇਸ਼ਵਰ ਦਾ ਚਿਹਰਾ ਵੇਖਣ ਵਰਗਾ ਹੈ, ਹੁਣ ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ। 11ਕਿਰਪਾ ਕਰਕੇ ਉਸ ਤੋਹਫ਼ੇ ਨੂੰ ਕਬੂਲ ਕਰ ਜੋ ਤੇਰੇ ਲਈ ਲਿਆਇਆ ਗਿਆ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ।” ਅਤੇ ਯਾਕੋਬ ਨੇ ਜ਼ੋਰ ਪਾਇਆ, ਏਸਾਓ ਨੇ ਇਸ ਨੂੰ ਸਵੀਕਾਰ ਕਰ ਲਿਆ।
12ਤਦ ਏਸਾਓ ਨੇ ਆਖਿਆ, “ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।”
13ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ। 14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”
15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।”
ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”
16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ। 17ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ#33:17 ਸੁੱਕੋਥ ਮਤਲਬ ਤੰਬੂ ਕਿਹਾ ਜਾਂਦਾ ਹੈ।
18ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ। 19ਉਸ ਨੇ ਚਾਂਦੀ ਦੇ ਸੌ ਸਿੱਕਿਆਂ ਦੇ ਬਦਲੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਜ਼ਮੀਨ ਦੀ ਉਹ ਜ਼ਮੀਨ ਖਰੀਦੀ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ ਸੀ। 20ਉੱਥੇ ਉਸ ਨੇ ਇੱਕ ਜਗਵੇਦੀ ਖੜ੍ਹੀ ਕੀਤੀ ਅਤੇ ਉਸ ਦਾ ਨਾਮ ਏਲ ਏਲੋਹੇ ਇਸਰਾਏਲ#33:20 ਏਲ ਏਲੋਹੇ ਇਸਰਾਏਲ ਇਸਰਾਏਲੀਆਂ ਦਾ ਪਰਮੇਸ਼ਵਰ, ਸ਼ਕਤੀਸ਼ਾਲੀ ਰੱਖਿਆ।