ਉਤਪਤ 18

18
ਤਿੰਨ ਮਹਿਮਾਨ
1ਯਾਹਵੇਹ ਨੇ ਅਬਰਾਹਾਮ ਨੂੰ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਦਰਸ਼ਣ ਦਿੱਤਾ ਜਦੋਂ ਉਹ ਦਿਨ ਦੀ ਗਰਮੀ ਵਿੱਚ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਬੈਠਾ ਸੀ। 2ਅਬਰਾਹਾਮ ਨੇ ਉੱਪਰ ਤੱਕ ਕੇ ਤਿੰਨ ਮਨੁੱਖਾਂ ਨੂੰ ਨੇੜੇ ਖੜ੍ਹੇ ਵੇਖਿਆ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਤੋਂ ਜਲਦੀ ਆਇਆ ਅਤੇ ਜ਼ਮੀਨ ਤੱਕ ਝੁੱਕ ਕੇ ਮੱਥਾ ਟੇਕਿਆ।
3ਉਸ ਨੇ ਆਖਿਆ, “ਹੇ ਯਾਹਵੇਹ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ। 4ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ ਅਤੇ ਤੁਸੀਂ ਸਾਰੇ ਆਪਣੇ ਪੈਰ ਧੋਵੋ ਅਤੇ ਇਸ ਰੁੱਖ ਦੇ ਹੇਠਾਂ ਆਰਾਮ ਕਰੋ। 5ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਵਾਂ ਤਾਂ ਜੋ ਤੁਸੀਂ ਤਰੋ-ਤਾਜ਼ਾ ਹੋ ਸਕੋ ਅਤੇ ਫਿਰ ਆਪਣੇ ਰਾਹ ਚੱਲ ਸਕੋ, ਹੁਣ ਜਦੋਂ ਤੁਸੀਂ ਆਪਣੇ ਸੇਵਕ ਕੋਲ ਆਏ ਹੋ।”
ਉਹਨਾਂ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ ਉਸੇ ਤਰ੍ਹਾਂ ਕਰ।”
6ਤਾਂ ਅਬਰਾਹਾਮ ਜਲਦੀ ਨਾਲ ਸਾਰਾਹ ਕੋਲ ਤੰਬੂ ਵਿੱਚ ਗਿਆ। ਉਸਨੇ ਕਿਹਾ, “ਛੇਤੀ ਨਾਲ ਤਿੰਨ ਮਾਪ#18:6 ਤਿੰਨ ਮਾਪ ਅਰਥ ਵੀਹ ਕਿੱਲੋ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ।”
7ਤਦ ਅਬਰਾਹਾਮ ਇੱਜੜ ਵੱਲ ਭੱਜਿਆ ਅਤੇ ਇੱਕ ਪਸੰਦੀਦਾ ਕੋਮਲ ਵੱਛਾ ਚੁਣਿਆ ਅਤੇ ਇੱਕ ਨੌਕਰ ਨੂੰ ਦਿੱਤਾ ਅਤੇ ਉਸ ਨੇ ਜਲਦੀ ਨਾਲ ਉਸਨੂੰ ਤਿਆਰ ਕੀਤਾ। 8ਤਦ ਉਸ ਨੇ ਕੁਝ ਦਹੀਂ, ਦੁੱਧ ਅਤੇ ਵੱਛਾ ਤਿਆਰ ਕਰਕੇ ਉਹਨਾਂ ਦੇ ਅੱਗੇ ਪਰੋਸ ਦਿੱਤਾ। ਜਦੋਂ ਉਹ ਖਾ ਰਹੇ ਸਨ ਤਾਂ ਉਹ ਉਹਨਾਂ ਦੇ ਕੋਲ ਇੱਕ ਰੁੱਖ ਹੇਠਾਂ ਖੜ੍ਹਾ ਰਿਹਾ।
9ਫਿਰ ਉਹਨਾਂ ਨੇ ਉਸਨੂੰ ਪੁੱਛਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”
ਉਸਨੇ ਆਖਿਆ, ਉੱਥੇ ਤੰਬੂ ਵਿੱਚ ਹੈ।
10ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਮੈਂ ਅਗਲੇ ਸਾਲ ਇਸ ਸਮੇਂ ਵਿੱਚ ਜ਼ਰੂਰ ਤੇਰੇ ਕੋਲ ਆਵਾਂਗਾ ਅਤੇ ਤੇਰੀ ਪਤਨੀ ਸਾਰਾਹ ਦੇ ਇੱਕ ਪੁੱਤਰ ਹੋਵੇਗਾ।
ਹੁਣ ਸਾਰਾਹ ਤੰਬੂ ਦੇ ਬੂਹੇ ਉੱਤੇ ਜੋ ਉਸ ਦੇ ਪਿੱਛੇ ਸੀ, ਸੁਣ ਰਹੀ ਸੀ। 11ਅਬਰਾਹਾਮ ਅਤੇ ਸਾਰਾਹ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਸਾਰਾਹ ਜਣਨ ਦੀ ਉਮਰ ਤੋਂ ਲੰਘ ਚੁੱਕੀ ਸੀ। 12ਤਾਂ ਸਾਰਾਹ ਆਪਣੇ-ਆਪ ਨਾਲ ਹੱਸ ਪਈ ਜਿਵੇਂ ਉਹ ਸੋਚਦੀ ਸੀ, “ਹੁਣ ਮੈਂ ਕਮਜ਼ੋਰ ਹੋ ਗਈ ਹਾਂ ਅਤੇ ਮੇਰਾ ਸੁਆਮੀ ਬੁੱਢਾ ਹੋ ਗਿਆ ਹੈ, ਕੀ ਹੁਣ ਮੈਨੂੰ ਇਹ ਖੁਸ਼ੀ ਮਿਲੇਗੀ?”
13ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, “ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’ 14ਕੀ ਕੋਈ ਚੀਜ਼ ਯਾਹਵੇਹ ਪਰਮੇਸ਼ਵਰ ਲਈ ਬਹੁਤ ਔਖੀ ਹੈ? ਮੈਂ ਅਗਲੇ ਸਾਲ ਨਿਸ਼ਚਿਤ ਸਮੇਂ ਤੇ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”
15ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, “ਮੈਂ ਨਹੀਂ ਹੱਸੀ।”
ਪਰ ਉਸਨੇ ਕਿਹਾ, “ਹਾਂ, ਤੂੰ ਜ਼ਰੂਰ ਹੱਸੀ ਹੈ।”
ਅਬਰਾਹਾਮ ਨੇ ਸੋਦੋਮ ਦੇ ਲੋਕਾਂ ਲਈ ਬੇਨਤੀ ਕੀਤੀ
16ਜਦੋਂ ਉਹ ਆਦਮੀ ਜਾਣ ਲਈ ਉੱਠੇ ਉਹਨਾਂ ਨੇ ਸੋਦੋਮ ਵੱਲ ਵੇਖਿਆ ਅਤੇ ਅਬਰਾਹਾਮ ਉਹਨਾਂ ਦੇ ਨਾਲ-ਨਾਲ ਚੱਲਿਆ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਰਾਹ ਵਿੱਚ ਵੇਖ ਸਕੇ। 17ਤਦ ਯਾਹਵੇਹ ਨੇ ਆਖਿਆ, ਕੀ ਮੈਂ ਅਬਰਾਹਾਮ ਤੋਂ ਉਹ ਗੱਲ ਲੁਕਾਵਾਂ ਜੋ ਮੈਂ ਕਰਨ ਵਾਲਾ ਹਾਂ? 18ਅਬਰਾਹਾਮ ਜ਼ਰੂਰ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਕੌਮ ਬਣੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਦੁਆਰਾ ਮੁਬਾਰਕ ਹੋਣਗੀਆਂ। 19ਕਿਉਂ ਜੋ ਮੈਂ ਉਹ ਨੂੰ ਚੁਣਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਘਰਾਣੇ ਨੂੰ ਆਪਣੇ ਤੋਂ ਬਾਅਦ ਰਾਹ ਉੱਤੇ ਚੱਲਣ ਲਈ ਨਿਰਦੇਸ਼ਿਤ ਕਰੇ। ਉਹ ਯਾਹਵੇਹ ਦੇ ਰਾਹ ਦੀ ਪਾਲਣਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ ਤਾਂ ਜੋ ਯਾਹਵੇਹ ਅਬਰਾਹਾਮ ਲਈ ਉਹ ਲਿਆਵੇ ਜੋ ਉਸਨੇ ਉਸ ਨਾਲ ਵਾਅਦਾ ਕੀਤਾ ਹੈ।
20ਤਦ ਯਾਹਵੇਹ ਨੇ ਆਖਿਆ, “ਸੋਦੋਮ ਅਤੇ ਗਾਮੂਰਾਹ ਸ਼ਹਿਰ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਹੈ 21ਮੈਂ ਹੇਠਾਂ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਜੋ ਕੁਝ ਕੀਤਾ ਹੈ, ਉਹ ਬੁਰਾ ਹੈ। ਰੌਲਾ ਜੋ ਮੇਰੇ ਤੱਕ ਪਹੁੰਚ ਗਿਆ ਹੈ। ਜੇ ਨਹੀਂ, ਤਾਂ ਮੈਨੂੰ ਪਤਾ ਲੱਗੇਗਾ।”
22ਉਹ ਮਨੁੱਖ ਮੁੜੇ ਅਤੇ ਸੋਦੋਮ ਵੱਲ ਚਲੇ ਗਏ, ਪਰ ਅਬਰਾਹਾਮ ਯਾਹਵੇਹ ਦੇ ਸਾਹਮਣੇ ਖੜ੍ਹਾ ਰਿਹਾ 23ਤਦ ਅਬਰਾਹਾਮ ਨੇ ਉਸ ਕੋਲ ਆ ਕੇ ਕਿਹਾ, “ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰ ਦੇਵੇਗਾ? 24ਜੇਕਰ ਸ਼ਹਿਰ ਵਿੱਚ ਪੰਜਾਹ ਧਰਮੀ ਹੋਣ ਤਾਂ ਕੀ ਹੋਵੇਗਾ? ਕੀ ਤੂੰ ਜ਼ਰੂਰ ਉਸ ਜਗ੍ਹਾ ਨੂੰ ਮਿਟਾ ਦੇਵੇਂਗਾ ਅਤੇ ਉਹਨਾਂ ਪੰਜਾਹ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਗਾ? 25ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?”
26ਯਾਹਵੇਹ ਨੇ ਆਖਿਆ, “ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।”
27ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ। 28ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?”
“ਜੇ ਮੈਨੂੰ ਉੱਥੇ ਪੈਂਤਾਲੀ ਮਿਲੇ,” ਉਸ ਨੇ ਕਿਹਾ, “ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”
29ਇੱਕ ਵਾਰ ਫੇਰ ਉਸ ਨੇ ਉਸ ਨਾਲ ਗੱਲ ਕੀਤੀ, “ਜੇ ਉੱਥੇ ਸਿਰਫ ਚਾਲੀ ਹੀ ਮਿਲ ਜਾਣ ਤਾਂ ਕੀ ਹੋਵੇਗਾ?”
ਉਸਨੇ ਕਿਹਾ, “ਜੇ ਉੱਥੇ ਚਾਲੀ ਧਰਮੀ ਬੰਦੇ ਮਿਲ ਜਾਣ, ਮੈਂ ਇਹ ਨਹੀਂ ਕਰਾਂਗਾ।”
30ਤਦ ਉਸ ਨੇ ਆਖਿਆ, “ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਬੋਲਣ ਦਿਓ। ਜੇ ਉੱਥੇ ਸਿਰਫ ਤੀਹ ਹੀ ਮਿਲ ਜਾਣ ਤਾਂ ਕੀ ਹੋਵੇਗਾ?”
ਉਸ ਨੇ ਉੱਤਰ ਦਿੱਤਾ, “ਜੇ ਮੈਨੂੰ ਉੱਥੇ ਤੀਹ ਮਿਲੇ ਤਾਂ ਮੈਂ ਇਹ ਨਹੀਂ ਕਰਾਂਗਾ।”
31ਅਬਰਾਹਾਮ ਨੇ ਆਖਿਆ, ਹੁਣ ਜਦੋਂ ਮੈਂ ਪ੍ਰਭੂ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ ਤਾਂ ਕੀ ਜੇ ਉੱਥੇ ਸਿਰਫ ਵੀਹ ਹੀ ਮਿਲ ਜਾਣ?
ਉਸਨੇ ਕਿਹਾ, “ਮੈਂ ਉਨ੍ਹਾਂ ਵੀਹ ਦੇ ਕਾਰਨ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।”
32ਤਦ ਉਸ ਨੇ ਆਖਿਆ, “ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਇੱਕ ਵਾਰੀ ਫੇਰ ਬੋਲਣ ਦਿਓ। ਜੇ ਉੱਥੇ ਸਿਰਫ ਦਸ ਹੀ ਮਿਲ ਜਾਣ ਤਾਂ ਕੀ ਹੋਵੇਗਾ?”
ਉਸ ਨੇ ਉੱਤਰ ਦਿੱਤਾ, “ਦਸ ਦੀ ਖ਼ਾਤਰ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।”
33ਜਦੋਂ ਯਾਹਵੇਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਉਹ ਉੱਥੋਂ ਚਲਾ ਗਿਆ ਅਤੇ ਅਬਰਾਹਾਮ ਘਰ ਨੂੰ ਮੁੜਿਆ।

നിലവിൽ തിരഞ്ഞെടുത്തിരിക്കുന്നു:

ਉਤਪਤ 18: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക