11
ਬਾਬੇਲ ਦਾ ਬੁਰਜ
1ਹੁਣ ਸਾਰੇ ਸੰਸਾਰ ਵਿੱਚ ਇੱਕ ਭਾਸ਼ਾ ਅਤੇ ਇੱਕ ਸਾਂਝੀ ਬੋਲੀ ਸੀ। 2ਜਦੋਂ ਲੋਕ ਪੂਰਬ ਵੱਲ ਵੱਧਦੇ ਗਏ ਤਾਂ ਉਹਨਾਂ ਨੂੰ ਸ਼ਿਨਾਰ#11:2 ਸ਼ਿਨਾਰ ਮਤਲਬ ਬਾਬੇਲ ਦੇਸ਼ ਵਿੱਚ ਇੱਕ ਮੈਦਾਨ ਮਿਲਿਆ ਅਤੇ ਉੱਥੇ ਵੱਸ ਗਏ।
3ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਆਓ, ਇੱਟਾਂ ਬਣਾਈਏ ਅਤੇ ਚੰਗੀ ਤਰ੍ਹਾਂ ਪਕਾਈਏ।” ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। 4ਤਦ ਉਹਨਾਂ ਨੇ ਆਖਿਆ, “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ, ਜਿਸ ਦੀ ਉਚਾਈ ਅਕਾਸ਼ ਤੱਕ ਹੋਵੇ ਤਾਂ ਜੋ ਅਸੀਂ ਆਪਣਾ ਨਾਮ ਬਣਾ ਸਕੀਏ। ਨਹੀਂ ਤਾਂ ਅਸੀਂ ਸਾਰੀ ਧਰਤੀ ਉੱਤੇ ਖਿੱਲਰ ਜਾਵਾਂਗੇ।”
5ਪਰ ਯਾਹਵੇਹ ਸ਼ਹਿਰ ਅਤੇ ਬੁਰਜ ਨੂੰ ਵੇਖਣ ਲਈ ਹੇਠਾਂ ਆਇਆ ਜਿਸਨੂੰ ਲੋਕ ਬਣਾ ਰਹੇ ਸਨ। 6ਯਾਹਵੇਹ ਨੇ ਆਖਿਆ, “ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ। 7ਆਓ, ਅਸੀਂ ਹੇਠਾਂ ਚੱਲੀਏ ਅਤੇ ਉਹਨਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ-ਦੂਜੇ ਦੀ ਭਾਸ਼ਾ ਨਾ ਸਮਝ ਸਕਣ।”
8ਤਾਂ ਯਾਹਵੇਹ ਨੇ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ਅਤੇ ਉਹਨਾਂ ਨੇ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ। 9ਇਸ ਲਈ ਇਸ ਨੂੰ ਬਾਬੇਲ ਕਿਹਾ ਜਾਂਦਾ ਸੀ, ਕਿਉਂਕਿ ਉੱਥੇ ਯਾਹਵੇਹ ਨੇ ਸਾਰੇ ਸੰਸਾਰ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦਿੱਤਾ ਸੀ। ਉਥੋਂ ਯਾਹਵੇਹ ਨੇ ਉਹਨਾਂ ਨੂੰ ਸਾਰੀ ਧਰਤੀ ਦੇ ਚਿਹਰੇ ਉੱਤੇ ਖਿੰਡਾ ਦਿੱਤਾ।
ਸ਼ੇਮ ਤੋਂ ਅਬਰਾਹਮ ਤੱਕ
10ਇਹ ਸ਼ੇਮ ਦੀ ਵੰਸ਼ਾਵਲੀ ਹੈ:
ਹੜ੍ਹ ਤੋਂ ਦੋ ਸਾਲ ਬਾਅਦ ਜਦੋਂ ਸ਼ੇਮ 100 ਸਾਲਾਂ ਦਾ ਸੀ, ਉਹ ਅਰਪਕਸ਼ਦ ਦਾ ਪਿਤਾ ਬਣਿਆ। 11ਅਤੇ ਅਰਪਕਸ਼ਦ ਦਾ ਪਿਤਾ ਬਣਨ ਤੋਂ ਬਾਅਦ ਸ਼ੇਮ 500 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
12ਜਦੋਂ ਅਰਪਕਸ਼ਦ 35 ਸਾਲਾਂ ਦਾ ਹੋਇਆ ਤਾਂ ਉਹ ਸ਼ੇਲਾਹ ਦਾ ਪਿਤਾ ਬਣਿਆ। 13ਅਤੇ ਸ਼ੇਲਾਹ ਦਾ ਪਿਤਾ ਬਣਨ ਤੋਂ ਬਾਅਦ ਅਰਪਕਸ਼ਦ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
14ਜਦੋਂ ਸ਼ੇਲਾਹ 30 ਸਾਲਾਂ ਦਾ ਹੋਇਆ ਤਾਂ ਉਹ ਏਬਰ ਦਾ ਪਿਤਾ ਬਣਿਆ। 15ਅਤੇ ਏਬਰ ਦਾ ਪਿਤਾ ਬਣਨ ਤੋਂ ਬਾਅਦ ਸ਼ੇਲਾਹ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
16ਜਦੋਂ ਏਬਰ 34 ਸਾਲਾਂ ਦਾ ਹੋਇਆ ਤਾਂ ਉਹ ਪੇਲੇਗ ਦਾ ਪਿਤਾ ਬਣਿਆ। 17ਅਤੇ ਪੇਲੇਗ ਦਾ ਪਿਤਾ ਬਣਨ ਤੋਂ ਬਾਅਦ ਏਬਰ 430 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
18ਜਦੋਂ ਪੇਲੇਗ 30 ਸਾਲਾਂ ਦਾ ਹੋਇਆ ਤਾਂ ਉਹ ਰਊ ਦਾ ਪਿਤਾ ਬਣਿਆ। 19ਅਤੇ ਰਊ ਦਾ ਪਿਤਾ ਬਣਨ ਤੋਂ ਬਾਅਦ ਪੇਲੇਗ 209 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਅਤੇ ਧੀਆਂ ਜੰਮੀਆਂ।
20ਜਦੋਂ ਰਊ 32 ਸਾਲਾਂ ਦਾ ਹੋਇਆ ਤਾਂ ਉਹ ਸਰੂਗ ਦਾ ਪਿਤਾ ਬਣਿਆ। 21ਅਤੇ ਸਰੂਗ ਦਾ ਪਿਤਾ ਬਣਨ ਤੋਂ ਬਾਅਦ ਰਊ 207 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
22ਜਦੋਂ ਸਰੂਗ 30 ਸਾਲਾਂ ਦਾ ਹੋਇਆ ਤਾਂ ਉਹ ਨਾਹੋਰ ਦਾ ਪਿਤਾ ਬਣਿਆ। 23ਅਤੇ ਨਾਹੋਰ ਦਾ ਪਿਤਾ ਬਣਨ ਤੋਂ ਬਾਅਦ ਸਰੂਗ 200 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
24ਜਦੋਂ ਨਾਹੋਰ 29 ਸਾਲਾਂ ਦਾ ਹੋਇਆ ਤਾਂ ਉਹ ਤਾਰਹ ਦਾ ਪਿਤਾ ਬਣਿਆ। 25ਅਤੇ ਤਾਰਹ ਦਾ ਪਿਤਾ ਬਣਨ ਤੋਂ ਬਾਅਦ ਨਾਹੋਰ 119 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
26ਤਾਰਹ ਦੇ 70 ਸਾਲ ਜੀਣ ਤੋਂ ਬਾਅਦ ਉਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਬਣਿਆ।
ਅਬਰਾਮ ਦਾ ਪਰਿਵਾਰ
27ਇਹ ਤਾਰਹ ਦੀ ਵੰਸ਼ਾਵਲੀ ਹੈ:
ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ ਅਤੇ ਹਾਰਾਨ ਲੂਤ ਦਾ ਪਿਤਾ ਬਣਿਆ। 28ਜਦੋਂ ਉਹ ਦਾ ਪਿਤਾ ਤਾਰਹ ਜੀਉਂਦਾ ਸੀ ਤਾਂ ਹਾਰਾਨ ਕਸਦੀਆਂ ਦੇ ਊਰ ਵਿੱਚ ਆਪਣੇ ਜਨਮ ਦੇਸ਼ ਵਿੱਚ ਮਰ ਗਿਆ। 29ਅਬਰਾਮ ਅਤੇ ਨਾਹੋਰ ਦੋਹਾਂ ਨੇ ਵਿਆਹ ਕਰ ਲਿਆ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਉਹ ਹਾਰਾਨ ਦੀ ਧੀ ਸੀ, ਜੋ ਮਿਲਕਾਹ ਅਤੇ ਇਸਕਾਹ ਦੋਵਾਂ ਦਾ ਪਿਤਾ ਸੀ। 30ਹੁਣ ਸਾਰਈ ਬੇ-ਔਲਾਦ ਸੀ ਕਿਉਂਕਿ ਉਹ ਗਰਭਵਤੀ ਨਹੀਂ ਸੀ ਹੋ ਸਕਦੀ।
31ਤਾਰਹ ਨੇ ਆਪਣੇ ਪੁੱਤਰ ਅਬਰਾਮ, ਹਾਰਾਨ ਦੇ ਪੋਤੇ ਲੂਤ ਅਤੇ ਉਸ ਦੇ ਪੁੱਤਰ ਅਬਰਾਮ ਦੀ ਪਤਨੀ ਸਾਰਈ ਨੂੰ ਨਾਲ ਲਿਆ ਅਤੇ ਕਸਦੀਆਂ ਦੇ ਊਰ ਤੋਂ ਕਨਾਨ ਨੂੰ ਜਾਣ ਲਈ ਕੂਚ ਕੀਤਾ। ਪਰ ਜਦੋਂ ਉਹ ਹਾਰਾਨ ਕਸਬੇ ਵਿੱਚ ਆਏ ਤਾਂ ਉਹ ਉੱਥੇ ਹੀ ਵੱਸ ਗਏ।
32ਤਾਰਹ 205 ਸਾਲ ਜੀਉਂਦਾ ਰਿਹਾ ਅਤੇ ਹਾਰਾਨ ਕਸਬੇ ਵਿੱਚ ਮਰ ਗਿਆ।