ਲੂਕਾ 3

3
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ
1ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰ੍ਹਵੇਂ ਸਾਲ ਵਿੱਚ ਜਦੋਂ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ ਅਤੇ ਗਲੀਲ ਵਿੱਚ ਹੇਰੋਦੇਸ, ਇਤੂਰਿਯਾ ਅਤੇ ਤ੍ਰਖ਼ੋਨੀਤਿਸ ਇਲਾਕੇ ਵਿੱਚ ਉਸ ਦਾ ਭਰਾ ਫਿਲਿੱਪੁਸ ਅਤੇ ਅਬਿਲੇਨੇ ਵਿੱਚ ਲੁਸਾਨਿਯੁਸ ਸ਼ਾਸਕ ਸੀ 2ਅਤੇ ਅੱਨਾਸ ਅਤੇ ਕਯਾਫ਼ਾ ਮਹਾਂਯਾਜਕ ਸਨ ਤਾਂ ਉਸ ਸਮੇਂ ਪਰਮੇਸ਼ਰ ਦਾ ਵਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਕੋਲ ਪਹੁੰਚਿਆ। 3ਉਹ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਜਾ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਨ ਲੱਗਾ, 4ਜਿਵੇਂ ਕਿ ਯਸਾਯਾਹ ਨਬੀ ਦੇ ਵਚਨਾਂ ਦੀ ਪੁਸਤਕ ਵਿੱਚ ਲਿਖਿਆ ਹੈ:
ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼,
“ਪ੍ਰਭੂ ਦਾ ਰਾਹ ਤਿਆਰ ਕਰੋ,
ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।
5 ਹਰੇਕ ਘਾਟੀ ਭਰ ਦਿੱਤੀ ਜਾਵੇਗੀ
ਅਤੇ ਹਰੇਕ ਪਹਾੜ ਅਤੇ ਹਰੇਕ ਪਹਾੜੀ
ਪੱਧਰੀ ਕੀਤੀ ਜਾਵੇਗੀ।
ਵਿੰਗੇ ਟੇਢੇ ਰਾਹ ਸਿੱਧੇ
ਅਤੇ ਉੱਚੇ ਨੀਵੇਂ ਰਸਤੇ
ਸਮਤਲ ਕੀਤੇ ਜਾਣਗੇ; # ਯਸਾਯਾਹ 40:3-5
6 ਅਤੇ ਸਰਬੱਤ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ।” # ਯਸਾਯਾਹ 52:10; ਜ਼ਬੂਰ 98:2-3
7ਤਦ ਉਹ ਉਸ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਆਈ ਸੀ ਕਹਿਣ ਲੱਗਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ? 8ਇਸ ਲਈ ਤੋਬਾ ਦੇ ਯੋਗ ਫਲ ਦਿਓ ਅਤੇ ਆਪਣੇ ਮਨ ਵਿੱਚ ਇਹ ਨਾ ਕਹੋ ਕਿ ਸਾਡਾ ਪਿਤਾ ਅਬਰਾਹਾਮ ਹੈ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ। 9ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।”
10ਤਦ ਲੋਕ ਉਸ ਤੋਂ ਪੁੱਛਣ ਲੱਗੇ, “ਫਿਰ ਅਸੀਂ ਕੀ ਕਰੀਏ?” 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਕੋਲ ਦੋ ਕੁੜਤੇ ਹੋਣ ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ ਅਤੇ ਜਿਸ ਕੋਲ ਭੋਜਨ ਹੈ ਉਹ ਵੀ ਇਸੇ ਤਰ੍ਹਾਂ ਕਰੇ।” 12ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ ਅਤੇ ਉਨ੍ਹਾਂ ਉਸ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ?” 13ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਤੁਹਾਡੇ ਲਈ ਠਹਿਰਾਇਆ ਹੋਇਆ ਹੈ ਉਸ ਤੋਂ ਵਧਕੇ ਕੁਝ ਨਾ ਲਵੋ।” 14ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ?” ਉਸ ਨੇ ਉਨ੍ਹਾਂ ਨੂੰ ਕਿਹਾ, “ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਹੀ ਝੂਠਾ ਦੋਸ਼ ਲਾਓ ਅਤੇ ਆਪਣੀ ਤਨਖਾਹ ਵਿੱਚ ਸੰਤੁਸ਼ਟ ਰਹੋ।”
15ਜਦੋਂ ਲੋਕ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰ ਰਹੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ 16ਤਾਂ ਯੂਹੰਨਾ ਨੇ ਸਾਰਿਆਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮ੍ਹਾ ਕਰੇ, ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।” 18ਇਸ ਤਰ੍ਹਾਂ ਉਹ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸਦਾ ਹੋਇਆ ਖੁਸ਼ਖ਼ਬਰੀ ਸੁਣਾਉਂਦਾ ਰਿਹਾ। 19ਪਰ ਜਦੋਂ ਉਸ ਨੇ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਨੂੰ ਉਸ ਦੇ ਭਰਾ ਫ਼ਿਲਿੱਪੁਸ#3:19 ਕੁਝ ਹਸਤਲੇਖਾਂ ਵਿੱਚ “ਫ਼ਿਲਿੱਪੁਸ” ਨਹੀਂ ਹੈ। ਦੀ ਪਤਨੀ ਹੇਰੋਦਿਆਸ ਦੇ ਵਿਖੇ ਅਤੇ ਸਾਰੀਆਂ ਬੁਰਾਈਆਂ ਦੇ ਵਿਖੇ ਜੋ ਹੇਰੋਦੇਸ ਨੇ ਕੀਤੀਆਂ ਸਨ, ਫਟਕਾਰਿਆ 20ਤਾਂ ਹੇਰੋਦੇਸ ਨੇ ਇਨ੍ਹਾਂ ਸਭ ਕੰਮਾਂ ਦੇ ਨਾਲ-ਨਾਲ ਇਹ ਵੀ ਕੀਤਾ ਕਿ ਯੂਹੰਨਾ ਨੂੰ ਕੈਦਖ਼ਾਨੇ ਵਿੱਚ ਬੰਦ ਕਰ ਦਿੱਤਾ।
ਯਿਸੂ ਦਾ ਬਪਤਿਸਮਾ
21ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁੱਲ੍ਹ ਗਿਆ 22ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉੱਤੇ ਉੱਤਰਿਆ ਅਤੇ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”
ਯਿਸੂ ਦੀ ਕੁਲ-ਪੱਤਰੀ
23ਜਦੋਂ ਯਿਸੂ ਨੇ ਆਪਣੀ ਸੇਵਾ ਅਰੰਭ ਕੀਤੀ ਤਾਂ ਉਹ ਲਗਭਗ ਤੀਹ ਸਾਲ ਦਾ ਸੀ ਅਤੇ ਜਿਵੇਂ ਉਸ ਦੇ ਬਾਰੇ ਸਮਝਿਆ ਜਾਂਦਾ ਸੀ, ਉਹ ਯੂਸੁਫ਼ ਦਾ ਪੁੱਤਰ ਸੀ ਅਤੇ ਯੂਸੁਫ਼ ਏਲੀ ਦਾ, 24ਏਲੀ ਮੱਥਾਤ ਦਾ, ਮੱਥਾਤ ਲੇਵੀ ਦਾ, ਲੇਵੀ ਮਲਕੀ ਦਾ, ਮਲਕੀ ਯੰਨਾਈ ਦਾ, ਯੰਨਾਈ ਯੂਸੁਫ਼ ਦਾ, 25ਯੂਸੁਫ਼ ਮੱਤਿਥਯਾਹ ਦਾ, ਮੱਤਿਥਯਾਹ ਆਮੋਸ ਦਾ, ਆਮੋਸ ਨਹੂਮ ਦਾ, ਨਹੂਮ ਹਸਲੀ ਦਾ, ਹਸਲੀ ਨੱਗਈ ਦਾ, 26ਨੱਗਈ ਮਾਹਥ ਦਾ, ਮਾਹਥ ਮੱਤਿਥਯਾਹ ਦਾ, ਮੱਤਿਥਯਾਹ ਸ਼ਿਮਈ ਦਾ, ਸ਼ਿਮਈ ਯੋਸੇਕ ਦਾ, ਯੋਸੇਕ ਯਹੂਦਾਹ ਦਾ, 27ਯਹੂਦਾਹ ਯੋਹਾਨਾਨ ਦਾ, ਯੋਹਾਨਾਨ ਰੇਸਹ ਦਾ, ਰੇਸਹ ਜ਼ਰੁੱਬਾਬਲ ਦਾ, ਜ਼ਰੁੱਬਾਬਲ ਸ਼ਅਲਤੀਏਲ ਦਾ, ਸ਼ਅਲਤੀਏਲ ਨੇਰੀ ਦਾ, 28ਨੇਰੀ ਮਲਕੀ ਦਾ, ਮਲਕੀ ਅੱਦੀ ਦਾ, ਅੱਦੀ ਕੋਸਾਮ ਦਾ, ਕੋਸਾਮ ਅਲਮੋਦਾਮ ਦਾ, ਅਲਮੋਦਾਮ ਏਰ ਦਾ, 29ਏਰ ਯੋਸੇ ਦਾ, ਯੋਸੇ ਅਲੀਅਜ਼ਰ ਦਾ, ਅਲੀਅਜ਼ਰ ਯੋਰਾਮ ਦਾ, ਯੋਰਾਮ ਮੱਥਾਤ ਦਾ, ਮੱਥਾਤ ਲੇਵੀ ਦਾ, 30ਲੇਵੀ ਸਿਮਓਨ ਦਾ, ਸਿਮਓਨ ਯਹੂਦਾਹ ਦਾ, ਯਹੂਦਾਹ ਯੂਸੁਫ਼ ਦਾ, ਯੂਸੁਫ਼ ਯੋਨਾਨ ਦਾ, ਯੋਨਾਨ ਅਲਯਾਕੀਮ ਦਾ, 31ਅਲਯਾਕੀਮ ਮਲਯੇ ਦਾ, ਮਲਯੇ ਮੇਨਾਨ ਦਾ, ਮੇਨਾਨ ਮੱਤਥੇ ਦਾ, ਮੱਤਥੇ ਨਾਥਾਨ ਦਾ, 32ਨਾਥਾਨ ਦਾਊਦ ਦਾ, ਦਾਊਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਹਸ਼ੋਨ ਦਾ, 33ਨਹਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਅਦਮੀਨ ਦਾ, ਅਦਮੀਨ ਅਰਨੀ ਦਾ, ਅਰਨੀ ਹਸਰੋਨ ਦਾ, ਹਸਰੋਨ ਪਰਸ ਦਾ, ਪਰਸ ਯਹੂਦਾਹ ਦਾ, 34ਯਹੂਦਾਹ ਯਾਕੂਬ ਦਾ, ਯਾਕੂਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ, ਅਬਰਾਹਾਮ ਤਾਰਹ ਦਾ, ਤਾਰਹ ਨਹੋਰ ਦਾ 35ਨਹੋਰ ਸਰੂਗ ਦਾ, ਸਰੂਗ ਰਊ ਦਾ, ਰਊ ਪਲਗ ਦਾ, ਪਲਗ ਏਬਰ ਦਾ, ਏਬਰ ਸ਼ਲਹ ਦਾ, 36ਸ਼ਲਹ ਕੇਨਾਨ ਦਾ, ਕੇਨਾਨ ਅਰਪਕਸ਼ਾਦ ਦਾ, ਅਰਪਕਸ਼ਾਦ ਸ਼ੇਮ ਦਾ, ਸ਼ੇਮ ਨੂਹ ਦਾ, ਨੂਹ ਲਾਮਕ ਦਾ, 37ਲਾਮਕ ਮਥੂਸਲਹ ਦਾ, ਮਥੂਸਲਹ ਹਨੋਕ ਦਾ, ਹਨੋਕ ਯਰਦ ਦਾ, ਯਰਦ ਮਹਲਲੇਲ ਦਾ, ਮਹਲਲੇਲ ਕੇਨਾਨ ਦਾ, 38ਕੇਨਾਨ ਅਨੋਸ਼ ਦਾ, ਅਨੋਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ।

നിലവിൽ തിരഞ്ഞെടുത്തിരിക്കുന്നു:

ਲੂਕਾ 3: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക