1 ਕੁਰਿੰਥੀਆਂ 4
4
ਵਿਸ਼ਵਾਸਯੋਗ ਪ੍ਰਬੰਧਕ
1ਮਨੁੱਖ ਸਾਨੂੰ ਇੰਝ ਸਮਝੇ ਜਿਵੇਂ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦੇ ਪ੍ਰਬੰਧਕ; 2ਅਤੇ ਇਸ ਸੰਬੰਧ ਵਿੱਚ ਪ੍ਰਬੰਧਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਮਾਨਦਾਰ ਪਾਏ ਜਾਣ। 3ਪਰ ਮੇਰੇ ਲਈ ਇਹ ਬਹੁਤ ਛੋਟੀ ਜਿਹੀ ਗੱਲ ਹੈ ਕਿ ਤੁਸੀਂ ਜਾਂ ਕੋਈ ਮਨੁੱਖੀ ਅਦਾਲਤ ਮੇਰੀ ਜਾਂਚ ਕਰੇ, ਬਲਕਿ ਮੈਂ ਤਾਂ ਆਪ ਆਪਣੀ ਜਾਂਚ ਨਹੀਂ ਕਰਦਾ। 4ਭਾਵੇਂ ਮੇਰਾ ਮਨ ਕਿਸੇ ਗੱਲ ਵਿੱਚ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਇਸ ਨਾਲ ਮੈਂ ਨਿਰਦੋਸ਼ ਨਹੀਂ ਠਹਿਰਦਾ; ਕਿਉਂਕਿ ਮੈਨੂੰ ਜਾਂਚਣ ਵਾਲਾ ਪ੍ਰਭੂ ਹੈ। 5ਇਸ ਲਈ ਜਦੋਂ ਤੱਕ ਪ੍ਰਭੂ ਨਾ ਆਵੇ, ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰੋ। ਉਹੀ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਚਾਨਣ ਵਿੱਚ ਲਿਆਵੇਗਾ ਅਤੇ ਮਨ ਦੇ ਮਨੋਰਥਾਂ ਨੂੰ ਪਰਗਟ ਕਰੇਗਾ। ਤਦ ਹਰੇਕ ਨੂੰ ਪਰਮੇਸ਼ਰ ਵੱਲੋਂ ਵਡਿਆਈ ਮਿਲੇਗੀ।
ਰਸੂਲਾਂ ਦੀ ਦੀਨਤਾ
6ਹੇ ਭਾਈਓ, ਮੈਂ ਤੁਹਾਡੇ ਲਈ ਇਨ੍ਹਾਂ ਗੱਲਾਂ ਨੂੰ ਆਪਣੇ ਅਤੇ ਅਪੁੱਲੋਸ ਉੱਤੇ ਲਾਗੂ ਕੀਤਾ ਹੈ ਤਾਂਕਿ ਤੁਸੀਂ ਸਾਡੇ ਤੋਂ ਸਿੱਖੋ ਕਿ ਜੋ ਲਿਖਿਆ ਹੈ ਉਸ ਤੋਂ ਅੱਗੇ ਨਾ ਵਧਣਾ ਅਤੇ ਇੱਕ ਦੇ ਪੱਖ ਵਿੱਚ ਅਤੇ ਦੂਜੇ ਦੇ ਵਿਰੁੱਧ ਘਮੰਡ ਨਾ ਕਰਨਾ। 7ਕੌਣ ਹੈ ਜੋ ਤੈਨੂੰ ਦੂਜੇ ਤੋਂ ਉੱਤਮ ਸਮਝਦਾ ਹੈ? ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਅਤੇ ਜੇ ਮਿਲਿਆ ਹੈ ਤਾਂ ਇਵੇਂ ਘਮੰਡ ਕਿਉਂ ਕਰਦਾ ਹੈਂ ਜਿਵੇਂ ਕਿ ਨਹੀਂ ਮਿਲਿਆ? 8ਤੁਸੀਂ ਤਾਂ ਪਹਿਲਾਂ ਹੀ ਰੱਜ ਚੁੱਕੇ ਹੋ; ਤੁਸੀਂ ਤਾਂ ਪਹਿਲਾਂ ਹੀ ਧਨੀ ਹੋ ਗਏ। ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜ ਕਰਨ ਲੱਗੇ। ਪਰ ਕਾਸ਼ ਕਿ ਤੁਸੀਂ ਸੱਚਮੁੱਚ ਰਾਜ ਕਰਦੇ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜ ਕਰਦੇ। 9ਮੈਂ ਸਮਝਦਾ ਹਾਂ ਕਿ ਪਰਮੇਸ਼ਰ ਨੇ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਨੂੰ ਮੌਤ ਦੀ ਆਗਿਆ ਹੋ ਚੁੱਕੀ ਹੈ, ਸਭ ਤੋਂ ਅਖੀਰ ਵਿੱਚ ਸਾਹਮਣੇ ਲਿਆਂਦਾ ਹੈ ਕਿਉਂਕਿ ਅਸੀਂ ਸੰਸਾਰ ਦੇ ਲੋਕਾਂ ਅਤੇ ਦੂਤਾਂ, ਦੋਹਾਂ ਦੇ ਲਈ ਤਮਾਸ਼ਾ ਬਣੇ ਹਾਂ। 10ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ; ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ; ਤੁਸੀਂ ਆਦਰਯੋਗ ਹੋ, ਪਰ ਅਸੀਂ ਨਿਰਾਦਰਯੋਗ ਹਾਂ। 11ਅਸੀਂ ਅੱਜ ਤੱਕ ਭੁੱਖੇ, ਪਿਆਸੇ ਅਤੇ ਨੰਗੇ ਹਾਂ ਅਤੇ ਮਾਰ ਖਾਂਦੇ ਤੇ ਬੇ-ਟਿਕਾਣਾ ਫਿਰਦੇ ਹਾਂ। 12ਅਸੀਂ ਆਪਣੇ ਹੱਥੀਂ ਕੰਮ ਕਰਕੇ ਮਿਹਨਤ ਕਰਦੇ ਹਾਂ; ਸਾਨੂੰ ਮੰਦਾ ਬੋਲਿਆ ਜਾਂਦਾ ਹੈ, ਪਰ ਅਸੀਂ ਅਸੀਸ ਦਿੰਦੇ ਹਾਂ; ਸਾਨੂੰ ਸਤਾਇਆ ਜਾਂਦਾ ਹੈ, ਪਰ ਅਸੀਂ ਸਹਿ ਲੈਂਦੇ ਹਾਂ; 13ਸਾਡੀ ਬਦਨਾਮੀ ਕੀਤੀ ਜਾਂਦੀ ਹੈ, ਪਰ ਅਸੀਂ ਬੇਨਤੀ ਕਰਦੇ ਹਾਂ। ਹੁਣ ਤੱਕ ਅਸੀਂ ਸੰਸਾਰ ਦਾ ਕੂੜਾ ਅਤੇ ਸਭ ਵਸਤਾਂ ਦੀ ਰਹਿੰਦ-ਖੂੰਹਦ ਜਿਹੇ ਬਣੇ ਹੋਏ ਹਾਂ।
ਚਿਤਾਵਨੀ
14ਮੈਂ ਇਹ ਗੱਲਾਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰੇ ਬੱਚਿਆਂ ਵਾਂਗ ਸਮਝਾਉਣ ਲਈ ਲਿਖਦਾ ਹਾਂ। 15ਭਾਵੇਂ ਮਸੀਹ ਵਿੱਚ ਤੁਹਾਡੇ ਸਿਖਾਉਣ ਵਾਲੇ ਦਸ ਹਜ਼ਾਰ ਵੀ ਹੋਣ, ਪਰ ਪਿਤਾ ਬਹੁਤੇ ਨਹੀਂ ਹਨ। ਕਿਉਂਕਿ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ ਤੁਹਾਡਾ ਪਿਤਾ ਮੈਂ ਹੋਇਆ। 16ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਰੀਸ ਕਰੋ। 17ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਬੱਚਾ ਹੈ। ਉਹ ਤੁਹਾਨੂੰ ਮਸੀਹ ਯਿਸੂ ਵਿੱਚ ਮੇਰਾ ਚਾਲ-ਚਲਣ ਯਾਦ ਕਰਾਵੇਗਾ ਜਿਵੇਂ ਕਿ ਮੈਂ ਹਰ ਥਾਂ ਹਰੇਕ ਕਲੀਸਿਯਾ ਵਿੱਚ ਸਿੱਖਿਆ ਦਿੰਦਾ ਹਾਂ। 18ਕਈ ਇਸ ਕਰਕੇ ਘਮੰਡ ਨਾਲ ਫੁੱਲ ਰਹੇ ਹਨ ਜਿਵੇਂ ਕਿ ਮੈਂ ਤੁਹਾਡੇ ਕੋਲ ਆਵਾਂਗਾ ਹੀ ਨਹੀਂ। 19ਪਰ ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਇਨ੍ਹਾਂ ਘਮੰਡੀਆਂ ਦੀਆਂ ਗੱਲਾਂ ਨੂੰ ਨਹੀਂ, ਬਲਕਿ ਇਨ੍ਹਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ। 20ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ, ਸਗੋਂ ਸਮਰੱਥਾ ਵਿੱਚ ਹੈ। 21ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ ਜਾਂ ਪ੍ਰੇਮ ਅਤੇ ਨਿਮਰਤਾ ਦੀ ਆਤਮਾ ਨਾਲ?
നിലവിൽ തിരഞ്ഞെടുത്തിരിക്കുന്നു:
1 ਕੁਰਿੰਥੀਆਂ 4: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative